Monday, May 13, 2013

ਸਾਡਾ ਹੱਕ: ਕਾਟਾ ਤੋ ਬਸ ਇੱਕ ਕਤਰਾ ਏ ਖੂੰ ਨਿਕਲਾ

ਇਨ੍ਹੇਂ ਤਾਂ ਨਕਸਲੀ ਲਹਿਰ ਵੇਲੇ ਵੀ ਚੁਣ ਚੁਣ ਕੇ ਮਾਰੇ ਸੀ...--Subhash Rabra
ਸੋਚਿਆ.... ਚਲ ਬਈ ਮਿੱਤਰਾ ' ਸਾਡਾ ਹੱਕ ' ਈ ਦੇਖ ਆਈਏ I ਲੱਗੀ ਬੰਦਿਸ਼ ਚੱਕੇ ਜਾਣ ਤੋਂ ਬਾਅਦ ਫਿਲਮ ਰੀਲਿਜ਼ ਦਾ ਪਹਿਲਾ ਦਿਨ.... ਦੂਜਾ ਸ਼ੋ I ਜੇ ਬੰਦਿਸ਼ ਲੱਗੀ ਸੀ ਤਾਂ ਕੋਈ ਨਾਂ ਕੋਈ ਨੁਕਤਾ ਤਾਂ ਹੋਊ ਹੀ ...ਸਰਕਾਰਾਂ ਕੋਈ ਸੇਲਜ਼ ਪ੍ਰੋਮੋਸ਼ਨ ਦਾ ਕੰਮ ਤਾਂ ਕਰਦੀਆਂ ਨਹੀਂ ਬਈ ਐਹੋ ਜਿਹੀਆਂ ਘਤਿਤਾਂ ਨਾਲ ਕਿਸੇ ਫ਼ਿਲ੍ਮਸਾਜ਼ ਦਾ ਫਾਇਦਾ ਕਰਨਾ ਚਾਹੁੰਦੀਆਂ ਹੋਣ I ਮਲਟੀ ਪਲੈਕਸ ਦੇ ਬਾਹਰ ਮੁੰਡੇ ਖੁੰਡਿਆਂ ਦੀ ਗਿਣਤੀ ਜਿਆਦਾ .... ਗਲਾਂ ' ਚ ਪੀਲੇ ਪਰਨੇ .I ਲਾਅ ਐਂਡ ਆਰਡਰ ਵਾਸਤੇ ਪੁਲਸ ਨਦਾਰਦ I ਸੋਚਿਆ ਸ਼ਾਇਦ ਟਿਕਟਾਂ ਨਾਂ ਮਿਲਣ .. ਪਰ ਆਸਾਨੀ ਨਾਲ ਮਿਲ ਗਈਆਂ I ਹਾਲ ਲਗਭਗ ਭਰਿਆ ਹੋਇਆ ਸੀ , ਪਹਿਲੀਆਂ ਕਤਾਰਾਂ ਨੂੰ ਛੱਡ ਕੇ ....ਹਾਂ ਗੈਲਰੀ ਖਾਲਮ ਖਾਲੀI 
----- ਕਹਾਣੀ ' ਸੰਤਾਪੇ ਦੌਰ ' ਦੇ ਉਸ ਸਮੇਂ ਹਿੱਸੇ ਦੀ ਅੱਕਾਸੀ ਕਰਦੀ ਹੈ ਜਦੋਂ ' ਲਹਿਰ ' ਉਤਰਾਅ ਦੇ ਦੌਰ ' ਚ ਸੀ --- 88 ਤੋਂ ਲੈ ਕੇ ਹੁਣ ਤੱਕ I ਹੁਣ ਇਹ ਤਾਂ ' ਰੱਬ ' ਹੀ ਜਾਣੇ ਜਾਂ ਫਿਲਮ ਸਾਜ਼ , ਕਿ ਸਮੇਂ ਹਿੱਸੇ ਦੀ ਇਹ ਚੋਣ ਕਿੰਨੀਂ ਕੁ ਕੁਦਰਤੀ ਸੀ ਅਤੇ ਕਿੰਨੀਂ ਕੁ ਸੋਚੀ ਸਮਝੀ, ਕਿਉਂਕਿ ਕਿਸੇ ਵੀ ਲਹਿਰ ਦਾ ਸ਼ੁਰੁਆਤੀ ਸਮਾਂ ਸਭ ਤੋਂ ਅਹਿਮ ਹੁੰਦਾ ਹੈ Iਜਾਣਨਾ ਬਣਦਾ ਤਾਂ ਹੈ ਕਿ ਆਖਿਰ ਧੁਆਂ ਕਿਹੜੀ ਸੁਲਗਣ 'ਚੋਂ ਨਿੱਕਲਣਾ ਸ਼ੁਰੂ ਹੋਇਆ , ਕਿਹਨੇ ਕਿਹਨੇ ਫੂਕਾਂ ਮਾਰ ਕੇ ਇਹਨੂੰ ਤੇਜ਼ ਕੀਤਾ ਅਤੇ ਕਿਹਨੇ ਕਿਹਨੇ ਤੇਲ ਪਾ ਕੇ ਇਸ ਨੂੰ ਹੋਰ ਪ੍ਰਚੰਡ ਕੀਤਾ I ਸਿਰਫ ਕੁਝ ਚਲਦੇ ਫਿਰਦੇ ਜੁਮਲਿਆਂ ਤੋਂ ਸਿਵਾ ਫਿਲਮ ਵਿਚ ਕਿਤੇ ਵੀ ਇਨਹਾਂ ਅਹਿਮ ਸੁਆਲਾਂ ਨੂੰ ਬੁਲੰਦ ਆਵਾਜ਼ ' ਚ ਨਹੀਂ ਉਠਾਇਆ ਗਿਆ , ....ਜੁਮਲੇ , ਮਸਲਨ ਪਾਣੀਆਂ ਉੱਤੇ ਹੱਕ ਦਾ ਮਸਲਾ ਅਤੇ ਘੱਟ ਗਿਣਤੀਆਂ ਨਾਲ ਬਹੁ ਗਿਣਤੀ ਵੱਲੋਂ ਹੁੰਦੇ ਅਨਿਆਂ ਦਾ ਮਸਲਾ ( ਕਿਵੇਂ ਅਤੇ ਕਿਥੇ ...ਇਹ ਸ਼ਾਇਦ ਅਣਪਰਿਭਾਸ਼ਿਤ ਰਿਹਾ ਹਾਲਾਂ ਕੇ ਇਸ ਦਾ ਜ਼ਿਕਰ ਬੇਹਦ ਜਰੂਰੀ ਬਣਦਾ ਸੀ ) I ਫਿਲਮ ਦਾ ਕੇਂਦਰੀ ਕਿਰਦਾਰ ' ਬਾਗੀ ' ਕਰਤਾਰ ਸਿੰਘ ਇਨ੍ਹਾਂ ਮਸਲਿਆਂ ਦਾ ਜ਼ਿਕਰ ਕੈਨੇਡਾ ਤੋਂ ਆਪਣੀ ਪੀ ਐਚ ਡੀ ਦੀ ਥੀਸਿਸ ਦੇ ਸਿਲਸਿਲੇ ਚ ਆਈ ਸ਼ਰਨ ਨਾਲ ਹੋਈ ਗੱਲ ਬਾਤ ਵਿਚ ਕਰਦਾ ਹੈ I ਘੱਟ ਗਿਣਤੀਆਂ ਦਾ ਜ਼ਿਕਰ ਇੱਕ ਵਾਰ ਫਿਰ ਓਦੋਂ ਵੀ ਚੱਲਦਾ ਹੈ ਜਦੋਂ ਸ਼ਰਨ ਦਾ ਦੋਸਤ ਕਰਨ , ਕਰਤਾਰ ਕੋਲੋਂ , ਬੱਸਾਂ ਚੋਂ ਲਾਹ ਲਾਹ ਮਾਰੇ ਗਏ ਲੋਕਾਂ ਬਾਰੇ ਸੁਆਲ ਕਰਦਾ ਹੈ I ਇਨ੍ਹਾਂ ਜ਼ਿਕਰਾਂ ਨੂੰ ਛੱਡ ਕੇ ਨਾਂ ਤਾਂ ਆਂ ਕਿਤੇ OBS ਤੋਂ ਪਹਿਲਾਂ ਦੇ ਦੌਰ ਦਾ ਜ਼ਿਕਰ ਚੱਲਿਆ ਨਾਂ ਹੀ OBS ਦਾ ਅਤੇ ਨਾਂ ਹੀ 84 ਦੇ ਦੰਗਿਆਂ ਦਾ ਅਤੇ ਨਾਂ ਹੀ ਜਿਆਦਾ ਓਨਹਾਂ ਸਿਆਸੀ ਧਿਰਾਂ ਦਾ ਜਿਹੜੀਆਂ ਅੱਗ ਭੜਕਾ ਦੂਰ ਖੜੀਆਂ ਲਪਟਾਂ ਦਾ ਨਜ਼ਾਰਾ ਲੈਂਦੀਆਂ ਰਹੀਆਂ I ------ ਬਾਕੀ ਸਾਰੀ ਫਿਲਮ ਤਾਂ ਬਸ ਕਿਰਿਆਵਾਂ ਪ੍ਰਤੀਕਿਰਿਆਵਾਂ ਦੀ ਇੱਕ ਲੰਬੀ ਲੜੀ ਸੀ ...ਆਤੰਕਵਾਦਾਂ ਦੁਆਲੇ ਘੁਮਦੀ ਹੋਈ ....ਦੋਵੇਂ ਕਿਸਮ ਦੇ ਆਤੰਕਵਾਦਾਂ ਦੁਆਲੇ--- ਭਾਵੇਂ ਓਹ ਰਾਜ ਸੱਤਾ ਵੱਲੋਂ ਚਲਾਇਆ ਜਾ ਰਿਹਾ ਹੋਵੇ ਭਾਵੇਂ ਖਾੜਕੂਆਂ ਵੱਲੋਂ I ਕਿਵੇਂ ਕਿਵੇਂ ਪੁਲਸ ਮੁਕ਼ਾਬਲੇ ਬਣਾਏ ਗਏ , ਕਿਵੇਂ ਕਿਵੇਂ ਰਾਜ ਸੱਤਾ ਵੱਲੋਂ ਚਲਾਏ ਦਮਨ ਚੱਕਰਾਂ ਨੇੰ ਖਾੜਕੂ ਪੈਦਾ ਕੀਤੇ , ਕਿਵੇਂ ਕਿਵੇਂ ਰਾਜ ਸੱਤਾ ਨੇੰ ਕਾਲੀਆਂ ਬਿੱਲੀਆਂ ਪੈਦਾ ਕੀਤੀਆਂ ਅਤੇ ਕਿਵੇ ਕਿਵੇਂ ਖਾੜਕੂਆਂ ਰਾਜ ਸੱਤਾ ਵਿਚ ਸੰਨ ਲਾਈ ਵਗੈਰਾ ਵਗੈਰਾ I
....... ਫਿਲਮ ਦੇ ਪਾਤਰ ਵੀ ਓਹ ਜਿਨ੍ਹਾਂ ਨੂੰ ਓਹ ਦੌਰ ਆਪਣੇ ਵਿਚ ਵਿਚਰਦਾ ਵੇਖਦਾ ਰਿਹਾ ਜਾਂ ਹੁਣ ਵੀ ਵੇਖ ਰਿਹਾ ਹੈ ...ਹਵਾਰਾ .ਗਿੱਲ , ਸੈਣੀ , ਗੋਬਿੰਦ ਰਾਮ ,ਬੇਅੰਤ ਸਿੰਘ ਵਗੈਰਾ ਵਗੈਰਾ I ਜਦੋਂ ' ਕੜਿਆਂ ਵਾਲਾ ਥਾਣੇਦਾਰ ' ਸਕਰੀਨ ਉੱਤੇ ਆਇਆ ਇੱਕ ਬੜੀ ਖੂਬਸੂਰਤ ਟਿੱਪਣੀ ਨੇੜਿਓਂ ਹੀ ਉਭਰੀ... , " ਇਨ੍ਹੇਂ ਤਾਂ ਨਕਸਲੀ ਲਹਿਰ ਵੇਲੇ ਵੀ ਚੁਣ ਚੁਣ ਕੇ ਮਾਰੇ ਸੀ .. ਓਦੋਂ ਅਕਾਲੀਆਂ ਦੀ ਸਰਕਾਰ ਸੀ ... ਐਹੋ ਜਿਹੇ ਦਾ ਕੀ ਐ ਇਨ੍ਹਾਂ ਨੂੰ ਤਾਂ ਆਪਣੇ ਮੋਢੇ ਭਾਰੇ ਚਾਹੀਦੇ ਨੇੰ ... ਸਰਕਾਰ ਕੋਈ ਵੀ ਹੋਵੇ ਇਨਹਾਂ ਤਾਂ ਬੂਟ ਖੜਕਾ , ਅੱਡੀਆਂ ਚੱਕ ਸਲੂਟ ਹੀ ਮਾਰਣਾ ਹੁੰਦਾ ਹੈ
...... ਫਿਲਮ ਵੇਖਦਿਆਂ ਵੇਖਦਿਆਂ , ਧਿਆਨ ,ਮੱਲੋ ਜੋਰੀ , ਗੁਲਜ਼ਾਰ ਦੀ, 'ਮਾਚਿਸ ' ਵੱਲ ਮੁੜ ਗਿਆ ਅਤੇ ਉਥੋਂ ਹੁੰਦਾ ਹੁੰਦਾ ਗੋਵਿੰਦ ਨਿਹਲਾਨੀ ਦੀ ' ਤਮਸ ' ਅਤੇ ' ਪਾਰਟੀ ' ਉੱਤੇ ... ਮੌਜੂਦਾ ਦੌਰ ਦੀਆਂ ਕੁਝ ਹੋਰ ਫਿਲਮਾਂ ਉੱਤੇ ਵੀ ਜਿਨ੍ਹਾਂ ਨੇੰ ਰਾਜ ਤੰਤਰ ਦੇ ਡੱਟ ਕੇ ਬਖੀਏ ਉਧੇੜੇ I ' ਸਾਡਾ ਹੱਕ ' ਲੈ ਦੇ ਕੇ ਗੁਲਜ਼ਾਰ ਦੀ ' ਮਾਚਿਸ ' ਦਾ ਰੀਮੇਕ ਜਿਹੀ ਹੀ ਲੱਗੀ .. ਓਨੀਂ ਹੀ ਰੋਮਾਂਸਵਾਦ ਨਾਲ ਭਰੀ ਹੋਈ ...ਫਰਕ਼,ਬਸ ਉੰਨੀ ਇੱਕੀ ਦਾ I ਸੋਚ ਰਿਹਾ ਸਾਂ , ਕਾਸ਼ !! ਕਿਤੇ ਸੰਤਾਪੇ ਦਿਨਾਂ ਨੂੰ, ਨਿਹਲਾਨੀ ਪਰਦੇ ਉੱਤੇ ਖਿਚ ਲਿਆਉਂਦਾ , ਓਵੇਂ ਹੀ ਜਿਵੇਂ ਓਹ 1947 ਨੂੰ ' ਤਮਸ ਦੇ ' ਜਰੀਏ ਪਰਦੇ ਉੱਤੇ ਖਿਚ ਲਿਆਇਆ ਸੀ ਜਾਂ ਜਿਵੇਂ ਉਸ ਨੇੰ ' ਪਾਰਟੀ ' ਰਾਹੀਂ ਮੌਜੂਦਾ ਰਾਜ ਤੰਤਰ ਦੇ ਜੜੀਂ ਸੱਟ ਮਾਰੀ ਸੀ I ਸਟੇਟ ਜੇ ਕਰ ਪਾਬੰਦੀ ਲਾਉਣਾ ਮੁਨਾਸਿਬ ਸਮਝਦੀ ਹੀ ਸੀ ਤਾਂ ਤਮਸ ਜਾਂ ਪਾਰਟੀ ਵਰਗੀਆਂ ਫਿਲਮਾਂ ਉੱਤੇ ਪਾਬੰਦੀ ਲਾਉਂਦੀ
.......ਕੁਝ ਵੀ ਹੋਵੇ ਪੰਜਾਬੀ ਸਿਨਮਾ ਉਸ ਦੌਰ ਚੋਂ ਬਾਹਰ ਨਿੱਕਲ ਰਿਹਾ ਹੈ ਜਦੋਂ ਫਿਲਮਾਂ ਦੇ ਨਾਂ ਉੱਤੇ ਸਾਡੇ ਕੋਲ , ਜੱਟ ਅਤੇ ਜੱਟੀ ਜਾਂ ਜੱਟ ਦਾ ਬਦਲਾ ਜਿਹੇ ਮੌਜ਼ੂ ਹੀ ਹੁੰਦੇ ਸਨ I ਹੁਣ ਤਾਂ , ਅੰਨੇ ਘੋੜੇ ਦਾ ਦਾਨ , ਕਿਤੇ ਤਾਂ ਮਾਹੀ ਮਿਲ ਵੇ , ਨਾਬਰ ਅਤੇ ਸਾਡਾ ਹੱਕ ਜਿਹੀਆਂ ਫਿਲਮਾਂ ਹਵਾ ਚ ਹਲਕੀ ਹਲਕੀ ਖੁਸ਼ਬੂ ਫੈਲਾ ਰਹੀਆਂ ਹਨ ... ਇਨ੍ਹਾਂ ਨੂੰ ਖੁਸ਼ ਆਮਦੀਦ ਕਹਿਣਾ ਸਾਡਾ ਫਰਜ਼ ਬਣਦਾ ਹੈ I
....... ਫਿਲਮ ਦੇ ਅੰਤ ਵਿਚ ਅਗਲੀਆਂ ਕਤਾਰਾਂ ਚੋਂ ਇੱਕ ਦੋ ਨਾਹਰੇ ਲੱਗੇ ਅਤੇ ਫਿਰ ਲਾਈਟ ਆਉਟ I ਬਾਹਰ ਆਉਂਦੇ ਹੋਏ ਸੋਚ ਰਹੇ ਸਾਂ ..ਐਨੇ ਪੈਸਿਆਂ ਚ ਦੋ ਤਿੰਨ ਘੰਟੇ AC ਦੀ ਠੰਡ ਮਾਣ ਲੈਣੀ, ਸਾਥੀਆਂ ਮਿੱਤਰਾਂ ਨਾਲ ਕੁਝ ਆਉਟਿੰਗ ਕਰ ਲੈਣੀ ਅਤੇ ਦਿਮਾਗੀ ਕੰਮ ਧੰਦੇ ਲਈ ਕੁਝ ਸੁਆਲ ਖਰੀਦ ਲੈਣੇ , ਕੋਈ ਘਾਟੇ ਵਾਲਾ ਸੌਦਾ ਨਹੀਂ I

No comments: