Thursday, June 06, 2013

ਸਿੱਖ ਜਗਤ ਨੂੰ ਅੱਜ ਵੀ ਯਾਦ ਜੂਨ-84

ਸ਼ਿਵ ਸੈਨਾ ਵੱਲੋਂ ਵਿਰੋਧ ਦੇ ਬਾਵਜੂਦ ਅੰਮ੍ਰਿਤਸਰ 'ਚ ਨਿਕਲਿਆ ਮਾਰਚ 
ਫੇਸਬੁਕ ਤੇ ਜਾਰੀ ਹੋਈ ਇੱਕ ਫੋਟੋ 
ਬਲਿਊ ਸਟਾਰ ਆਪ੍ਰੇਸ਼ਨ ਦੀ ਕਾਰਵਾਈ ਨੂੰ 29 ਸਾਲ ਲੰਘ ਗਏ ਹਨ ਪਰ ਗੁਜਰਦੇ ਹੋਏ ਹਰ ਸਾਲ ਨਾਲ ਇਸਦੀ ਯਾਦ ਤਿੱਖੀ ਹੁੰਦੀ ਜਾ ਰਹੀ ਹੈ। ਇਸਨੂੰ ਭੁੱਲਣ ਭੁਲਾਉਣ ਵਾਲੀਆਂ ਸਾਰੀਆਂ ਕੋਸ਼ਿਸ਼ਾਂ ਵਿਅਰਥ ਸਾਬਿਤ ਹੋਈਆਂ ਹਨ। ਇਸ ਵਾਰ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਸ ਘੱਲੂਘਾਰੇ ਦੀ ਯਾਦ ਵਿੱਚ ਛੇ ਜੂਨ ਨੂੰ ਸਮਾਗਮ ਹੋਏ। ਅੰਮ੍ਰਿਤਸਰ ਵਿਖੇ 6 ਜੂਨ 1984 ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਇਤਿਹਾਸਕ ਅਸਥਾਨਾਂ 'ਤੇ ਹੋਈ ਫੌਜੀ ਕਾਰਵਾਈ ਦੀ ਬੇਹੱਦ ਦੁਖਦਾਈ ਯਾਦ ਵਿੱਚ ਵੀਰਵਾਰ ਨੂੰ ਦਰਬਾਰ ਸਾਹਿਬ ਵਿਖੇ ਘੱਲੂਘਾਰਾ ਦਿਵਸ ਮਨਾਇਆ ਗਿਆ। ਇਹਨਾਂ ਸਮਾਗਮਾਂ ਦੌਰਾਨ ਇਸ ਵਾਰ ਵੀ ਸੰਗਤਾਂ ਹੁੰਮਹੁਮਾ ਕੇ ਪੁੱਜੀਆਂ। ਇਸ ਵਾਰ ਵੀ ਗਰਮ ਖਿਆਲੀ ਨਾਅਰੇ ਲੱਗੇ ਅਤੇ ਇਸ ਵਾਰ ਵੀ ਵੱਖਰੇ ਸਿੱਖ ਰਾਜ ਦੀਆਂ ਗੱਲਾਂ ਹੋਈਆਂ। ਸ਼ਿਵ ਸੈਨਾ ਵਰਗੇ ਸੰਗਠਨਾਂ ਨੇ ਇਸ ਵਾਰ ਵੀ ਬਲਿਊ ਸਟਾਰ ਦੀ ਹਮਾਇਤ ਕੀਤੀ ਅਤੇ ਪੋਸਟਰ ਪਾੜਨ ਵਰਗੀਆਂ ਕਈ ਭੜਕਾਊ ਕਾਰਵਾਈਆਂ ਕੀਤੀਆਂ। ਇਸੇ ਦੌਰਾਨ ਕੌਮ ਦੇ ਨਾਂ ਜਾਰੀ ਕੀਤੇ ਗਏ ਸੰਦੇਸ਼ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ 29 ਸਾਲ ਪਹਿਲਾਂ ਵਾਪਰਿਆ ਇਹ ਸਾਕਾ ਰਹਿੰਦੀ ਦੁਨੀਆ ਤੱਕ ਸਿੱਖ ਕੌਮ ਲਈ ਵੱਡੇ ਦੁੱਖ ਦੇ ਦਿਨ ਦੇ ਤੌਰ 'ਤੇ ਯਾਦ ਕੀਤਾ ਜਾਵੇਗਾ। ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਰਖਵਾਏ ਗਏ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸਾਕਾ ਨੀਲਾ ਤਾਰਾ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਤ ਕੀਤਾ ਗਿਆ। ਐਸ. ਜੀ. ਪੀ. ਸੀ. ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਸਿੱਖ ਕੌਮ ਨੇ ਦੇਸ਼ ਦੀ ਖਾਤਰ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਪਰ ਇਸ ਦੇ ਬਾਵਜੂਦ ਸਿੱਖਾਂ ਨਾਲ ਲਗਾਤਾਰ ਨਾਇਨਸਾਫੀ ਹੁੰਦੀ ਆ ਰਹੀ ਹੈ। ਉਹਨਾਂ ਕਿਹਾ ਕਿ ਇਸ ਬੇਇਨਸਾਫੀ ਕਾਰਣ ਹੀ ਸਿੱਖ ਨੌਜਵਾਨਾਂ ਵਿੱਚ ਬੇਚੈਨੀ ਵਧੀ।
ਗਰਮਖਿਆਲੀ ਸੰਗਠਨ ਇਸ ਵਾਰ ਵੀ ਸਰਗਰਮ ਰਹੇ। ਇਹਾਂ ਸਮਾਗਮਾਂ ਦੌਰਾਨ ਹੀ ਦਰਬਾਰ ਸਾਹਿਬ ਵਿਖੇ ਗਰਮਦਲੀਆਂ ਵਲੋਂ ਇਕ ਵੱਖਰੇ ਸਮਾਗਮ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਮੇਤ ਦਲ ਖਾਲਸਾ ਅਤੇ ਹੋਰ ਕਈ ਜੱਥੇਬੰਦੀਆਂ ਨੇ ਹਿੱਸਾ ਲਿਆ ਅਤੇ ਆਪ੍ਰੇਸ਼ਨ ਬਲਿਊ ਸਟਾਰ ਦੌਰਾਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਇੱਕ ਦਿਨ ਪਹਿਲਾਂ ਅਰਥਾਤ ਪੰਜ ਜੂਨ 2013 ਨੂੰ ਸਿਧਾਂਤ ਅਤੇ ਹਥਿਆਰ ਦੋਹਾਂ ਪਾਸੇ ਸੰਤੁਲਨ ਰੱਖਣ ਵਾਲੀ ਗਰਮ ਖਿਆਲੀ ਜਥੇਬੰਦੀ ਦਲ ਖਾਲਸਾ ਵਲੋਂ ਸਟੇਸ਼ਨ ਨੇੜੇ ਆਪਣੇ ਦਫਤਰ ਤੋਂ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤਕ ਕੱਢੇ ਗਏ ਘੱਲੂਘਾਰਾ ਯਾਦਗਾਰੀ ਮਾਰਚ ਨੇ ਜਿਥੇ ਪੁਲਸ ਪ੍ਰਸ਼ਾਸਨ ਨੂੰ 2 ਘੰਟੇ 'ਸੁੱਕਣੇ' ਪਾਈ ਛੱਡਿਆ, ਉਥੇ ਹੀ ਇਸ ਸੰਗਠਨ ਦੇ ਆਗੂਆਂ ਅਤੇ ਕਾਰਕੁਨਾਂ ਨੇ ਗੁਰਦੁਆਰਾ ਯਾਦਗਾਰ  ਸ਼ਹੀਦਾਂ ਵਿਖੇ ਅਰਦਾਸ ਕਰਕੇ ਸਪੱਸ਼ਟ ਕਰ ਦਿੱਤਾ ਕਿ ਉਹ ਖਾਲਿਸਤਾਨ ਲਈ ਆਪਣੇ ਸੰਘਰਸ਼ ਨੂੰ ਜਾਰੀ ਰੱਖਣਗੇ। ਚਾਰ ਜੂਨ 2013 ਨੂੰ ਸ਼ਿਵ ਸੈਨਾ ਵੱਲੋਂ ਇਸ ਮਾਰਚ ਦੇ ਪੋਸਟਰ ਪੜੇ ਜਾਨ ਅਤੇ ਇਸ ਘੱਲੂਘਾਰਾ ਮਾਰਚ ਨੂੰ ਰੋਕਣ ਦੀ ਧਮਕੀ ਦੇਣ ਕਾਰਣ ਇਸ ਵਾਰ ਮਾਮਲਾ ਵਧੇਰੇ ਨਾਜ਼ੁਕ ਬਣ ਗਿਆ ਸੀ। ਲੁਧਿਆਣਾ ਵਿੱਚ ਇੱਕ ਸ਼ਿਵ ਸੈਨਾ ਲੀਡਰ ਤੇ ਗੋਲੀ ਚੱਲਣ ਨਾਲ ਹਲ੍ਲਤ ਵਿੱਚ ਕਾਫੀ ਖਿਚਾ ਵੀ ਸੀ। ਘੱਲੂਘਾਰਾ ਮਾਰਚ ਦੌਰਾਨ ਖਾੜਕੂ ਜੁਝਾਰੂਆਂ ਦੀਆਂ ਫੋਟੋਆਂ ਨੂੰ ਹੱਥਾਂ ਵਿਚ ਫੜੀ ਜਰਨੈਲ ਸਿੰਘ ਭਿੰਡਰਾਂਵਾਲਿਆਂ, ਅਮਰੀਕ ਸਿੰਘ, ਠਾਰ੍ਹਾ ਸਿੰਘ, ਸੁਬੇਗ ਸਿੰਘ ਆਦਿ ਦੇ ਹੱਕ ਵਿਚ ਨਾਅਰੇਬਾਜ਼ੀ ਕਰਨ ਤੋਂ ਇਲਾਵਾ ਬੁਲਾਰਿਆਂ ਵਲੋਂ ਸਾਰੇ ਰਸਤੇ ਜੋਸ਼ੀਲੇ ਭਾਸ਼ਣ ਵੀ ਕੀਤੇ ਗਏ। ਪੁਲਸ ਦੇ ਸੁਰੱਖਿਆ ਪ੍ਰਬੰਧਾਂ ਹੇਠ ਹੋਏ ਇਸ ਮਾਰਚ ਵਿਚ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਪਹਿਲੀ ਵਾਰ ਨੌਜਵਾਨਾਂ ਵਲੋਂ ਵੱਡੀ ਗਿਣਤੀ ਵਿਚ ਹਿੱਸਾ ਲਿਆ ਜਾਣਾ ਵੀ ਪ੍ਰਸ਼ਾਸਨ ਲਈ ਪੂਰੀ ਤਰ੍ਹਾਂ ਚੁਣੌਤੀ ਬਣਿਆ ਹੋਇਆ ਸੀ। ਮਾਰਚ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲ ਖ਼ਾਲਸਾ ਦੇ ਪ੍ਰਧਾਨ ਸ. ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਜੂਨ 1984 ਤੋਂ ਬਾਅਦ ਪੰਜਾਬ ਅੰਦਰ ਬੇਤਹਾਸ਼ਾ ਖੂਨ ਵਹਿ ਚੁੱਕਾ ਹੈ। ਇਸਤੋਂ ਬਾਅਦ ਰਾਜਨੀਤੀ ਵਿਚ ਵੀ ਤਬਦੀਲੀ ਆਈ ਹੈ ਪਰ ਭਾਰਤੀ ਸਰਕਾਰ ਤੇ ਕਾਂਗਰਸ ਨਾ ਤਾਂ ਇਸ ਘਿਨੌਣੇ ਕਾਰੇ ਵਿਚ ਨਿਭਾਏ ਰੋਲ ਪ੍ਰਤੀ ਸਿੱਖਾਂ ਦਾ ਗੁੱਸਾ ਘਟਾ ਸਕੇ ਹਨ ਤੇ ਨਾ ਹੀ ਜੂਨ '84 ਦੇ ਹਮਲੇ ਦੇ ਦਿੱਤੇ ਜ਼ਖਮਾਂ ਨੂੰ ਹੀ ਭਰ ਸਕੇ ਹਨ। ਉਨ੍ਹਾਂ ਕਿਹਾ ਕਿ 'ਘੱਲੂਘਾਰਾ ਯਾਦਗਾਰੀ ਮਾਰਚ' ਦਾ ਮੁਖ ਉਦੇਸ਼ ਉਨ੍ਹਾਂ ਹਜ਼ਾਰਾਂ ਸਿੱਖਾਂ ਦੀ ਵਚਨਬੱਧਤਾ ਨੂੰ ਦੁਹਰਾਉਣਾ ਹੈ ਜੋ '84 ਦੇ ਹਮਲੇ ਦੌਰਾਨ ਧਰਮ ਤੇ ਸਿੱਖ ਹੱਕਾਂ ਖਾਤਿਰ ਲੜਦਿਆਂ ਲੜਦਿਆਂ ਸ਼ਹੀਦ ਹੋ ਗਏ। 
ਦਲ ਖਾਲਸਾ ਵੱਲੋ ਅੰਮ੍ਰਿਤਸਰ 'ਚ ਘੱਲੂਘਾਰਾ ਮਾਰਚ
ਸੂਬਾ ਸਰਕਾਰ ਨੂੰ ਲੰਮੇ ਹਥੀਂ ਲੈਂਦਿਆਂ ਸ. ਧਾਮੀ ਨੇ ਕਿਹਾ ਕਿ ਦਰਬਾਰ ਸਾਹਿਬ 'ਤੇ ਹਮਲੇ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਦੀ ਤੀਸਰੀ ਤੇ ਬਾਅਦ ਵਿਚ ਇਹ ਚੌਥੀ ਸਰਕਾਰ ਹੈ। ਅਕਾਲੀ ਦਲ ਨੇ 1985 ਤੇ 1997 ਦੀ ਅਸੈਂਬਲੀ ਇਲੈਕਸ਼ਨ ਦੌਰਾਨ ਆਪਣੇ ਮੈਨੀਫੈਸਟੋ ਵਿਚ ਪੰਜਾਬ ਵਿਚ ਵਾਪਰੇ ਦੁਖਾਂਤ ਤੇ ਇਸ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਨੰਗਾ ਕਰਨ ਲਈ ਜੁਡੀਸ਼ੀਅਲ ਜਾਂਚ ਦੀ ਗੱਲ ਕੀਤੀ ਸੀ ਪਰ ਹਰ ਵਾਰ ਅਕਾਲੀ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰਦੀ ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਬੁਰੀ ਤਰ੍ਹਾਂ ਖਿਲਵਾੜ ਕਰਦੀ ਆ ਰਹੀ ਹੈ। ਘੱਟੋ-ਘੱਟ ਬਾਦਲ ਸਰਕਾਰ ਜੂਨ 1984 ਦੇ ਦਰਬਾਰ ਸਾਹਿਬ 'ਤੇ ਹਮਲੇ ਦੌਰਾਨ ਮਾਰੇ ਗਏ ਬੇਦੋਸ਼ੇ ਸਿੱਖਾਂ ਤੇ ਬੱਚਿਆਂ ਦੇ ਨਾਵਾਂ ਦੀ ਲਿਸਟ ਜਾਰੀ ਕਰੇ ਕਿਉਂਕਿ ਅਮਨ-ਕਾਨੂੰਨ ਸੂਬੇ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਜਾਣਨ ਦਾ ਇਹ ਪੂਰਾ ਹੱਕ ਹੈ ਕਿ ਸਾਕਾ ਦਰਬਾਰ ਸਾਹਿਬ ਦੌਰਾਨ ਕਿੰਨੇ ਲੋਕ ਫੌਜ ਹੱਥੋਂ ਸ਼ਹੀਦ ਹੋਏ ਸਨ?  ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ 29 ਸਾਲ ਪਹਿਲਾਂ ਭਾਰਤ ਸਰਕਾਰ ਨੇ ਦਰਬਾਰ ਸਾਹਿਬ 'ਤੇ ਹਮਲਾ ਕਰਕੇ ਆਪ੍ਰੇਸ਼ਨ ਬਲਿਊ ਸਟਾਰ ਕਰਵਾਇਆ, ਜਿਸਦੇ ਜਵਾਬ ਵਿਚ ਸਿੱਖਾਂ ਨੇ ਆਜ਼ਾਦੀ ਲਈ ਸੰਘਰਸ਼ ਆਰੰਭਿਆ ਜੋ ਵੱਖ-ਵੱਖ ਪਡ਼ਾਵਾਂ ਵਿਚੋਂ ਦੀ ਲੰਘਦਾ ਹੋਇਆ ਅੱਜ ਵੀ ਜਾਰੀ ਹੈ ਤੇ ਰਹੇਗਾ। ਮਾਰਚ ਵਿਚ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸ. ਹਰਪਾਲ ਸਿੰਘ ਚੀਮਾ, ਖਾਲਸਾ ਐਕਸ਼ਨ ਕਮੇਟੀ ਤੋਂ ਭਾਈ ਮੋਹਕਮ ਸਿੰਘ, ਬਲਵੰਤ ਸਿੰਘ ਗੋਪਾਲਾ ਤੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਸ. ਰਣਬੀਰ ਸਿੰਘ ਵੀ ਉਚੇਚੇ ਤੌਰ ਉਤੇ ਸ਼ਾਮਲ ਹੋਏ। ਇਸ ਦੇ ਨਾਲ ਹੀ ਸਿੱਖ ਖਾੜਕੂ ਸਮਰਥਕਾਂ ਵੱਲੋਂ ਸੋਸ਼ਲ ਮੀਡੀਆ ਤੇ ਵੀ ਇਸ ਮੁਹਿੰਮ ਨੂੰ ਪੂਰੇ ਵਿਓਂਤਬਧ ਢੰਗ ਨਾਲ ਚਲਾਇਆ ਗਿਆ। ਇੱਕਲੀ ਫੇਸਬੁਕ ਤੇ ਹੀ ਬਹੁਤ ਸਾਰੇ ਪ੍ਰੋਫਾਈਲ ਅਜਿਹੇ ਰਹੇ ਜਿਹਨਾਂ ਤੇ ਖਾਲਿਸਤਾਨ, ਬਲਿਊ ਸਟਾਰ, ਨਵੰਬਰ-84 ਅਤੇ ਬਹੁਤ ਸਾਰੇ ਹੋਰਨਾਂ ਸਿੱਖ ਮਸਲਿਆਂ ਤੇ ਤਸਵੀਰਾਂ, ਕਵਿਤਾਵਾਂ ਅਤੇ ਵਾਰਤਕ ਸਮਗਰੀ ਰੁਕ ਰੁਕ ਕੇ ਜਾਰੀ ਹੁੰਦੀ ਰਹੀ। ਇਤਿਹਾਸ ਨਾਲ ਸਬੰਧਿਤ ਕਿਤਾਬਾਂ ਚੋਂ ਵੀ ਕਈ ਹਵਾਲੇ ਜਾਰੀ ਹੋਏ।

1 comment:

Punjab Holiday Packages said...

I just wanted to make a quick comment to say GREAT blog!….. I’ll be checking in on a regularly now….Keep up the good work