Tuesday, June 25, 2013

ਉੱਤਰਾਖੰਡ ਵਿੱਚ ਤਬਾਹੀ

Mon, Jun 24, 2013 at 3:13 PM
ਭਾਜਗਵਿਜ ਨੇ ਕੀਤੀ ਤਬਾਹੀ ਦੇ ਵਿਗਿਆਨਕ ਕਾਰਨਾਂ ਦੀ ਚਰਚਾ 
ਜੇ ਰੱਖਿਆ ਜਾਂਦਾ ਵਾਤਾਵਰਨ ਦਾ ਧਿਆਨ ਤਾਂ ਬਚ ਸਕਦਾ ਸੀ ਉੱਤਰਾਖੰਡ
ਲੁਧਿਆਣਾ 24 ਜੂਨ (ਰੈਕਟਰ ਕਥੂਰੀਆ): ਉੱਤਰਾਖੰਡ  ਵਿੱਚ ਜਾਰੀ ਤਬਾਹੀ ਨੂੰ ਪੂਰੇ ਵਿਗਿਆਨਕ ਢੰਗ ਨਾਲ ਲਿਆ ਹੈ ਭਾਰਤ ਜਨ ਗਿਆਨ  ਵਿਗਿਆਨ ਜੱਥਾ ਨੇ। ਸੰਗਠਨ ਨੇ ਇਸ ਮਕਸਦ ਲਈ ਰੋਜ਼ ਗਾਰਡਨ ਵਿੱਚ ਕਰਾਏ ਇੱਕ ਵਿਸ਼ੇਸ਼ ਆਯੋਜਨ ਦੌਰਾਨ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਮੇਂ ਸਿਰ ਅਸਰਦਾਰ ਕਦਮ ਪੁੱਟਣ ਨਾਲ ਉੱਤਰਾਖੰਡ ਵਿੱਚ ਤਬਾਹੀ ਤੋਂ ਬਚਿਆ ਜਾ ਸਕਦਾ ਸੀ। ਭਾਰਤ ਜਨ ਗਿਆਨ ਵਿਗਿਆਨ ਜੱਥਾ ਜ਼ਿਲ੍ਹਾ ਲੁਧਿਆਣਾ ਵਲੋਂ ਵਾਤਾਵਰਣ ਜਨ ਚੇਤਨਾ ਮੁਹਿੰਮ ਦੇ ਤਹਿਤ 23 ਜੂਨ 2013 ਦੀ ਸ਼ਾਮ ਨੂੰ ਨਹਿਰੂ ਰੋਜ਼ ਗਾਰਡਨ ਲੁਧਿਆਣਾ ਵਿਖੇ ਪੰਜਾਬ ਰਾਜ ਵਿਗਿਆਨ ਤੇ ਤਕਨਲੋਜੀ ਕੌਂਸਲ ਦੇ ਸਹਿਯੋਗ ਦੇ ਨਾਲ ਇੱਕ ਜਨਤਕ ਸਮਾਗਮ ਵਿੱਚ ਬੋਲਦਿਆਂ ਜੱਥਾ ਦੇ ਜਨਰਲ ਸਕੱਤਰ ਡਾ ਅਰੁਣ ਮਿੱਤਰਾ ਨੇ ਇਸ ਬਾਰੇ ਬਹੁਤ ਸਾਰੇ ਵਿਗਿਆਨਕ ਪੱਖ ਲੋਕਾਂ ਸਾਹਮਣੇ ਰੱਖੇ। ਉਹਨਾਂ ਬੜੇ ਹੀ ਭਰੇ ਮਨ ਨਾਲ ਕਿਹਾ ਕਿ ਕੁੱਝ ਸ੍ਵਾਰਥੀ ਅਨਸਰਾਂ ਨੇ ਸਿਆਸਤਦਾਨਾਂ ਤੇ ਅਫ਼ਸਰਸ਼ਾਹੀ ਦੇ ਨਾਲ ਮਿਲ ਕੇ ਇਲਾਕੇ ਵਿੱਚ ਦਰਖਤਾਂ  ਦੀ ਬੇਤਹਾਸ਼ਾ ਕਟਾਈ ਕੀਤੀ, ਪਹਾੜਾਂ ਦੀ ਕਟਾਈ ਕੀਤੀ ਤੇ ਨਦੀਆਂ ਦੀ ਦਿਸ਼ਾ ਮੋੜ ਕੇ ਗੈਰ ਕੁਦਰਤੀ ਬਹਾਵ ਦੇ ਰਸਤੇ ਬਣਾਏ ਜਿਸਦੇ ਕਾਰਣ ਤਬਾਹੀ ਕਈ ਗੁਣਾ ਵੱਧ ਗਈ। ਉਥੇ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਰੋਜ਼ ਗਾਰਡਨ ਵਿਖੇ ਪੌਦੇ ਲਗਾਏ ਤੇ ਆਉਣ ਵਾਲੇ ਸਮੇਂ ਇੱਕ ਹਜ਼ਾਰ ਹੋਰ  ਪੌਦੇ ਲਗਾਉਣ  ਦਾ ਵੀ ਐਲਾਨ ਕੀਤਾ। ਇਸ ਸਮਾਗਮ ਵਿੱਚ ਸਮਾਜ ਦੇ ਹਰ ਵਰਗ ਦੇ ਲੋਕਾਂ ਨੇ ਭਾਗ ਲਿਆ ਅਤੇ ਇਸ ਵਿੱਚ ਵਾਰਤਾਲਾਪ ਤੇ ਫ਼ਿਲਮਾਂ ਦੇ ਰਾਹੀਂ ਵਾਤਾਵਰਣ ਅਤੇ ਜੈਵਿਕ ਵਿਭਿੰਨਤਾ ਦੀ ਸੰਭਾਲ ਦਾ ਸੁਨੇਹਾ ਲੋਕਾਂ ਤੱਕ ਪੁਚਾਇਆ। ਇਸ ਸਮਾਗਮ ਦਾ ਆਯੋਜਨ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ, ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੋਂਸਿਲ ਦੇ ਨਾਲ ਮਿਲ ਕੇ ਕੀਤਾ ਗਿਆ।
ਜੱਥਾ ਦੇ ਪਰਧਾਨ ਮੇਜਰ ਸਿੰਘ ਔਲਖ ਨੇ ਲੁਧਿਆਣਾ ਦੇ ਨਿਘਰ ਰਹੇ ਵਾਤਾਗਰਣ ਤੇ ਡੂੰਘੀ ਚਿੰਤਾ ਦਾ ਪ੍ਰਗਟਾ ਕਰਦੇ ਹੋਏ ਕਿਹਾ ਕਿ ਨਗਰ ਦੀ ਹਵਾ ਸਾਫ਼ ਨਹੀਂ ਹੈ, ਪਾਣੀ ਦੂਸ਼ਿਤ ਹੈ, ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਅੱਤ ਦਾ ਰੌਲਾ ਰੱਪਾ ਹੈ। ਪਰ ਅਫ਼ਸੋਸ ਕਿ ਪਿਛਲੇ ਕੁਝ ਸਾਲਾਂ ਤੋਂ ਹਰ ਵਾਰ ਫ਼ੈਲਦੀਆਂ ਛੂਤ ਦੀਆਂ ਬੀਮਾਰੀਆਂ ਦੇ ਬਾਵਜੂਦ ਅਸੀਂ ਕੋਈ ਸਬਕ ਨਹੀਂ ਸਿੱਖਿਆ। ਇਸ ਸਭ ਦੇ ਲਈ ਸਿਰ ਜੋੜ ਕੇ ਪ੍ਰਸ਼ਾਸਨ ਨੂੰ ਲੋਕਾਂ ਦੇ ਸਹਿਯੋਗ ਦੇ ਨਾਲ ਕਦਮ ਚੁੱਕਣੇ ਚਾਹੀਦੇ ਹਨ। ਇਸ ਚੁਣੌਤੀ ਨੂੰ ਨੇਪਰੇ ਚਾੜ੍ਹਨ ਦੇ ਲਈ ਗ਼ੈਰ ਸਰਕਾਰੀ ਸੰਸਥਾਵਾਂ ਅਤੇ ਵੱਖ ਵੱਖ ਮਹਿਕਮਿਆਂ ਦੀ ਇੱਕ ਸਾਂਝੀ ਕਮੇਟੀ ਅਰਥਾਤ ਪਰੀਆਵਰਣ ਵਾਹਿਨੀ ਬਣਾਈ ਜਾਏ ਜੋ ਕਿ ਵਾਤਾਵਰਣ ਸਬੰਧੀ ਵਿਸ਼ਿਆਂ ਤੇ ਸਮੇਂ ਸਮੇਂ ਸਿਰ ਵਿਚਾਰ ਕਰੇ। ਇਸਤੋਂ ਇਲਾਵਾ ਸਮਾਗਮ ਨੇ ਮੰਗ ਕੀਤੀ ਕਿ ਜੀ ਟੀ ਰੋਡ ਨੂੰ ਚੌੜਾ ਕਰਨ ਲਈ ਅਤੇ ਹੋਰ ਥਾਵਾਂ ਤੇ ਲੱਖਾਂ ਦਰਖਤ ਕੱਟੇ ਗਏ ਹਨ, ਉਹਨਾਂ  ਦੀ ਪੂਰਤੀ ਲਈ ਤਿੰਨ ਗੁਣਾ ਦਰਖ਼ਤ ਫ਼ੌਰਨ ਲਗਾਏ ਜਾਣ। ਵਾਤਾਵਰਣ ਸਬੰਧੀ ਕਾਨੂੰਨਾਂ ਦੀ ਪ੍ਰਸ਼ਾਸਨ ਵਲੋਂ ਪਾਲਣਾ ਕਰਨ/ਕਰਾਉਣ ਦੀ ਮੰਗ ਵੀ ਕੀਤੀ ਖਾਸਕਰ ਉਦਯੋਗਾਂ ਵਿੱਚ ਜਿੱਥੇ ਕਿ ਮਜ਼ਦੂਰ ਕੰਮ ਕਰਦੇ ਹਨ ਕਿੳਂਕਿ ਇੱਥੇ ਅਕਸਰ ਇਹਨਾਂ ਕ਼ਾਨੂਨਾਂ ਦੀ ਉਲੰਘਣਾ ਕੀਤੀ ਜਾਂਦੀ ਹੈ। ਨਾਲ ਹੀ ਉਹਨਾਂ ਨੇ ਉਰਜਾ ਦੀ ਸੰਭਲ ਤੇ ਜ਼ੋਰ ਦਿੱਤਾ ਤੇ ਪਰਮਾਣੂ ਉਰਜਾ ਦੀ ਬਜਾਏ ਸੂਰਜੀ ਅਤੇ ਹੋਰ ਇਸ ਕਿਸਮ ਦੇ ਸੋਮਿਆਂ ਦੀ ਵਰਤੋਂ ਕਰਨ ਤੇ ਜੋਰ  ਦਿੱਤਾ।
ਜੱਥਾ ਦੇ ਜੱਥੇਬੰਦਕ ਸਕੱਤਰ ਐਮ ਐਸ ਭਾਟੀਆ ਨੇ ਕਿਹਾ ਕਿ ਵਾਤਾਵਰਣ ਦੀਆਂ ਲੋੜਾਂ ਨੂੰ ਮੁੱਖ ਰਖਦੇ ਹੋਏ ਤਕਨੀਕੀ ਵਿਕਾਸ ਨੂੰ ਅੰਜਾਮ ਦੇਣ ਦੇ ਲਈ ਵਿਗਿਅਨਿਕ ਦ੍ਰਿਸ਼ਟੀਕੋਣ ਅਪਣਾ ਕੇ ਲਗਾਤਾਰ ਕੰਮ ਕਰਨ ਨਾਲ ਅਤੇ ਲੋਕਾਂ ਦੀ ਭਾਗੀਦਾਰੀ ਦੇ ਨਾਲ ਹੀ ਸਾਰੇ ਵਾਤਾਵਰਣ ਨੂੰ ਤਬਾਹੀ ਤੋਂ ਬਚਾਇਆ ਜਾ ਸਕਦਾ ਹੈ, ਵਾਤਾਵਰਣ ਦੇ ਨਿਘਾਰ ਨੂੰ ਰੋਕਿਆ ਅਤੇ ਸਾਡੀ ਸਿਹਤ ਨੂੰ ਠੀਕ ਰਖਿਆ ਜਾ ਸਕਦਾ ਹੈ। ਇਸ ਬਾਰੇ ਕੋਮਾਂਤ੍ਰੀ ਦ੍ਰਿਸ਼ਟੀਕੋਣ, ਵਿਅਕਤੀਗਤ ਜੁੰਮੇਵਾਰੀ ਅਤੇ ਸਾਂਝੀ ਕੋਸ਼ਿਸ਼ ਦੀ ਲੋੜ ਹੈ ਨਹੀਂ ਤਾਂ ਜੈਵਿਕ ਵਿਭਿੰਨਤ ਵਿੱਚ ਆ ਰਿਹਾ ਨਿਘਾਰ ਹੋਰ ਵੀ ਵੱਧ ਜਾਏਗਾ ਅਤੇ ਮੱਨੁਖੀ ਜੀਵਨ ਦੇ ਲਈ ਚੁਣੌਤੀ ਬਣ ਜਾਏਗਾ।
ਜੱਥਾ ਦੀ ਇੱਕ ਹੋਰ ਸਰਗਰਮਆਗੂ ਸ਼੍ਰੀਮਤੀ ਗੁਰਚਰਨ ਕੋਚਰ ਨੇ ਇਸ ਮੌਕੇ ਤੇ ਬੋਲਦਿਆਂ ਦੱਸਿਆ ਕਿ ਜੇਕਰ ਵਾਤਾਵਰਣ ਦੀ ਸੰਭਾਲ ਬਾਰੇ ਲੋਕਾਂ ਦੀ ਸ਼ਮੂਲੀਅਤ ਦੇ ਨਾਲ ਗੰਭੀਰਤਾ ਨਾਲ ਕਦਮ ਨਾ ਪੁੱਟੇ ਗਏ ਤਾਂ ਹਾਲਾਤ ਏਨੇ ਜ਼ਿਆਦਾ ਖਰਾਬ ਹੋ ਜਾਣਗੇ ਕਿ ਮਨੁੱਖੀ ਜੀਵਨ ਦੂਭਰ ਹੋ ਜਾਏਗਾ। ਧਰਤੀ ਦਾ ਵਧ ਰਿਹਾ ਤਾਪਮਾਨ ਇਸ ਬਾਰੇ ਚਿੰਤਾ ਦੀ ਘੰਟੀ ਹੈ। ਉਹਨਾਂ  ਨੇ ਵਾਤਾਵਰਣ ਦੇ ਨਿਘਾਰ ਦੇ ਕਾਰਣ ਪੈਦਾ ਹੋਣ ਵਾਲੀਆਂ ਬੀਮਾਰੀਆਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਜੇਕਰ ਵਾਤਾਵਰਣ ਨੂੰ ਬਚਾਉਣਾ ਹੈ ਤਾਂ ਸਾਨੂੰ ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਲਿਆਉਣੀਆਂ ਪੈਣਗੀਆਂ। ਉਹਨਾਂ ਇਸ ਕੰਮ ਲਈ ਇਸਤਰੀਆਂ ਨੂੰ ਅੱਗੇ ਆਉਣ ਲਈ ਵੀ ਕਿਹਾ।
ਇਸੇ ਤਰ੍ਹਾਂ ਇੱਕ ਹੋਰ ਵਾਤਾਵਰਨ ਪ੍ਰੇਮੀ ਗੁਰਵੰਤ ਸਿੰਘ ਨੇ ਨਗਰ ਦੇ ਵਿੱਚ ਹਾਨੀਕਾਰਕ ਸ਼ੋਰ ਦੇ ਪ੍ਰਦੂਸ਼ਣ ਬਾਰੇ ਜਾਣਕਾਰੀ ਦਿੱਤੀ ਜਿਸ ਨਾਲ ਜਿੰਦਗੀ ਵਿਚਲੀ ਬੇਚੈਨੀ ਲਗਾਤਾਰ ਵਧ ਰਹੀ ਹੈ ਸਕੂਨ ਘਟਦਾ ਜਾ ਰਿਹਾ ਹੈ। ਲੋਕ ਸੇਵਾ ਅਤੇ ਵਿਗਿਆਨਕ ਪਹਿਲੂਆਂ ਵੱਲ ਲੰਮੇ ਸਮੇਂ ਤੋਂ ਸਮਰਪਿਤ ਅੰਮ੍ਰਿਤਪਾਲ ਨੇ ਫ਼ਿਲਮਾਂ ਦਿਖਾਕੇ ਇਸ ਵਿਸ਼ੇ ਬਾਰੇ ਜਾਣਕਾਰੀ ਦਿੱਤੀ।
ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌੰਸਿਲ ਵਲੋਂ ਸੰਦੀਪ ਕੁਮਾਰ ਨੇ ਪੂਰੇ ਸਹਿਯੋਗ ਦਾ ਭਰੋਸਾ ਦਿਵਾਇਆ।  ਸੰਗਠਨ ਦੇ ਮੀਤ ਸਕੱਤਰ ਕ੍ਰਿਸ਼ਨ ਲਾਲ ਮਲਿਕ ਨੇ ਉਹਨਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ।
ਸ਼ਾਇਰੀ ਰਹਿਣ ਲੋਕਾਂ ਦੇ ਦਿਲਾਂ ਵਿੱਚ ਇਸ ਭਾਵਨਾ ਨੂੰ ਮਜਬੂਤ ਕਰਨ ਲਈ ਸੁਰਿੰਦਰ ਕੁਮਾਰ ਵਲੋਂ ਕਵਿਤਾ ਪਾਠ ਕੀਤੇ ਗਏ।
ਸ਼੍ਰੀਮਤੀ ਕੁਸੁਮ ਲਤਾ, ਡਾ ਅਸ਼ਿਤ ਕੁਮਾਰ ਮਿੱਤਰਾ, ਸ਼੍ਰੀ ਸਵਰੂਪ ਸਿੰਘ, ਰਾਮਾਧਾਰ ਸਿੰਘ, ਆਨੋਦ ਕੁਮਾਰ, ਸੋਹਨ ਸਿੰਘ, ਅਨਿਲ ਕੁਮਾਰ, ਸੀਤਾ ਰਾਮ, ਸੂਰਜ, ਸੁਨੀਲ, ਰਾਮਵੀਰ, ਰਾਮ ਸਾਗਰ ਤੇ ਮੁੰਨਾ ਨੇ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਵਿੱਚ ਪੂਰੀ ਤਨਦੇਹੀ ਨਾਲ ਯੋਗਦਾਨ ਪਾਇਆ।

No comments: