Wednesday, May 08, 2013

'ਮੁੱਲ ਵਿਕਦਾ ਸੱਜਣ ਮਿਲ ਜਾਵੇ, ਲੈ ਲਵਾਂ ਮੇਂ ਜਿੰਦ ਵੇਚ ਕੇ'

ਪ੍ਰਾਣ ਦੀ ਅਦਾਕਾਰੀ ਤੇ ਸ਼ਮਸ਼ਾਦ ਦੀ ਆਵਾਜ਼ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਸੀ
ਪਿਛਲੇ ਹਫ਼ਤੇ 2 ਫ਼ਿਲਮੀ ਕਲਾਕਾਰ ਮੀਡੀਆ ਦੀਆਂ ਸੁਰਖ਼ੀਆਂ 'ਚ ਛਾਏ ਰਹੇ। ਇਕ 93 ਸਾਲਾ ਅਭਿਨੇਤਾ ਪ੍ਰਾਣ ਅਤੇ ਦੂਜੀ 94 ਸਾਲਾ ਸ਼ਮਸ਼ਾਦ ਬੇਗਮ। ਇਕ ਅਭਿਨੇਤਾ ਪ੍ਰਾਣ ਜਦੋਂ ਪਰਦੇ 'ਤੇ ਆਉਂਦਾ ਤਾਂ ਦਰਸ਼ਕ ਕੰਬਣ ਲੱਗਦੇ ਅਤੇ ਦੂਜੀ ਗਾਇਕਾ, ਜਿਸ ਨੇ ਆਪਣੇ ਸਰੋਤਿਆਂ ਦੇ ਕੰਨਾਂ 'ਚ ਆਪਣੀ ਸੁਰੀਲੀ ਆਵਾਜ਼ ਨਾਲ ਮਿਸ਼ਰੀ ਘੋਲ ਦਿੱਤੀ। 
ਅਭਿਨੇਤਾ ਪ੍ਰਾਣ ਨੂੰ ਭਾਰਤ ਸਰਕਾਰ ਨੇ ਕਲਾ ਦੇ ਖੇਤਰ 'ਚ ਪਾਏ ਯੋਗਦਾਨ ਦੇ ਮੱਦੇਨਜ਼ਰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕੀਤਾ ਤੇ ਦੂਜੀ ਸੁਰਾਂ ਦੀ ਰਾਣੀ ਸ਼ਮਸ਼ਾਦ ਬੇਗਮ ਸਦਾ ਲਈ ਮੌਤ ਦੀ ਬੁੱਕਲ 'ਚ ਸੌਂ ਗਈ। ਪ੍ਰਾਣ ਨੂੰ ਭਾਰਤ ਸਰਕਾਰ ਨੇ ਇਹ ਐਵਾਰਡ ਉਦੋਂ ਦਿੱਤਾ, ਜਦੋਂ ਉਨ੍ਹਾਂ ਲਈ ਇਸ ਐਵਾਰਡ 'ਤੇ ਖੁਸ਼ ਹੋਣ ਦਾ ਸਮਾਂ ਹੀ ਨਹੀਂ ਰਿਹਾ ਤੇ ਲੱਗਭਗ ਇਹੋ ਹਾਲ ਸ਼ਮਸ਼ਾਦ ਬੇਗਮ ਦਾ ਵੀ ਹੋਇਆ ਪਰ ਉਹ ਵਿਚਾਰੀ ਤਾਂ ਚੁੱਪਚਾਪ ਆਪਣੀ ਗਾਇਨ ਕਲਾ ਨੂੰ ਸਮੇਟ ਕੇ ਤੁਰਦੀ ਬਣੀ। 
ਪ੍ਰਾਣ ਨਾਂ ਸੀ ਖੌਫ਼ ਦਾ। ਫ਼ਿਲਮ 'ਮਧੂਮਤੀ' ਹੋਵੇ ਜਾਂ 'ਦਿਲ ਦੀਆ ਦਰਦ ਲੀਆ' ਜਾਂ 'ਰਾਮ ਔਰ ਸ਼ਾਮ'¸ਪ੍ਰਾਣ ਨੇ ਖ਼ਲਨਾਇਕ ਦੇ ਰੂਪ 'ਚ ਆਪਣੀ ਭਰਪੂਰ ਛਾਪ ਛੱਡੀ। ਬਿਹਾਰੀ ਧੋਤੀ-ਕੁੜਤੇ 'ਚ ਅਭਿਨੇਤਾ ਦਿਲੀਪ ਕੁਮਾਰ ਨੂੰ ਪ੍ਰਾਣ ਵਲੋਂ ਕੋੜੇ ਮਾਰਨ ਉਤੇ ਵੀ ਦਰਸ਼ਕ ਫ਼ਿਦਾ ਸਨ। ਦਿਲੀਪ ਕੁਮਾਰ ਐਕਟਿੰਗ ਸਮਰਾਟ ਹੋ ਕੇ ਵੀ ਪ੍ਰਾਣ ਅੱਗੇ 'ਦੱਬੂ' ਨਜ਼ਰ ਆਏ।
ਰਾਜ ਕਪੂਰ ਦੀ ਫ਼ਿਲਮ 'ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ' ਵਿਚ ਜੇ ਪ੍ਰਾਣ 'ਰਾਕਾ' ਦੀ ਭੂਮਿਕਾ 'ਚ ਨਾ ਹੁੰਦੇ ਤਾਂ ਰਾਜ ਕਪੂਰ ਇਕ ਵਾਰ ਫਿਰ 'ਮੇਰਾ ਨਾਮ ਜੋਕਰ' ਵਾਲੀ ਨਾਕਾਮੀ 'ਚ ਗੁਆਚ ਜਾਂਦੇ। ਪ੍ਰਾਣ ਦੀ ਸਜੀਵ ਐਕਟਿੰਗ ਨੇ ਰਾਜ ਕਪੂਰ ਦੀ ਇਸ ਫ਼ਿਲਮ ਨੂੰ ਇਤਿਹਾਸਿਕ ਭੂਮਿਕਾ ਪ੍ਰਦਾਨ ਕੀਤੀ। 
ਪ੍ਰਾਣ ਦਾ ਹੱਥ ਵਾਰ-ਵਾਰ ਆਪਣੀ ਕਮੀਜ਼ ਦੇ ਕਾਲਰ 'ਤੇ ਜਾਂਦਾ ਸੀ ਤੇ ਉਨ੍ਹਾਂ ਦਾ ਇਹੋ ਸਟਾਈਲ ਦਰਸ਼ਕਾਂ ਨੂੰ ਪਸੰਦ ਸੀ। ਕਿਹੜਾ ਲੇਖਕ ਪ੍ਰਾਣ ਦੀਆਂ 400 ਫ਼ਿਲਮਾਂ ਦਾ ਜ਼ਿਕਰ ਕਰੇ? ਪ੍ਰਾਣ 400 ਫ਼ਿਲਮਾਂ 'ਚ ਕੰਮ ਨਾ ਵੀ ਕਰਦੇ, ਸਿਰਫ਼ 'ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ', 'ਉਪਕਾਰ' ਤੇ 'ਜ਼ੰਜੀਰ' ਹੀ ਕਰਦੇ ਤਾਂ ਵੀ ਫ਼ਿਲਮ ਉਦਯੋਗ 'ਚ ਅਮਰ ਹੋ ਜਾਂਦੇ। 
ਮਨੋਜ ਕੁਮਾਰ ਦੀ ਫ਼ਿਲਮ 'ਉਪਕਾਰ' ਵਿਚ ਪ੍ਰਾਣ ਵਲੋਂ ਨਿਭਾਇਆ ਮਲੰਗ ਚਾਚੇ ਦਾ ਕਿਰਦਾਰ ਦੁਨੀਆ ਭਰ ਦੇ ਦਰਸ਼ਕਾਂ ਦੀ ਹਮਦਰਦੀ ਖੱਟ ਗਿਆ। ਫਿਰ ਆਈ ਸ਼ਕਤੀ ਸਾਮੰਤ ਦੀ ਫ਼ਿਲਮ 'ਜ਼ੰਜੀਰ'। ਜੇ ਇਹ ਫ਼ਿਲਮ ਨਾ ਆਉਂਦੀ ਤੇ ਇਸ ਫ਼ਿਲਮ 'ਚ ਪ੍ਰਾਣ ਨੇ ਪਠਾਨ ਦੇ ਰੂਪ 'ਚ ਸਹਾਇਕ ਭੂਮਿਕਾ ਨਾ ਨਿਭਾਈ ਹੁੰਦੀ ਤਾਂ ਅਮਿਤਾਭ ਬੱਚਨ 'ਬਾਂਬੇ ਟੂ ਗੋਆ' ਅਤੇ 'ਰੇਸ਼ਮਾ ਔਰ ਸ਼ੇਰਾ' ਫ਼ਿਲਮਾਂ ਦੀ ਅਸਫਲਤਾ ਦਾ ਸਿਹਰਾ ਪਹਿਨ ਕੇ ਫ਼ਿਲਮੀ ਪਰਦੇ ਨੂੰ ਸ਼ਾਇਦ ਅਲਵਿਦਾ ਹੀ ਕਹਿ ਜਾਂਦੇ। ਪ੍ਰਾਣ ਦੀ ਭੂਮਿਕਾ ਨਾਲ ਅਮਿਤਾਭ ਬੱਚਨ ਨੂੰ 'ਜ਼ੰਜੀਰ' ਫ਼ਿਲਮ ਤੋਂ ਨਵਾਂ ਜੀਵਨ ਮਿਲਿਆ। 
ਪ੍ਰਾਣ ਇਕ ਵਿਲੇਨ ਹੀ ਨਹੀਂ, ਸਗੋਂ 'ਨੰਨ੍ਹਾ ਫਰਿਸ਼ਤਾ', 'ਜੰਗਲ ਮੇਂ ਮੰਗਲ' ਤੇ 'ਧਰਮਾ' ਵਰਗੀਆਂ ਕਾਮਯਾਬ ਫ਼ਿਲਮਾਂ ਦੇ ਹੀਰੋ ਵੀ ਸਨ। 'ਆਂਸੂ ਬਨ ਗਏ ਫੂਲ', 'ਬੇਈਮਾਨ', 'ਵਿਕਟੋਰੀਆ ਨੰਬਰ-203' ਵਿਚ ਉਨ੍ਹਾਂ ਨੇ ਸਫਲ ਕਾਮੇਡੀਅਨ ਬਣ ਕੇ ਲੋਕਾਂ ਨੂੰ ਖ਼ੂਬ ਹਸਾਇਆ। ਪ੍ਰਾਣ ਦਾ ਅੰਦਾਜ਼ ਦਰਸ਼ਕਾਂ ਨੂੰ ਹਮੇਸ਼ਾ ਗੁਦਗੁਦਾਉਂਦਾ ਰਹੇਗਾ। ਸਿਗਰਟ ਦੇ ਲਗਾਤਾਰ ਕਸ਼ ਲਗਾਉਣਾ ਅਤੇ ਧੂੰਏਂ ਦੇ ਛੱਲੇ ਬਣਾਉਣਾ ਪ੍ਰਾਣ ਦਾ ਹੀ ਸਟਾਈਲ ਸੀ। ਅਜਿਹੇ ਅਭਿਨੇਤਾ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਮਿਲਣ 'ਤੇ ਹਾਰਦਿਕ ਸ਼ੁਭ-ਕਾਮਨਾਵਾਂ। 
ਸ਼ਮਸ਼ਾਦ ਬੇਗਮ 
ਹੁਣ ਗੱਲ ਕਰਦੇ ਹਾਂ ਸ਼ਮਸ਼ਾਦ ਬੇਗਮ ਦੀ, ਜਿਨ੍ਹਾਂ ਨੇ 23 ਅਪ੍ਰੈਲ 2013 ਨੂੰ 94 ਸਾਲ ਦੀ ਉਮਰ 'ਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦੀ ਮੌਤ ਗਾਇਕੀ ਦੇ ਖੇਤਰ 'ਚ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ। ਸ਼ਮਸ਼ਾਦ ਬੇਗਮ ਇਕ ਨਿਰਾਲੀ ਤੇ ਅਦਭੁੱਤ ਕਲਾਕਾਰ ਸੀ। ਮੁਸਲਿਮ ਪਰਿਵਾਰ 'ਚ ਪੈਦਾ ਹੋਈ ਇਹ ਗਾਇਕਾ ਦੁਨੀਆ ਦੇ ਮਹਾਨ ਗਾਇਕਾਂ ਨੂੰ ਮਾਤ ਦੇਣ ਵਾਲੀ ਸੀ। 
ਸ਼ਮਸ਼ਾਦ ਬੇਗਮ ਦੀ ਖਣਕਦੀ ਜਾਦੂਈ ਆਵਾਜ਼ ਲੱਖਾਂ ਦਿਲਾਂ 'ਤੇ ਅੱਜ ਵੀ ਰਾਜ ਕਰਦੀ ਹੈ। ਨੌਸ਼ਾਦ ਵਰਗੇ ਸੰਗੀਤਕਾਰ ਇਸ ਗਾਇਕਾ ਦੇ ਰਿਣੀ ਸਨ।  ਐੱਸ. ਡੀ. ਬਰਮਨ, ਸੀ. ਰਾਮਚੰਦਰਨ, ਓ. ਪੀ. ਨਈਅਰ ਆਦਿ ਸੰਗੀਤ ਨਿਰਦੇਸ਼ਕ ਸ਼ਮਸ਼ਾਦ ਦੀ ਆਵਾਜ਼ ਦੇ ਕਾਇਲ ਸਨ। ਆਪਣੇ ਵੇਲੇ ਦੀਆਂ ਪ੍ਰਸਿੱਧ ਗਾਇਕਾਵਾਂ ਨੂਰਜਹਾਂ, ਮੁਬਾਰਕ ਬੇਗਮ, ਸੁਰੱਈਆ, ਸੁਧਾ ਮਲਹੋਤਰਾ, ਗੀਤਾ ਦੱਤ ਅਤੇ ਅਮੀਰਬਾਈ ਕਰਨਾਟਕੀ ਨਾਲੋਂ ਸ਼ਮਸ਼ਾਦ ਬੇਗਮ ਦੀ ਆਵਾਜ਼ ਬਿਲਕੁਲ ਵੱਖਰੀ ਸੀ।
ਸੰਗੀਤ ਚਾਹੇ ਪੱਛਮੀ ਹੋਵੇ ਜਾਂ ਭਾਰਤੀ, ਸ਼ਮਸ਼ਾਦ ਬੇਗਮ ਨੂੰ ਹਰੇਕ ਸੰਗੀਤ 'ਚ ਗਾਉਣ ਦੀ ਮੁਹਾਰਤ ਹਾਸਿਲ ਸੀ। ਸੀ. ਰਾਮਚੰਦਰਨ ਵਲੋਂ ਬਣਾਏ ਪੱਛਮੀ ਗੀਤ ਦੇ ਬੋਲ ਉਦੋਂ ਸਭ ਦੀ ਜ਼ੁਬਾਨ 'ਤੇ ਸਨ¸'ਮੇਰੀ ਜਾਨ, ਮੇਰੀ ਜਾਨ ਸੰਡੇ ਕੇ ਸੰਡੇ' ਜਾਂ 'ਮੇਰੇ ਪੀਆ ਗਏ ਰੰਗੂਨ, ਵਹਾਂ ਸੇ ਕੀਆ ਹੈ ਟੈਲੀਫੂਨ.....'। 
ਸ਼ਮਸ਼ਾਦ ਬੇਗਮ ਨੇ ਬੰਗਾਲੀ, ਮਰਾਠੀ, ਗੁਜਰਾਤੀ, ਪੰਜਾਬੀ, ਹਿੰਦੀ ਆਦਿ ਸਾਰੀਆਂ ਭਾਸ਼ਾਵਾਂ 'ਚ ਗਾਣੇ ਗਾਏ। ਫ਼ਿਲਮ 'ਨਯਾ ਦੌਰ' ਦਾ ਗਾਣਾ 'ਰੇਸ਼ਮੀ ਸਲਵਾਰ ਕੁਰਤਾ ਜਾਲੀ ਕਾ', ਫ਼ਿਲਮ 'ਸੀ. ਆਈ. ਡੀ.' ਦਾ ਗਾਣਾ 'ਲੇ ਕੇ ਪਹਿਲਾ ਪਹਿਲਾ ਪਿਆਰ', ਫ਼ਿਲਮ 'ਕਿਸਮਤ' ਦਾ ਗਾਣਾ 'ਕਜਰਾ ਮੁਹੱਬਤ ਵਾਲਾ....', ਫ਼ਿਲਮ 'ਮੁਗਲੇ-ਆਜ਼ਮ' ਦਾ ਗਾਣਾ 'ਤੇਰੀ ਮਹਿਫਿਲ ਮੇਂ ਕਿਸਮਤ ਆਜ਼ਮਾ ਕਰ ਹਮ ਭੀ ਦੇਖੇਂਗੇ', ਫ਼ਿਲਮ 'ਆਰ-ਪਾਰ' ਦਾ ਗਾਣਾ 'ਕਭੀ ਆਰ ਕਭੀ ਪਾਰ ਲਾਗਾ ਤੀਰੇ ਨਜ਼ਰ' ਆਦਿ ਗੀਤ ਅੱਜ ਵੀ ਲੋਕਾਂ ਨੂੰ ਮੋਹ ਲੈਂਦੇ ਹਨ। ਇਸ ਤੋਂ ਇਲਾਵਾ ਸ਼ਮਸ਼ਾਦ ਬੇਗਮ ਨੇ ਜਿਹੜੇ ਪੰਜਾਬੀ ਗੀਤ ਗਾਏ, ਉਨ੍ਹਾਂ ਦਾ ਵੀ ਕੋਈ ਜਵਾਬ ਨਹੀਂ। ਸ਼ਮਸ਼ਾਦ ਦੇ ਗਾਏ ਕੁਝ ਸਦਾਬਹਾਰ ਪੰਜਾਬੀ ਗੀਤ ਹਨ¸
* 'ਛਨ ਛਨ ਕਰਦੀ ਗਲੀ ਵਿਚੋਂ ਲੰਘਦੀ 
ਵੇ ਮੇਰੇ ਸੱਜਣਾਂ ਦੀ ਡਾਚੀ ਬਦਾਮੀ ਰੰਗ ਦੀ' (ਫ਼ਿਲਮ 'ਕੌਡੇ ਸ਼ਾਹ')
* 'ਮੇਰੀ ਲਗਦੀ ਕਿਸੇ ਨਾ ਵੇਖੀ ਤੇ ਟੁੱਟਦੀ ਨੂੰ ਜਗ ਜਾਣਦਾ' (ਫ਼ਿਲਮ 'ਲੱਛੀ')
* 'ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਹੀਓਂ ਬਹਿੰਦੀ' (ਫ਼ਿਲਮ 'ਦੋ ਲੱਛੀਆਂ')
* 'ਲੰਮਾ ਲੰਮਾ ਬਾਜਰੇ ਦਾ ਸਿੱਟਾ, ਰੰਗ ਦਾ ਮਾਹੀ ਚਿੱਟਾ.....' (ਫ਼ਿਲਮ 'ਯਮਲਾ ਜੱਟ')
* 'ਜੱਟ ਕੁੜੀਆਂ ਤੋਂ ਡਰਦਾ ਮਾਰਾ, ਮੋਢੇ ਉਤੇ ਡਾਂਗ ਰੱਖਦਾ' (ਫ਼ਿਲਮ 'ਭੰਗੜਾ')
* 'ਬੱਤੀ ਬਾਲ ਕੇ ਬਨੇਰੇ ਉਤੇ ਰੱਖਨੀ ਆਂ.....' (ਫ਼ਿਲਮ 'ਭੰਗੜਾ')
* 'ਮੁੱਲ ਵਿਕਦਾ ਸੱਜਣ ਮਿਲ ਜਾਵੇ, ਲੈ ਲਵਾਂ ਮੇਂ ਜਿੰਦ ਵੇਚ ਕੇ' (ਫ਼ਿਲਮ 'ਭੰਗੜਾ')
ਸ਼ਮਸ਼ਾਦ ਬੇਗਮ ਦੇ ਗਾਏ ਉਕਤ ਪੰਜਾਬੀ ਗਾਣੇ ਨਾ ਸਿਰਫ਼ ਕੰਨਾਂ 'ਚ ਰਸ ਘੋਲਦੇ ਹਨ, ਸਗੋਂ ਇਨ੍ਹਾਂ ਗੀਤਾਂ 'ਚ ਪੰਜਾਬ ਦੇ ਸੱਭਿਆਚਾਰ ਦੀ ਝਲਕ ਵੀ ਦੇਖਣ ਨੂੰ ਮਿਲਦੀ ਹੈ। ਸ਼ਮਸ਼ਾਦ ਬੇਗਮ ਦੀ ਆਵਾਜ਼ ਲਤਾ ਮੰਗੇਸ਼ਕਰ ਅਤੇ ਆਸ਼ਾ ਭੌਂਸਲੇ ਦੀਆਂ ਆਵਾਜ਼ਾਂ ਦਾ ਮਿਸ਼ਰਣ ਹੈ, ਗੀਤਾ ਦੱਤ ਦੀ ਮਿਠਾਸ ਅਤੇ ਸੁਰੱਈਆ ਦੀ ਰਵਾਨਗੀ ਹੈ। ਅਜਿਹੀ ਮਹਾਨ ਗਾਇਕਾ ਨੂੰ ਕੋਟਿ-ਕੋਟਿ ਪ੍ਰਣਾਮ। ਸੰਗੀਤ ਪ੍ਰੇਮੀ ਹਮੇਸ਼ਾ ਉਨ੍ਹਾਂ ਦੇ ਗੀਤਾਂ ਨੂੰ ਗੁਣਗੁਣਾਉਂਦੇ ਰਹਿਣਗੇ।--ਮਾ. ਮੋਹਨ ਲਾਲ (ਰੋਜ਼ਾਨਾ ਜਗ ਬਾਣੀ ਚੋਂ ਧੰਨਵਾਦ ਸਹਿਤ)

No comments: