Saturday, July 20, 2013

ਸਰਨਾ ਨੂੰ ਅਕਾਲ ਤਖਤ ਸਾਹਿਬ 'ਤੇ 26 ਨੂੰ ਪੇਸ਼ ਹੋਣ ਦਾ ਹੁਕਮ

ਯਾਦਗਾਰਾਂ ਦੀ ਉਸਾਰੀ ਲੋਕਾਂ ਦੇ ਦਿਲਾਂ 'ਚ ਹੋ ਚੁੱਕੀ ਹੈ-ਖੂਨ ਵਿੱਚ ਰਚ ਚੁੱਕੀ ਹੈ
ਅੰਮ੍ਰਿਤਸਰ: ਸਿੱਖ ਧਰਮ ਵਿੱਚ ਕੁਰਬਾਨੀਆਂ, ਸ਼ਹਾਦਤਾਂ,ਕਤਲਾਮਾਂ ਅਤੇ ਅੱਤਿਆਚਾਰਾਂ ਦੇ ਦੌਰ ਨੂੰ ਹਮੇਸ਼ਾਂ ਹੀ ਬੜੀ ਸ਼ਰਧਾ ਅਤੇ ਸਬਰ ਸੰਤੋਖ ਨਾਲ ਯਾਦ ਕੀਤਾ ਜਾਂਦਾ ਹੈ। ਇਹਨਾਂ ਯਾਦਾਂ ਤੋਂ ਨਵਾਂ ਜੋਸ਼ ਵੀ ਲਿਆ ਜਾਂਦਾ ਹੈ ਅਤੇ ਨਵੀਂ ਪ੍ਰੇਰਨਾ ਵੀ। ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੌਰ ਦੀ ਯਾਦ ਤਾਜ਼ਾ ਕਰਾਉਣ ਲਈ ਯਾਦਗਾਰਾਂ ਵੀ ਉਸਾਰੀਆਂ ਜਾਂਦੀਆਂ ਹਨ। ਸੰਨ 1984 ਵਿੱਚ ਜੋ ਕੁਝ ਵੀ ਹੋਇਆ ਉਸਨੇ ਸਿੱਖ ਜਗਤ ਲਈ ਇੱਕ ਨਵਾਂ ਇਤਿਹਾਸ ਲਿਖਿਆ ਹੈ ਜਿਸ ਨੂੰ ਬਦਲਣ ਅਤੇ ਮਿਟਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਪੰਜਾਬ ਵਿੱਚ ਵੀ ਅਤੇ ਦਿੱਲੀ ਵਿੱਚ ਵੀ। ਹਕੀਕਤ ਵਿੱਚ ਤਾਂ ਜੁਲਮਾਂ ਦੇ ਦੌਰ ਯਾਦਾਂ ਲੋਕਾਂ ਦੇ ਦਿਲਾਂ ਵਿੱਚ ਤਾਜ਼ਾ ਹਨ ਉਹਨਾਂ ਯਾਦਗਾਰਾਂ ਦੀ ਉਸਾਰੀ ਲੋਕਾਂ ਦੇ ਦਿਲਾਂ ਵਿੱਚ ਹੋ ਚੁੱਕੀ ਹੈ। ਖੂਨ ਵਿੱਚ ਰਚ ਚੁੱਕੀ ਹੈ। ਦਿਲਾਂ ਤੋਂ ਦਿਲਾਂ ਤੱਕ ਦਾ ਸਫਰ ਕਰਦਿਆਂ ਓਹ ਅਗਲੀਆਂ ਅਗਲੇਰੀਆਂ ਪੀੜ੍ਹੀਆਂ ਤੱਕ ਪੁੱਜਦੀਆਂ ਹੀ ਰਹਿਣੀਆਂ ਹਨ। ਜਮੀਨਾਂ ਤੇ ਉਸਰਦੀਆਂ ਯਾਦਗਾਰਾਂ ਦੀ ਉਸਾਰੀ ਸ਼ਾਇਦ ਰੋਕੀ ਜਾ ਸਕਦੀ ਹੋਵੇ ਪਰ ਦਿਲਾਂ 'ਚ ਬਣੀਆਂ ਯਾਦਗਾਰਾਂ ਕਾਇਮ ਰਹਿਣਗੀਆਂ। ਆਉਣ ਵਾਲੇ  ਸਮੇਂ ਵਿੱਚ ਓਹ ਇਹਨਾਂ ਘੱਲੂਘਾਰਿਆਂ ਦਾ ਵੇਰਵਾ ਲੋਕਾਂ ਤੱਕ ਪਹੁੰਚੌਨ੍ਦੀਆਂ ਹੀ ਰਹਿਣਗੀਆਂ।  ਸੰਨ-1984 ਦੇ ਜੂਨ ਮਹੀਨੇ ਵਿੱਚ ਹੋਇਆ ਆਪ੍ਰੇਸ਼ਨ ਬਲਿਊ ਸਟਾਰ ਅਤੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ  ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ-84 ਵਿੱਚ ਵੱਡੇ ਪਧਰ ਤੇ ਸਿੱਖਾਂ ਦੀ ਕਤਲਾਮ ਦੋ ਅਜਿਹੀਆਂ ਘਟਨਾਵਾਂ ਹਨ ਜਿਹੜੀਆਂ ਲਗਾਤਾਰ ਤਿੰਨ ਦਹਾਕਿਆਂ ਤੋਂ ਸਿੱਖ ਜਗਤ ਵਿੱਚ ਲਗਾਤਾਰ ਯਾਦ ਕੀਤੀਆਂ ਜਾ ਰਹੀਆਂ ਹਨ। ਜਦੋਂ ਹਰਿਮੰਦਿਰ ਸਾਹਿਬ ਕੰਪਲੈਕਸ ਅੰਮ੍ਰਿਤਸਰ ਵਿੱਚ ਆਪ੍ਰੇਸ਼ਨ ਬਲਿਊ ਸਟਾਰ ਦੀ ਯਾਦਗਾਰ ਉਸਾਰੀ ਗਈ ਤਾਂ ਉਸਦੇ ਵਿਰੁਧ ਵੀ ਬਹੁਤ ਵਾਵੇਲਾ ਹੋਇਆ। ਵਿਰੋਧ ਕਰਨ ਵਾਲਿਆਂ ਵਿੱਚ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਸਭਤੋਂ ਅੱਗੇ ਸੀ ਜਿਸ ਦੇ ਇੱਕ ਸਿਰਮੌਰ ਲੀਡਰ ਲਾਲ ਕ੍ਰਿਸ਼ਨ ਅਡਵਾਨੀ ਨੇ ਆਖਿਆ ਸੀ ਕਿ ਇੰਦਰਾ 'ਤੇ ਆਪ੍ਰੇਸ਼ਨ ਬਲਿਊ ਸਟਾਰ ਕਰਨ ਲਈ ਅਸੀਂ ਦਬਾਅ ਪਾਇਆ ਸੀ। ਭਾਜਪਾ ਦੇ ਇਸ ਸਟੈਂਡ ਕਾਰਣ ਬਾਦਲ ਅਕਾਲੀ ਦਲ ਨੂੰ ਕਈ ਵਾਰ ਸਿਆਸੀ ਵਿਰੋਧਾਂ ਦਾ ਨਿਸ਼ਾਨਾ ਵੀ ਬਣਨਾ ਪਿਆ। ਦੂਜੇ ਪਾਸੇ ਦਿੱਲੀ ਵਿੱਚ ਅਕਾਲੀ ਦਲ ਦੇ ਵਿਰੋਧੀ ਪਰਮਜੀਤ ਸਿੰਘ ਸਰਨਾ ਗੁੱਟ ਦੀ ਕਾਂਗਰਸ ਨਾਲ ਨੇੜਤਾ ਤੋਂ ਸਾਰੇ ਜਾਣੂੰ ਹਨ। ਇਸ ਲਈ ਜਦੋਂ ਸੁਖਬੀਰ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤ ਲਈਆਂ ਤਾਂ ਉਪਰਾਲਾ ਸ਼ੁਰੂ ਹੋਇਆ ਦਿੱਲੀ ਵਿੱਚ ਨਵੰਬਰ-84 ਵਾਲੇ ਜੁਲਮਾਂ ਦੀ ਯਾਦਗਾਰ ਉਸਾਰਨ ਦਾ। ਉਹ ਅਣਮਨੁੱਖੀ ਦੌਰ ਜਦੋਂ ਸਿੱਖਾਂ ਨੂੰ ਘਰਾਂ ਵਿੱਚੋਂ ਬਾਹਰ ਕਢ ਕਢ ਕੇ ਜਿਊਂਦਿਆਂ ਸਾੜ ਦਿੱਤਾ ਗਿਆ ਸੀ। ਇਸ ਯਾਦਗਾਰ ਦਾ ਮਾਮਲਾ ਵੀ ਲੰਮੇ ਸਮੇਂ ਤੋਂ ਟਲਦਾ ਆ ਰਿਹਾ ਸੀ। ਜਦੋਂ ਉਸਾਰੀ ਹੋਣ ਲੱਗੀ ਤਾਂ ਦਿੱਲੀ ਸਰਕਾਰ ਦੇ ਇਸ਼ਾਰੇ ਤੇ ਇੱਕ ਨੋਟਿਸ ਉਸ ਥਾਂ ਦੇ ਬਾਹਰ ਚਿਪਕਾ ਦਿੱਤਾ ਗਿਆ ਜਿਸ ਵਿੱਚ ਇਸ ਉਸਾਰੀ ਦੇ ਖਿਲਾਫ਼ ਚੇਤਾਵਨੀ ਦਿੱਤੀ ਗਈ ਸੀ। ਸਿੱਖ ਜਗਤ ਨੇ ਇਸਦੀ ਪ੍ਰਵਾਹ ਕੀਤੇ ਬਿਨਾ ਉਸਾਰੀ ਦਾ ਕੰਮ ਪੂਰਵ ਨਿਸਚਿਤ ਪ੍ਰੋਗ੍ਰਾਮ ਅਨੁਸਾਰ ਸ਼ੁਰੂ ਕੀਤਾ। ਇਸਦੇ ਨਾਲ ਹੀ ਪਰਮਜੀਤ ਸਰਨਾ ਇਸ ਮਾਮਲੇ ਨੂੰ ਲੈ ਹੈ ਕੋਰਟ ਚਲੇ ਗਏ। ਸਿੱਖਾਂ ਤੇ ਹੋਏ ਜ਼ੁਲਮਾਂ ਦੀ ਯਾਦਗਾਰ ਰੁਕਵਾਉਣ ਲਈ ਇੱਕ ਸਿੱਖ ਹੀ ਅਦਾਲਤਾਂ ਵਿੱਚ ਜਾਵੇ---ਇਹ ਅਫਸੋਸਨਾਕ ਵੀ ਸੀ ਅਤੇ ਸ਼ਰਮਨਾਕ ਵੀ ਪਰ ਮੌਜੂਦਾ ਸਿਆਸਤ ਵਿੱਚ ਅਜਿਹੇ ਮਜਬੂਰ ਪਿਆਦੇ ਕਈ ਵਾਰ ਆਪਣੀ ਬਲੀ ਦੇਂਦੇ ਦੇਖੇ ਜਾਂਦੇ ਹਨ। ਕਦੇ ਦਿੱਲੀ ਵਿੱਚ ਕਦੇ ਅੰਮ੍ਰਿਤਸਰ ਵਿੱਚ। ਕੁਰਸੀ ਦੀ ਲਾਲਸਾ ਨੇ ਧਰਮ ਕਰਮ ਨੂੰ ਪਿਛੇ ਛੱਡ  ਦਿੱਤਾ ਹੈ। ਸ੍ਰੀ ਅਕਾਲ ਤਖਤ ਸਾਹਿਬ  ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਸਾਰੇ ਮਾਮਲੇ ਦਾ ਇੱਕ ਵਾਰ ਫੇਰ ਗੰਭੀਰ ਨੋਟਿਸ ਲਿਆ ਹੈ। ਉਹਨਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ 26 ਜੁਲਾਈ ਨੂੰ ਅਕਾਲ ਤਖਤ ਸਾਹਿਬ 'ਤੇ ਦੁਬਾਰਾ ਤਲਬ ਕੀਤਾ ਹੈ। ਆਉਣ ਵਾਲੀ 26 ਜੁਲਾਈ ਨੂੰ ਪੰਜਾਂ ਤਖਤਾਂ ਦੇ ਸਿੰਘ ਸਾਹਿਬਾਨ ਦੀ ਹੋਣ ਵਾਲੀ ਬੈਠਕ ਵਿਚ ਸਰਨਾ ਨੂੰ ਹਾਜ਼ਰ ਹੋਣ ਦਾ ਆਦੇਸ਼ ਜਾਰੀ ਕੀਤਾ ਗਿਆ ਹੈ। ਪੰਥਕ ਸੂਤਰਾਂ ਅਨੁਸਾਰ  ਇਸ ਸੰਬੰਧੀ ਪੱਤਰ ਅਕਾਲ ਤਖਤ ਸਾਹਿਬ ਦੇ ਦਫਤਰ ਤੋਂ ਸਰਨਾ ਨੂੰ ਭੇਜ ਦਿੱਤਾ ਗਿਆ ਹੈ, ਜਦਕਿ ਸਰਨਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਪੱਤਰ ਹਾਸਲ ਨਹੀਂ ਹੋਇਆ ਹੈ। ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸੂਤਰਾਂ ਮੁਤਾਬਿਕ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਜਰੂਰ ਹੋਣਗੇ। 

ਕਬੀਲੇ ਜ਼ਿਕਰ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਦੰਗਿਆਂ ਵਿਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਯਾਦਗਾਰ ਸਥਾਪਿਤ ਕਰਨ ਦਾ ਫੈਸਲਾ ਲਿਆ ਗਿਆ ਸੀ। ਇਸ ਫੈਸਲੇ ਮੁਤਾਬਿਕ 5 ਜੂਨ ਨੂੰ ਯਾਦਗਾਰ ਬਾਰੇ ਨੀਂਹ ਪੱਥਰ ਰੱਖਿਆ ਜਾਣਾ ਸੀ, ਇਸ ਤੋਂ ਇਕ ਦੋ ਦਿਨ ਪਹਿਲਾਂ ਹੀ ਸਰਨਾ ਯਾਦਗਾਰ ਮਾਮਲੇ ਨੂੰ ਲੈ ਕੇ ਹਾਈਕੋਰਟ ਚਲੇ ਗਏ, ਮਤਲਬ ਉਨ੍ਹਾਂ ਨੇ ਨੀਂਹ ਪੱਥਰ ਸਮਾਗਮ ਰੁਕਵਾਉਣ ਲਈ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। ਸਟੇਅ ਹਾਸਲ ਨਾ ਹੋਣ ਕਾਰਨ ਦਿੱਲੀ ਕਮੇਟੀ ਨੇ ਨੀਂਹ ਪੱਥਰ ਮਿਥੀ ਤਰੀਕ 'ਤੇ ਹੀ ਰੱਖ ਲਿਆ ਸੀ। ਯਾਦਗਾਰ ਦਾ ਵਿਰੋਧ ਕਰਨ ਕਾਰਨ ਹੀ ਸਰਨਾ ਨੂੰ ਅਕਾਲ ਤਖਤ 'ਤੇ ਤਲਬ ਕੀਤਾ ਗਿਆ ਹੈ। ਹੁਣ ਦੇਖਣਾ ਹੈ ਕੀ ਸਿਆਸਤ ਦਾ ਊਂਠ ਕਿਸ ਕਰਵਟ ਬੈਠਦਾ ਹੈ!

ਇਬਾਦਤ ਕਰ-ਸਤਿੰਦਰ ਸਰਤਾਜ                ਤੇਲ ਦੀ ਥਾਂ ਸ਼ਾਇਦ ਪਾ ਦਿੱਤਾ ਸੀ ਕੀਟਨਾਸ਼ਕ

ਹਵਾਰਾ ਦੀ ਅਪੀਲ: ਅਦਾਲਤ ਨੇ ਸੀ. ਬੀ. ਆਈ. ਤੋਂ ਮੰਗਿਆ ਜਵਾਬ

ਬਚਪਨ ਬਚਾਓ ਅੰਦੋਲਨ ਇੱਕ ਵਾਰ ਫੇਰ ਤੇਜ਼        ਆਫਤ ਵਿੱਚ ਬੱਚਿਆਂ ਦੀ ਜਾਨ--ਕੌਣ ਬਣੇਗਾ ਰਖਿਅਕ ?

ਥੈਲੇਸੀਮੀਆ: ਜ਼ਿੰਦਗੀ ਹਰ ਕਦਮ ਇੱਕ ਨਈ  ਜੰਗ ਹੈ

No comments: