Thursday, July 18, 2013

ਬਚਪਨ ਬਚਾਓ ਅੰਦੋਲਨ ਇੱਕ ਵਾਰ ਫੇਰ ਤੇਜ਼

ਗੁੰਮਸੁਦਾ ਬੱਚਿਆ ਸਬੰਧੀ ਸੁਰੂ ਹੋਈ ਵਿਸੇਸ ਮੁਹਿੰਮ-ਸਿੰਗਲਾ
ਮਨੁੱਖੀ ਸਮਗਲਿੰਗ ਤੇ ਹੁਣ ਹੋਰ ਕੱਸੀ ਜਾਵੇਗੀ ਨਕੇਲ
ਲੁਧਿਆਣਾ, 18 ਜੁਲਾਈ:-(ਰੈਕਟਰ ਕਥੂਰੀਆ): ਜਿਹਨਾਂ ਨੂੰ ਅਸੀਂ ਕਲ੍ਹ ਦਾ ਭਵਿੱਖ ਆਖਦੇ ਹਾਂ ਉਹਨਾਂ ਦੀਆਂ ਜਾਨਾਂ ਨਾਲ ਖੇਡਣਾ ਹੁਣ ਇੱਕ ਆਮ ਜਿਹੀ ਗੱਲ ਹੁੰਦੀ ਜਾ ਰਹੀ ਹੈ। ਬੱਚਾ ਘਰ ਦੇ ਬਾਹਰ ਗੇਟ ਤੇ ਲੱਗੇ ਪੌਦਿਆਂ ਨੂੰ ਪਾਣੀ ਪਾਉਣ ਜਾਂਦਾ ਹੈ ਤਾਂ ਘਰ ਦੇ ਬਾਹਰ ਖੜੇ ਸਮਾਜ ਵਿਰੋਧੀ ਅਨਸਰ ਪਲਕ ਝਪਕਦਿਆਂ ਹੀ ਉਸਨੂੰ ਅਗਵਾ ਕਰ ਲੈਂਦੇ ਹਨ। ਬਹੁਤ ਸਾਰੇ ਬੱਚਿਆਂ ਨੂੰ ਬਚਾਇਆ ਵੀ ਗਿਆ ਹੈ ਪਰ ਇਹਨਾਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਬਹੁਤ ਸਾਰੇ ਬੱਚੇ ਮੌਤ ਦੇ ਘਾਟ ਉਤਾਰ ਦਿੱਤੇ ਗਏ। ਬਹੁਤ ਸਾਰੇ ਬੱਚੇ ਅਜੇ ਵੀ ਲਾਪਤਾ ਹਨ। ਪੰਜਾਬ ਸਕਰੀਨ ਨੇ ਇਹ ਮਾਮਲਾ ਪਹਿਲਾਂ ਵੀ ਉਠਾਇਆ ਸੀ ਅਕਸਰ ਹੀ ਇਹ ਦੇਖਿਆ ਜਾਂਦਾ ਹੈ ਕਿ ਗੁੰਮਸੁਦਾ ਬੱਚਿਆਂ ਦੇ ਮਾਪੇ ਘੁੰਮ, ਥੱਕ ਹਾਰ ਕੇ ਘਰ ਬੈਠ ਜਾਂਦੇ ਹਨ ਅਤੇ ਬੱਚਿਆਂ ਦੇ ਗੁੰਮ ਹੋਣ ਦਾ ਤੱਥ ਗੁਆਚ ਜਾਂਦਾ ਹੈ। ਪਰੰਤੂ ਹੁਣ ਗੁੰਮਸੁਦਾ ਬੱਚਿਆਂ ਅਤੇ ਮਾਪਿਆਂ ਨਾਲ ਕੋਈ ਬੇ-ਇਨਸਾਫੀ ਨਹੀ ਹੋਣ ਦਿੱਤੀ ਜਾਵੇਗੀ। ਹੁਣ ਸਰਕਾਰ ਇੱਕ ਵਾਰ ਫੇਰ ਏਸ ਪਾਸੇ ਸਰਗਰਮ ਹੋਣ ਲੱਗੀ ਹੈ। 
ਇਸ ਆਸ਼ੇ ਦੀ ਜਾਣਕਾਰੀ ਅੱਜ ਸ੍ਰੀ ਕੇ.ਕੇ ਸਿੰਗਲਾ,ਚੀਫ ਜੁਡੀਸੀਅਲ ਮੈਜਸਟ੍ਰੇਟ ਕਮ ਸਕੱਤਰ,ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ,ਲੁਧਿਆਣਾ ਨੇ ਜਿਲਾ ਕਚਹਿਰੀਆ ਵਿਖੇ ਪੈਰਾ ਲੀਗਲ ਵਲੰਟੀਅਰਾਂ ਨਾਲ ਮੀਟਿੰਗ ਦੌਰਾਨ ਦਿੱਤੀ। ਉਹਨਾਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਲਈ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਦੇ ਚੇਅਰਮੈਨ ਮਾਣਯੋਗ ਜਸਟਿਸ ਸ੍ਰੀ ਜਸਬੀਰ ਸਿੰਘ ਦੀਆਂ ਹਦਾਇਤਾਂ ਮੁਤਾਬਿਕ ਅਥਾਰਟੀ ਵੱਲੋ ਤਿਆਰ ਕੀਤੇ ਗਏ ਪੈਰਾ ਲੀਗਲ ਵਲੰਟੀਅਰਾਂ ਨੂੰ ਮੁੱਖ ਥਾਣਿਆਂ ਤੇ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਪੁਲਿਸ ਵਿਭਾਗ ਨੂੰ ਵੀ ਲੋਂੜੀਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਉਹਨਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਪੁਲਿਸ ਥਾਣੇ ਵਿੱਚ ਬੱਚਿਆਂ ਦੀ ਗੁੰਮਸੁਦਾ ਦੀ ਰਿਪੋਰਟ ਦਰਜ਼ ਕਰਨ ਤੋਂ ਆਨਾਕਾਨੀ ਕੀਤੀ ਜਾਂਦੀ ਹੈ ਤਾਂ ਸਬੰਧਤ ਅਧਿਕਾਰੀ/ਕਰਮਚਾਰੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਸਿੰਗਲਾ ਨੇ ਦੱਸਿਆ ਕਿ ਜਿਲ੍ਹਾ ਕਾਨੂਨੀ ਸੇਵਾਵਾਂ ਅਥਾਰਟੀ ਵੱਲੋ ਜਿਲ੍ਹੇ ਅਧੀਨ ਆਉਂਦੇ ਥਾਣਿਆਂ ਵਿੱਚ ਗੁੰਮਸੁਦਾ ਬੱਚਿਆ ਲਈ ਵਿਸੇਮੁੰਹਿਮ ਚਲਾਈ ਜਾ ਰਹੀ ਹੈ ਅਤੇ ਮਾਨਯੋਗ ਸੁਪਰੀਮ ਕੋਰਟ ਵੱਲੋ ਬਚਪਨ ਬਚਾਓ ਮੁਹਿੰਮ ਮੁਤਾਬਿਕ ਹੁਣ ਗੁੰਮਸੁਦਾ ਬੱਚਿਆਂ ਦੇ ਕੇਸਾਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਉਹਨ੍ਹਾਂ ਦੱਸਿਆਂ ਕਿ ਪੈਰਾ ਲੀਗਲ ਵਲੰਟੀਅਰ ਬੱਚਿਆਂ ਦੇ ਕੇਸਾਂ ਤੇ ਨਿਗਰਾਨੀ ਰੱਖਣਗੇ ਤੇ ਪੁਲਿਸ ਵੱਲੋ ਕੀਤੀ ਕਾਰਵਾਈ ਬਾਰੇ ਜਾਣਕਾਰੀ ਉਹਨਾਂ ਦੇ ਮਾਪਿਆਂ ਨੂੰ ਦੇਣਗੇ ਅਤੇ ਬੱਚਿਆਂ ਨਾਲ ਕਿਸੇ ਵੀ ਤਰ੍ਹਾਂ ਦੀ ਅਣਦੇਖੀ ਨਹੀ ਹੋਣ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਐਨ.ਜੀ.ਓਜ਼. ਨੂੰ ਵੀ ਗੁੰਮ ਹੋਏ ਬੱਚਿਆਂ ਬਾਰੇ ਸੂਚਨਾ ਦੇਣ ਲਈ ਕਿਹਾ ਗਿਆ ਹੈ, ਜਿਸ ਦੀ ਸੂਚਨਾ ਟੋਲ ਫਰੀ ਨੰਬਰ 1968 ਤੇ ਦਿੱਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਜੇਕਰ ਕੋਈ ਬੱਚਾ ਗੁੰਮ ਹੋ ਜਾਂਦਾ ਹੈ ਤਾਂ ਇਹ ਮੰਨਿਆ ਜਾਵੇਗਾ ਕਿ ਬੱਚੇ ਨੂੰ ਅਗਵਾਹ ਕਰ ਲਿਆ ਗਿਆ ਹੈ ਜਾਂ ਫਿਰ ਕਿਸੇ ਮਨੁੱਖੀ ਤਸਕਰ ਵੱਲੋਂ ਵੇਚ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਜਿਲ੍ਹਾ ਕਾਨੂਨੀ ਸੇਵਾਵਾ ਅਥਾਰਟੀ ਵੱਲੋਂ ਵੱਧ ਤੋਂ ਵੱਧ ਸੈਮੀਨਾਰ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਆਮ ਲੋਕਾਂ ਦੀ ਮਦਦ ਲਈ ਹਮੇਸ਼ਾਂ ਤਿਆਰ ਰਹੇਗੀ। ਸ੍ਰੀ ਸਿੰਗਲਾ ਨੇ ਪੁਲਿਸ ਵਿਭਾਗ ਨੂੰ ਵੀ ਇਹਨਾਂ ਹੁਕਮਾਂ ਦੀ ਪਾਲਣਾ ਕਰਨ ਲਈ ਆਦੇਸ਼ ਦਿੱਤੇ ਅਤੇ ਕਿਹਾ ਕਿ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਗੁੰਮਸੁਦਾ ਦੀ ਰਿਪੋਰਟ ਦੇਣ ਲਈ ਤੁਰੰਤ ਅੱਗੇ ਆਉਣ ਤਾਂ ਜੋ ਕੋਈ ਵੀ ਬੱਚਾ ਆਪਣੇ ਮੁੱਢਲੇ ਅਧਿਕਾਰਾਂ ਤੋਂ ਵਾਝਾਂ ਨਾ ਰਹਿ ਜਾਵੇ।


No comments: