Tuesday, May 14, 2013

ਕਾਮਰੇਡ ਗੁਰਮੇਲ ਹੂੰਝਣ ਦੀ ਯਾਦ ਵਿੱਚ ਫਿਰ ਜੁੜੇ ਲੋਕਾਂ ਦੇ ਹਜੂਮ

ਸ਼ਹੀਦੀ ਦਿਵਸ ਮੌਕੇ ਬੁਲਾਰਿਆਂ ਨੇ ਲੋਕ ਵਿਰੋਧੀ ਤਾਕਤਾਂ ਨੂੰ ਲੰਮੇ ਹਥੀਂ ਲਿਆ
ਲੁਧਿਆਣਾ 14 ਮਈ (ਰੈਕਟਰ ਕਥੂਰੀਆ) ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਲਈ ਖਾਲਿਸਤਾਨੀ ਅੱਤਵਾਦੀਆਂ  ਦੇ
ਵੱਖਵਾਦੀ ਮਨਸੂਬਿਆਂ ਦੇ ਵਿੱਰੁਧ ਲੜਦੇ ਹੋਏ ਭਾਰਤੀ ਕਮਿਉਨਿਸਟ ਪਾਰਟੀ ਦੇ ਸਿਰਕੱਢ ਆਗੂ ਸ਼ਹੀਦ ਕਾਮਰੇਡ ਗੁਰਮੇਲ ਹੂੰਝਣ ਅਤੇ ਕਾਮਰੇਡ ਜੋਗਿੰਦਰ ਸਿੰਘ ਦੀ 24ਵੀਂ ਬਰਸੀ ਦੇ ਮੌਕੇ ਤੇ ਉਹਨਾਂ ਦੇ ਪਿੰਡ ਪੰਧੇਰ ਖੇੜੀ ਵਿੱਚ ਸੈਂਕੜੇ ਇਸਤ੍ਰੀਆਂ ਸਮੇਤ ਹਜ਼ਾਰਾਂ ਲੋਕਾਂ ਨੇ ਇੱਕਤਰ ਹੋ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਦੇਸ਼, ਪੰਜਾਬ ਅਤੇ ਸਮਾਜ ਨੂੰ ਦਰਪੇਸ਼ ਅਜੋਕੇ ਮਸਲਿਆਂ ਦੇ ਲਈ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਲਿਆ। ਇਸ ਮੌਕੇ ਤੇ ਬੋਲਦਿਆਂ ਪਾਰਟੀ ਦੇ ਸੂਬਾਈ ਸਕੱਤਰ ਕਾਮਰੇਡ  ਬੰਤ ਸਿੰਘ ਬਰਾੜ ਨੇ ਕਿਹਾ ਕਿ ਇਸ ਕਿਸਮ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਸਦਕਾ ਅੱਜ ਪੰਜਾਬ ਦੀ ਸ਼ਾਨ ਮੁੜ ਬਹਾਲ ਹੋਈ ਹੈ ਅਤੇ ਸੂਬਾ ਅੱਤਵਾਦ ਤੋਂ ਰਹਿਤ ਅਮਨ ਦੀ ਰਾਹ ਤੇ ਚਲ ਰਿਹਾ ਹੈ ਭਾਵੇਂ ਕਿ ਕੁੱਝ ਸ਼ਕਤੀਆਂ ਵਲੋਂ ਉਸ ਤ੍ਰਾਸਦੀ ਭਰੇ ਮਾਹੌਲ ਨੂੰ ਫ਼ੇਰ ਤੋਂ ਲਿਆਉਣ ਦੀਆਂ ਕੁਚਾਲਾਂ ਜਾਰੀ ਹਨ। ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਇਸ ਕਿਸਮ ਦੀਆਂ ਸ਼ਕਤੀਆਂ ਨੂੰ ਸਰਕਾਰ ਵਲੋਂ ਨਾ ਕੇਵਲ ਨੱਥ ਵੀ ਨਹੀਂ ਪਾਈ ਜਾ ਰਹੀ ਹੈ ਬਲਕਿ ਇਸਦੇ ਇੱਕ ਹਿੱਸੇ ਵਲੋਂ ਸ਼ਹਿ ਵੀ ਦਿੱਤੀ ਜਾ ਰਹੀ ਹੈ। ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਧਰਮ ਤੇ ਰਾਜਨੀਤੀ ਨੂੰ ਰਲਗੱਢ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਕਾਲੀ ਤੇ ਭਾਜਪਾ ਦੋਵੇਂ ਫ਼ਿਰਕਾਪ੍ਰਸਤ ਇੱਕਠੇ ਹੋ ਗਏ ਹਨ ਜੋ ਕਿ ਧਰਮ ਨਿਰਪੱਖ ਸ਼ਕਤੀਆਂ ਦੇ ਲਈ ਵੱਡੀ ਚੁਣੌਤੀ ਹਨ। ਉਹਨਾਂ ਨੇ ਕਿਹਾ ਕਿ ਕਮਿਉਨਿਸਟਾਂ ਨੂੰ ਦੋ ਧਾਰੀ ਲੜਾਈ ਲੜਨੀ ਪੈ ਰਹੀ ਹੈ। ਇੱਕ ਪਾਸੇ ਤਾਂ ਫ਼ਿਰਕਾਪ੍ਰਸਤ ਸ਼ਕਤੀਆਂ ਦੇ ਨਾਲ ਤੇ ਦੂਜੇ ਪਾਸੇ ਕੇਂਦਰੀ ਤੇ ਸੂਬਾਈ ਸਰਕਾਰਾਂ ਦੀਆਂ ਲੋਕ ਵਿਰੋਧੀ ਆਰਥਿਕ ਨੀਤੀਆਂ ਦੇ ਖ਼ਿਲਾਫ਼। ਪਿਛਲੇ ਕੁਝ ਸਾਲਾਂ ਤੋਂ ਵਿਸ਼ਵ ਵਪਾਰ ਸੰਗਠਨ (ਡਬਲਯੂ ਟੀ ਉ) ਅਤੇ ਕੌਮਾਂਤਰੀ ਮਾਲੀ ਸੰਸਥਾਵਾਂ ਦੀਆਂ ਹਦਾਇਤਾਂ ਹੇਠ ਦੇਸ਼ ਵਿੱਚ ਨਵੀਂ ਆਰਥਿਕ ਨੀਤੀ ਅਪਣਾਏ ਜਾਣ ਤੋਂ ਬਾਦ ਇੱਕ ਇੱਕ ਕਰ ਕੇ ਮਿਹਨਤਕਸ਼ ਲੋਕਾਂ ਤੋਂ ਸਾਰੇ ਹੱਕ ਖੋਹੇ ਜਾ ਰਹੇ ਹਨ। ਕਿਰਤ ਕਾਨੂੰਨਾਂ ਵਿੱਚ ਅਖੌਤੀ ਸੁਧਾਰ, ਜਿਹੜੇ ਕੇ ਅਸਲ ਵਿੱਚ ਉੱਚ ਧਨੀ ਵਰਗ ਦੇ ਲਈ ਹਨ, ਇਸਦੀ ਜੀੳਂਦੀ ਜਾਗਦੀ ਮਿਸਾਲ ਹੈ। ਸਰਕਾਰੀ ਖੇਤਰ ਨੂੰ ਬੜੇ ਹੀ ਸਾਜਿਸ਼ੀ ਪਰ ਸੂਖਮ ਢੰਗ ਤਰੀਕਿਆਂ ਦੇ ਨਾਲ ਪੂਰੀ ਤਰ੍ਹਾਂ ਖਤਮ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਖੇਤਰ ਵਿੱਚ ਖ਼ੁਦ ਮਜ਼ਦੂਰਾਂ ਦੇ ਨਾਲ ਸਬੰਧਤ ਕਾਨੂੰਨਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਹਰ ਕੰਮ ਨੂੰ ਆਊਟ ਸੋਰਸ ਕਰ ਕੇ ਮਜ਼ਦੂਰਾਂ ਨੂੰ ਠੇਕੇ ਤੇ ਕੱਚੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਥੇ ਵੀ ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ। ਬਰਾਮਦ ਦੇ ਲਈ ਵਿਸ਼ੇਸ਼ ਆਰਥਿਕ ਖੇਤਰ ਉਸਾਰਨ ਦੇ ਨਾਂ ਹੇਠ ਮਜ਼ਦੁਰਾਂ ਤੋਂ ਯੂਨੀਅਨ ਬਨਾਉਣ ਦੇ ਹੱਕ ਵੀ ਖੋਹੇ ਜਾ ਰਹੇ ਹਨ। ਛੋਟੇ ੳਦਯੋਗਪਤੀਆਂ ਤੋਂ ਵੀ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ ਤੇ ਸਾਰੇ ਕਾਨੂੰਨ ਇਜਾਰੇਦਾਰਾਂ ਅਤੇ ਵਿਦੇਸ਼ੀ ਬਹੁਕੌਮੀ ਕੰਪਨੀਆਂ ਦੇ ਹੱਕ ਵਿੱਚ ਬਣਾਏ ਜਾ ਰਹੇ ਹਨ। ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕਰਤਾਰ ਸਿੰਘ ਬੁਆਣੀ ਨੇ ਵੀ ਇਸ ਮੌਕੇ ਕਿਹਾ ਕਿ ਸਾਰੇ ਦੇਸ਼ ਵਿੱਚ ਜਨਤਕ ਵੰਡ ਪ੍ਰਣਾਲੀ ਨੂੰ ਤਹਿਸ ਨਹਿਸ ਕਰ ਦਿੱਤਾ ਗਿਆ ਹੈ। ਇਸ ਕਰ ਕੇ ਗਰੀਬ ਲੋਕਾਂ ਵਿੱਚ ਕੁਪੋਸ਼ਣ ਵੱਧ ਰਿਹਾ ਹੈ। ੳਦਯੋਗਿਕ ਵਿਕਾਸ ਦੀ ਦਰ 218 ਪ੍ਰਤੀਸ਼ਤ ਰਹਿ ਗਈ ਹੈ। ਕਿਸਾਨੀ ਦਾ ਬੁਰਾ ਹਾਲ ਹੈ। ਪੰਜਾਬ ਸਮੇਤ ਦੇਸ਼ ਅੰਦਰ ਪਿਛਲੇ ਦਸ ਸਾਲਾਂ ਦੌਰਾਨ 2 ਲੱਖ ਤੋਂ ਵੀ ਵੱਧ ਕਿਸਾਨ ਆਤਮ ਹਤਿਆ ਕਰ ਚੁੱਕੇ ਹਨ। ਖੇਤ ਮਜ਼ਦੂਰ ਤਾਂ ਦਰਿਦਰਤਾ ਦੀ ਜ਼ਿੰਦਗੀ ਵੱਲ ਨੂੰ ਧੱਕੇ ਜਾ ਰਹੇ ਹਨ।
ਪੈਸੇ ਦੀ ਅੰਨ੍ਹੀ ਦੌੜ ਵਾਲੇ ਇਸ ਮਾਹੌਲ ਵਿੱਚ ਘੋਟਾਲਿਆਂ ਦੀ ਇੰਤਹਾ ਹੋ ਗਈ ਹੈ। ਬੁਲਾਰਿਆਂ ਨੇ ਸੱਦਾ ਦਿੱਤਾ ਕਿ ਅੱਜ ਫ਼ਿਰ
ਕੁਰਬਾਨੀਆਂ ਭਰੇ ਸੰਘਰਸ਼ ਕਰਨ ਦੀ ਲੋੜ ਹੈ। ਇਹਨਾਂ ਤੋਂ ਇਲਾਵਾ ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਲ ਸਨ
ਸੀ ਪੀ ਐਮ ਦੇ ਜ਼ਿਲਾ ਸਕੱਤਰ ਕਾ ਅਮਰਜੀਤ ਮੱਟੂ, ਸਾਬਕਾ ਮੰਤਰੀ ਪੰਜਾਬ ਸ਼੍ਰੀ ਮਲਕੀਤ ਦਾਖਾ, ਕਾਮਰੇਡ  ਗੁਲਜ਼ਾਰ ਗੋਰੀਆ,ਡਾ ਅਰੁਣ ਮਿੱਤਰਾ, ਕਾਮਰੇਡ  ਓ ਪੀ ਮਹਿਤਾ, ਕਾਮਰੇਡ  ਰਮੇਸ਼ ਰਤਨ, ਕਾਮਰੇਡ  ਡੀ ਪੀ ਮੌੜ, ਕਾਮਰੇਡ  ਕੁਲਵੰਤ ਸਿੰਘ, ਸ: ਲਖਬੀਰ ਸਿੰਘ ਲੱਖਾ, ਕਾਮਰੇਡ  ਬਲਦੇਵ ਸਿੰਘ ਲਤਾਲਾ, ਕਾਮਰੇਡ ਸਿਕੰਦਰ ਸਿੰਘ ਜੜਤੌਲੀ,  ਕਾਮਰੇਡ  ਭਗਵਾਨ ਸਿੰਘ, ਕਾਮਰੇਡ  ਅਮਰ ਸਿੰਘ ਭੱਟੀਆਂ, ਡਾ ਗੁਲਜ਼ਾਰ ਪੰਧੇਰ, ਕਾਮਰੇਡ  ਮੇਵਾ ਸਿੰਘ ਰਾਏਕੋਟ, ਕਾਮਰੇਡ  ਪਰਮਜੀਤ ਸਿਹੋੜਾ, ਕਾਮਰੇਡ  ਅਵਤਾਰ ਗਿੱਲ, ਕਾਮਰੇਡ  ਗੁਰਨਾਮ ਗਿੱਲ, ਪ੍ਰਿੰਸੀਪਲ  ਜਗਜੀਤ ਸਿੰਘ, ਕਾਮਰੇਡ  ਕਾਮੇਸ਼ਵਰ, ਸ਼ੀ ਚਰਨ ਗੁਰਮ, ਕਾਮਰੇਡ ਅਵਤਾਰ ਗਿੱਲ, ਕਾਮਰੇਡ ਇਸਮਾਈਲ ਖ਼ਾਨ, ਕਾਮਰੇਡ ਸ਼ਿਗਾਰਾ ਸਿੰਘ। ਕਾਮਰੇਡ   ਗੁਲਜ਼ਾਰ ਗੋਰੀਆ ਨੇ ਮੰਚ ਸੰਚਾਲਨ ਕੀਤਾ। ਸੀਨੀਅਰ ਕਮਿਉਨਿਸਟ ਆਗੂ ਕਾਮਰੇਡ  ਸਾਧੂ ਸਿੰਘ ਸੇਖਾ ਦਾ ਕਾਮਰੇਡ  ਬੰਤ ਸਿੰਘ ਬਰਾੜ ਅਤੇ ਕਾਮਰੇਡ  ਕਰਤਾਰ ਸਿੰਘ ਬੁਆਣੀ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਪਹਿਲੀ ਤੋਂ ਪੰਜਵੀਂ ਤੱਕ ਬੱਚਿਆਂ ਨੂੰ ਜਿਹਨਾਂ ਨੇ ਪਹਿਲਾ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ, ਮਾਲੀ ਸਹਾਇਤਾ ਦਿੱਤੀ ਗਈ। ਇਸ ਮੌਕੇ ਤੇ ਡਾ. ਅਰੁਣ ਮਿੱਤਰਾ ਵਲੋਂ ਕੰਨ ਨੱਕ ਗਲਾ ਦੀਆਂ ਬਿਮਾਰੀਆਂ ਦਾ ਮੁਫ਼ਤ ਮੈਡੀਕਲ ਚੈਕ ਅੱਪ ਕੈਂਪ ਲਗਾਇਆ ਗਿਆ ਜਿਸ ਵਿੱਚ 150 ਤੋਂ ਵੱਧ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਲੋਕ ਸੰਗੀਤ ਮੰਡਲੀ ਜੀਦਾ ਜ਼ਿਲਾ ਬਠਿੰਡਾ ਵਲੋਂ ਸਭਿਆਚਾਰਕ ਪਰੋਗਰਾਮ ਪੇਸ਼ ਕੀਤਾ ਗਿਆ।

No comments: