Monday, May 27, 2013

ਪੁਸਤਕ ਖਰੀਦ ਮਾਮਲੇ 'ਚ ਜਾਂਚ ਦੇ ਹੁਕਮ

ਰਿਟਾਇਰਡ ਜਸਟਿਸ ਏ. ਐਨ. ਜਿੰਦਲ ਨੂੰ ਸੌੰਪੀ ਗਈ ਜਾਂਚ ਦੀ ਜ਼ਿੰਮੇਦਾਰੀ
ਚੰਡੀਗੜ੍ਹ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵਾਰ ਫੇਰ ਇੱਕ ਦੂਰ ਅੰਦੇਸ਼ ਸਿਆਸਤਦਾਨ ਦਾ ਸਬੂਤ ਦੇਂਦਿਆਂ ਪੰਜਾਬ ਦੇ ਸਿੱਖਿਆ ਵਿਭਾਗ 'ਚ ਚੱਲ ਰਹੀਆਂ ਕਥਿਤ ਬੇਨਿਯਮੀਆਂ ਦੇ ਮਾਮਲੇ 'ਚ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਸਬੰਧੀ ਮਿਲੀਆਂ ਖਬਰਾਂ ਮੁਤਾਬਿਕ ਰਿਟਾਇਰਡ ਜਸਟਿਸ ਏ. ਐਨ. ਜਿੰਦਲ ਨੂੰ ਇਸ ਪੂਰੇ ਮਾਮਲੇ ਵਿੱਚ ਜਾਂਚ ਦੀ ਜ਼ਿੰਮੇਦਾਰੀ ਸੌਂਪੀ ਗਈ ਹੈ। ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਖਰੀਦੀਆਂ ਗਈਆਂ ਕਿਤਾਬਾਂ ਦੇ ਘਪਲੇ ਦੀਆਂ ਖਬਰਾਂ ਆਉਣ ਤੋਂ ਬਾਅਦ ਮੁੱਖ ਮੰਤਰੀ ਨੇ ਇਹ ਕਦਮ ਲਿਆ ਹੈ। ਕਾਬਿਲੇ ਜ਼ਿਕਰ ਹੈ ਕਿ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਐਤਵਾਰ ਨੂੰ ਇਸ ਮਾਮਲੇ ਵਿਚ ਕਿਸੇ ਤੀਜੀ ਧਿਰ ਵਲੋਂ ਜਾਂਚ ਕਰਨ ਦੀ ਪੇਸ਼ਕਸ਼ ਕੀਤੀ ਸੀ ਅਤੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਇਸ ਪੂਰੇ ਮਾਮਲੇ ਦੀ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਈ ਜਾਵੇ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਕੂਲਾਂ ਦੀਆਂ ਲਾਈਬ੍ਰੇਰੀਆਂ ਲਈ ਕਿਤਾਬਾਂ ਖਰੀਦਣ ਅਤੇ ਸਾਇੰਸ ਕਿੱਟਾਂ ਦੀ ਸਪਲਾਈ ਦੇ ਮਾਮਲੇ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਜਾ ਰਹੇ ਹਨ। ਪੰਜਾਬ ਕਾਂਗਰਸ ਇਸ ਪੂਰੇ ਮਾਮਲੇ 'ਚ ਸਿੱਖਿਆ ਮੰਤਰੀ ਮਲੂਕਾ ਦਾ ਅਸਤੀਫਾ ਵੀ ਮੰਗ ਚੁੱਕੀ ਹੈ। ਇਸ ਜਾਂਚ ਲਈ ਭਾਵੇਂ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ ਪਰ ਫਿਰ ਵੀ ਇਸ ਮਾਮਲੇ ਵਿੱਚ ਜਾਂਚ ਦੇ ਹੁਕਮ ਸਬੂਤ ਦੇਂਦੇ ਹਨ ਕੀ ਮੁੱਖ ਮੰਤਰੀ ਪੂਰੀ ਬਾਰੀਕੀ ਨਾਲ ਸਰਕਾਰ ਤੇ ਨਜ਼ਰ ਰੱਖ ਰਹੇ ਹਨ। ਫਿਲਹਾਲ ਇਸ ਪੂਰੇ ਮਾਮਲੇ ਵਿਚ ਕੀ ਸੱਚਾਈ ਹੈ ਇਹ ਤਾਂ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇੱਕ ਵਾਰ ਮੁੱਖ ਮੰਤਰੀ ਬਾਦਲ ਨੇ ਬਾਜ਼ੀ ਫਿਰ ਆਪਣੇ ਹਥ ਕਰ ਲਈ ਹੈ।

No comments: