Monday, July 29, 2013

ਸ੍ਰੀ ਅਖੰਡਪਾਠਾਂ ਦੇ ਕਮਰਿਆਂ ਲਈ ਸੇਵਾ ਸ਼ੁਰੂ

ਕਮਰੇ ਗੁਰਦੁਆਰਾ ਦੁਖ ਭੰਜਨੀ ਬੇਰ ਸਾਹਿਬ ਦੇ ਸਾਹਮਣੇ 
ਅੰਮ੍ਰਿਤਸਰ: 29 ਜੁਲਾਈ-(ਗਜਿੰਦਰ ਸਿੰਘ ਕਿੰਗ//ਪੰਜਾਬ ਸਕਰੀਨ ਬਿਊਰੋ): ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਸਥਿਤ ਇਤਿਹਾਸਕ ਬੇਰੀਆਂ ਦੀ ਸਾਂਭ-ਸੰਭਾਲ ਲਈ ਮਾਹਿਰਾਂ ਦੀ ਰਾਏ ਅਨੁਸਾਰ ਅਤੇ ਸੰਗਤਾਂ ਦੀ ਦਿਨੋਂ-ਦਿਨ ਵਧ ਰਹੀ ਮੰਗ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸ੍ਰੀ ਦੁਖ ਭੰਜਨੀ ਬੇਰੀ ਸਾਹਿਬ ਵਿਖੇ ਹੋਣ ਵਾਲੇ ਸ੍ਰੀ ਅਖੰਡਪਾਠਾਂ ਦੇ ਬਦਲਵੇਂ ਪ੍ਰਬੰਧ ਵਜੋਂ ਗੁਰਦੁਆਰਾ ਦੁਖ ਭੰਜਨੀ ਬੇਰੀ ਦੇ ਸਾਹਮਣੇ ਬਰਾਂਡੇ ਦੇ ਉੱਪਰ ਅਖੰਡਪਾਠਾਂ ਦੇ ਨਵੇਂ ਕਮਰਿਆਂ ਦੀ ਉਸਾਰੀ ਲਈ ਭਾਈ ਕੁਲਵਿੰਦਰ ਸਿੰਘ ਅਰਦਾਸੀਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਅਰਦਾਸ ਕਰਨ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਕਾਰਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਅੰਤ੍ਰਿੰਗ ਮੈਂਬਰ ਸ.ਰਜਿੰਦਰ ਸਿੰਘ ਮਹਿਤਾ ਤੇ ਐਡੀਸ਼ਨਲ ਸਕੱਤਰ ਸ.ਦਿਲਜੀਤ ਸਿੰਘ 'ਬੇਦੀ' ਵੱਲੋਂ ਸਾਂਝੇ ਤੌਰ ਤੇ ਸਿੱਖੀ ਪ੍ਰੰਪਰਾਵਾਂ ਤਹਿਤ ਸਤਿਨਾਮੁ ਵਾਹਿਗੁਰੂ ਦਾ ਜਾਪ ਕਰਦਿਆਂ ਟੱਕ ਲਗਾਇਆ ਗਿਆ। ਇਹਨਾਂ ਕਮਰਿਆਂ ਦੀ ਸੇਵਾ ਦਾ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਅੰਤ੍ਰਿੰਗ ਕਮੇਟੀ ਵਿੱਚ ਫੈਸਲਾ ਕਰਕੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਕਾਰਸੇਵਾ ਵਾਲਿਆਂ ਨੂੰ ਸੌਂਪਿਆ ਗਿਆ।
ਸੰਗਤਾਂ ਨੂੰ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਮੌਜੂਦਾ ਬਰਾਂਡੇ ਉਪਰ 10 ਕਮਰੇ ਸ੍ਰੀ ਅਖੰਡਪਾਠਾਂ ਲਈ ਅਤੇ ਸੁੱਖਆਸਣ ਅਸਥਾਨ ਤਿਆਰ ਕੀਤਾ ਜਾਵੇਗਾ ਅਤੇ ਇਹ ਏ.ਸੀ. ਕਮਰੇ ਹੋਣਗੇ। ਜਿਥੇ ਸੰਗਤਾਂ ਅਰਾਮ ਨਾਲ ਬੈਠ ਕੇ ਗੁਰਬਾਣੀ ਸਰਵਣ ਕਰ ਸਕਣਗੀਆਂ।ਉਹਨਾਂ ਸਪਸ਼ਟ ਕੀਤਾ ਕਿ ਅਜਿਹਾ ਪੁਰਾਤਨ ਇਤਿਹਾਸਕ ਬੇਰੀਆਂ ਦੀ ਸਾਂਭ ਸੰਭਾਲ, ਉਹਨਾਂ ਨੂੰ ਲੋੜੀਂਦਾ ਵਾਤਾਵਰਨ ਪ੍ਰਦਾਨ ਕਰਨ ਲਈ ਮਾਹਿਰਾਂ ਦੀ ਰਾਏ ਅਨੁਸਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਇਹ ਕਮਰੇ ਕਰੀਬ 5 ਮਹੀਨੇ ਵਿੱਚ ਤਿਆਰ ਕਰਕੇ ਪ੍ਰਬੰਧਕਾਂ ਨੂੰ ਸੌਂਪ ਦਿੱਤੇ ਜਾਣਗੇ। ਉਹਨਾਂ ਸੰਗਤਾਂ ਨੂੰ ਇਹ ਅਪੀਲ ਕੀਤੀ ਕਿ ਉਹ ਤਨ-ਮਨ ਅਤੇ ਧਨ ਨਾਲ ਸੇਵਾ ਦੇ ਇਸ ਪ੍ਰਵਾਹ ਵਿੱਚ ਸਹਿਯੋਗ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਦੇ ਪਾਤਰ ਬਨਣ।
ਇਸ ਮੌਕੇ ਸ਼੍ਰੋਮਣੀ ਕਮੇਟੀ ਸਕੱਤਰ ਸ.ਤਰਲੋਚਨ ਸਿੰਘ ਤੇ ਸ.ਰੂਪ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਪ੍ਰਤਾਪ ਸਿੰਘ, ਐਡੀ:ਮੈਨੇਜਰ ਸ.ਗੁਰਿੰਦਰ ਸਿੰਘ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਬਾਬਾ ਗੁਰਨਾਮ ਸਿੰਘ, ਸ਼੍ਰੋਮਣੀ ਕਮੇਟੀ ਸਾਬਕਾ ਮੀਤ ਸਕੱਤਰ ਸ.ਰਾਮ ਸਿੰਘ, ਸ.ਗੁਰਵਿੰਦਰ ਸਿੰਘ, ਬਾਬਾ ਪ੍ਰੇਮ ਸਿੰਘ, ਬਾਬਾ ਸਰਵਨ ਸਿੰਘ, ਬਾਬਾ ਫਤਹਿ ਸਿੰਘ, ਬਾਬਾ ਹੀਰਾ ਸਿੰਘ, ਬਾਬਾ ਹਰੀ ਸਿੰਘ, ਬਾਬਾ ਹਰਭਜਨ ਸਿੰਘ ਭਲਵਾਨ ਕਿਲਾ ਆਨੰਦਗੜ੍ਹ ਵਾਲਿਆਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਵੀ ਹਾਜ਼ਰ ਸਨ।

No comments: