Wednesday, June 05, 2013

ਅਭੀ ਕੁਛ ਲੋਗ ਬਾਕੀ ਹੈਂ ਜਹਾਂ ਮੇਂ

ਲੋਕਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦਾ ਮੰਤਰ ਸਿਖਾਉਂਦਾ ਲੂੰਬਾ ਪਰਿਵਾਰ 
ਜਦੋਂ ਮੁਸੀਬਤਾਂ ਆਉਂਦੀਆਂ ਹਨ ਤਾਂ ਅਕਸਰ ਇੱਕ ਦੂਜੇ ਤੇ ਦੋਸ਼ ਲਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਇਹ ਕੁਝ ਪਰਿਵਾਰਾਂ ਵਿੱਚ ਵੀ ਹੁੰਦਾ ਹੈ ਅਤੇ ਸਮਾਜ ਵਿੱਚ ਵੀ, ਦੋਸਤਾਂ ਵਿੱਚ ਵੀ ਅਤੇ ਦਫਤਰਾਂ ਵਿੱਚ ਵੀ। ਕੁਝ ਦਹਾਕੇ ਪਹਿਲਾਂ ਵੀ ਅਜਿਹਾ ਹੀ ਹੋਇਆ ਜਦੋਂ ਬੇਰੋਜ਼ਗਾਰੀ ਦਾ ਮਸਲਾ ਉਭਰਨਾ ਸ਼ੁਰੂ ਹੋਇਆ ਤਾਂ ਰਾਜਨੀਤਿਕ ਪਾਰਟੀਆਂ ਇੱਕ ਦੂਜੇ ਤੇ ਦੋਸ਼ ਲਾਉਣ ਲੱਗ ਪਈਆ। ਇਸ ਸਾਰੇ ਰੌਲੇ ਗੌਲੇ ਵਿੱਚ ਕੁਝ ਲੋਕ ਅਜਿਹੇ ਵੀ ਸਨ ਜਿਹੜੇ ਚੁਪਚਾਪ ਕੰਮ ਕਰ ਰਹੇ ਸਨ। ਦੇਸ਼ ਦੀ ਉਸਾਰੀ ਲਈ, ਸਮਾਜ ਦੀ ਉਸਾਰੀ ਲਈ ਅਤੇ ਦੇਸ਼ ਦੇ ਅਰਥਚਾਰੇ ਨੂੰ ਆਪਣੇ ਬਲਬੂਤੇ ਮਜਬੂਤ ਕਰਨ ਲਈ। ਜਦੋਂ ਇੱਕ ਪਾਸੇ ਸਰਕਾਰਾਂ ਲਈ ਚੰਗੇ ਪੜ੍ਹਿਆਂ ਲਿਖਿਆਂ ਨੂੰ ਨੌਕਰੀਆਂ ਦੇਣਾ ਵੀ ਬੜਾ ਮੁਸ਼ਕਿਲ ਹੋ ਰਿਹਾ ਸੀ ਉਦੋਂ ਲੁਧਿਆਣਾ ਦੇ ਇੱਕ ਮਧਵਰਗੀ ਪਰਿਵਾਰ ਨੇ ਪੰਜਵੀ, ਸੱਤਵੀਂ ਅਤੇ ਅਠਵੀਂ ਪਾਸ ਬੱਚਿਆਂ ਨੂੰ ਵੀ ਰੋਜ਼ਗਾਰ ਤੇ ਲਾਉਣ ਦਾ ਕ੍ਰਿਸ਼ਮਾ ਕਰ ਦਿਖਾਇਆ। ਇਹ ਪਰਿਵਾਰ ਸੀ ਧੂਰੀ ਲਾਈਨ ਨੇੜੇ ਮੁਰਾਦਪੁਰਾ/ਮਿੱਲਰਗੰਜ ਇਲਾਕੇ ਵਿੱਚ -ਲੂੰਬਾ ਪਰਿਵਾਰ---ਤੇ ਇਸ ਪਰਿਵਾਰ ਨੇ  ਉਹ ਕੁਝ ਕਰ ਦਿਖਾਇਆ ਜਿਹੜਾ ਵੱਡੀਆਂ ਵੱਡੀਆਂ ਸੰਸਥਾਵਾਂ ਨੇ ਪਹਿਲਾਂ ਕਰ ਲਿਆ ਹੁੰਦਾ ਤਾਂ ਸ਼ਾਇਦ ਬੇਰੋਜ਼ਗਾਰੀ ਦਾ ਮਸਲਾ ਏਨਾ ਗੰਭੀਰ ਕਦੇ ਵੀ ਨਾ ਹੁੰਦਾ। ਇਸ ਲੂੰਬਾ ਪਰਿਵਾਰ ਦੇ ਮੁਖੀ ਜਗਦੀਸ਼ ਲੂੰਬਾ ਖੁਦ ਸਰਕਾਰ ਦੇ ਨੇੜੇ ਸਨ--ਕਈ ਉੱਚੇ ਅਹੁਦਿਆਂ ਅਤੇ ਰੁਤਬਿਆਂ ਤੇ ਸਨ। ਸਾਰਾ ਕਿਚਲੂ ਨਗਰ, ਸਰਾਭਾ ਨਗਰ ਅਤੇ ਗਿੱਲ ਰੋਡ ਵਾਲੀ ਸਾਇਕਲ ਮਾਰਕੀਟ ਉਹਨਾਂ ਖੁਦ ਲੋਕਾਂ ਨੂੰ ਬੁਲਾ ਬੁਲਾ ਕੇ ਵਸਾਈ ਸੀ। ਕੋਈ ਸਵਾਰਥੀ ਸ੍ਵਾਰਥੀ ਸਿਆਸਤਦਾਨ ਹੁੰਦਾ ਤਾਂ ਉਸਨੇ ਆਪਣੀਆਂ ਕਈ ਕਲੋਨੀਆਂ ਬਣਾਕੇ ਉਸਦੇ ਪਲਾਟ ਕੱਟਣੇ ਸਨ ਪਰ ਇਸ ਵਿਅਕਤੀ ਨੇ ਅਜਿਹਾ ਕੁਝ ਵੀ ਨਹੀਂ ਕੀਤਾ। ਨਾ ਆਪਣੇ ਲਈ ਨਾ ਆਪਣੇ ਪਰਿਵਾਰ ਲਈ। 
ਅੱਜ ਵੀ ਇਸ ਦਰਵੇਸ਼ ਸਿਆਸਤਦਾਨ ਦਾ ਮਕਾਨ ਇਸ ਵਿਅਕਤੀ ਦੀ ਇਮਾਨਦਾਰੀ ਦੀ ਕਹਾਣੀ ਸੁਣਾ ਰਿਹਾ ਹੈ। ਉਹੀ ਪੁਰਾਣੀਆਂ ਦੀਵਾਰਾਂ--ਉਹੀ ਥਾਂ ਥਾਂ ਉਤਰੀ ਹੋਈ ਕਲੀ---ਕਈ ਥਾਂ ਤੇ ਆਇਆ ਹੋਇਆ ਸਲਾਭਾ,  ਧੁੰਦਲੀਆਂ ਹੋ ਰਹੀਆਂ ਪੁਰਾਣੇ ਫਰੇਮਾਂ ਵਾਲੀਆਂ ਤਸਵੀਰਾਂ--- ਪਰ ਕੁਲ ਮਿਲਾ ਕੇ ਪੂਰੇ ਪਰਿਵਾਰ ਵਿੱਚ ਇੱਕ ਸ਼ਾਂਤੀ---- ਚਿਹਰਿਆਂ ਤੇ ਇੱਕ ਅਜਿਹੀ ਚਮਕ ਜਿਹੜੀ ਕਰੋੜਪਤੀਆਂ ਦੇ ਚਿਹਰਿਆਂ ਤੇ ਵੀ ਨਹੀਂ ਹੁੰਦੀ। ਆਵਾਜ਼ ਵਿੱਚ ਅੱਜ ਵੀ ਉਹ ਗੜ੍ਹਕ ਜਿਹੜੀ ਸ਼ਰਾਬਾਂ, ਅਫੀਮਾਂ ਅਤੇ ਬੈੰਕ ਬੈਲੰਸ ਜਾਂ ਪਾਲੇ ਹੋਏ ਗੁੰਡਾ  ਗਿਰੋਹਾ ਨਾਲ ਨਹੀਂ ਆਉਂਦੀ। ਏਨੇ ਦਹਾਕਿਆਂ ਬਾਅਦ ਵੀ ਇਹ ਪਰਿਵਾਰ ਮਗਨ ਹੈ ਆਪਣੀ ਲਗਨ ਵਿੱਚ--ਲੋਕਾਂ ਨੂੰ ਤਕਨੀਕੀ ਗਿਆਨ ਦੇ ਕੇ ਰੋਜ਼ਗਾਰ ਪ੍ਰਦਾਨ ਕਰਨ ਵਿੱਚ। ਪਿਛਲੇ ਦਿਨੀ ਅਚਾਨਕ ਹੀ ਇੱਕ ਮਿੱਤਰ ਅਮਨ ਮਲਹੋਤਰਾ ਦੇ ਰਾਹੀਂ ਇਸ ਪਰਿਵਾਰ ਨਾਲ ਮੁਲਾਕਾਤ ਦਾ ਸੁਭਾਗ ਪ੍ਰਾਪਤ ਹੋਇਆ। 
ਸ਼੍ਰੀ ਜਗਦੀਸ਼ ਲੂੰਬਾ ਦੇ ਸਪੁੱਤਰ ਅਤੇ ਇਸ ਸੰਸਥਾਨ ਦੇ ਸੰਚਾਲਕ ਵਿਨੋਦ ਲੂੰਬਾ ਨੇ ਦੱਸਿਆ ਕਿ  ਉਹ ਇਹ ਟਰੇਨਿੰਗ ਇੰਸੀਚਿਊਟ 1974 ਤੋਂ ਚਲਾ ਰਹੇ ਹਨ। ਇਸ ਥਾਂ ਤੋਂ  ਟ੍ਰੇਨਿੰਗ ਲੈ ਕੇ ਆਪਣਾ ਰੋਜ਼ਗਾਰ ਕਾਰੋਬਾਰ ਚਲੂਂ ਵਾਲੇ ਲੋਕਾਂ ਦੀ ਗਿਣਤੀ ਹੁਣ ਬਹੁਤ ਵੱਡੀ ਹੋ ਚੁੱਕੀ ਹੈ। ਮਹੀਨਾ, ਸਵਾ ਮਹੀਨਾ, ਦੋ, ਤਿੰਨ ਜਾਂ ਚਾਰ ਮਹੀਨੇ--ਬਸ ਇੱਕ ਛੋਟਾ ਜਿਹਾ ਅਰਸਾ, ਥੋਹੜੀ ਜਹੀ ਫੀਸ ਅਤੇ ਸਿਖਿਆਰਥੀ ਬਣ ਜਾਂਦਾ ਹੈ ਇਸ ਖੇਤਰ ਦਾ ਮਾਸਟਰ। ਬਾਅਦ ਵਿੱਚ ਵੀ ਉਸਨੂੰ ਕੋਈ ਦਿੱਕਤ ਆਵੇ ਤਾਂ ਉਹ ਸੰਸਥਾਨ ਹਮੇਸ਼ਾਂ ਉਸਦਾ ਮਾਰਗ ਦਰਸ਼ਨ ਕਰਨ ਲਈ ਤਿਆਰ ਰਹਿੰਦਾ ਹੈ। ਪਹਿਲਾਂ ਪਹਿਲ ਸਿਰਫ ਟੀਵੀ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਅੱਜ ਕਾਫੀ ਵਧ-ਫੁਲ ਗਿਆ ਹੈ। ਹੁਣ ਇਥੇ ਮੋਬਾਈਲ ਠੀਕ ਕਰਨਾ ਵੀ ਸਿਖਾਇਆ ਜਾਂਦਾ ਹੈ, ਇਨਵਰਟਰ ਵੀ ਅਤੇ ਸੀ ਦੀ  ਪਲੇਅਰ ਵੀ। ਕੁਲ  ਮਿਲਾ ਕੇ ਆਪਣੇ ਪੈਰਾਂ ਤੇ ਖੜੇ ਹੋਣ  ਦਾ ਫਾਰਮੂਲਾ--ਹੈ ਨ ਕਮਾਲ।--ਰੈਕਟਰ ਕਥੂਰੀਆ (ਸਹਿਯੋਗੀ: ਅਮਨ ਮਲਹੋਤਰਾ)

ਹਰ ਦੁਖੀ ਵਿਅਕਤੀ ਦੇ ਨਾਲ ਰਹਿਣ ਵਾਲੀ ਸ਼ਖਸੀਅਤ ਦਰਸ਼ਨ ਅਰੋੜਾ

No comments: