Monday, July 15, 2013

ਮਾਮਲਾ ਪਾਕਿਸਤਾਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾੜਨ ਦਾ

ਤੁਰੰਤ ਕਾਰਵਾਈ ਲਈ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਪੱਤਰ ਲਿਖਿਆ
ਪਾਕਿਸਤਾਨ ਪੁਲੀਸ ਟਾਲ-ਮਟੋਲ ਦੀ ਨੀਤੀ ਛੱਡੇ -ਜਥੇ:ਅਵਤਾਰ ਸਿੰਘ
ਐਸਜੀਪੀਸੀ ਵੱਲੋਂ ਦੋਸ਼ੀਆਂ ਨੂੰ ਤੁਰੰਤ ਸਜ਼ਾ ਦੇਣ ਦੀ ਮੰਗ
ਅੰਮ੍ਰਿਤਸਰ:: 15 ਜੁਲਾਈ- (ਪੰਜਾਬ ਸਕਰੀਨ ਬਿਊਰੋ): ਪਾਕਿਸਤਾਨ ’ਚ ਸੁਕੂਰ ਜਿਲ੍ਹੇ ਦੇ ਪਾਨੋ ਆਕਿਲ ਸ਼ਹਿਰ ਵਿਖੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ 18 ਜੂਨ ਰਾਤ ਨੂੰ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਕੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾੜਨ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਪੁਲੀਸ ਟਾਲ-ਮਟੋਲ ਦੀ ਨੀਤੀ ਛੱਡ ਕੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰੇ।   
ਆਪਣੇ ਦਫਤਰ ’ਚ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਹਨ ਤੇ ਇਸ ਵਿੱਚ ਸਿੱਖ ਗੁਰੂ ਸਾਹਿਬਾਨ ਤੋਂ ਇਲਾਵਾ ਦਰਜ਼ ਭਗਤ ਕਬੀਰ ਜੀ ਤੇ ਬਾਬਾ ਫਰੀਦ ਜੀ ਅਤੇ ਹੋਰ ਵੱਖ-ਵੱਖ ਜਾਤਾਂ ਨਾਲ ਸਬੰਧਤ ਭਗਤਾਂ ਦੀ ਬਾਣੀ ਵੀ ਦਰਜ਼ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਬਾਣੀ ਇਕੱਲੇ ਸਿੱਖਾਂ ਲਈ ਨਹੀਂ ਬਲਕਿ ਸਮੁੱਚੀ ਮਨੁੱਖਤਾ ਲਈ ਕਲਿਆਣਕਾਰੀ ਹੈ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਸਿਰਫ ਸਿੱਖ-ਕੌਮ ਹੀ ਨਹੀਂ ਬਲਕਿ ਸਮੁੱਚੀ ਮਨੁੱਖਤਾ ਕਰਦੀ ਹੈ। ਉਨ੍ਹਾਂ ਕਿਹਾ ਕਿ ਜਿਵੇਂ ਦੂਸਰੇ ਧਾਰਮਿਕ ਗ੍ਰੰਥ ਸਤਿਕਾਰਯੋਗ ਹਨ ਉਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਅਤਿ-ਸਤਿਕਾਰਤ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸਮੁੱਚੀ ਸਿੱਖ-ਕੌਮ ਦੇ ਹਿਰਦੇ ਵਲੂੰਧਰੇ ਗਏ ਹਨ, ਇਸ ਨਾਲ ਦੇਸ਼-ਵਿਦੇਸ਼ਾਂ ਵਿੱਚ ਬੈਠੇ ਸਿੱਖ ਮਨ੍ਹਾਂ ਵਿੱਚ ਭਾਰੀ ਰੋਸ ਤੇ ਰੋਹ ਹੈ। ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਕਿਹਾ ਹੈ ਕਿ ਤੁਰੰਤ ਦਖ਼ਲ ਦੇ ਕੇ ਸਥਾਨਕ ਪੁਲੀਸ ਨੂੰ ਹਦਾਇਤਾਂ ਜਾਰੀ ਕਰੇ ਕਿ ਉਹ ਟਾਲ-ਮਟੋਲ ਦੀ ਨੀਤੀ ਤਿਆਗ ਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾ ਦੇਵੇ ਤਾਂ ਜੋ ਸਮੁੱਚੀ ਸਿੱਖ-ਕੌਮ ਦੇ ਹਿਰਦੇ ਸ਼ਾਂਤ ਹੋ ਸਕਣ ਤੇ ਅੱਗੇ ਤੋਂ ਕੋਈ ਵੀ ਵਿਅਕਤੀ ਐਸੀ ਕੋਝੀ ਹਰਕਤ ਕਰਨ ਦੀ ਜੁਅਰਤ ਨਾ ਕਰੇ। ਇਸ ਸਬੰਧੀ ਉਨ੍ਹਾਂ ਵੱਲੋਂ ਦਿੱਲੀ ਸਥਿਤ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਪੱਤਰ ਵੀ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਲੋਕਾਂ ਵੱਲੋਂ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨਾਲ ਛੇੜ-ਛਾੜ ਕਰਕੇ ਸ਼ੋਸ਼ਲ ਵੈਬਸਾਈਟਸ ਤੇ ਅਪਲੋਡ ਕਰਨਾ ਜਾਂ ਕੁਝ ਵਿਦਵਾਨਾਂ ਵੱਲੋਂ ਆਪਣਾ ਨਾਮ ਚਮਕਾਉਣ ਦੀ ਖਾਤਰ ਸਿੱਖ-ਇਤਿਹਾਸ ਨੂੰ ਤਰੋੜ-ਮਰੋੜ ਕੇ ਆਪਣੀਆਂ ਕਿਤਾਬਾਂ ’ਚ ਪੇਸ਼ ਕਰਕੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਕੋਝੀ ਕੋਸ਼ਿਸ਼ ਨੂੰ ਸ਼੍ਰੋਮਣੀ ਕਮੇਟੀ ਕਦਾਚਿਤ ਬਰਦਾਸ਼ਤ ਨਹੀਂ ਕਰੇਗੀ ਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਲਈ ਤਤਪਰ ਰਹੇਗੀ ਤੇ ਜਿਹੜਾ ਵੀ ਵਿਅਕਤੀ ਆਪ-ਹੁਦਰੀ ਕਾਰਵਾਈ ਕਰੇਗਾ, ਉਸ ਨੂੰ ਕੀਤੀ ਗਲਤੀ ਪ੍ਰਤੀ ਕਾਨੂੰਨੀ ਤੇ ਧਾਰਮਿਕ ਕਾਰਵਾਈ ਦਾ ਹਰ ਹਾਲਤ ’ਚ ਸਾਹਮਣਾ ਕਰਨਾ ਪਵੇਗਾ।

No comments: