Sunday, June 30, 2013

ਫੇਸਬੁੱਕ ਤੇ ਸਿੱਖ-ਗੁਰੂ ਸਾਹਿਬਾਨ ਵਿਰੁੱਧ ਭੱਦੀ ਸ਼ਬਦਾਵਲੀ

ਐਸਜੀਪੀਸੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦਿੱਤੀ ਚੇਤਾਵਨੀ 
*ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਪੁਤਲਾ ਸਾੜਨਾ ਬਰਦਾਸ਼ਤ ਨਹੀਂ
*ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ. ਪੰਜਾਬ ਨਾਲ ਵੀ ਕੀਤੀ ਫੋਨ ਤੇ ਗੱਲਬਾਤ
ਅੰਮ੍ਰਿਤਸਰ:: 29 ਜੂਨ-(ਪੰਜਾਬ ਸਕਰੀਨ ਬਿਊਰੋ):  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਫੇਸਬੁੱਕ ਤੇ ਸਿੱਖ-ਗੁਰੂ ਸਾਹਿਬਾਨ ਵਿਰੁੱਧ ਭੱਦੀ ਸ਼ਬਦਾਵਲੀ ਵਰਤਣ ਦੀ ਸਖ਼ਤ ਨਿਖੇਧੀ ਕਰਦਿਆਂ ਅਜਿਹੇ ਅਸਮਾਜਿਕ ਅਨਸਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੁਲੀਸ ਪ੍ਰਸਾਸ਼ਨ ਤੋਂ ਇਹ ਮੰਗ ਕਰਦਿਆਂ ਉਹਨਾਂ ਕਿਹਾ ਹੈ ਕਿ ਸਿੱਖ ਵਿਰੋਧੀ ਸੰਗਠਨਾਂ ਵੱਲੋਂ ਸੋਚੀ-ਸਮਝੀ ਸਾਜ਼ਿਸ ਤਹਿਤ ਸਿੱਖ-ਗੁਰੂ ਸਾਹਿਬਾਨ ਵਿਰੁੱਧ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ, ਜੋ ਬਰਦਾਸ਼ਤ ਯੋਗ ਨਹੀਂ।
ਦਫਤਰ ਤੋਂ ਜਾਰੀ ਪ੍ਰੈਸ ਨੋਟ ਵਿੱਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਪੰਜਾਬ ਮੁੱਖ ਮੰਤਰੀ ਸ.ਪਰਕਾਸ਼ ਸਿੰਘ ਬਾਦਲ  ਅਤੇ ਡੀ.ਜੀ.ਪੀ. ਪੰਜਾਬ ਨੂੰ ਫੋਨ ਕਰਕੇ ਮੰਗ ਕੀਤੀ ਹੈ ਕਿ ਮੋਗੇ ਦੇ ਸ਼ੁਭਮ ਕਪੂਰ ਨਾਂ ਦੇ ਜਿਹੜੇ ਸ਼ਰਾਰਤੀ ਵਿਅਕਤੀ ਨੇ ਸਿੱਖ ਗੁਰੂ ਸਾਹਿਬਾਨ ਖਿਲਾਫ ਫੇਸਬੁੱਕ ਤੇ ਭੱਦੀ ਸ਼ਬਦਾਵਲੀ ਵਰਤੀ ਹੈ, ਉਸ ਖਿਲਾਫ ਅਤੇ ਬਟਾਲੇ ਵਿੱਚ ਸ਼ਿਵ ਸੈਨਾਂ ਵੱਲੋਂ ਸਿੱਖ ਕੌਮ ਦੀ ਸਿਰਮੌਰ ਹਸਤੀ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਪੁਤਲਾ ਜਲਾਏ ਜਾਣ ਵਾਲਿਆਂ ਤੇ 295/ਏ. ਧਾਰਾ ਤਹਿਤ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖਤ ਦਾ ਅਸਥਾਨ ਅਤੀ ਸਤਿਕਾਰ ਯੋਗ ਹੈ ਅਤੇ ਸ਼ਿਵਸੈਨਾਂ ਦੇ ਸ਼ਰਾਰਤੀ ਕਾਰਕੂਨਾਂ ਵੱਲੋਂ ਕੀਤੀ ਗਈ ਇਸ ਕੋਝੀ ਹਰਕਤ ਨੂੰ ਸਿੱਖ ਕੌਮ ਕਦਾਚਿਤ ਵੀ ਬਰਦਾਸ਼ਤ ਨਹੀਂ ਸਕਦੀ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ.ਪਰਕਾਸ਼ ਸਿੰਘ ਬਾਦਲ ਤੇ ਡੀ.ਜੀ.ਪੀ. ਪੰਜਾਬ ਵੱਲੋਂ ਇਨ੍ਹਾਂ ਸ਼ਰਾਰਤੀ ਅਨਸਰਾਂ ਖਿਲਾਫ ਬਹੁਤ ਜਲਦੀ ਸਖਤ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਗਿਆ ਅਤੇ ਇਸ ਸਬੰਧੀ ਸਬੰਧਤ ਪੁਲੀਸ ਅਫਸਰਾਂ ਨੂੰ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬਟਾਲੇ ਵਿੱਚ ਜ ਜਿਹਨਾਂ ੜੇ ਸ਼ਿਵ ਸੈਨਿਕਾਂ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਦੇ ਪੁੱਤਲਾ ਸਾੜਿਆ ਗਿਆ ਹੈ ਉਨ੍ਹਾਂ ਵਿਰੁੱਧ ਵੀ ਸਖਤ ਕਾਨੂੰਨੀ ਕਾਰਵਾਈ ਕਰਨ ਲਈ ਐਸ.ਐਸ.ਪੀ. ਬਟਾਲਾ ਨੂੰ ਹਦਾਇਤ ਜਾਰੀ ਕਰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਸਿੱਖ ਹਮੇਸ਼ਾ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਦਾ ਮੁੱਦਈ ਹੈ ਤੇ ਹਰੇਕ ਧਰਮ ਦਾ ਦਿਲੋਂ ਸਤਿਕਾਰ ਕਰਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੇ ਗੁਰੂ-ਸਾਹਿਬਾਨ ਦਾ ਅਪਮਾਨ ਸਹਿਨ ਕਰੀਏ। ਅਜਿਹੇ ਸ਼ਰਾਰਤੀ ਲੋਕ ਜਿਹੜੇ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਕੋਝੀ ਸਾਜਿਸ਼ ਰਚ ਰਹੇ ਹਨ, ਇਨ੍ਹਾਂ ਲੋਕਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

No comments: