Sunday, July 14, 2013

ਕਲਿਆਣ ਕੌਰ: ਅੰਤਿਮ ਅਲਵਿਦਾ ਦੇ ਦੁਖਾਂਤ

 ਕਾਸ਼ ਉਸਨੂੰ ਅੰਤਿਮ ਵਿਦਾ ਆਖਣ ਮੈਂ ਇਕੱਲਾ ਹੀ ਜਾਂਦਾ 
ਘਿਰ ਗਿਆ ਮਜਬੂਰੀਆਂ ਦੇ ਜਾਲ ਵਿੱਚ ਤੇਰਾ ਵਜੂਦ; ਪੁਰਜ਼ਾ ਪੁਰਜ਼ਾ ਜਦ ਤੇਰੀ ਤਸਵੀਰ ਦੇਖੀ ਜੋੜ ਕੇ (ਡਾ.ਜਗਤਾਰ) 
ਪਹਿਲਾਂ ਦਾਦੀ ਦੀ ਮੌਤ, ਫਿਰ ਪਿਤਾ ਦੀ ਮੌਤ, ਫਿਰ ਇੱਕੋ ਇੱਕ ਬੇਟੇ ਦੀ ਮੌਤ, ਫਿਰ ਮਾਤਾ ਦੀ ਮੌਤ ਅਤੇ ਹੁਣ ਧਰਮ ਪਤਨੀ ਦੀ ਮੌਤ। ਉਹ ਸਿਰਫ ਮੇਰੀ ਧਰਮ ਪਤਨੀ ਹੀ ਨਹੀਂ ਹਰ ਪਲ ਸਹਾਈ ਹੋਣ ਵਾਲੀ ਇੱਕ ਚੰਗੀ ਦੋਸਤ ਵੀ ਸੀ। ਉਸਨੇ ਲਗਾਤਾਰ ਪਰਦੇ ਪਿਛੇ ਰਹਿ ਕੇ ਇੱਕ ਸਰਗਰਮ ਸੰਚਾਲਿਕਾ ਵਾਂਗ  ਪੰਜਾਬ ਸਕਰੀਨ ਦੀ ਸਫਲਤਾ ਲਈ ਕੰਮ ਕੀਤਾ। ਉਸ ਨੂੰ ਅੰਤਿਮ ਵਿਦਾ ਆਖਿਆਂ ਇੱਕ ਹਫਤਾ ਹੋ ਰਿਹਾ ਹੈ। ਗੁਰਬਾਣੀ ਵਿੱਚ ਇੱਕ ਥਾਂ ਆਉਂਦਾ ਹੈ--ਘਰ ਕੀ ਨਾਰਿ ਬਵੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ॥ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰਿ ਭਾਗੀ ॥2॥ (643) ਗੱਲ ਭਾਵੇਂ ਨਾਰੀ ਦਾ ਨਾਮ ਲੈ ਕੇ ਕੀਤੀ ਗਈ ਹੈ ਪਰ ਢੁਕਦੀ ਮਰਦ ਤੇ ਵੀ ਹੈ। ਆਪੋ ਆਪਣੀਆਂ ਕਾਹਲੀਆਂ ਵਿੱਚ ਰੁਝੇ ਸਮਾਜ ਅਤੇ ਬਿਰਾਦਰੀ ਵਿਚਕਾਰ ਛੇਤੀ ਤੋਂ ਛੇਤੀ ਦਾ ਕੋਈ ਨਾਪਾਕ ਜਿਹਾ ਗਠਜੋੜ ਹੋ ਚੁੱਕਿਆ ਸੀ। ਇੱਕ ਵਾਰ ਫੇਰ ਗੁਰਬਾਣੀ ਵਿਚਲਾ ਸਚ ਸਾਬਿਤ ਹੋ ਰਿਹਾ ਸੀ ...ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰਿ ਭਾਗੀ ਦਸ ਜੁਲਾਈ ਨੂੰ ਦੇਹਾਂਤ ਅਤੇ 14 ਜੁਲਾਈ ਨੂੰ ਭੋਗ। ਨਾ ਮੇਰੀ ਗੱਲ ਸੁਣੀ ਜਾ ਰਹੀ ਸੀ ਤੇ ਨਾ ਹੀ ਮੇਰੀਆਂ ਦੋਹਾਂ ਬੇਟੀਆਂ ਦੀ। ਪਰਿਵਾਰ ਤੋਂ ਇਲਾਵਾ ਵੀ ਜਿਹਨਾਂ ਨਾਲ ਇਸਦੀ ਨਿਤ ਵਰਤੋਂ ਦੀ ਸਾਂਝ ਸੀ। ਜਿਹੜੇ ਬਿਨਾ ਬੁਲਾਏ ਹਰ ਸੰਕਟ ਤੇ ਬਹੁੜ ਪੈਂਦੇ ਸਨ ਉਹਨਾਂ ਨੂੰ ਵੀ ਇਸ ਦੁਖਾਂਤ ਦੀ ਸੂਚਨਾ ਨਹੀਂ ਸੀ ਦਿੱਤੀ ਜਾ ਸਕੀ। 
ਲੋਕ ਕਿਸੇ ਨੂੰ ਟਰੇਨ ਤੇ ਵਿਦਾ ਕਰਨ ਜਾਂਦੇ ਹਨ ਤਾਂ ਉਥੇ ਵੀ ਟਰੇਨ ਦੇ ਚੱਲਣ ਤੱਕ ਹੀ ਨਹੀਂ ਅੱਖੋਂ ਉਹਲੇ ਹੋ ਜਾਣ ਤੱਕ ਇੱਕ ਦੂਜੇ ਨੂੰ ਹਥ ਹਿਲਾਉਂਦੇ ਰਹਿੰਦੇ ਹਨ। ਪਿਆਰ ਦੀ ਭਾਵਨਾ---ਵਿਛੜ ਕੇ---ਦੂਰ ਜਾ ਕੇ ਵੀ ਦਿਲੋਂ ਜੁੜੇ ਰਹਿਣ ਦੀ ਭਾਵਨਾ---ਵਿਦਾ ਦੇ ਉਸ ਅੰਦਾਜ਼ ਚੋਂ ਝਲਕਦੀ ਹੈ। ਇੱਕ ਵਾਰ ਫੇਰ ਮਿਲਣ ਦਾ ਵਾਅਦਾ ਪੱਕਾ ਜਿਹਾ ਹੁੰਦਾ ਲਗਦਾ ਹੈ---ਜਿਵੇਂ ਆਖ ਰਹੇ ਹੋਣ ਜੋ ਵਾਅਦਾ ਕੀਆ ਵੋ ਨਿਭਾਨਾ ਪੜੇਗਾ। 
ਪਰ ਇਥੇ ਅੰਤਿਮ ਵਿਦਾ ਸੀ। ਜ਼ਿੰਦਗੀ ਦੇ ਸਾਰੇ ਸੰਕਟਾਂ ਦੌਰਾਨ ਮੁਸਕਰਾ ਕੇ ਹਰ ਕਦਮ ਤੇ ਸਾਥ ਨਿਭਾਉਣ ਵਾਲੀ ਉਸ ਦੇਸ਼ ਵੱਲ ਜਾ ਚੁੱਕੀ ਸੀ ਜਿਥੋਂ ਕੋਈ ਨਹੀਂ ਮੁੜਦਾ ਪਰ ਉਸ ਵੇਲੇ ਕੁਝ ਪਲ ਵੀ ਸ਼ਾਂਤੀ ਦੇ ਨਸੀਬ ਨਹੀਂ ਹੋ ਸਕੇ ਕਿ ਘਟੋਘੱਟ ਇੱਕ ਚੈਨ ਨਾਲ ਅੰਤਿਮ ਵਿਦਾ ਤਾਂ ਆਖੀ ਜਾ ਸਕੇ। ਖੂਨ ਦੇ ਰਿਸ਼ਤਿਆਂ ਦੀ ਕਰੂਪ ਹਕੀਕਤ ਇੱਕ ਵਾਰ ਫੇਰ ਸਾਹਮਣੇ ਆ ਰਹੀ ਸੀ। ਸਭ ਨੂੰ ਆਪੋ ਆਪਣੀ ਕਾਹਲੀ ਸੀ। ਅੰਤਿਮ ਅਰਦਾਸ ਵਿੱਚ ਵੀ ਇਹੀ ਕੁਝ ਸੀ। ਸ਼ਾਇਦ ਲੋਕਾਂ ਨੂੰ ਗੱਲਾਂ ਕਰਨ ਦਾ ਇੱਕ ਹੋਰ ਮੌਕਾ ਮਿਲਿਆ ਸੀ। ਇਹ ਲੋਕ ਨਾ ਕੀਰਤਨ ਸੁਣ ਰਹੇ ਸਨ ਤੇ ਨਾ ਹੀ ਸੁਣਨ ਦੇ ਰਹੇ ਸਨ। ਜਿਸ ਜਿਸ ਨੂੰ ਵੀ ਕਿਸੇ ਨ ਕਿਸੇ ਤਰ੍ਹਾਂ ਪਤਾ ਲੱਗ ਸਕਿਆ-ਉਹ ਸਾਰੇ ਕੰਮ ਛੱਡ ਕੇ ਪਹੁੰਚਿਆ। ਜਿਹੜੇ ਵਿਦੇਸ਼ ਵਿੱਚ ਹੋਣ ਕਾਰਣ ਨਹੀਂ ਪੁੱਜ ਸਕੇ ਉਹਨਾਂ ਨੇ ਈਮੇਲ ਅਤੇ ਫੋਨ ਰਾਹੀਂ ਆਪਣੀ ਹਾਜ਼ਿਰੀ ਲਗਵਾਈ। ਭੋਗ ਅਤੇ ਅੰਤਿਮ ਅਰਦਾਸ ਸਮੇਂ ਮੀਡੀਆ ਨਾਲ ਜੁੜੇ ਮਿੱਤਰਾਂ ਨੇ ਕਾਫੀ ਸਰਗਰਮੀ ਨਾਲ ਸਹਿਯੋਗ ਦਿੱਤਾ। ਜਗਬਾਣੀ ਤੋਂ ਰਮੇਸ਼ ਕੌਸ਼ਲ, ਰੋਜ਼ਾਨਾ ਅਜੀਤ ਤੋਂ ਅਸ਼ਵਨੀ ਜੇਤਲੀ, ਪੇਜ ਥ੍ਰੀ (ਮੁੰਬਈ) ਤੋਂ ਪਰਮਜੀਤ ਸਿੰਘ ਕਾਲੜਾ, ਐਮ ਐਚ ਵਨ ਤੋ ਹਰਮਿੰਦਰ ਸਿੰਘ ਰੋਕੀ, ਈ ਟੀ ਵੀ ਤੋਂ ਰੋਹਿਤ ਗੌੜ, ਕਰਾਈਮ ਸਿਟੀ ਤੋਂ ਅਮਰਦੀਪ ਸਿੰਘ ਅਤੇ ਰਵੀ ਨੰਦਾ, ਪ੍ਰੈਸ ਰਿਪੋਰਟਰ ਐਸੋਸੀਏਸ਼ਨ  (ਨੋਰਥ) ਤੋਂ ਹੇਮਰਾਜ ਜਿੰਦਲ, ਟੀਵੀ 24 ਤੋਂ ਪ੍ਰਦੀਪ ਚੋਪੜਾ, ਸੁਦਰਸ਼ਨ ਟੀਵੀ ਤੋਂ ਰੁਪੇਸ਼ ਕੁਮਾਰ, ਪੰਜਾਬ ਕੇਸਰੀ ਤੋਂ ਸਤੀਸ਼ ਕਤਿਆਲ ਅਤੇ ਐਸ ਕੇ ਗੋਗਨਾ, ਐਸ-7 ਤੋਂ ਅਜੈ ਕੋਹਲੀ, ਕਿਰਪਾ ਟੀਵੀ ਤੋਂ ਮੋਹਨ ਲਾਲ, 7 ਸਟਾਰ ਨਿਊਜ਼ ਤੋਂ ਅਮਰੀਕ ਸਿੰਘ ਪ੍ਰਿੰਸ, ਪੂਰਵਾਂਚਲ ਨਿਊਜ਼ ਤੋਂ ਜੈ ਕੁਮਾਰ, ਨਰੇਸ਼ ਕੁਮਾਰ ਅਤੇ ਵਿਨੋਦ ਬੱਤਰਾ, ਐਕਮੇ ਸਟਾਰ ਤੋਂ ਪ੍ਰੀਤੀ ਸਿਨਹਾ, ਫ੍ਰੀ ਲਾਂਸ ਮੀਡੀਆ ਕੈਮਰਾਮੈਨ ਜਤਿਨ ਪੱਬੀ, ਹਿੰਦੀ ਦੀਆਂ ਅਖਬਾਰਾਂ ਨਾਲ ਜੁੜੇ ਹੋਏ ਰੋਕਸਨ ਸੈਣੀ, ਓਨ ਲਾਈਨ ਸਨਸਨੀ ਨਿਊਜ਼ ਤੋਂ ਸਮਰਾਟ, ਦੈਨਿਕ ਜਾਗਰਣ ਤੋਂ ਨਦੀਮ ਅੰਸਾਰੀ, ਪੱਤਰਕਾਰ ਸੰਗਠਨ ਵੱਲੋਂ ਐਸ ਪੀ ਸਿੰਘ, ਜਗਬਾਣੀ ਟੀਵੀ ਤੋਂ ਗੌਰਵ ਮਹਿੰਦਰੂ, ਦੈਨਿਕ ਸਵੇਰਾ ਤੋਂ ਵਿਸ਼ਾਲ ਗਰਗ, ਓ ਐਮ ਸੀ (ਓਨ ਲਾਈਨ ਮੀਡੀਆ ਕੋਂਸਿਲ) ਤੋਂ ਅਜੇ ਕਾਲੀ, ਪੰਜਾਬ ਇਸਤਰੀ ਸਭਾ ਵੱਲੋਂ ਜੀਤ ਕੁਮਾਰੀ ਅਤੇ ਕਈ ਹੋਰ ਉਘੇ ਵਿਅਕਤੀ ਵੀ ਦੁੱਖ ਦੀ ਇਸ ਘੜੀ ਵਿੱਚ ਦੁੱਖ ਵੰਡਾਉਣ ਲਈ ਪੁੱਜੇ। --ਰੈਕਟਰ ਕਥੂਰੀਆ 


ਸਵਰਗੀ ਕਲਿਆਣ ਕੌਰ ਦੀਆਂ ਕੁਝ ਲਿਖਤਾਂ:--


No comments: