Thursday, May 09, 2013

ਸਨਾਉੱਲਾ ਦੇ ਪਰਿਵਾਰ ਦਾ ਦਰਦ ਸਮਝ ਸਕਦੀ ਹਾਂ-ਦਲਬੀਰ ਕੌਰ

ਇਹ ਸਭ ਕੁੱਝ ਵੋਟਾਂ ਦੀ ਲਾਲਸਾ ਕਾਰਨ ਹੋਇਆ
ਤਰਨਤਾਰਨ: ਪਾਕਿਸਤਾਨੀ ਕੈਦੀ ਸਨਾਉਲ੍ਹਾ ਦੀ ਮੌਤ ਤੋਂ ਬਾਅਦ ਸਰਬਜੀਤ ਦੀ ਭੈਣ ਦਲਬੀਰ ਕੌਰ ਨੇ ਉਸਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਹੈ ਕੀ ਉਹ ਇਸ ਪਰਿਵਾਰ ਦਾ ਦਰਦ ਸਮਝ ਸਕਦੀ ਹੈ। ਕਾਬਿਲੇ ਜ਼ਿਕਰ ਹੈ ਕਿ ਪਿਛਲੇ ਦਿਨੀਂ ਪਾਕਿਸਤਾਨ 'ਚ ਸਰਬਜੀਤ ਦੀ ਮੌਤ ਹੋ ਗਈ ਸੀ। ਰਿਪੋਰਟਾਂ 'ਚ ਦੱਸਿਆ ਗਿਆ ਸੀ ਕਿ ਸਰਬਜੀਤ ਨੂੰ ਬੜੀ ਹੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ।  ਇਸ ਦੁਖਦਾਈ ਘਟਨਾ ਤੋਂ ਬਾਅਦ ਭਾਰਤ ਵਿੱਚ ਹੋਈ ਪਾਕਿਸਤਾਨੀ ਕੈਦੀ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਰਬਜੀਤ ਦੀ ਭੈਣ ਦਲਬੀਰ ਕੌਰ ਨੇ ਕਿਹਾ ਹੈ ਕਿ ਉਹ ਸਨਾਉੱਲਾ ਦੇ ਪਰਿਵਾਰ ਦਾ ਦਰਦ ਸਮਝ ਸਕਦੀ ਹੈ ਅਤੇ ਇਸ ਦੁੱਖ ਵਿੱਚ ਪੂਰੀ ਤਰ੍ਹਾਂ ਸ਼ਾਮਿਲ ਹੈ। ਉਨ੍ਹਾਂ ਬੜੇ ਹੀ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਨਾਉੱਲਾ ਦੇ ਮਾਮਲੇ 'ਚ ਜੋ ਕੁੱਝ ਵੀ ਹੋਇਆ ਹੈ, ਉਹ ਗਲਤ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਬਜੀਤ ਦੀ ਮੌਤ ਪਾਕਿਸਤਾਨ 'ਚ ਹੋਈ ਸੀ ਤਾਂ ਅੰਤਾਂ ਦਾ ਜਿਹੜਾ ਦਰਦ ਉਨ੍ਹਾਂ ਨੇ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਨੇ ਮਹਿਸੂਸ ਕੀਤਾ ਸੀ, ਅੱਜ ਉਸੇ ਤਰ੍ਹਾਂ ਦਾ ਦਰਦ ਸਨਾਉੱਲਾ ਦੇ ਪਰਿਵਾਰ ਵਾਲੇ ਵੀ ਮਹਿਸੂਸ ਕਰ ਰਹੇ ਹੋਣਗੇ। ਉਨ੍ਹਾਂ ਨੇ ਕਿਹਾ ਕਿ ਇਹ ਸਭ ਕੁੱਝ ਵੋਟਾਂ ਦੀ ਲਾਲਸਾ ਕਾਰਨ ਹੋਇਆ ਹੈ ਅਤੇ ਇਸ ਮੌਕੇ ਉਹ ਸਨਾਉੱਲਾ ਦੇ ਪਰਿਵਾਰ ਵਾਲਿਆਂ ਨਾਲ ਹੈ। 
ਜ਼ਿਕਰਯੋਗ ਹੈ ਕਿ ਸਰਬਜੀਤ 'ਤੇ ਪਾਕਿਸਤਾਨ ਦੀ ਕੋਟ ਲਖਪਤ ਜੇਲ 'ਚ ਘਾਤਕ ਹਮਲਾ ਹੋਣ ਅਤੇ ਬਾਅਦ 'ਚ ਉਸ ਦੇ ਹਸਪਤਾਲ 'ਚ ਦਮ ਤੋੜ ਜਾਣ ਪਿੱਛੋਂ ਸਨਾਉੱਲਾ 'ਤੇ ਵੀ ਜੰਮੂ ਦੀ ਕੋਟ ਭਲਵਾਲ ਜੇਲ 'ਚ ਹਮਲਾ ਹੋਇਆ ਸੀ ਅਤੇ ਵੀਰਵਾਰ ਨੂੰ ਉਸ ਦੀ ਚੰਡੀਗੜ੍ਹ ਦੇ ਪੀ. ਜੀ. ਆਈ. 'ਚ ਮੌਤ ਹੋ ਗਈ। ਇਸੇ ਦੌਰਾਨ ਸੰਨਾਉਲ੍ਹਾ ਦੀ ਲਾਸ਼ ਉਸਦੇ ਪਰਿਵਾਰ ਨੂੰ ਸੌੰਪ ਦਿੱਤੀਆ ਗਈ ਹੈ। ਇਸ ਮੌਤ ਤੋਂ ਬਾਅਦ ਸੋਸ਼ਲ ਸਾਈਟਾਂ ਵਾਲੇ ਮੀਡੀਆ ਤੇ ਕਾਫੀ ਤਿੱਖੇ ਪ੍ਰਤੀਕਰਮ ਪੋਸਟ ਹੋ ਰਹੇ ਹਨ।

No comments: