Thursday, June 27, 2013

ਬੰਗਾ ਵਿਖੇ ਗੁਰਮਤਿ ਕੈਂਪ ਲਗਾਇਆ

133 ਪਿੰਡਾਂ ਵਿੱਚੋਂ 185 ਗ੍ਰੰਥੀ ਤੇ ਪਾਠੀ ਸਿੰਘ ਪੁੱਜੇ
ਗੁਰਦੁਆਰਾ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ ਵਿਖੇ ਗੁਰਮਤਿ ਸਮਾਗਮ ਮੌਕੇ ਪਾਠੀ ਸਿੰਘਾਂ ਅਤੇ ਗ੍ਰੰਥੀ ਸਿੰਘਾਂ ਨਾਲ ਐਸਜੀਪੀਸੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ  
ਅੰਮ੍ਰਿਤਸਰ:: 27 ਜੂਨ- (ਪੰਜਾਬ ਸਕਰੀਨ ਬਿਊਰੋ):  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਜਾਰੀ ਆਦੇਸ਼ ਅਨੁਸਾਰ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਪੰਜਾਬ ਅਤੇ ਇਸ ਤੋਂ ਬਾਹਰਲੇ ਸੂਬਿਆਂ ’ਚ ਵੱਖ-ਵੱਖ ਥਾਵਾਂ ਪੁਰ ਸਿੱਖ ਰਹਿਤ ਮਰਯਾਦਾ ਤੇ ਸ਼ੁੱਧ ਗੁਰਬਾਣੀ ਉਚਾਰਨ ਲਈ ਲਗਾਤਾਰ ਗੁਰਮਤਿ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ। ਜਿਸ ਵਿੱਚ ਪਿੰਡਾਂ ਤੇ ਸ਼ਹਿਰਾਂ ਦੇ ਅਖੰਡ ਪਾਠੀ ਤੇ ਗ੍ਰੰਥੀ ਸਿੰਘਾਂ ਤੋਂ ਇਲਾਵਾ ਸਿੱਖ ਸੰਗਤਾਂ ਵੀ ਸ਼ਾਮਲ ਹੋ ਰਹੀਆਂ ਹਨ, ਜੋ ਚੰਗਾ ਰੁਝਾਨ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ.ਸੁਖਦੇਵ ਸਿੰਘ ਭੌਰ ਨੇ ਧਰਮ ਪ੍ਰਚਾਰ ਕਮੇਟੀ ਵੱਲੋਂ ਗੁਰਦੁਆਰਾ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ ਵਿਖੇ ਲਗਾਏ ਗੁਰਮਤਿ ਸਮਾਗਮ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਸਕੂਲੀ ਬੱਚਿਆਂ ਨੂੰ ਆਪਣੇ ਸਿੱਖੀ ਵਿਰਸੇ ਨਾਲ ਜੋੜੀ ਰੱਖਣ ਦੇ ਉਦੇਸ਼ ਨਾਲ ਪਹਿਲਾਂ ਵੱਖ-ਵੱਖ ਸਕੂਲਾਂ ’ਚ ਦਸਤਾਰ ਮੁਕਾਬਲੇ ਕਰਵਾਏ ਜੋ ਪੰਜਾਬ ਤੋਂ ਇਲਾਵਾ ਬਾਹਰਲੇ ਸੂਬਿਆਂ ’ਚ ਵੀ ਸਫਲ ਰਹੇ ਤੇ ਇਹਨਾਂ ਮੁਕਾਬਲਿਆਂ ’ਚ ਵੱਧ ਚੜ੍ਹ ਕੇ ਸਕੂਲੀ ਬੱਚਿਆਂ ਦੇ ਸਕੂਲ ਪ੍ਰਬੰਧਕਾਂ ਦੇ ਸਹਿਯੋਗ ਨਾਲ ਹਿੱਸਾ ਲਿਆ।
ਤੇ ਹੁਣ ਧਰਮ ਪ੍ਰਚਾਰ ਕਮੇਟੀ ਵੱਲੋਂ ਪੰਜਾਬ ਭਰ ’ਚ ਪਾਠੀ ਸਿੰਘਾਂ ਤੇ ਗ੍ਰੰਥੀ ਸਿੰਘਾਂ ਲਈ ਗੁਰਮਤਿ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ ਜਿਸ ਵਿੱਚ ਵੱਧ ਚੜ੍ਹ ਕੇ ਗ੍ਰੰਥੀ ਸਿੰਘ ਤੇ ਪਾਠੀ ਸਿੰਘ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਗੁਰਦੁਆਰਾ ਚਰਨ ਕੰਵਲ ਸਾਹਿਬ ਜੀਂਦੋਵਾਲ ਬੰਗਾ ਵਿਖੇ ਲਗਾਏ ਗਏ ਤਿੰਨ ਰੋਜਾ ਕੈਂਪ ’ਚ ਗੁਰਬਾਣੀ ਦਾ ਸ਼ੁੱਧ ਉਚਾਰਨ ਸਿੱਖ ਰਹਿਤ ਮਰਯਾਦਾ ਸਬੰਧੀ ਜਾਣਕਾਰੀ ਲੈਣ ਲਈ ਇਸ ਇਲਾਕੇ ਦੇ 133 ਪਿੰਡਾਂ ਵਿੱਚੋਂ 185 ਗ੍ਰੰਥੀ ਤੇ ਪਾਠੀ ਸਿੰਘ ਪੁੱਜੇ ਹਨ। ਜਿਨ੍ਹਾਂ ਨੂੰ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ ਨੇ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਹੈ।
ਕੈਂਪ ਦੀ ਸਮਾਪਤੀ ਸਮੇਂ ਧਰਮ ਪ੍ਰਚਾਰ ਕਮੇਟੀ ਦੇ ਸ.ਸਤਬੀਰ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ:ਅਵਤਾਰ ਸਿੰਘ ਦਾ ਦਿ੍ਰੜ ਇਰਾਦਾ ਹੈ ਕਿ ਨੌਜਵਾਨਾਂ ’ਚੋਂ ਪਤਿਤਪੁਣੇ ਤੇ ਨਸ਼ਿਆਂ ਨੂੰ ਦੂਰ ਕਰਦਿਆਂ ਆਪਣੇ ਗੌਰਵਮਈ ਵਿਰਸੇ ਨਾਲ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਖਾਸਕਰ ਪਿੰਡਾਂ ’ਚ ਨੌਜਵਾਨਾਂ ਨੂੰ ਸਿੱਖ ਇਤਿਹਾਸ ਦੀ ਮੁਕੰਮਲ ਜਾਣਕਾਰੀ ਦਿੱਤੀ ਜਾਵੇ। ਕੈਂਪ ’ਚ ਭਾਗ ਲੈਣ ਵਾਲੇ ਸਾਰੇ ਪਾਠੀ ਤੇ ਗ੍ਰੰਥੀ ਸਿੰਘਾਂ ਨੂੰ ਧਾਰਮਿਕ ਪੁਸਤਕਾਂ ਦਾ ਸੈੱਟ ਤੇ ਪ੍ਰਸੰਸਾ ਪੱਤਰ ਦੇ ਕੇ ਸ.ਸੁਖਦੇਵ ਸਿੰਘ ਭੌਰ ਤੇ ਸ.ਸਤਬੀਰ ਸਿੰਘ ਨੇ ਸਨਮਾਨਿਤ ਕੀਤਾ। ਇਸੇ ਦਿਨ ਸੰਗਰਾਂਦ ਵਾਲੇ ਦਿਨ ਅੰਮ੍ਰਿਤ-ਸੰਚਾਰ ਵੀ ਕਰਵਾਇਆ ਗਿਆ, ਜਿਸ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਪੰਜ ਪਿਆਰੇ ਸਾਹਿਬਾਨ ਪਾਸੋਂ ਇਲਾਕੇ ਦੇ 70 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਵੀ ਪ੍ਰਾਪਤ ਕੀਤੀ।
ਇਸ ਮੌਕੇ ਭਾਈ ਸਰਵਣ ਸਿੰਘ, ਭਾਈ ਗੁਰਭਾਗ ਸਿੰਘ ਤੇ ਭਾਈ ਹਰਦੀਪ ਸਿੰਘ ਪ੍ਰਚਾਰਕ, ਸ.ਕੁਲਦੀਪ ਸਿੰਘ ਮੈਨੇਜਰ ਗੁਰਦੁਆਰਾ ਚਰਨ ਕੰਵਲ ਸਾਹਿਬ ਜੀਦੋਂਵਾਲ ਆਦਿ ਮੌਜੂਦ ਸਨ।

SNA Gurmat Camp Feb 2013

No comments: