Saturday, June 01, 2013

ਅਗਲੀ ਵਾਰੀ ਕਿਸਦੇ ਹਥ

ਹੁਣ ਸ਼ਾਰਾਪੋਵਾ ਭਿੜੇਗੀ ਚੀਨ ਦੀ ਚਿਆਂਗ ਝੀ ਨਾਲ 
ਸੇਰੇਨਾ ਵਿਲੀਅਮਜ਼ ਦੀ ਸ਼ਾਨਦਾਰ ਜਿੱਤ 
ਇਸ ਖਬਰ ਦੀ ਤਸਵੀਰ ਰੋਜ਼ਾਨਾ ਜਗਬਾਣੀ ਬਣ ਚੋਂ ਧੰਨਵਾਦ ਸਹਿਤ 
ਸਿਆਸਤਦਾਨ ਆਪਣੀ ਸਿਆਸਤ ਵਿੱਚ ਰੁਝੇ ਹੋਏ ਹਨ, ਦਹਿਸ਼ਤਗਰਦ ਗਰੁੱਪ ਆਪਣੀਆਂ ਨਵੀਆਂ ਯੋਜਨਾਵਾਂ ਵਿੱਚ, ਵਪਾਰੀ ਅਤੇ ਕਾਰੋਬਾਰੀ ਆਪਣੇ ਨਵੇਂ ਨਿਸ਼ਾਨਿਆਂ ਵਿੱਚ ਅਤੇ ਸ਼ਰਾਰਤੀ ਆਪਣੀਆਂ ਸ਼ਰਾਰਤਾਂ ਵਿੱਚ ਪਰ ਸ ਸਭਕੁਝ ਦੇ ਦਰਮਿਆਨ ਖਿਡਾਰੀ ਅਤੇ ਖਿਡਾਰਨਾਂ ਆਪੋ ਆਪਣੀ ਖੇਡ ਦੇ ਖੇਤਰ ਵਿੱਚ ਨਵੀਆਂ ਮੰਜਿਲਾਂ ਸਰ ਕਰਨ ਵਿੱਚ ਮਸਰੂਫ ਹਨ। ਨਵੀਂ ਰਿਪੋਰਟ ਦੇ ਮੁਤਾਬਿਕ ਸ਼ਾਰਾਪੋਵਾ ਤੇ ਨਡਾਲ ਹੁਣ ਹੋਰ ਅੱਗੇ ਵਧੇ ਹਨ। ਪੈਰਿਸਡੇਟ ਲਾਈਨ ਨਾਲ ਮੀਡੀਆ ਦੀਆ ਖਬਰਾਂ ਦਸਦਿਆਂ ਹਨ ਕਿ ਗ੍ਰੈਂਡ ਸਲੈਮ ਖਿਤਾਬਾਂ ਦੇ ਬਾਦਸ਼ਾਹ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਤੇ ਦੁਨੀਆ ਦੀ ਨੰਬਰ ਇਕ ਖਿਡਾਰਨ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੇ ਸ਼ੁੱਕਰਵਾਰ 31 ਮਈ ਨੂੰ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਇਹ ਜਿੱਤ ਹਾਸਿਲ ਕਰਦਿਆਂ ਉਸਨੇ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪ੍ਰੀ-ਕੁਆਰਟਰ ਫਾਈਨਲ 'ਚ  ਜਗ੍ਹਾ ਵੀ ਬਣਾਈ ਹੈ, ਜਦਕਿ ਪਿਛਲੇ ਚੈਂਪੀਅਨ ਰਾਫੇਲ ਨਡਾਲ ਤੇ ਮਾਰੀਆ ਸ਼ਾਰਾਪੋਵਾ ਤੀਜੇ ਗੇੜ 'ਚ ਪਹੁੰਚ ਗਏ ਹਨ। ਦੂਜਾ ਦਰਜਾ ਹਾਸਲ ਫੈਡਰਰ ਨੇ ਤੀਜੇ ਗੇੜ 'ਚ ਫਰਾਂਸ ਦੇ ਜੂਲੀਅਨ ਬੇਨੇਤੂ ਨੂੰ ਇਕ ਘੰਟਾ 31 ਮਿੰਟਾਂ 'ਚ 6-3, 6-4, 7-5 ਨਾਲ ਹਰਾਇਆ ਜਦਕਿ ਟਾਪ ਸੀਡ ਸੇਰੇਨਾ ਨੇ ਰੋਮਾਨੀਆ ਦੀ ਸੋਰੇਨਾ ਕ੍ਰਿਸਟੀਆ ਨੂੰ ਇਕਪਾਸੜ ਮੈਚ 'ਚ 6-0, 6-2 ਨਾਲ ਹਰਾਇਆ। ਸੇਰੇਨਾ ਦੀ ਇਹ ਲਗਾਤਾਰ 26ਵੀਂ ਜਿੱਤ ਹੈ। 7 ਵਾਰ ਦੇ ਚੈਂਪੀਅਨ ਰਾਫੇਲ ਨਡਾਲ ਤੇ ਮਹਿਲਾ ਵਰਗ 'ਚ ਪਿਛਲੀ ਵਾਰ ਦੀ ਜੇਤੂ ਮਾਰੀਆ ਸ਼ਾਰਾਪੋਵਾ ਨੇ ਅੱਜ ਇਥੇ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਗੇੜ 'ਚ ਜਗ੍ਹਾ ਬਣਾ ਲਈ ਹੈ। ਮੀਂਹ ਕਾਰਨ ਨਡਾਲ ਕੱਲ ਕੋਰਟ 'ਤੇ ਨਹੀਂ ਉਤਰ ਸਕਿਆ ਸੀ। ਉਹ ਸਲੋਵਾਕਿਆ ਦੇ ਮਾਰਟਿਨ ਕਲੀਜਾਨ ਨੂੰ 4-6, 6-3, 6-3, 6-3 ਨਾਲ ਹਰਾਉਣ 'ਚ ਸਫਲ ਰਿਹਾ।  ਓਧਰ ਮਹਿਲਾ ਵਰਗ 'ਚ ਸ਼ਾਰਾਪੋਵਾ ਨੇ ਕੈਨੇਡਾ ਦੀ ਇਯੂਗੇਨੀ ਬੁਚਾਰਡ ਨੂੰ 6-2, 6-4 ਨਾਲ ਹਰਾ ਕੇ ਤੀਜੇ ਗੇੜ  'ਚ ਜਗ੍ਹਾ ਬਣਾਈ। ਦੂਜੇ ਗੇੜ ਦਾ ਇਹ ਮੈਚ ਵੀਰਵਾਰ ਨੂੰ ਪੂਰਾ ਨਹੀਂ ਸੀ ਹੋ ਸਕਿਆ ਸੀ। ਦੂਜਾ ਦਰਜਾ ਹਾਸਲ ਸ਼ਾਰਾਪੋਵਾ ਨੇ ਪਹਿਲਾ ਸੈੱਟ ਜਿੱਤਣ ਤੋਂ ਬਾਅਦ ਦੂਜੇ ਸੈੱਟ 'ਚ 4-2 ਦੀ ਬਡ਼੍ਹਤ ਬਣਾਈ ਹੋਈ ਸੀ। ਉਸ ਨੂੰ ਆਪਣਾ ਇਹ ਮੈਚ ਜਿੱਤਣ ਲਈ ਸਿਰਫ ਚਾਰ ਗੇਮਾਂ ਖੇਡਣੀਆਂ ਪਈਆਂ। ਸ਼ਾਰਾਪੋਵਾ ਅਗਲੇ ਗੇੜ 'ਚ ਚੀਨ ਦੀ ਚਿਆਂਗ ਝੀ ਨਾਲ ਭਿੜੇਗੀ, ਜਿਸ ਨੇ ਅਮਰੀਕਾ ਦੀ ਮੇਲੇਨੀ ਓਡਿਨ ਨੂੰ 6-3, 6-1 ਨਾਲ ਹਰਾਇਆ। ਮਹਿਲਾ ਵਰਗ ਦੇ ਹੋਰ ਮੈਚਾਂ 'ਚ ਰੂਸ ਦੀ 12ਵਾਂ ਦਰਜਾ ਹਾਸਲ ਮਾਰੀਆ ਕਿਰਲੈਂਕੋ ਤੇ ਫ੍ਰਾਂਸ ਦੀ 13ਵਾਂ ਦਰਜਾ ਹਾਸਲ ਮਾਰੀਅਨ ਬਾਰਤੋਲੀ ਨੇ ਵੀ ਤੀਜੇ ਗੇੜ 'ਚ ਜਗ੍ਹਾ ਬਣਾ ਲਈ ਹੈ। ਹੁਣ ਦੇਖਣਾ ਹੈ ਕਿ ਕਿਸਮਤ ਕਿਸ ਦਾ ਸਾਥ ਦੇਂਦੀ ਹੈ। ਨਤੀਜੇ ਕੁਝ ਵੀ ਹੋਣ ਪਰ ਲਗਾਤਾਰ ਸੰਘਰਸ਼ ਕਰਨਾ ਬਹੁਤ ਜਰੂਰੀ ਹੈ। 

No comments: