Friday, July 05, 2013

ਦਿੱਲੀ ਯੂਨੀਵਰਸਿਟੀ ‘ਚ ਪੰਜਾਬੀ ਭਾਸ਼ਾ ਵਿਰੁੱਧ ਫੈਸਲਾ

 ਸਿੱਖਾਂ ਨੂੰ ਬੇਗ਼ਾਨਗੀ ਦਾ ਅਹਿਸਾਸ ਕਰਵਾਉਣ ਦੇ ਬਰਾਬਰ-ਸਿੰਘ ਸਾਹਿਬ
ਅੰਮ੍ਰਿਤਸਰ: 04 ਜੁਲਾਈ- (ਪੰਜਾਬ ਸਕਰੀਨ ਬਿਊਰੋ): ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਕਿਹਾ ਕਿ ਦਿੱਲੀ ਯੂਨੀਵਰਸਿਟੀ ਵਲੋਂ ਪੰਜਾਬੀ ਭਾਸ਼ਾ ਨੂੰ ਚਾਰ ਸਾਲਾ ਗਰੈਜੂਏਸ਼ਨ ਨੀਤੀ ‘ਚ ਲਾਗੂ ਨਾ ਕਰਨ ਦਾ ਫੈਸਲਾ ਸਮੁੱਚੇ ਪੰਜਾਬੀਆਂ ਨੂੰ ਆਪਣੇ ਹੀ ਦੇਸ਼ ‘ਚ ਰਹਿੰਦੇ ਹੋਏ ਬੇਗਾਨਗੀ ਦਾ ਅਹਿਸਾਸ ਕਰਵਾਉਣ ਦੇ ਬਰਾਬਰ ਹੈ। ਸ਼੍ਰੋਮਣੀ ਕਮੇਟੀ ਦੇ ਪਬਲੀਸਿਟੀ ਵਿਭਾਗ ਤੋਂ ਜਾਰੀ ਪ੍ਰੈਸ ਰਿਲੀਜ਼ ‘ਚ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਦੀ ਆਪਣੀ ਖੇਤਰੀ ਭਾਸ਼ਾ ਹੈ ਤੇ ਕਿਸੇ ਸੂਬੇ ਦੀ ਖੇਤਰੀ ਭਾਸ਼ਾ ‘ਤੇ ਪ੍ਰਤੀਬੰਧ ਲਗਾਉਣਾ ਫਿਰਕਾਪ੍ਰਸਤੀ ਦੀ ਨਿਸ਼ਾਨੀ ਹੈ ਜੋ ਦੇਸ਼ ਦੇ ਹਿਤ ਵਿਚ ਨਹੀਂ।
ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਪੰਜਾਬੀ ਸਖਤ ਮਿਹਨਤ ਤੇ ਕਾਰੋਬਾਰ ਸਥਾਪਿਤ ਕਰਕੇ ਆਪਣੇ ਪਰਿਵਾਰ ਦੀ ਪਰਵਰਿਸ਼ ਕਰ ਰਹੇ ਹਨ ਅਤੇ ਸਨਮਾਨਜਨਕ ਅਹੁਦਿਆਂ ‘ਤੇ ਬਿਰਾਜਮਾਨ ਹੋ ਕੇ ਦੇਸ਼ ਦੀ ਤਰੱਕੀ ਵਿਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਤੇ ਅਮਰੀਕਾ ਦੀ ਧਰਤੀ ਤੇ ਵਸੇ ਪੰਜਾਬੀ ਭਾਈਚਾਰੇ ਵਲੋਂ ਪਾਏ ਜਾ ਰਹੇ ਅਹਿਮ ਯੋਗਦਾਨ ਨੂੰ ਮੱਦੇਨਜ਼ਰ ਰੱਖਦਿਆਂ ਉਥੋਂ ਦੀਆਂ ਸਰਕਾਰਾਂ ਨੇ ਬਹੁਤ ਥਾਵਾਂ ‘ਤੇ ਪੰਜਾਬੀ ਭਾਸ਼ਾ ‘ਚ ਸਾਈਨ ਬੋਰਡ ਲਗਵਾਏ ਹਨ। ਜਿਨ੍ਹਾਂ ਨੂੰ ਵੇਖ ਕੇ ਹਰੇਕ ਪੰਜਾਬੀ ਦਾ ਸਿਰ ਮਾਣ ਨਾਲ ਉਚਾ ਹੋ ਜਾਂਦਾ ਹੈ ਕਿਉਂਕਿ ਵਿਦੇਸ਼ੀ ਧਰਤੀ ‘ਤੇ ਪੰਜਾਬੀ ਨੂੰ ਮਾਣ ਮਿਲਣਾ ਕੋਈ ਛੋਟੀ ਗੱਲ ਨਹੀਂ ਪਰ ਆਪਣੇ ਹੀ ਦੇਸ਼ ਦੀ ਰਾਜਧਾਨੀ ‘ਚ ਦਿੱਲੀ ਯੂਨੀਵਰਸਿਟੀ ਵਲੋਂ ਪੰਜਾਬ ਦੀ ਖੇਤਰੀ ਭਾਸ਼ਾ ਪੰਜਾਬੀ ਨਾਲ ਕੀਤੇ ਗਏ ਵਿਤਕਰੇ ਨਾਲ ਦਿੱਲੀ ਸਮੇਤ ਦੇਸ਼-ਵਿਦੇਸ਼ ‘ਚ ਵੱਸਦੇ ਪੰਜਾਬੀਆਂ ਨੂੰ ਸਾਜ਼ਿਸ਼ ਤਹਿਤ ਨੀਂਵਾ ਦਿਖਾਉਣ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਜ਼ੋਰ ਦੇ ਕੇ ਕਿਹਾ ਕਿ ਸਮੁੱਚੇ ਪੰਜਾਬੀਆਂ ਦੀਆਂ ਮਨੋ ਭਾਵਨਾਵਾਂ ਨੂੰ ਸਮਝਦੇ ਹੋਏ ਦਿੱਲੀ ਯੂਨੀਵਰਸਿਟੀ ਵਲੋਂ ਪੰਜਾਬੀ ਭਾਸ਼ਾ ਖਿਲਾਫ ਕੀਤੇ ਗਏ ਨਾਦਰਸ਼ਾਹੀ ਫੈਸਲੇ ਨੂੰ ਤੁਰੰਤ ਰੱਦ ਕੀਤਾ ਜਾਵੇ ਤਾਂ ਜੋ ਦੇਸ਼ ਵਿਚ ਆਪਸੀ ਭਾਈਚਾਰਕ ਸਾਂਝ ਦੇ ਨਾਲ-ਨਾਲ ਸ਼ਾਂਤੀ ਦਾ ਮਾਹੌਲ ਬਣਿਆ ਰਹੇ।

No comments: