Saturday, June 01, 2013

ਹਾਕਮਾਂ ਦਾ ਮਨੋਵਿਗਿਆਨ ਇੱਕ ਹੀ ਹੁੰਦਾ ਹੈ

ਇਹ ਗੁਰਬਤ ਹੀ ਰਾਜ ਕਰਦੇ ਲੋਕਾਂ ਦਾ ਸਾਥ ਦਿੰਦੀ ਹੈ
                      ਗਰੀਬੀ ਅਤੇ ਤਰ੍ਹਾਂ ਤਰ੍ਹਾਂ ਦੇ ਦੁੱਖਾਂ ਨੂੰ ਆਮ ਇਨਸਾਨ ਦਾ ਨਸੀਬ ਬਣਾਉਣ ਦੀ ਸਾਜ਼ਿਸ਼ ਉਹਨਾਂ ਲੋਕਾਂ ਦੀ ਹੈ ਜਿਹੜੇ ਨਹੀਂ ਚਾਹੁੰਦੇ ਕੀ ਆਮ ਇਨਸਾਨ ਜਾਗਰੂਕ ਹੋ ਕੇ ਉਹਨਾਂ ਦੀਆਂ ਹਕੀਕਤਾਂ ਦਾ ਪਤਾ ਕਰੇ ਅਤੇ ਉਹਨਾਂ ਦਾ ਤਖਤਾ ਪਲਟ ਦੇਵੇ। ਇਸ ਲੈ ਉਸਨੂੰ ਗਰੀਬ ਰੱਖਿਆ ਜਾਂਦਾ ਹੈ ਤਾਂ ਕਿ ਦੋ ਵੇਲਿਆਂ ਦੀ ਰੋਟੀ ਦੇ ਚੱਕਰ ਵਿੱਚ ਹੀ ਉਲਝਿਆ ਰਵ੍ਹੇ। ਬਦਨਸੀਬੀ ਅਤੇ ਗਰੀਬੀ ਦੇ ਅਸਲੀ ਕਾਰਨਾਂ ਦੀ ਚਰਚਾ ਕਰ ਰਹੇ ਹਨ ਐਡਵੋਕੇਟ ਦਲੀਪ ਸਿੰਘ ਵਾਸਨ। ਤੁਹਾਨੂੰ ਇਹ ਰਚਨਾ ਕਿਵੇਂ ਲੱਗੀ ਜ਼ਰੂਰ ਦੱਸਣਾ।-- ਰੈਕਟਰ ਕਥੂਰੀਆ              

ਲੋਕਾਂ ਉਤੇ ਰਾਜ ਕਰਦੇ ਲੋਕਾਂ ਦਾ ਮਨੋਵਿਗਿਆਨ ਇੱਕ ਹੀ ਹੁੰਦਾ ਹੈ|  ਕਦੀ ਸਰਦਾਰ ਸਨ, ਫਿਰ ਰਾਜੇ ਆਏ, ਮਹਾਰਾਜੇ ਆਏ, ਬਾਦਸ਼ਾਹ ਆਏ ਅਤੇ ਫਿਰ ਸਾਮਰਾਜੀਆਂ ਨੇ ਰਾਜ ਕੀਤਾ। ਇਹ ਸਾਰੇ ਲੋਕਾਂ ਨੂੰ ਗੁਲਾਮ ਰਖਣ ਦੀਆਂ ਵਿਉਤਾਂ ਹੀ ਬਣਾਉਂਦੇ ਰਹਿੰਦੇ ਸਨ। ਇਸ ਲਈ ਇਹ ਸਿਲਸਿਲਾ ਬਣਾ ਦਿੱਤਾ ਗਿਆ ਸੀ ਕਿ ਆਮ ਆਦਮੀ ਨੂੰ ਅਨਪੜ੍ਹ ਰਖਿਆ ਜਾਵੇ, ਬਹੁਤ ਹੀ ਘਟ ਲੋਕਾਂ ਪਾਸ ਸਿਖਲਾਈ ਹੋਵੇ, ਬਹੁਤ ਹੀ ਘਟ ਆਦਮੀ ਕੰਮਾਂ ਕਾਜਾਂ ਉਤੇ ਲਗੇ ਹੋਣ ਅਤੇ ਹਰ ਆਦਮੀ ਦੀ ਆਮਦਨ ਸੀਮਤ ਰਖੀ ਜਾਵੇ ਤਾਂਕਿ ਕੋਈ ਵੀ ਪਰਵਾਰ ਰਜਵੀਂ ਰੋਟੀ ਨਾ ਖਾ ਸਕੇ। ਐਸਾ ਇਸ ਲਈ ਕੀਤਾ ਜਾਂਦਾ ਸੀ ਕਿ ਹਰ ਆਦਮੀ ਦੋ ਵਕਤਾਂ ਦੀ ਰੋਟੀ ਦੇ ਚਕਰ ਵਿੱਚ ਫਸਿਆ ਰਵੇ ਅਤੇ ਇਸ ਤੋਂ ਜ਼ਿਆਦਾ ਕੁਝ ਨਾ ਸੋਚਿਆ ਜਾ ਸਕੇ। ਲੋਕਾਂ ਅੰਦਰ ਇਹ ਸੋਚ ਵੀ ਪੈਦਾ ਕਰ ਦਿੱਤੀ ਜਾਂਦੀ ਰਹੀ ਹੈ ਤਾਂਕਿ ਆਮ ਆਦਮੀ ਕਦੀ ਇਹ ਨਾ ਸੋਚ ਸਕੇ ਕਿ ਉਸ ਨਾਲ ਕੋਈ ਜ਼ਿਆਦਤੀ ਕਰਦਾ ਹੈ। ਆਮ ਆਦਮੀ ਦੇ ਦਿੱਲ ਅਤੇ ਦਿਮਾਗ. ਅੰਦਰ ਇਹ ਸੋਚ ਪੈਦਾ ਕੀਤੀ ਜਾਂਦੀ ਰਹੀ ਹੈ ਕਿ ਅਗਰ ਇਸ ਧਰਤੀ ਉਤੇ ਕੋਈ ਗਰੀਬ ਰਹਿ ਗਿਆ ਹੈ ਤਾਂ ਉਹ ਕਿਸੇ ਦੀ ਗਲਤੀ ਕਰਕੇ ਨਹੀਂ ਹੋਇਆ ਬਲਕਿ ਐਸਾ ਇਸ ਲਈ ਹੋਇਆ ਹੈ ਕਿ ਰੱਬ ਨੇ ਆਪ ਹੀ ਉਸ ਆਦਮੀ ਦੀ ਕਿਸਮਤ ਲਿਖ ਦਿੱਤੀ ਹੈ। ਰੱਬ ਨੇ ਆਪ ਚਾਹਿਆ ਹੈ ਤਾਂ ਹੀ ਕੋਈ ਆਦਮੀ ਅਮੀਰ ਅਤੇ ਸ਼ਕਤੀਸ਼ਾਲੀ ਹੋ ਜਾਂਦਾ ਹੈਜ। ਆਦਮੀ ਆਪਣੀਆਂ ਗਲਤੀਆਂ ਕਾਰਣ ਅਮੀਰ ਗਰੀਬ ਹੋ ਜਾਂਦਾ ਹੈ। ਇਹ ਗਲਤੀਆਂ ਇਸ ਜਨਮ ਵਿੱਚ ਵੀ ਕੀਤੀਆਂ ਜਾ ਸਕਦੀਆਂ ਹਨ ਅਤੇ ਪਿਛਲੇ ਜਨਮ ਦੀਆਂ ਗਲਤੀਆਂ ਦਾ ਖਮਿਆਜ਼ਾ ਵੀ ਅਸੀਂ ਇਸ ਜਨਮ ਵਿੱਚ ਆ ਕੇ ਭੁਗਤਦੇ ਹਾਂ।             

ਜਦ ਪਰਜਾਤੰਤਰ ਆਉਂਦਾ ਹੈ ਤਾਂ ਇਹ ਸਾਡੀ ਸੋਚ ਬਦਲ ਨਹੀਂ ਸਕਦਾ ਬਲਕਿ ਉਸੇ ਤਰ੍ਹਾਂ ਹਾਕਮ ਲੋਕਾਂ ਦਾ ਮਨੋਵਿਗਿਆਨ ਰਹਿੰਦਾ ਹੈ। ਸਿਰਫ. ਗਦੀਆਂ ਉਤੇ ਬੈਠਣ ਦੇ ਤਰੀਕਿਆਂ ਵਿੱਚ ਮਾਮੂਲੀ ਜਿਹੀ ਤਬਦੀਲੀ ਆਉਂਦੀ ਹੈ। ਅਸੀਂ ਦੂਰ ਨਾ ਜਾਈਏ, ਸਾਡੇ ਦੇਸ. ਭਾਰਤ ਅੰਦਰ ਅਜ ਕੋਈ ਰਾਜਾ ਨਹੀਂ ਹੈ, ਕੋਈ ਮਹਾਰਾਜਾ ਨਹੀਂ ਹੈ, ਕੋਈ ਬਾਦਸ਼ਾਹ ਨਹੀਂ ਹੈ ਅਤੇ ਸਾਮਰਾਜੀਏ ਵੀ ਚਲੇ ਗਏ ਹਨ, ਪਰ ਇਹ ਗਲ ਅਜ ਵੀ ਅਸੀਂ ਦੇਖ ਰਹੇ ਹਾਂ ਕਿ ਅਜ ਵੀ ਹਾਕਮਾਂ ਦੀ ਸੋਚ ਅਰਥਾਤ ਮਨੋਵਿਗਿਆਨ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ।  ਆਜ਼ਾਦੀ ਆਈ ਅਤੇ ਅਸੀਂ ਪਰਜਾਤੰਤਰ ਵੀ ਬਣੇ ਪਰ ਫਿਰ ਵੀ ਇਸ ਮੁਲਕ ਅੰਦਰ ਖਾਨਦਾਨੀ ਰਾਜ ਆਇਆ, ਪਾਰਟੀ ਤਾਨਾਸ਼ਾਹੀ ਆਈ ਅਤੇ ਫਿਰ ਵਿਅਕਤੀਗਤ ਤਾਨਾਸ਼ਾਹੀ ਵੀ ਆਈ। ਇਹ ਗਲਾਂ ਪਰਜਾਤੰਤਰ ਵਿੱਚ ਨਹੀਂ ਹੋਣੀਆਂ ਚਾਹੀਦੀਆਂ, ਪਰ ਇਥੇ ਆਈਆਂ ਅਤੇ ਅਸੀਂ ਬਰਦਾਸ਼ਤ ਵੀ ਕੀਤੀਆਂ। ਇਸ ਮੁਲਕ ਅੰਦਰ ਅਜ ਰਾਜਸੀ ਪਾਰਟੀਆਂ ਰਾਜ ਕਰਦੀਆਂ ਹਨ ਅਤੇ ਇਹ ਰਾਜਸੀ ਪਾਰਟੀਆਂ ਵਿੱਚ ਉਹੀ ਲੋਕ ਹਨ ਜਿਨ੍ਹਾਂ ਨੂੰ ਅੰਗਰੇਜ਼ ਸਾਮਰਾਜੀਏ ਰਾਜ ਦੇ ਗਏ ਸਨ ਅਤੇ ਇਹ ਲੋਕੀਂ ਉਦੋ ਦੇ ਰਾਜ ਕਰਦੇ ਆ ਰਹੇ ਹਨ। ਇਨ੍ਹਾਂ ਲੋਕਾਂ ਨੇ ਰਾਜਸੀ ਪਾਰਟੀਆਂ ਬਣਾ ਲਈਆਂ ਹਨ ਅਤੇ ਰਾਜ ਕਰਦੇ ਆ ਰਹੇ ਹਨ। ਆਮ ਆਦਮੀ ਰਾਜਸੀ ਆਦਮੀ ਨਹੀਂ ਬਣ ਸਕਦਾ ਕਿਓਂਕਿ ਚੋਣਾ ਦਾ ਸਿਲਸਿਲਾ ਬਹੁਤ ਹੀ ਮਹਿੰਗਾ ਕੰਮ ਹੈ।  ਸਿਰਫ. ਅਮੀਰ ਆਦਮੀ ਹੀ ਰਾਜਸੀ ਆਦਮੀ ਬਣ ਸਕਦਾ ਹੈ।  ਪਾਰਟੀਆਂ ਦੀ ਟਿਕਟ ਲੈਣ ਲਈ ਵੀ ਰਕਮ ਚਾਹੀਦੀ ਹੈ।  ਫਿਰ ਵੋਟਾਂ ਲੈਣ ਲਈ ਵੀ ਵਡੀਆਂ ਰਕਮਾਂ ਖਰਚ ਕਰਨੀਆਂ ਪੈਂਦੀਆਂ ਹਨ ਅਤੇ ਅਗਰ ਕੋਈ ਮੰਤਰੀ ਬਣਨਾ ਚਾਹੁੰਦਾ ਹੈ ਤਾਂ ਵੀ ਵਡਾ ਤਰਦਦ ਕਰਨਾ ਪੈਂਦਾ ਹੈ। ਆਮ ਆਦਮੀ ਤਾਂ ਬਸ ਵੋਟਰ ਹੀ ਬਣ ਸਕਿਆ ਹੈ। ਆਮ ਆਦਮੀ ਨੂੰ ਪੰਜਾਂ ਸਾਲਾ ਬਾਅਦ ਬੁਲਾਇਆ ਜਾਂਦਾ ਹੈ। ਕਿਸੇ ਬਹਾਨੇ ਉਸਦੀਆਂ ਵੋਟਾਂ ਲੈ ਲਈਆਂ ਜਾਂਦੀਆਂ ਹਨ ਅਤੇ ਵੋਟਾਂ ਲੈਣ ਤੋਂ ਬਾਅਦ ਆਮ ਆਦਮੀ ਨੂੰ ਪਿਛੇ ਧੱਕ ਦਿੱਤਾ ਜਾਂਦਾ ਹੈ ਅਤੇ ਆਖ ਦਿੱਤਾ ਜਾਂਦਾ ਹੈ, ਜਾਹ ਧਕੇ ਖਾ ਅਤੇ ਪੰਜ ਸਾਲਾਂ ਬਾਅਦ ਫਿਰ ਉਸਨੂੰ ਵੋਟਾਂ ਵਕਤ ਬੁਲਾ ਲਿਆ ਜਾਂਦਾ ਹੈ। 
ਇਹ ਪੰਜਾਂ ਸਾਲਾਂ ਵਿੱਚ ਆਮ ਆਦਮੀ ਨਾਲ ਕੀ ਬੀਤਦੀ ਹੈ ਉਸਦਾ ਵੇਰਵਾਂ ਦੇਣ ਦੀ ਜਰੂਰਤ ਨਹੀਂ ਹੈ ਕਿਓਂਕਿ ਇਹ ਪਰਜਾਤੰਤਰ ਸਿਰਫ ਕਾਗਜ਼ੀ  ਕਿਸਮ ਦੇ ਹਨ ਅਤੇ ਆਮ ਆਦਮੀ ਦੀ ਹਾਲਤ ਉਹੀ ਬਣੀ ਰਹਿੰਦੀ ਹੈ ਜੈਸੀ ਕਦੀ ਰਾਜਿਆਂ, ਮਹਾਰਾਜਿਆਂ, ਬਾਦਸ਼ਾਹਾਂ ਅਤੇ ਸਾਮਰਾਜੀਆਂ ਦੇ ਵਕਤਾਂ ਵਿੱਚ ਰਖੀ ਜਾਂਦੀ ਹੈ| ਅਸੀਂ ਅਗਰ ਅੱਜ ਭਾਰਤੀਆਂ ਦੀ ਹਾਲਤ ਦਾ ਜਾਇਜਾ ਲੈਂਦੇ ਹਾਂ ਤਾਂ ਇਹ ਗਲ ਪਰਤਖ ਹੋ ਜਾਂਦੀ ਹੈ ਕਿ ਆਮ ਆਦਮੀ ਅੱਜ ਵੀ ਅਨਪੜ੍ਹ ਹੈ, ਉਸ ਪਾਸ ਸਿਖਲਾਈ ਨਹੀਂ ਹੈ, ਉਸ ਪਾਸ ਰੁ}ਗਾਰ ਨਹੀਂ ਹੈ ਅਤੇ ਰੋਜ਼ਗਾਰ ਹੈ ਵੀ ਤਾਂ ਵਾਜਬ ਆਮਦਨ ਨਹੀਂ ਹੈ।  ਅੱਜ ਰਾਜਸੀ ਖੇਤਰ ਵਿੱਚ ਭ੍ਰਿਸ਼ਟਾਚਾਰ ਆ ਗਿਆ ਹੈ, ਘਪਲੇ ਹਨ, ਘੁਟਾਲੇ ਹਨ ਅਤੇ ਇਹੀ ਕਾਰਣ ਹੈ ਰਾਜਿਆਂ ਵਾਂਗ ਇਹ ਰਾਜਸੀ ਲੋਕੀਂ ਅਤੇ ਇਨ੍ਹਾਂ ਦੀ ਮਦਦ ਕਰਨ ਵਾਲੇ ਅਫਸਰ ਅਮੀਰ ਹੋ ਰਹੇ ਹਨ ਅਤੇ ਆਮ ਆਦਮੀ ਗਰੀਬ ਹੁੰਦਾ ਜਾ ਰਿਹਾ ਹੈ।         

ਰਾਜ ਕਰਦੇ ਲੋਕਾਂ ਦਾ ਮਨੋਵਿਗਿਆਨ ਬਦਲਿਆ ਨਹੀਂ ਜਾ ਸਕਦਾ। ਇਹ ਲੋਕੀਂ ਆਮ ਆਦਮੀ ਦੀ ਲੁੱਟ ਕਰਦੇ ਹਨ ਅਤੇ ਆਮ ਆਦਮੀ ਮਾਰ ਵੀ ਖਾਂਦਾ ਹੈ।  ਇਹੀ ਕਾਰਣ ਹੈ ਅਜ ਬਹੁਤੇ ਗਰੀਬ ਆਦਮੀ ਹੀ ਪੁਲਿਸ ਦੀ ਮਾਰ ਖਾਂਦੇ ਹਨ, ਅਦਾਲਤਾਂ ਵਿੱਚ ਅਤੇ ਜੇਲ੍ਹਾਂ ਵਿੱਚ ਹਾਰਦੇ ਹਨ।  ਅੱਜ ਵੀ ਇਹ ਲਗਦਾ ਹੈ ਕਿ ਆਮ ਆਦਮੀ ਹੀ ਵਡਾ ਅਪਰਾਧੀ ਹੈ। ਜੇਲ੍ਹਾ ਵਿੱਚ ਜਿਆਦਾ ਗਰੀਬ ਆਦਮੀ ਬੰਦ ਹਨ ਅਤੇ ਇਹ ਹਾਕਮ ਸ਼੍ਰੇਣੀ ਦੇ ਲੋਕੀਂ ਜੇਲ੍ਹ ਨਹੀਂ ਜਾਂਦੇ।
            ਇਓਂ ਲਗਦਾ ਹੈ ਕਿ ਅੱਜ ਰਬ ਵੀ ਆਮ ਆਦਮੀ ਦਾ ਸਾਥ ਨਹੀਂ ਦੇ ਰਿਹਾ ਅਤੇ ਇਹੀ ਕਾਰਣ ਹੈ ਆਮ ਆਦਮੀ ਦੀ ਹਾਲਤ ਵਿੱਚ ਸੁਧਾਰ ਨਹੀਂ ਹੋ ਰਿਹਾ। ਆਮ ਆਦਮੀ ਸਭ ਕੁਝ ਹੁੰਦਿਆਂ ਵੀ ਅਨਪੜ੍ਹ, ਬਿਨਾਂ ਸਿਖਲਾਈ ਦੇ, ਬਿੰਨਾ ਰੋਜ਼ਗਾਰ ਦੇ ਅਤੇ ਘਟ ਆਮਦਨ ਵਾਲਾ ਰਖਿਆ ਜਾਂਦਾ ਹੈ ਤਾਂਕਿ ਉਹ ਗੁਰਬਤ ਵਿੱਚ ਹੀ ਰਖਿਆ ਜਾਵੇ| ਇਹ ਗੁਰਬਤ ਹੀ ਰਾਜ ਕਰਦੇ ਲੋਕਾਂ ਦਾ ਸਾਥ ਦਿੰਦੀ ਹੈ। ਅੱਜ ਹੀ ਅਗਰ ਆਮ ਆਦਮੀ ਪੜ੍ਹਿਆ ਲਿਖਿਆ, ਸਿਖਲਾਈ ਪ੍ਰਾਪਤ ਹੋ ਜਾਂਦਾ ਹੈ ਤਾਂ ਹਰ ਆਦਮੀ ਨੂੰ ਰੋਜ਼ਗਾਰ ਮਿਲ ਜਾਵੇਗਾ, ਉਸਦੀ ਆਮਦਨ ਵਧ ਜਾਵੇਗੀ ਅਤੇ ਐਸਾ ਆਦਮੀ ਵਿਦਰੋਹ ਕਰ ਸਕਦਾ ਹੈ।  ਹਾਕਮਾਂ ਦੀਆਂ ਮਨਮਾਨੀਆਂ ਉਤੇ ਰੁਕਾਵਟ ਪਾ ਸਕਦਾ ਹੈ। ਇਸ ਲਈ ਇਹ ਹਾਕਮ ਕਦੀ ਵੀ ਆਮ ਆਦਮੀ ਦੀ ਹਾਲਤ ਸਹੀ ਕਰਨ ਦੀ ਜੁਰਅਤ ਨਹੀਂ ਕਰਨਗੇ|
--ਦਲੀਪ ਸਿੰਘ ਵਾਸਨ, ਐਡਵੋਕੇਟ
ਡਾਕ ਸੰਪਰਕ ਦਾ: 101-ਸੀ ਵਿਕਾਸ ਕਲੋਨੀ, ਪਟਿਆਲਾ-147003                    

No comments: