Tuesday, July 30, 2013

ਐਸਜੀਪੀਸੀ ਵੱਲੋਂ ਧਰਮ ਪ੍ਰਚਾਰ ਲਈ ਦਲੇਰਾਨਾ ਉਪਰਾਲਾ

Tue, Jul 30, 2013 at 3:44 PM
ਧਰਮ ਪ੍ਰਚਾਰ ਕਮੇਟੀ ਵੱਲੋਂ ਰਾਏਪੁਰ ਛੱਤੀਸਗੜ ਵਿਖੇ ਗੁਰਮਤਿ ਵਿਦਿਆਲਾ ਸ਼ੁਰੂ
ਅੰਮ੍ਰਿਤਸਰ: 30 ਜੁਲਾਈ-(ਕਿੰਗ//ਪੰਜਾਬ ਸਕਰੀਨ):  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਅਤੇ ਇਸ ਤੋਂ ਬਾਹਰ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਅੱਗੇ ਵਧਾਉਣ ਲਈ ਦ੍ਰਿੜ ਹੈ। ਆਪਣੇ ਇਸ ਸੰਕਲਪ ਨੂੰ ਐਸਜੀਪੀਸੀ ਨੇ ਛਤੀਸਗੜ੍ਹ ਵਿੱਚ ਵੀ ਲਾਗੂ ਕਰਨ ਦੀ ਦਲੇਰੀ ਦਿਖਾਈ ਹੈ ਜਿਥੇ ਮਾਓਵਾਦੀ ਪੂਰੀ ਤਰ੍ਹਾਂ ਸਰਗਰਮ ਹਨ। ਇਸ ਲਈ ਧਰਮ ਪ੍ਰਚਾਰ ਕਮੇਟੀ ਵੱਲੋਂ ਪੰਜਾਬ ਅਤੇ ਵੱਖ-ਵੱਖ ਸੂਬਿਆਂ ਦੇ ਸਕੂਲਾਂ 'ਚ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ। ਉਪਰੰਤ ਵੱਖ-ਵੱਖ ਗੁਰਦੁਆਰਾ ਕਮੇਟੀਆਂ, ਸਿੰਘ ਸਭਾਵਾਂ ਦੇ ਸਹਿਯੋਗ ਨਾਲ ਸਿੱਖ ਇਤਿਹਾਸ ਪ੍ਰਤੀ ਜਾਣਕਾਰੀ ਤੇ ਰਹਿਤ ਮਰਯਾਦਾ ਬਾਰੇ ਮੁਕੰਮਲ ਜਾਣਕਾਰੀ ਲਈ ਗੁਰਮਤਿ ਕੈਂਪ ਲਗਾਏ ਗਏ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸ.ਸਤਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦਿਲੀ ਤਮੰਨਾ ਹੈ ਕਿ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠਣ ਵਾਲੇ ਪਾਠੀ ਤੇ ਗ੍ਰੰਥੀ ਸਿੰਘ ਉੱਚ ਸਿੱਖਿਅਤ ਹੋਣ ਬਾਰੇ ਮੁਕੰਮਲ ਜਾਣਕਾਰੀ ਪ੍ਰਦਾਨ ਕਰਨ ਲਈ ਰਾਵਾਭਾਟਾ ਬਿਲਾਸਪੁਰ ਰੋਡ ਰਾਏਪੁਰ ਛਤੀਸਗੜ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਮਤਿ ਵਿਦਿਆਲਾ ਦੀ ਅਰੰਭਤਾ ਕੀਤੀ ਗਈ।
ਉਹਨਾਂ ਦੱਸਿਆ ਕਿ ਇਸ ਗੁਰਮਤਿ ਵਿਦਿਆਲਾ ਦੀ ਅਰੰਭਤਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾਣੀ ਸੀ ਪ੍ਰੰਤੂ ਜਰੂਰੀ ਪੰਥਕ ਰੁਝੇਵਿਆਂ ਕਾਰਨ ਉਹ ਨਹੀਂ ਸਨ ਪਹੁੰਚ ਸਕੇ। ਉਹਨਾਂ ਕਿਹਾ ਕਿ ਪ੍ਰਧਾਨ ਸਾਹਿਬ ਦੀ ਦੂਰ ਅੰਦੇਸੀ ਤੇ ਪੰਥਕ ਜ਼ਜ਼ਬੇ ਵਾਲੀ ਸੋਚ ਸਦਕਾ ਇਹ ਗੁਰਮਤਿ ਵਿਦਿਆਲਾ ਬਹੁਤ ਜਲਦੀ ਤਿਆਰ ਹੋਇਆ ਹੈ। ਇਸ ਵਿਦਿਆਲੇ ਵਿੱਚ ਫਿਲਹਾਲ 20 ਸੀਟਾਂ ਹਨ ਜਿਸ ਵਿੱਚ 2 ਸਾਲਾ ਗ੍ਰੰਥੀ ਸਿੰਘਾਂ ਲਈ ਕੋਰਸ ਹੋਵੇਗਾ ਹਰੇਕ ਵਿਦਿਆਰਥੀ ਨੂੰ ਰਹਿਣ-ਸਹਿਣ ਤੋਂ ਇਲਾਵਾ 1200 ਸੌ ਰੁਪਏ ਪ੍ਰਤੀ ਮਹੀਨਾ ਵਜੀਫੇ ਦੇ ਤੌਰ ਤੇ ਦਿਤਾ ਜਾਵੇਗਾ ਉਹਨਾਂ ਕਿਹਾ ਕਿ ਪੰਜਾਬ ਤੋਂ ਬਾਹਰ ਇਹ ਪਹਿਲਾ ਗੁਰਮਤਿ ਵਿਦਿਆਲਾ ਹੈ ਤੇ ਇਸਦਾ ਇੰਚਾਰਜ ਸ.ਜਸਪਾਲ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਪ੍ਰਧਾਨ ਸਾਹਿਬ ਜਥੇਦਾਰ ਅਵਤਾਰ ਸਿੰਘ ਦੀ ਪ੍ਰੇਰਨਾ ਸਦਕਾ ਗੁਰਦੁਆਰਾ ਨਾਨਕਸਰ ਰਾਵਾਭਾਟਾ ਬਿਲਾਸਪੁਰ ਰੋਡ ਰਾਏਪੁਰ ਦੀ ਲੋਕਲ ਕਮੇਟੀ ਨੇ ਗੁਰਦੁਆਰਾ ਸਾਹਿਬ ਦਾ ਮੁਕੰਮਲ ਪ੍ਰਬੰਧ ਸ਼੍ਰੋਮਣੀ ਕਮੇਟੀ ਹਵਾਲੇ ਕਰਦਿਆਂ ਸਮੁੱਚੇ ਕਾਗਜ ਪੱਤਰ ਸੌਂਪ ਦਿਤੇ ਹਨ।
ਇਸ ਮੌਕੇ ਛਤੀਸਗੜ ਸਰਕਾਰ 'ਚ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੇਨ ਸ.ਦਲੀਪ ਸਿੰਘ ਹੋਰਾਂ ਨੇ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਗੁਰਮਤਿ ਵਿਦਿਆਲਾ ਖੋਹਲੇ ਜਾਣ ਨੂੰ ਇਤਿਹਾਸਕ ਕਦਮ ਦੱਸਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਇਸ ਉਪਰਾਲੇ ਨਾਲ ਛਤੀਸਗੜ ਰਾਜ ਦੇ ਸਿੱਖ ਵਿਦਿਆਰਥੀਆਂ ਨੂੰ ਵੱਡਾ ਲਾਭ ਮਿਲੇਗਾ। ਉਹ ਦੁਨਿਆਵੀ ਸਿਖਿਆ ਦੇ ਨਾਲ-ਨਾਲ ਇਸ ਗੁਰਮਤਿ ਵਿਦਿਆਲੇ ਰਾਹੀਂ ਆਪਣੇ ਸਿੱਖ ਧਰਮ ਬਾਰੇ ਮੁਕੰਮਲ ਜਾਣਕਾਰੀ ਪ੍ਰਾਪਤ ਕਰਕੇ ਚੰਗੇ ਗ੍ਰੰਥੀ ਸਿੰਘ ਬਣ ਸਕਣਗੇ। ਉਹਨਾਂ ਕਿਹਾ ਕਿ ਇਸ ਵਿਦਿਆਲੇ ਦੇ ਸ਼ੁਰੂ ਹੋਣ ਨਾਲ ਇਥੋਂ ਦੇ ਸਿੱਖ ਭਾਈਚਾਰੇ ਨੇ ਖੁਸ਼ੀ ਮਹਿਸੂਸ ਕੀਤੀ ਹੈ। ਸਮਾਗਮ ਦੌਰਾਨ ਉੜੀਸਾ ਸਿੱਖ ਪ੍ਰਤੀਨਿਧੀ ਬੋਰਡ ਦੇ ਪ੍ਰਧਾਨ ਸ.ਗੁਰਮੀਤ ਸਿੰਘ ਨੇ ਵੀ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਧਾਰਮਿਕ ਵਿਦਿਆਲਾ ਖੋਲ ਕੇ ਸ਼੍ਰੋਮਣੀ ਕਮੇਟੀ ਨੇ ਵੱਡੀ ਜਿੰਮੇਵਾਰੀ ਨਿਭਾਈ ਹੈ ਤੇ ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਦੇ ਬੱਚਿਆਂ ਨੂੰ ਗੁਰਮਤਿ ਸਿਖਿਆ ਦੇਣ ਲਈ ਕੀਤਾ ਉਪਰਾਲਾ ਸ਼ਲਾਘਾਯੋਗ ਹੈ। ਮੰਚ ਦੀ ਭੂਮਿਕਾ ਸ.ਭੁਪਿੰਦਰਪਾਲ ਸਿੰਘ ਮੀਤ ਸਕੱਤਰ ਧਰਮ ਪ੍ਰਚਾਰ ਕਮੇਟੀ ਵੱਲੋਂ ਨਿਭਾਈ ਗਈ।

No comments: