Saturday, June 29, 2013

ਪੰਜਾਬੀ ਸਾਹਿਤ ਅਕਾਦਮੀ ਵੱਲੋਂ ਪਨੂੰ 'ਤੇ ਹਮਲੇ ਦੀ ਤਿੱਖੀ ਨਿਖੇਧੀ

ਹਮਲਾ ਗ਼ੈਰ ਮਨੁੱਖੀ, ਅਸੱਭਿਅਕ ਅਤੇ ਨਿਰਦਈ ਕਿਸਮ ਦਾ
ਲੁਧਿਆਣਾ:29 ਜੂਨ (ਰੈਕਟਰ ਕਥੂਰੀਆ): ਪੰਜਾਬੀ ਲੇਖਕਾਂ ਦੇ ਸਿਰਮੌਰ ਮੰਚ ਵੱਜੋਂ ਜਾਣੀ ਜਾਂਦੀ ਪੰਜਾਬੀ ਸਾਹਿਤ ਅਕਾਦਮੀ ਨੇ ਵੀ ਆਈ ਏ ਐਸ ਅਧਿਕਾਰੀ ਕਾਹਨ ਸਿੰਘ ਪਨੂੰ 'ਤੇ ਹਮਲੇ ਦੀ ਤਿੱਖੀ ਨਿਖੇਧੀ ਕੀਤੀ ਹੈ। ਅੱਜ ਇਸ ਸਬੰਧ ਵਿੱਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ। ਭਾਵੇਂ ਕੁਝ ਦੇਰ ਨਾਲ ਹੀ ਸਹੀ ਪਰ ਪੰਜਾਬੀ ਲੇਖਕਾਂ ਨੇ ਵੀ ਇਸਦਾ ਗੰਭੀਰ ਨੋਟਿਸ ਲਿਆ ਹੈ। ਕਾਬਿਲੇ ਜ਼ਿਕਰ ਹੈ ਕਿ ਪੰਜਾਬ ਸਰਕਾਰ ਦੇ ਆਈ.ਏ.ਐਸ. ਅਧਿਕਾਰੀ ਕਾਹਨ ਸਿੰਘ ਪੰਨੂੰ ਉਤਰਾਖੰਡ ਵਿਖੇ ਹੜ ਪੀੜਤਾਂ ਦੇ ਬਚਾਅ ਕਾਰਜ ਹਿਤ ਪਵਿੱਤਰ ਫ਼ਰਜ਼ ਨਿਭਾਉਣ ਲਈ ਗਏ ਹੋਏ ਸਨ। ਮਨੁੱਖਤਾ ਨਾਲ ਸਬੰਧਿਤ ਇਸ ਕੰਮ ਦੇ ਬਾਵਜੂਦ ਉਹਨਾਂ 'ਤੇ  ਗ਼ੈਰ ਮਨੁੱਖੀ, ਅਸੱਭਿਅਕ ਅਤੇ ਨਿਰਦਈ ਕਿਸਮ ਦਾ ਹਮਲਾ ਕੀਤਾ ਗਿਆ। ਪੰਜਾਬੀ ਸਾਹਿਤ ਅਕਾਦਮੀ ਵੱਲੋਂ ਇਸ ਹਮਲੇ ਦੀ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਇਹੋ ਜਿਹੇ ਸਮੁੱਚੇ ਵਰਤਾਰਿਆਂ ਨੂੰ ਬਰਦਾਸ਼ਤ ਕਰਨ ਅਤੇ ਢੁੱਕਵੀਂ ਕਾਰਵਾਈ ਨਾ ਕਰਨ ਦੀ ਪਹੁੰਚ ਪੂਰੀ ਤਰ੍ਹਾਂ ਨਿੰਦਣਯੋਗ ਹੈ। ਅਕਾਦਮੀ ਨੇ ਸਖਤੀ ਨਾਲ ਮੰਗ ਕੀਤੀ ਕਿ ਅਜਿਹੀਆਂ ਘਟਨਾਵਾਂ ਦਾ ਸੱਚ ਛੇਤੀ ਤੋਂ ਛੇਤੀ ਲੋਕਾਂ ਸਾਹਮਣੇ ਆਉਣਾ ਚਾਹੀਦਾ ਹੈ। ਅਕਾਦਮੀ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਅਜਿਹੇ ਵਰਤਾਰਿਆਂ ਨੂੰ ਰੋਕਣ ਲਈ ਅਤੇ ਮਾਨਵ ਹਿਤੈਸ਼ੀ ਸਭਿਆਚਾਰਕ ਕਦਰਾਂ ਕੀਮਤਾਂ ਨੂੰ ਬਚਾਉਣ ਲਈ ਸਮੂਹਿਕ ਯਤਨ ਵੀ ਅਤਿ ਜ਼ਰੂਰੀ ਹਨ। ਇਸ ਮਕਸਦ ਲੈ ਬਾਕਾਇਦਾ ਲੰਮੀ ਵਿਚਾਰ ਮਗਰੋਂ ਇੱਕ ਮਤਾ ਵੀ ਪਾਸ ਕੀਤਾ ਗਿਆ। 
ਇਹ ਮਤਾ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ ਪ੍ਰੋ. ਗੁਰਭਜਨ ਸਿੰਘ ਗਿੱਲ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ, ਸਕੱਤਰ ਸ੍ਰੀ ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਸ੍ਰੀ ਜਸਵੰਤ ਜ਼ਫ਼ਰ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ, ਜਨਮੇਜਾ ਸਿੰਘ ਜੌਹਲ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਡਾ. ਸਵਰਨਜੀਤ ਕੌਰ ਗਰੇਵਾਲ, ਤ੍ਰੈਲੋਚਨ ਲੋਚੀ ਅਤੇ ਸ੍ਰੀ ਮਿੱਤਰ ਸੈਨ ਮੀਤ, ਪ੍ਰੋ. ਕਿਸ਼ਨ ਸਿੰਘ ਅਤੇ ਗੁਰਪਾਲ ਲਿੱਟ ਸਮੇਤ ਕਾਫ਼ੀ ਗਿਣਤੀ ਵਿਚ ਲੇਖਕਾਂ ਨੇ ਪੂਰੀ ਗੰਭੀਰਤਾ ਨਾਲ ਵਿਚਾਰ ਕੇ ਪ੍ਰੈੱਸ ਨੂੰ ਜਾਰੀ ਕੀਤਾ।

No comments: