Tuesday, May 28, 2013

ਲੱਗਦੈ ਮੁੜ ਆਏਗਾ ਦੂਰਦਰਸ਼ਨ ਦਾ ਜ਼ਮਾਨਾ

ਡਿਜ਼ੀਟਲ ਟੀ. ਵੀ. ਲਈ ਵਾਜਬ ਕੀਮਤਾਂ 'ਤੇ ਸੈੱਟ ਟਾਪ ਬਾਕਸ 
ਕੋਈ ਜ਼ਮਾਨਾ ਸੀ ਜਦੋਂ ਹਰ ਮਧਵਰਗੀ ਪਰਿਵਾਰ ਕਿਸੇ ਨ ਕਿਸੇ ਤਰ੍ਹਾਂ ਟੀ ਵੀ ਸੈਟ ਘਰ ਲਿਆ ਕੇ ਬੜੀ ਵੱਡੀ ਪ੍ਰਾਪਤੀ ਸਮਝਦਾ ਸੀ ਕਿ ਚਲੋ ਸਿਨਮੇ ਜਾਣ ਦਾ ਖਰਚਾ ਬਚਿਆ। ਉਦੋਂ ਦੂਰਦਰਸ਼ਨ ਦਾ ਬੋਲਬਾਲਾ ਸੀ। ਗਿਆਨ-ਵਿਗਿਆਨ, ਗੀਤ-ਸੰਗੀਤ, ਅਤੇ ਖਬਰਾਂ ਤੋਂ ਲੈ ਕੇ ਫਿਲਮਾਂ ਤੱਕ ਸਭ ਕੁਝ ਬੜੇ ਚਾਵਾਂ ਨਾਲ ਦੇਖਿਆ ਜਾਂਦਾ ਸੀ। ਲੋਕ ਰੋਟੀ ਟੁੱਕ ਵੇਲੇ ਸਿਰ ਬਣਾ ਕੇ ਟੀ ਵੀ ਸਾਹਮਣੇ ਸਜ ਜਾਂਦੇ। ਜੇ ਆਂਢ ਗੁੰਧ ਕਿਸੇ ਘਰ ਟੀ ਵੀ ਨਹੀਂ ਹੁੰਦਾ ਸੀ ਤਾਂ ਉਸਨੂੰ ਵੀ ਸੱਦਾ ਪੱਤਰ ਦਿੱਤਾ ਜਾਂਦਾ ਕਿ    ਅੱਜ ਫਲਾਣੀ ਫਿਲਮ ਆਉਣੀ ਹੈ। ਫਿਰ ਆਇਆ ਜ਼ੀਟੀਵੀ ਦਾ ਜ਼ਮਾਨਾ। ਲੋਕ ਦੂਰਦਰਸ਼ਨ "ਨੁੱਕੜ" ਵੀ  ਭੁੱਲ ਗਏ "ਗੁਲ ਗੁਲਸ਼ਨ ਗੁਲਫਾਮ" ਵੀ, "ਬੁਨਿਆਦ" ਵੀ, "ਹਮ ਲੋਗ" ਵੀ, "ਤਮਸ", "ਉੜਾਨ", "ਰਜਨੀ", "ਸੁਰਭੀ", "ਤੇਨਾਲੀ ਰਾਮ", "ਵਿਕਰਮ ਔਰ ਬੇਤਾਲ", ਸਭ ਕੁਝ ਗਾਏ ਗੁਜ਼ਰੇ ਜਮਾਨੇ ਦੀਆ ਦਲ ਹੋ ਗਿਆ। "ਰਾਮਾਇਣ" ਦਾ ਰਿਕਾਰਡ ਤੋੜ ਜਾਦੂ ਵੀ ਉਤਰ ਗਿਆ। ਲੋਕ ਰੁਝ ਗਏ "ਕਹਾਣੀ ਘਰ ਘਰ ਕੀ ਦੇਖਣ ਵਿਚ"। 
ਓਧਰ ਸੀਰਿਅਲ ਬਣਾਉਣ ਵਾਲੇ ਨਿਰਮਾਤਾਵਾਂ ਨੂੰ ਕੱਕਾ ਅਜਿਹਾ ਰਾਸ ਆਇਆ ਕਿ ਬਸ ਇਸੇ ਅੱਖਰ ਤੇ ਸੀਰਿਅਲ ਬਣਾਉਣ ਲੱਗ ਪਏ। "ਕਿਊਂਕਿ ਸਾਸ ਭੀ ਕਭੀ ਬਹੂ ਥੀ", "ਕਸੌਟੀ ਜ਼ਿੰਦਗੀ ਕੀ", ਅਤੇ ਅਜਿਹੇ ਬਹੁਤ ਸਾਰੇ ਪ੍ਰੋਗਰਾਮ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ। ਘਰ ਪਰਿਵਾਰ ਭਾਵੇਂ ਭੁੱਖਾ ਬੈਠਾ ਰਹੇ ਪਰ ਜੇ ਸੀਰਿਅਲ ਵਾਲੇ ਪਾਤਰ ਨੂੰ ਕੁਝ ਹੁੰਦਾ ਤਾਂ ਅੱਖਾਂ 'ਚ ਗੰਗਾ ਯਮੁਨਾ ਵਹਿ ਤੁਰਦੀਆਂ। ਬਸ ਇਹੀ ਉਹ ਦੌਰ ਸੀ ਜਦੋਂ ਕੇਬਲ ਦੇ ਭਾਅ ਅਸਮਾਨ ਛੂਨ ਲੱਗ ਪਏ। ਭਾਵੇਂ ਵਿਦੇਸ਼ਾਂ ਅਤੇ ਵੱਡੀਆਂ ਸ਼ਹਿਰਾਂ ਦੇ ਮੁਕਾਬਲੇ ਇਹ ਰੇਟ ਕਾਫੀ ਘੱਟ ਸਨ ਪਰ ਸਥਾਨਕ ਅਰਥਚਾਰੇ ਅਤੇ ਆਮਦਨ ਨੂੰ ਮੁਖ ਰੱਖਦਿਆਂ ਕਾਫੀ ਵਜ਼ਨੀ ਸਨ। ਫਿਰ ਸੈਟ-ਟੋਪ ਬਾਕਸ ਨੇ ਆਪਣਾ ਰੰਗ ਦਿਖਾਇਆ। ਸੱਤ ਕੁ ਸੋ ਤੋਂ ਲੈ ਕੇ ਹਜ਼ਾਰ ਬਾਰਾਂ ਸੋ ਪਹਿਲੀ ਵਾਰ ਅਤੇ ਫਿਰ ਹਰ ਮਹੀਨੇ ਨਿਸਚਿਤ ਰਕਮ ਦੀ ਅਦਾਇਗੀ। ਬਹੁਤ ਸਾਰੇ ਲੋਕਾਂ ਨੇ ਦੂਰ ਦਰਸ਼ਨ ਵਾਲੀਆਂ ਦਿਸ਼ਾਂ ਲਗਵਾ ਲਈਆਂ। ਬਸ ਇੱਕੋ ਵਾਰ ਹਜ਼ਾਰ ਪੰਦਰਾਂ ਸੋ ਦਾ ਖਰਚਾ ਅਤੇ ਫਿਰ ਹਰ ਮਹੀਨੇ ਬਚਤ ਹੀ ਬਚਤ। ਜਿਹਨਾਂ ਪਰਿਵਾਰਾਂ ਦੇ ਬੱਚੇ ਇਸਤੋਂ ਸੰਤੁਸ਼ਟ ਨਹੀਂ ਸਨ ਉਹਨਾਂ ਲਈ ਖੁਸ਼ਖਬਰੀ ਆਈ ਹੈ। ਨਵੀਂ ਦਿੱਲੀ ਤੋਂ ਮਿਲੀਆਂ ਖਬਰਾਂ ਦਸਦੀਆਂ ਹਨ ਕਿ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟ੍ਰਾਈ) ਨੇ ਡਿਜ਼ੀਟਲ ਟੀ. ਵੀ. ਲਈ ਵਾਜਬ ਕੀਮਤਾਂ 'ਤੇ ਸੈੱਟ ਟਾਪ ਬਾਕਸ ਅਤੇ ਹੋਰ ਯੰਤਰ ਮੁਹੱਈਆ ਕਰਵਾਉਣ ਲਈ ਮੰਗਲਵਾਰ ਨੂੰ ਨਵੇਂ ਫੀਸ ਸੰਬੰਧੀ ਆਦੇਸ਼ ਜਾਰੀ ਕੀਤੇ। ਇਥੇ ਇਕ ਜਾਰੀ ਬਿਆਨ 'ਚ ਟ੍ਰਾਈ ਨੇ ਕਿਹਾ ਕਿ ਉਸ ਦੇ ਫੀਸ ਸੰਬੰਧੀ ਆਦੇਸ਼ ਦੇ ਤਹਿਤ ਕੇਬਲ ਸੇਵਾ ਮੁਹੱਈਆ ਕਰਵਾਉਣ ਵਾਲੇ ਖਪਤਕਾਰਾਂ ਤੋਂ 400 ਰੁਪਏ ਜਾਂ 800 ਰੁਪਏ ਜਮ੍ਹਾ ਕਰਵਾ ਕੇ ਕ੍ਰਮਵਾਰ 55.66 ਰੁਪਏ ਜਾਂ 50.66 ਰੁਪਏ ਦੇ ਮਾਸਿਕ ਕਿਰਾਏ 'ਤੇ ਸੈੱਟ ਟਾਪ ਬਾਕਸ ਮੁਹੱਈਆ ਕਰਵਾ ਸਕਦੇ ਹਨ। 

ਡੀ. ਟੀ. ਐੱਚ. ਸੇਵਾ ਮੁਹੱਈਆ ਕਰਵਾਉਣ ਵਾਲਿਆਂ ਦੇ ਮਾਮਲੇ 'ਚ ਜੇਕਰ ਪੇਸ਼ਗੀ ਰਕਮ 500 ਹੈ ਤਾਂ 71.75 ਰੁਪਏ ਪ੍ਰਤੀ ਮਹੀਨੇ 'ਤੇ ਅਤੇ ਜੇਕਰ ਪੇਸ਼ਗੀ 1000 ਰੁਪਏ ਹੈ ਤਾਂ 65.50 ਰੁਪਏ ਦੇ ਮਾਸਿਕ ਕਿਰਾਏ 'ਤੇ ਖਪਤਕਾਰਾਂ ਨੂੰ ਸੀ. ਪੀ. ਈ. ਮੁਹੱਈਆ ਕਰਵਾਇਆ ਜਾ ਸਕਦਾ ਹੈ। ਤਿੰਨ ਸਾਲ ਦੀ ਮਿਆਦ ਖਤਮ ਹੋਣ 'ਤੇ ਪੇਸ਼ਗੀ ਰਕਮ ਗਾਹਕਾਂ ਨੂੰ ਪਰਤਾ ਦਿੱਤੀ ਜਾਵੇਗੀ ਅਤੇ ਗਾਹਕ ਸੈੱਟ ਟਾਪ ਬਾਕਸ ਜਾਂ  ਸੀ. ਪੀ. ਈ. ਦਾ ਮਾਲਕ ਬਣ ਜਾਵੇਗਾ। ਕਿਓਂ ਹੁਣ ਹੈ ਨਾ ਖੁਸ਼ਖਬਰੀ? ਸਾਰੇ ਚੈਨਲ ਦੇਖੋ-ਪੇਡ ਵੀ ਅਤੇ ਫਰੀ ਵਾਲੇ ਵੀ। ਕਿਸਤਾਂ ਕਰਨ ਨਾਲ ਜਨਤਾ ਨੂੰ ਵੀ ਕਾਫੀ ਸੁਖ ਹੋਵੇਗੀ ਅਤੇ ਸਰਕਾਰ  ਨੂੰ ਵੀ ਫਾਇਦਾ ਕਿਓਂਕਿ ਹੁਣ ਹਰ ਘਰ ਪੁੱਜ ਸਕੇਗਾ ਸਰਕਾਰ ਦਾ ਪ੍ਰਚਾਰ। -ਰੈਕਟਰ ਕਥੂਰੀਆ 

No comments: