Thursday, June 06, 2013

ਅਭੀ ਕੁਛ ਲੋਗ ਬਾਕੀ ਹੈਂ ਜਹਾਂ ਮੇਂ

ਹਰ ਦੁਖੀ ਵਿਅਕਤੀ ਦੇ ਨਾਲ ਰਹਿਣ ਵਾਲੀ ਸ਼ਖਸੀਅਤ ਦਰਸ਼ਨ ਅਰੋੜਾ
ਫੇਸਬੁਕ 'ਤੇ ਕਿਸੇ ਮਿੱਤਰ ਨੇ ਇੱਕ ਤਸਵੀਰ ਭੇਜੀ----ਸੰਕੇਤਕ, ਛੋਟੀ ਪਰ ਦਿਲ ਨੂੰ ਹਿਲਾ ਦੇਣ ਵਾਲੀ----ਸਮੇਂ ਦੀ ਵੰਡ ਕੀਤੀ ਹੋਈ ਸੀ---ਕਿ ਇੱਕ ਜਮਾਨਾ ਸੀ ਜਦੋਂ ਘਰਾਂ ਦੇ ਬਾਹਰ ਦਰਵਾਜਿਆਂ ਤੇ ਲਿਖਿਆ ਹੁੰਦਾ ਸੀ--ਅਤਿਥੀ ਦੇਵੋ ਭਵ---ਕੁਝ ਹੋਰ ਜ਼ਮਾਨਾ ਲੰਘ ਗਿਆ ਫਿਰ ਦਰਵਾਜਿਆਂ ਤੇ ਨਵੀਂ ਇਬਾਰਤ ਆਈ--ਸ਼ੁਭ ਲਾਭ---ਸਾਫ਼ ਜ਼ਾਹਿਰ ਸੀ ਕਿ ਸੋਚ ਕਾਰੋਬਾਰੀ ਹੋ ਗਈ ਹੈ--ਇਸ ਲਈ ਸਿਰਫ ਲਾਭ ਦੀ ਗੱਲ/ਮੁਨਾਫ਼ੇ ਦੀ ਗੱਲ ਕਰਨ ਵਾਲਾ ਹੀ ਇਸ ਦਰਵਾਜ਼ੇ ਤੇ ਆਵੇ ਬਾਕੀਆਂ ਲਈ ਕੋਈ ਸਮਾਂ ਨਹੀਂ----ਕੁਝ ਹੋਰ ਵਕ਼ਤ ਲੰਘ ਗਿਆ---ਸਮੇਂ ਨੇ ਫੇਰ ਕਰਵਟ ਲਈ ਤੇ ਇੱਕ ਹੋਰ ਨਵੀਂ ਇਬਾਰਤ ਸਾਹਮਣੇ ਆਈ---ਬਿਵੇਅਰ ਆਫ਼ ਡੋਗਜ਼---ਕੁਤੋਂ ਸੇ ਸਾਵਧਾਨ---ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਸਮਾਜ ਦੇ ਇੱਕ ਵੱਡੇ ਹਿੱਸੇ ਵਿੱਚ ਆ ਰਹੀ ਇਸ ਤਬਦੀਲੀ ਨੂੰ ਇਸ ਇਬਾਰਤ ਨੇ ਬਹੁਤ ਹੀ ਸਾਫ਼ ਸਪਸ਼ਟ ਕਰ ਦਿੱਤਾ ਹੈ---ਕੀ ਅਸੀਂ ਹੁਣ ਜਾ ਕਿਧਰ ਨੂੰ ਰਹੇ ਹਾਂ।---ਰੱਬ ਖੈਰ ਕਰੇ ਜੇ ਅਸੀਂ ਇਸੇ ਇਸਤੇ ਤੇ ਵਧਦੇ ਰਹੇ ਤਾਂ ਦਰਵਾਜਿਆਂ ਦਾ  ਮੁਹਾਂਦਰਾ ਪਤਾ ਨਹੀਂ ਕਿਹੋ ਜਿਹਾ ਹੋਵੇਗਾ---!
ਮੈਂ ਸੋਚ ਰਿਹਾ ਸਾਂ ਉਹਨਾਂ ਘਰਾਂ ਬਾਰੇ ਜਿਹਨਾਂ ਦੇ ਦਰਵਾਜ਼ੇ ਪਹਿਲਾਂ ਵੀ ਮਹਿਮਾਨਾਂ ਲਈ ਹਮੇਸ਼ਾਂ ਖੁੱਲੇ ਹੁੰਦੇ ਸਨ ਅਤੇ ਹੁਣ ਵੀ ਉਹਨਾਂ ਨੇ ਆਪਣੇ ਦਰਵਾਜਿਆਂ ਤੇ ਕਾਰੋਬਾਰੀ ਮੁਨਾਫ਼ੇ ਦੀ ਕੋਈ ਸ਼ਰਤ ਜਾਂ ਫੇਰ ਕੁੱਤਿਆਂ ਦਾ ਕੋਈ ਡਰਾਵਾ ਨਹੀਂ ਟੰਗਿਆ ਹੋਇਆ। ਸਮੇਂ ਦੀ ਰ੍ਬ੍ਦੀਲੀ ਉਹਨਾਂ ਤੇ ਆਪਣਾ ਪ੍ਰਭਾਵ ਨਾ ਪਾ ਸਕੀ। ਇਹ ਵਿਚਾਰ ਆਉਂਦਿਆਂ ਹੀ ਬਸ ਪਲਾਂ ਛਿਣਾਂ ਵਿੱਚ ਹੀ ਇੱਕ ਬਹੁਤ ਪੁਰਾਣਾ ਨਜ਼ਾਰਾ ਅੱਖਾਂ ਅੱਗੇਆ ਗਿਆ। ਲੁਧਿਆਣਾ ਦੇ ਭਾਰਤ ਨਗਰ ਚੋਂਕ ਵਿੱਚ ਇੱਕ ਵਿਸ਼ਾਲ ਕੋਠੀ। ਉਸਦੇ ਲਾਅਨ ਨੇੜੇ ਘਟੋਘੱਟ ਲੱਗੀਆਂ ਮੇਜਾਂ ਕੁਰਸੀਆਂ------ਸ਼ਾਇਦ 35-40 ਮਹਿਮਾਨ---ਨਾਸ਼ਤਾ ਚੱਲ ਰਿਹਾ ਹੈ ਅਤੇ ਸਾਰਾ ਟੱਬਰ ਮਹਿਮਾਨਾਂ ਦੀ ਆਓ ਭਗਤ ਕਰਨ ਵਿੱਚ ਰੁਝਿਆ ਹੋਇਆ ਹੈ---ਕਿਸੇ ਦੇ ਮੱਥੇ ਤੇ ਤਿਊੜੀ ਨਹੀਂ---ਕਿਸੇ ਦੇ ਚਿਹਰੇ ਤੇ ਕੋਈ ਥਕਾਵਟ ਨਹੀਂ---ਸਗੋਂ ਇੱਕ ਖੁਸ਼ੀ---ਇੱਕ ਉਤਸ਼ਾਹ---ਇੱਕ ਉਮੰਗ। ਇਹ ਘਰ ਸੀ ਦਰਸ਼ਨ ਅਰੋੜਾ ਹੁਰਾਂ ਦਾ। ਉਹੀ ਬਹੁਤ ਵੱਡਾ ਪੁਰਾਣਾ ਘਰ ਜਿਹੜਾ ਭਾਰਤ ਨਗਰ ਚੋਂਕ ਦੀ ਨੁੱਕਰ ਵਿੱਚ ਇੱਕ ਵੱਡੀ ਕੋਠੀ ਵੱਜੋਂ ਜਾਣਿਆ ਜਾਂਦਾ ਸੀ। ਜਿਹੜੀ ਸੜਕ ਤੋਂ ਮਰਜ਼ੀ ਆਓ ਇਹ ਘਰ ਨਜ਼ਰੀ ਜਰੂਰ ਪੈਂਦਾ ਸੀ। ਘਰ ਵਿੱਚ ਨੌਕਰਾਂ ਚਾਕਰਾਂ ਦੇ ਹੁੰਦਿਆਂ ਵੀ ਦਰਸ਼ਨ ਅਰੋੜਾ ਖੁਦ ਮਹਿਮਾਨਾਂ ਦੀ ਆਓ ਭਗਤ ਵਿੱਚ ਲੱਗੇ ਹੋਏ ਸਨ। ਮੈਂ ਕਾਫੀ ਛੋਟਾ ਸਾਂ---ਹਥ ਵਟਾਉਣਾ ਚਾਹਿਆ ਤਾਂ ਮੈਨੂੰ ਉਹਨਾਂ ਮੈਨੂੰ ਵੀ ਇੱਕ ਕੁਰਸੀ ਤੇ ਬਿਠਾ ਦਿੱਤਾ ਅਤੇ ਇੱਕ ਥਾਲੀ ਅੱਗੇ ਕਰ ਦਿੱਤੀ। ਮੈਂ ਆਖਿਆ ਅੰਕਲ ਤੁਸੀਂ ਥੱਕ ਜੋਂਗੇ--ਲਿਆਓ ਮੈਂ ਕੁਝ ਮਦਦ ਕਰਵਾ ਦੇਂਦਾ ਹਾਂ---ਮੁਸਕਰਾ ਕੇ ਬੋਲੇ ਬੇਟਾ ਮੇਰਾ ਤਾਂ ਰੋਜ਼ ਦਾ ਕੰਮ ਹੈ--ਇਹ ਸਿਲਸਿਲਾ ਇਸ ਘਰ ਵਿੱਚ ਹਰ ਰੋਜ਼ ਚਲਦਾ ਹੈ। ਮੈਂ ਹੈਰਾਨ---ਸੋਚਿਆ ਇਹ ਕਿਵੇਂ ਹੋ ਸਕਦਾ ਹੈ--ਸ਼ੱਕ ਦੂਰ ਕਰਨ ਲਈ ਲਗਾਤਾਰ ਦੋ ਚਾਰ ਦਿਨ --ਫਿਰ ਅਚਾਨਕ ਵੀ ਜਾ ਕੇ ਦੇਖਿਆ--ਪਰ ਹਰ ਵਾਰ ਇਹੀ ਨਜ਼ਾਰਾ ਮਿਲਦਾ। ਕਦੇ ਨਾਸ਼ਤਾ, ਕਦੇ ਬ੍ਰੰਚ--ਕਦੇ ਲੰਚ--ਕਦੇ ਡਿਨਰ--ਤੇ ਕਦੇ ਸ਼ਾਮਾਂ ਦੀ ਚਾਹ---ਘਰ ਦਾ ਘਾਹ ਵਾਲਾ ਵਿਹੜਾ ਜਿਹਾ ਅਕਸਰ ਭਰਿਆ ਰਹਿੰਦਾ। ਇਸ ਗੱਲ ਨੂੰ ਦਹਾਕੇ ਲੰਘ ਗਏ।
ਸਮੇਂ ਨੇ ਬੜਾ ਕੁਝ ਦੇਖਿਆ ਅਤੇ ਦਿਖਾਇਆ--ਪੰਜਾਬ ਦੇ ਕਾਲੇ ਦਿਨਾਂ ਦੌਰਾਨ ਕੁਝ ਸਵਾਰਥੀ ਅਨਸਰਾਂ ਨੇ ਹਿੰਦੁਆਂ-ਸਿੱਖਾਂ ਦਰਮਿਆਨ ਇੱਕ ਦੀਵਾਰ ਖੜੀ ਕਰਕੇ ਉਸਨੂੰ ਮਜਬੂਤ ਕਰਨ ਦੀ ਕੋਸ਼ਿਸ਼ ਕੀਤੀ। ਉਸ ਵੇਲੇ ਵੀ ਦਰਸ਼ਨ ਅਰੋੜਾ ਆਪਣੇ ਸਾਥੀਆਂ ਸਮੇਤ ਨਗਰ ਕੀਰਤਨ ਅਤੇ ਹੋਰ ਆਯੋਜਨਾਂ ਵਿੱਚ ਸਭ ਤੋਂ ਅੱਗੇ ਹੋ ਕੇ ਵਿਚਰਦੇ ਰਹੇ ਤਾਂਕਿ ਭਾਈਚਾਰਕ ਸਾਂਝ ਕਾਇਮ ਰਹੇ। ਪੰਜਾਬ ਵਿੱਚ ਸਖਤੀ ਦਾ ਦੌਰ ਚੱਲਿਆ ਤਾਂ ਪੁਲਿਸ ਅਤੇ ਸਰਕਾਰ ਦੇ ਖਿਲਾਫ਼ ਕੋਈ ਨਹੀਂ ਸੀ ਬੋਲਦਾ---ਪੰਜਾਬੀ ਦੇ ਪ੍ਰਸਿਧ ਅਖਬਾਰ ਰੋਜ਼ਾਨਾ ਅਜੀਤ ਤੇ ਵੀ ਪਾਬੰਦੀ ਲੱਗ ਗਈ। ਹਰ ਪਾਸੇ ਇੱਕ ਦਹਿਸ਼ਤ ਸੀ। ਅਜੀਤ ਵਰਗੇ ਕੱਦਾਵਰ ਅਦਾਰੇ ਤੇ ਸਰਕਾਰੀ ਕਹਿਰ---ਇੱਕ ਬਹੁਤ ਵੱਡਾ ਕਦਮ ਸੀ। ਉਸ ਪਾਬੰਦੀ ਦੇ ਖਿਲਾਫ਼ ਜਦੋਂ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਤੋਂ ਇੱਕ ਰੋਸ ਮਾਰਚ ਸ਼ੁਰੂ ਹੋਇਆ ਤਾਂ ਉਸਦੀ ਅਗਵਾਈ  ਕਰਨ ਵਾਲਿਆਂ ਵਿੱਚ ਸਭ ਤੋਂ ਅੱਗੇ ਸਨ ਦਰਸ਼ਨ ਅਰੋੜਾ। ਸਾਫ਼ ਆਖਣਾ--ਸਪਸ਼ਟ ਰਹਿਣਾ ਅਤੇ ਕਹਿ ਕੇ ਉਸ ਗੱਲ ਤੇ ਡਟੇ ਰਹਿਣਾ ਦਰਸ਼ਨ ਅਰੋੜਾ ਦੀ ਬੜੀ ਪੁਰਾਣੀ ਖੂਬੀ ਹੈ ਅਤੇ ਅੱਜ ਵੀ ਇਹ ਖੂਬੀ ਕਾਇਮ ਹੈ। ਅਸੂਲ ਤੇ ਡਟੇ ਰਹਿਣਾ ਆਸਾਨ ਨਹੀਂ ਹੁੰਦਾ। ਜਦੋਂ ਦਲਾਲੀਆਂ ਦਾ ਯੁਗ ਸ਼ੁਰੂ ਹੋ ਗਿਆ ਹੋਵੇ ਉਸ ਵੇਲੇ ਬਿਨਾ ਕਿਸੇ ਸਵਾਰਥ ਲੋਕਾਂ ਦੇ ਝਗੜੇ ਝੇੜੇ ਨਿਬੇੜਨਾ ਕੋਈ ਆਸਾਨ ਨਹੀਂ ਹੁੰਦਾ। ਦਰਸ਼ਨ ਅਰੋੜਾ ਅੱਜ ਵੀ ਇਹ ਸਭ ਕੁਝ ਬੜੀ ਸਹਿਜਤਾ ਨਾਲ ਕਰਦੇ ਹਨ। ਨਾ ਪੁਲਿਸ ਥਾਣਾ-ਨਾ ਅਦਾਲਤ--ਨਾ ਕੋਈ ਖੱਜਲ ਖੁਆਰੀ--ਦੋਵੇਂ ਧਿਰਾਂ ਰਾਜ਼ੀ ਬਾਜ਼ੀ। ਸਾਰੀਆਂ ਧਿਰਾਂ ਨੂੰ ਖੁਸ਼ੀ ਖੁਸ਼ੀ ਚਾਹ ਪਾਣੀ ਪੱਲਿਓਂ ਪਿਆ ਕੇ ਭੇਜਣਾ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਹੁੰਦਾ ਪਰ ਦਰਸ਼ਨ ਅਰੋੜਾ ਕੋਲ ਅਜਿਹੇ ਕ੍ਰਿਸ਼ਮੇ ਰੋਜ਼ ਹੁੰਦੇ ਹਨ। 
ਮੈਨੂੰ ਯਾਦ ਹੈ ਕੁਝ ਸਾਲ ਸਾਲ ਪਹਿਲਾਂ--ਸ਼ਾਇਦ ਦੋ ਤਿੰਨ ਦਹਾਕੇ ਪਹਿਲਾਂ ਹਾਲਾਤ ਬਹੁਤ ਖਰਾਬ ਸਨ। ਹਰ ਪਾਰਟੀ ਇੱਕ ਦੂਜੇ ਨੂੰ ਸ਼ੱਕ ਦੀ ਨਜਰ ਨਾਲ ਦੇਖਦੀ ਸੀ। ਉਂਝ ਵੀ ਸੱਤਾ ਕਦੇ ਕਿਸੇ ਪਾਰਟੀ ਦੀ ਅਤੇ ਕਿਸੇ ਪਾਰਟੀ ਦੀ। ਅਜਿਹੇ ਨਾਜ਼ੁਕ ਹਾਲਾਤ ਵਿੱਚ ਦਰਸ਼ਨ ਅਰੋੜਾ ਨੇ ਜਾਨ ਪਾਈ ਸਿਟੀਜਨ ਕੋਂਸਿਲ ਵਿੱਚ। ਖੁੱਲਾ ਦੁੱਲਾ ਐਲਾਨ ਬਈ ਪਾਰਟੀ ਜਿਹੜੀ ਮਰਜੀ ਹੋਵੇ ਪਰ ਜਾਇਜ਼ ਕੰਮ ਕਿਸੇ ਵੀ ਸ਼ਹਿਰੀ ਦਾ ਨਾ ਰੁਕੇ। ਸਾਰੇ ਮਤਭੇਦਾਂ ਅਤੇ ਰਾਜਨੀਤਿਕ ਵਖਰੇਵਿਆਂ ਦੇ ਬਾਵਜੂਦ ਸਭ ਨੂੰ ਇੱਕ ਮੰਚ ਤੇ ਲਿਆਉਣ ਬਹੁਤ ਹੀ ਔਖਾ ਜਿਹਾ ਕੰਮ ਸੀ ਪਰ ਦਰਸ਼ਨ ਅਰੋੜਾ ਹੁਰਾਂ ਨੇ ਬੜੀ ਸਫਲਤਾ ਨਾਲ ਇਸਨੂੰ ਕਰ ਦਿਖਾਇਆ। ਇਹਨਾਂ ਕੰਮਾਂ ਵਿੱਚ ਇੱਕ ਹੋਰ ਕੰਮ ਸਭ ਤੋਂ ਔਖਾ ਸੀ---ਉਹ ਸੀ ਉਹਨਾਂ ਦੀ ਸੇਵਾ ਸੰਭਾਲ ਜਿਹਨਾਂ ਕੋਲ ਪੈਸਾ ਵੀ ਕੋਈ ਨਹੀਂ ਤੇ ਬਿਮਾਰੀ ਵੀ ਗੰਭੀਰ। ਉਹਨਾਂ ਲੋਕਾਂ ਲਈ ਰੁਪਈਏ, ਪੈਸੇ, ਦਵਾਈ, ਇੰਜੈਕਸ਼, ਬਲੱਡ ਅਤੇ ਹੋਰ ਸਭ ਕੁਝ ਜਿਹੜਾ ਇਸ ਮਕਸਦ ਲਈ ਚਾਹੀਦਾ ਹੁੰਦਾ ਉਸਦਾ ਪ੍ਰਬੰਧ ਕੀਤਾ ਜਾਂਦਾ। ਖੁਦਕੁਸ਼ੀਆਂ ਦੇ ਰਸਤਿਆਂ ਵੱਲ ਤੁਰੇ ਬਹੁਤ ਸਾਰੇ ਲੋਕਾਂ ਨੂੰ ਇੱਕ ਵਾਰ ਫੇਰ ਜਿੰਦਗੀ ਦੀ ਰਾਹ ਦਿਖਾਈ ਦਰਸ਼ਨ ਅਰੋੜਾ ਨੇ---ਤੇ ਉਸਦਾ ਸਾਰਾ ਸਿਹਰਾ ਆਪਣੇ ਸਾਥੀਆਂ ਦੇ ਨਾਮ--ਆਪਣੀ ਟੀਮ ਦੇ ਨਾਮ।
ਜਿਥੋਂ ਤੱਕ ਆਪਣੀ ਗੱਲ ਹੈ ਤਾਂ ਆਪਣਾ ਜਨਮ ਦਿਨ ਅਵ੍ਵਲ ਤਾਂ ਮਨਾਉਣਾ ਹੀ ਨਹੀਂ ਤੇ ਜੇ ਕੋਈ ਜੋਰ ਪਾ ਦੇਵੇ ਤਾਂ ਦੁਨੀਆ ਤੋਂ ਕੁਝ ਹਟ ਕੇ ਮਨਾਉਣਾ। ਇਸ ਵਾਰ ਲੰਘੀ ਅਠ ਮਈ ਨੂੰ ਇਸ ਮਕਸਦ ਲਈ ਸਾਰੇ ਘਰ ਪਰਿਵਾਰ ਦੇ ਮੈਂਬਰ ਅਤੇ ਦੋਸਤ ਮਿੱਤਰ ਮਗਰ ਪੈ ਗਏ ਕਿ ਜਨਮ ਦਿਨ ਜਰੂਰ ਮਨਾਉਣਾ ਹੈ। ਦਰਸ਼ਨ ਅਰੋੜਾ ਨੇ ਉਹਨਾਂ ਸਾਰੀਆਂ ਦੀ ਗੱਲ ਮੰਨ ਲਈ--ਜਨਮ ਦਿਨ ਮਨਾਇਆ ਪਰ ਬਾਬਾ ਕੁਲਵੰਤ ਭੱਲਾ ਦੇ ਆਸ਼ਰਮ ਜਾ ਕੇ ਉਥੋਂ ਦੇ ਸਾਰੇ ਬੱਚਿਆਂ ਨੂੰ ਭੋਜਨ ਕਰਾਕੇ। ਇਹ ਤਿਆਗ ਸਿਰਫ ਭੋਜਨ ਦੇ ਮਾਮਲੇ ਵਿੱਚ ਹੀ ਨਹੀਂ ਜਮੀਨ ਜਾਇਦਾਦ ਦੇ ਮਾਮਲੇ ਵਿੱਚ ਵੀ ਜਿੰਦਗੀ ਭਰ ਕਾਇਮ ਰਿਹਾ। ਪੀਏਯੂ ਦੇ ਗੇਟ ਨੰਬਰ ਚਾਰ ਦੇ ਸਾਹਮਣੇ ਜਿਹੜਾ ਲਾਇਨਜ਼ ਭਵਨ ਹੈ ਉਸਦੀ ਅਲਾਟਮੈਂਟ ਹੋਈ ਸੀ ਦਰਸ਼ਨ ਅਰੋੜਾ ਦੇ ਨਾਮ। ਸਿਰਫ ਵੀਹ ਹਜ਼ਾਰ ਰੁਪੇ ਵਿੱਚ। ਥਾਂ ਸੀ ਤੇਤੀ ਹਜ਼ਾਰ ਗਜ। ਦਰਸ਼ਨ ਅਰੋੜਾ ਉਦੋਂ ਕਲੱਬ ਦੇ ਸਕੱਤਰ ਸਨ। ਹੁਣ ਇਹ ਥਾਂ ਕਰੀਬ ਤਿੰਨ ਕੁ ਕਰੋੜ ਦੀ ਹੈ। ਅਜਿਹੇ ਕਈ ਕਿਸਸੇ ਹਨ ਜਿਹਨਾਂ ਦੀ ਚਰਚਾ ਸਮੇਂ ਸਮੇਂ ਤੇ ਕੀਤੀ ਜਾਏਗੀ ਪਰ ਅਖੀਰ ਵਿੱਚ ਫਿਰ ਪਹਿਲੀ ਗੱਲ ਅੱਜਕਲ੍ਹ ਅਲੋਪ ਹੋ ਰਹੀ ਮਹਿਮਾਨ ਨਿਵਾਜੀ ਦੀ। 
ਉਘੇ ਸ਼ਾਇਰ ਸੁਰਜੀਤ ਪਾਤਰ ਨੇ ਕਿਸੇ ਵੇਲੇ ਲਿਖਿਆ ਸੀ--
ਜਿੰਦਾ ਮਾਰ ਕੇ ਬੂਹਾ ਢੋਇਆ ਹੋਇਆ ਸੀ;
ਉੱਤੇ ਜੀ ਆਇਆਂ ਨੂੰ ਲਿਖਿਆ ਹੋਇਆ ਸੀ !
ਪਰ ਦਰਸ਼ਨ ਅਰੋੜਾ ਨੂੰ ਜੇ ਤੁਸੀਂ ਅਚਾਨਕ ਵੀ ਮਿਲਣ ਜਾਓ ਤਾਂ ਹੋ ਸਕਦਾ ਹੈ ਉਹ ਆਪਣੇ ਦਫਤਰ ਵਿੱਚ ਮੌਜੂਦ ਨਾ ਹੋਣ ਪਰ ਉਥੇ ਮੌਜੂਦ ਕੋਈ ਵੀ ਮੁੰਡਾ, ਕੁੜੀ ਜਾਂ ਫੇਰ ਕੋਈ ਹੋਰ ਅਸਿਸਟੈੰਟ ਤੁਹਾਨੁੰ ਚਾਹ  ਪਾਣੀ ਪੁੱਛੇ ਬਿਨਾ ਵਾਪਿਸ ਨਹੀਂ ਆਉਣ ਦੇਵੇਗਾ।  ਤੁਸੀਂ ਵਾਪਿਸ ਮੁੜੋੰਗੇ ਤਾਂ ਤੁਹਾਡੇ ਨਾਲ ਹੋਵੇਗਾ ਦਰਸ਼ਨ ਅਰੋੜਾ ਦੇ ਪਿਆਰ ਦਾ ਨਿਘ ਜਿਹੜਾ ਅੱਜ ਦੇ ਜਮਾਨੇ ਵਿੱਚ ਇੱਕ ਮਿਸਾਲ ਹੈ। --ਰੈਕਟਰ  ਕਥੂਰੀਆ (ਸਹਿਯੋਗੀ ਅਮਨ ਕੁਮਾਰ ਮਲਹੋਤਰਾ) 

ਲੋਕਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦਾ ਮੰਤਰ ਸਿਖਾਉਂਦਾ ਹੈ ਲੂੰਬਾ ਪਰਿਵਾਰ 

ਹਰ ਦੁਖੀ ਵਿਅਕਤੀ ਦੇ ਨਾਲ ਰਹਿਣ ਵਾਲੀ ਸ਼ਖਸੀਅਤ ਦਰਸ਼ਨ ਅਰੋੜਾ

1 comment:

Ajay Jain said...

I just wanted to make a quick comment to say GREAT blog!….. I’ll be checking in on a regularly now….Keep up the good work