Saturday, May 04, 2013

ਮਾਮਲਾ ਰੇਲਵੇ ਵਿੱਚ ਦੋ ਕਰੋੜ ਰੁਪਏ ਦੀ ਰਿਸ਼ਵਤ ਦਾ

ਰੇਲਵੇ ਨੂੰ ਘਾਟੇ ਦਾ ਰੌਲਾ ਪਾਉਣ ਵਾਲੇ ਇਹਨਾਂ "ਡਾਕਿਆਂ" ਨੂੰ ਕਦੋਂ ਰੋਕਣਗੇ ?
ਰੋਜ਼ਾਨਾ ਜਗ ਬਾਣੀ 'ਚ ਪ੍ਰਕਾਸ਼ਿਤ ਖਬਰ
ਜਿਹਨਾਂ ਸੁਪਨਿਆਂ ਦਾ ਦੇਸ਼ ਬਣਾਉਣ ਲਈ ਅਨਗਿਣਤ ਕੁਰਬਾਨੀਆਂ ਹੋਈਆਂ, ਅਨੇਕ ਅੰਦੋਲਨ ਚੱਲੇ, ਬੇਸ਼ੁਮਾਰ ਕੋਸ਼ਿਸ਼ਾਂ ਹੋਈਆਂ ਓਹ ਸੁਪਨੇ ਅਜੇ ਵੀ ਸਾਕਾਰ ਹੁੰਦੇ ਨਜਰ ਨਹੀਂ ਆ ਰਹੇ। ਹੁਣ ਫੇਰ ਖਬਰ ਆਈ ਹੈ ਰਿਸ਼ਵਤਖੋਰੀ ਦੀ। ਇਸ ਵਾਰ ਸਾਹਮਣੇ ਆਇਆ ਹੈ ਕੇਂਦਰੀ ਰੇਲ ਮੰਤਰੀ ਦੇ ਭਾਣਜੇ ਦਾ ਨਾਮ।   ਰੇਲ ਮੰਤਰੀ ਪਵਨ ਬਾਂਸਲ ਦਾ ਭਾਣਜਾ ਰਿਸ਼ਵਤ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰਿਸ਼ਵਤ ਵੀ ਮਾੜੀ ਮੋਟੀ ਨਹੀਂ ਪੂਰੇ ਨੱਬੇ ਲੱਖ ਰੁਪਏ ਦੀ। ਤੇ ਇਹ ਨੱਬੇ ਲੱਖ ਵੀ ਫਿਕਸ ਕੀਤੇ ਗਏ ਸੌਦੇ ਤੋਂ ਮਸਾਂ ਅਧੀ ਰਕਮ।
ਨਵੀਂ ਦਿੱਲੀ ਤੋਂ ਕਲ੍ਹ 3 ਮਈ 2013 ਨੂੰ ਹੀ ਨਿਕਲੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਖਬਰ ਮੁਤਾਬਿਕ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਕੇਂਦਰੀ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਦੇ ਭਾਣਜੇ ਵਿਜੈ ਸਿੰਗਲਾ ਨੂੰ ਰੇਲਵੇ ਬੋਰਡ ਦੇ ਇਕ ਮੈਂਬਰ ਪਾਸੋਂ 90 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਗਿਆ। ਇਸ ਕੇਸ ਵਿਚ ਜਿਨ੍ਹਾਂ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਨ੍ਹਾਂ ਵਿਚ ਵਿਜੈ ਸਿੰਗਲਾ ਤੋਂ ਇਲਾਵਾ ਰੇਲਵੇ ਬੋਰਡ ਦੇ ਮੈਂਬਰ (ਸਟਾਫ) ਮਹੇਸ਼ ਕੁਮਾਰ  ਵੀ ਸ਼ਾਮਲ ਹਨ।

ਇਸ ਘਟਨਾ ਨਾਲ ਸ਼ਰਮ ਭਾਵੇਂ ਕਿਸੇ ਨੂੰ ਵੀ ਨਾ ਆਈ ਹੋਵੇ ਪਰ ਕੁਝ ਕੁ ਸਮੇਂ ਲਈ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਜਰੂਰ ਹੋ ਗਿਆ 
ਸੀਬੀਆਈ ਦੇ ਸੀਨੀਅਰ ਅਫਸਰਾਂ ਨੇ ਦੱਸਿਆ ਹੈ ਕਿ ਸ੍ਰੀ ਬਾਂਸਲ ਦੇ ਭਾਣਜੇ ਵਿਜੈ ਸਿੰਗਲਾ ਨੂੰ ਚੰਡੀਗੜ੍ਹ ਵਿੱਚੋਂ ਮੰਜੂਨਾਥ ਨਾਮੀ ਵਿਅਕਤੀ ਪਾਸੋਂ 90 ਲੱਖ ਰੁਪਏ ਲੈਂਦਿਆਂ ਕਾਬੂ ਕੀਤਾ ਗਿਆ। ਕਾਬਿਲੇ ਜ਼ਿਕਰ ਹੈ ਕਿ ਮੰਜੂਨਾਥ ਨੂੰ ਇਹ ਰਕਮ ਦੇ ਕੇ ਸਿੰਗਲਾ ਕੋਲ ਮਹੇਸ਼ ਕੁਮਾਰ ਨਾਮੀ ਇੱਕ ਅਫਸਰ ਨੇ ਭੇਜਿਆ ਸੀ। ਉਹੀ ਮਹੇਸ਼ ਕੁਮਾਰ ਜਿਸਨੂੰ ਹਾਲ ਹੀ ਵਿਚ ਤਰੱਕੀ ਦੇ ਕੇ ਰੇਲਵੇ ਬੋਰਡ ਦਾ ਮੈਂਬਰ (ਸਟਾਫ) ਬਣਾਇਆ ਗਿਆ ਸੀ। ਤਰੱਕੀ ਨਾਲ ਤਸੱਲੀ ਨਹੀਂ ਹੋਈ ਸੋ ਅਗਲਾ ਨਿਸ਼ਾਨਾ ਕੋਈ ਹੋਰ ਵਧੇਰੇ ਲਾਹੇਵੰਦੀ ਕੁਰਸੀ ਵਾਲਾ ਬਣ ਗਿਆ। ਹੁਣ ਉਹ ਜ਼ਿਆਦਾ ਫਾਇਦੇਮੰਦ ਮੈਂਬਰ (ਇਲੈਕਟ੍ਰੀਕਲ) ਦੇ ਅਹੁਦੇ ਦਾ ਚਾਹਵਾਨ ਸੀ। ਇਹ ਅਹੁਦਾ ਲੈਣ ਲਈ ਹੀ ਉਸ ਨੇ ਮੰਜੂਨਾਥ ਰਾਹੀਂ 90 ਲੱਖ ਰੁਪਏ ਭੇਜੇ। ਇਹ ਸੌਦਾ ਸਿਰੇ ਚਾੜ੍ਹਨ ਵਾਲੇ ਸੰਦੀਪ ਗੋਇਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹ ਵਿਜੈ ਦਾ ਕਰੀਬੀ ਦੋਸਤ ਹੈ।
ਸੀਬੀਆਈ ਨੇ ਪਹਿਲਾਂ ਸੂਹ ਦੇ ਆਧਾਰ ‘ਤੇ ਵਿਜੈ ਸਿੰਗਲਾ ਤੋਂ ਪੁਛਗਿੱਛ ਕੀਤੀ ਅਤੇ ਫਿਰ ਚੰਡੀਗੜ੍ਹ ਦੇ ਸੈਕਟਰ 16 ਤੇ ਸੈਕਟਰ 28 ਵਿੱਚ ਸਥਿਤ ਘਰਾਂ ਅਤੇ ਕਾਰੋਬਾਰੀ ਠਿਕਾਣਿਆਂ ‘ਤੇ ਛਾਪੇ ਮਾਰੇ ਗਏ। ਜ਼ਿਕਰਯੋਗ ਹੈ ਕਿ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਲੋਕ ਸਭਾ ਵਿਚ ਚੰਡੀਗੜ੍ਹ ਦੀ ਨੁਮਾਇੰਦਗੀ ਕਰਦੇ ਹਨ ਅਤੇ ਉਨ੍ਹਾਂ ਦਾ ਨਿਵਾਸ ਸੈਕਟਰ 28 ਵਿਚ ਹੈ। ਸੀਬੀਆਈ ਪਿਛਲੇ ਕੁਝ ਦਿਨਾਂ ਤੋਂ ਮਹੇਸ਼ ਕੁਮਾਰ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖਦੀ ਆ ਰਹੀ ਸੀ। ਉਸ ਦੀਆਂ ਫੋਨ ਕਾਲਾਂ ਵੀ ਟੈਪ ਕੀਤੀਆਂ ਜਾ ਰਹੀਆਂ ਸਨ। ਮਹੇਸ਼ ਕੁਮਾਰ ਪਹਿਲਾਂ ਪੱਛਮੀ ਰੇਲਵੇ ਦਾ ਜਨਰਲ ਮੈਨੇਜਰ ਸੀ। ਉਸ ਨੂੰ ਹਾਲ ਹੀ ਵਿਚ ਰੇਲਵੇ ਬੋਰਡ ਦੇ ਮੈਂਬਰ ਵਜੋਂ ਤਰੱਕੀ ਮਿਲੀ ਸੀ ਤੇ ਇਹ ਰੁਤਬਾ ਭਾਰਤ ਸਰਕਾਰ ਦੇ ਸਕੱਤਰ ਦੇ ਅਹੁਦੇ ਦੇ ਬਰਾਬਰ ਹੁੰਦਾ ਹੈ। ਗੱਲ ਉਹੀ ਹੋਈ ਨ ਕੁੱਤਾ ਰਾਜ ਗੱਡੀ ਤੇ ਵੀ ਬੈਠ ਜਾਵੇ ਤਾਂ ਚੱਕੀ ਚੱਟਣ ਵਾਲੇ ਕੰਮ ਹੀ ਕਰਦਾ ਹੈ।
ਇਨ੍ਹਾਂ ਛਾਪਿਆਂ ਅਤੇ ਵਿਜੈ ਸਿੰਗਲਾ ਦੀ ਗ੍ਰਿਫਤਾਰੀ ਦੀ ਖ਼ਬਰ ਫੈਲਦਿਆਂ ਹੀ ਸ਼ਰਮ ਦੇ ਮਾਰੇ ਕੇਂਦਰੀ ਮੰਤਰੀ ਸ੍ਰੀ ਬਾਂਸਲ ਨੇ ਆਪਣਾ ਮੋਬਾਈਲ ਫੋਨ ਬੰਦ ਕਰ ਦਿੱਤਾ। ਉਨ੍ਹਾਂ ਦੇ ਸਹਿਯੋਗੀਆਂ ਨੇ ਮਾਮਲੇ ਬਾਰੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਕਾਂਗਰਸ ਦੇ ਤਰਜਮਾਨ ਸੱਤਿਆਵ੍ਰਤ ਚਤੁਰਵੇਦੀ ਨੇ ਸਿਰਫ ਏਨਾ ਹੀ ਕਿਹਾ ਕਿ ਜੋ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ, ਪਾਰਟੀ ਉਸ ਵਿਚ ਕੋਈ ਦਖ਼ਲ ਨਹੀਂ ਦੇਵੇਗੀ। ਕਿੰਨਾ ਚੰਗਾ ਹੁੰਦਾ ਜੇ ਸ਼੍ਰੀ ਬਾਂਸਲ ਇਸ ਅਹੁਦੇ ਤੋਂ ਤੁਰੰਤ ਅਸਤੀਫਾ ਵੀ ਦੇ ਦੇਂਦੇ। ਘਟੋਘੱਟ ਉਹਨਾਂ ਦੀ ਇਜ਼ੱਤ ਇਸ ਨਾਲ ਵਧ ਹੀ ਜਾਣੀ ਸੀ ਘਟਣੀ ਨਹੀਂ ਸੀ। ਹੁਣ ਡਾਕਟਰ ਮਨਮੋਹਨ ਸਿੰਘ ਦੀ ਇਮਾਨਦਾਰੀ ਵਾਲੀ ਸਾਖ ਦਾ ਢੰਡੋਰਾ ਪਿੱਟਣ ਪੂਰੀ ਯੂ ਪੀ ਏ ਸਰਕਾਰ ਤੇ ਇੱਕ ਵਾਰ ਫੇਰ ਸੁਆਲੀਆ ਨਿਸ਼ਾਨ ਲੱਗ ਗਿਆ ਹੈ। ਲੋਕ ਪੁਛ ਰਹੇ ਹਨ ਅਜਿਹੇ ਹੋਰ ਕਿੰਨੇ ਕੁ ਮਾਮਲੇ ਹਨ ? ਕਿਸ ਕਿਸ ਮੰਤਰਾਲੇ ਵਿੱਚ ਹਨ? ਕਿਸ ਕਿਸ ਸ਼ਹਿਰ ਵਿੱਚ ਹਨ?

ਜਿਸ ਮੰਤਰਾਲੇ ਵਿੱਚ ਏਨੀ ਵੱਡੀ ਪਧਰ ਤੇ ਖੁਦ ਕੇਂਦਰੀ ਮੰਤਰੀ ਦੇ ਨੇੜਲੇ ਰਿਸ਼ਤੇਦਾਰ ਹੀ ਰਿਸ਼ਵਤਾਂ ਖਾ ਰਹੇ ਹੋਣ ਉਸ ਵਿੱਚ ਘਾਟਾ ਹੀ ਪੈ ਸਕਦਾ ਹੈ ਤੇ ਉਹ ਘਾਟਾ ਪੂਰਾ ਕਰਨ ਲਈ ਆਮ ਲੋਕਾਂ ਤੇ ਟੈਕਸ ਹੀ ਲੱਗ ਸਕਦੇ ਹਨ। ਜਿਸ ਦੇਸ਼ ਵਿੱਚ ਅਹੁਦੇ ਇਸ ਤਰ੍ਹਾਂ ਕਾਬਲੀਅਤ ਨੂੰ ਦਰਕਿਨਾਰ ਕਰਕੇ ਵਿਕਦੇ ਹੋਣ ਉਥੇ ਬੇਚੈਨੀ ਹੀ ਫੈਲ ਸਕਦੀ ਹੈ ਤੇ ਜਿਥੇ ਬੇਚੈਨੀ ਫੈਲਦੀ ਹੈ ਉਥੇ ਅੱਤਵਾਦ, ਦਹਿਸ਼ਤਗਰਦੀ ਅਤੇ ਵਿਦੇਸ਼ੀ ਹੱਥਾਂ ਲਈ  ਰਾਹ ਆਪਣੇ ਆਪ ਸੁਖਾਲਾ ਹੋ ਜਾਂਦਾ ਹੈ। ਹੁਣ ਦੇਖਣਾ ਇਹ ਹੈ ਕਿ ਇਮਾਨਦਾਰ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇਸ ਮਾਮਲੇ ਵਿੱਚ ਕੀ ਐਕਸ਼ਨ ਲੈਂਦੀ ਹੈ। ---ਰੈਕਟਰ ਕਥੂਰੀਆ 

No comments: