Tuesday, May 07, 2013

"ਸਾਡੇ ਨਾਲ ਇਹ ਦੋਹਰੇ ਮਾਪਦੰਡ ਕਿਉ"

ਸਰਕਾਰ ਦੀ ਬੇਰੁਖੀ ਵਿਰੁੱਧ ਭਾਰਤੀ ਜਾਸੂਸਾਂ ਨੇ ਦੁਖੜੇ ਫਰੋਲੇਵੀ ਪੀ ਸਿੰਘ ਨਾਗਰਾ
ਚੰਡੀਗੜ੍ਹ:6 ਮਈ:ਅੱਜ ਸਥਾਨਕ ਪ੍ਰੈਸ ਕਲੱਬ ਵਿਖੇ ਭਾਰਤ ਲਈ ਜਾਸੂਸੀ ਕਰਦੇ ਰਹੇ ਸਾਬਕਾ ਜਾਸੂਸਾਂ ਨੇ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਕੋਲ ਆਪਣੇ ਦੁੱਖੜੇ ਫਰੋਲੇ। ਇਸ ਮੌਕੇ ਪਾਕਿਸਤਾਨ 'ਚ ਭਾਰਤ ਲਈ ਜਾਸੂਸੀ ਕਰਨ ਦਾ ਦਾਅਵਾ ਕਰਨ ਵਾਲੇ ਗੁਰਬਖਸ਼ ਲਾਲ ਨੇ ਕਿਹਾ ਕਿ ਉਸ ਨੇ 17 ਸਾਲ ਪਾਕਿਸਤਾਨ ਦੀਆਂ ਵੱਖ-ਵੱਖ ਜੇਲ੍ਹਾਂ 'ਚ ਜੇਲ੍ਹ ਕੱਟੀ, ਜਿਨ੍ਹਾਂ 'ਚੋਂ ਤਿੰਨ ਸਾਲ ਖਾਸ ਤੌਰ 'ਤੇ ਤਿਆਰ ਸਪੈਸ਼ਲ ਸੈਲਾਂ 'ਚ ਰੱਖਿਆ ਗਿਆ, ਜਿੱਥੇ 3 ਸਾਲ ਸੂਰਜ ਵੀ ਨਹੀਂ ਦੇਖਿਆ, ਕਿਉਂਕਿ ਅੱਖਾਂ 'ਤੇ ਪੱਟੀ ਬੰਨਕੇ ਹੀ ਬਾਹਰ ਕੱਢਿਆ ਜਾਂਦਾ ਸੀ ਤੇ ਬਾਕੀ ਸਾਰਾ ਸਮਾਂ ਕੋਠੜੀ 'ਚ ਹੀ ਰੱਖਿਆ ਜਾਂਦਾ ਸੀ । ਉਸ ਨੇ ਕਿਹਾ ਕਿ ਇਸ ਕਾਰਨ ਸਰੀਰ 'ਤੇ ਅਜਿਹੇ ਪ੍ਰਭਾਵ ਪਏ ਜੋ ਬਿਆਨ ਵੀ ਨਹੀਂ ਕੀਤੇ ਜਾ ਸਕਦੇ । ਉਤੋਂ ਅੰਨ੍ਹਾਂ ਤਸ਼ੱਦਦ ਕਿਤੇ ਬਰਫਾਂ 'ਤੇ ਲਿਟਾਇਆ ਜਾਂਦਾ ਸੀ, ਕਰੰਟ ਲਾਏ ਜਾਂਦੇ ਸਨ, ਪੁੱਠੇ ਟੰਗਿਆ ਜਾਂਦਾ ਸੀ ਤੇ ਅਜਿਹੇ ਤਸੀਹੇ ਦਿੱਤੇ ਜਾਂਦੇ ਸਨ, ਬੋਲ ਕੇ ਦੱਸੇ ਵੀ ਨਹੀਂ ਜਾ ਸਕਦੇ, ਪਰ ਐਨੀ ਦੇਸ਼ਭਗਤੀ ਦੇ ਬਾਵਜੂਦ ਸਾਡੇ ਨਾਲ ਸਰਕਾਰਾਂ ਨੇ ਇਨਸਾਫ ਨਹੀਂ ਕੀਤਾ ਤੇ ਵਤਨ ਵਾਪਸ ਆਉਣ ਤੇ ਨਾ ਤਾਂ ਸਾਨੂੰ ਕੋਈ ਮੁਆਵਜ਼ਾ ਤੇ ਨਾ ਹੀ ਕਿਸੇ ਕਿਸਮ ਦੀ ਪੈਨਸ਼ਨ ਹੀ ਦਿੱਤੀ ਗਈ ਹੈ ਤੇ ਦੂਜੇ ਪਾਸੇ ਸ਼ਰਾਬ ਪੀ ਕੇ ਪਾਕਿਸਤਾਨ ਗਏ ਸਰਬਜੀਤ ਨੂੰ ਦੇਸ਼ ਦੇ ਸ਼ਹੀਦ ਦਾ ਦਰਜਾ ਦੇ ਕੇ ਉਸ ਦੀ ਹਰ ਤਰ੍ਹਾਂ ਨਾਲ ਸਹਾਇਤਾ ਕੀਤੀ ਜਾ ਰਹੀ ਹੈ। ਉਸ ਨੇ ਕਿਹਾ ਕਿ ਸਾਡੇ ਨਾਲ ਇਹ ਦੋਹਰੇ ਮਾਪਦੰਡ ਕਿਉ ਅਪਣਾਏ ਜਾ ਰਹੇ ਹਨ।
ਉਨ੍ਹਾਂ ਨਾਲ ਆਏ ਪਾਕਿਸਤਾਨ 'ਚ ਭਾਰਤ ਲਈ ਜਾਸੂਸੀ ਕਰਨ ਦਾ ਦਾਅਵਾ ਕਰਨ ਵਾਲੇ ਭਾਰਤ ਸਰਕਾਰ ਵੱਲੋਂ ਅਣਗੌਲੇ ਕੀਤੇ 4 ਜਾਸੂਸਾਂ ਕਰਾਮਤ ਰਾਹੀ, ਗੁਰਬਖਸ਼ ਲਾਲ, ਪਰਮਜੀਤ ਸਿੰਘ, ਉਪਿੰਦਰ ਨਾਥ ਤੇ ਮਰ ਚੁੱਕੇ ਮੋਹਨ ਲਾਲ ਭਾਸਕਰ ਤੇ ਬਲਵੀਰ ਸਿੰਘ ਦੇ ਲੜਕਿਆਂ ਨੇ ਕਿਹਾ ਕਿ ਇਕ ਪਾਸੇ ਫੌਜੀ ਹਨ ਜੋ ਸਿਰਫ ਜੰਗ ਵੇਲੇ ਲੜਦੇ ਹਨ ਤੇ ਦੂਜੇ ਪਾਸੇ ਅਸੀਂ ਹਾਂ ਜੋ ਦੇਸ਼ ਲਈ ਹਰ ਟਾਈਮ ਜਾਨ ਜੋਖਮ 'ਚ ਪਾ ਕੇ ਦੂਜੇ ਮੁਲਕ 'ਚ ਜਾਸੂਸੀ ਕਰਦੇ ਹਾਂ, ਪਰ ਫੌਜੀਆਂ ਨੂੰ ਤਾਂ ਤਨਖਾਹਾਂ ਤੇ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਹਨ ਤੇ ਸਾਨੂੰ ਵਾਪਸ ਆਇਆਂ ਨੂੰ ਸਰਕਾਰਾਂ ਵੱਲੋਂ ਕੁਝ ਵੀ ਨਹੀਂ ਦਿੱਤਾ ਜਾਂਦਾ । ਇਨ੍ਹਾਂ ਦੋਸ਼ ਲਾਇਆ ਕਿ ਦੇਸ਼ ਵਾਪਸੀ ਉਪਰੰਤ ਉਨ੍ਹਾਂ ਦੀ ਕਿਸੇ ਤਰ੍ਹਾਂ ਦੀ ਵਿੱਤੀ ਸਹਾਇਤਾ ਨਹੀਂ 
ਕੀਤੀ ਗਈ, ਸਗੋਂ ਇਨ੍ਹਾਂ ਨੂੰ ਆਪਣਾ ਏਜੰਟ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਗਿਆ। ਇਨ੍ਹਾਂ ਚੋਂ ਕੁਝ ਕੁ ਨੇ ਹਾਈਕੋਰਟ ਤੇ ਸੁਪਰੀਮ ਕੋਰਟ 'ਚ ਕੇਸ ਵੀ ਕੀਤੇ ਹੋਏ ਹਨ ਪਰ ਇਹ ਵੀ ਕਿਸੇ ਲੇਖੇ ਨਹੀਂ ਲੱਗ ਰਹੇ। ਪਾਕਿਸਤਾਨ ਦੀ ਜੇਲ੍ਹ 'ਚ ਹਮਲੇ ਤੋਂ ਬਾਅਦ ਮਾਰੇ ਗਏ ਭਾਰਤੀ ਨਾਗਰਿਕ ਸਰਬਜੀਤ ਨੂੰ ਦੇਸ਼ ਤੇ ਸੂਬਾ ਸਰਕਾਰਾਂ ਵੱਲੋਂ ਸ਼ਹੀਦ ਦਾ ਦਰਜਾ ਦੇਣ 'ਤੇ ਇਤਰਾਜ਼ ਕਰਦਿਆ ਇਹਨਾਂ ਕਿਹਾ ਕਿ ਜੇਕਰ ਇਕ ਸ਼ਰਾਬ ਪੀ ਕੇ ਪਾਕਿਸਤਾਨ ਗਿਆ ਵਿਅਕਤੀ ਦੇਸ਼ ਦਾ ਸ਼ਹੀਦ ਹੋ ਸਕਦਾ ਹੈ ਤਾਂ ਫਿਰ ਅਸੀਂ ਤਾਂ ਉਸ ਤੋਂ ਵੱਡੇ ਸ਼ਹੀਦ ਹਾਂ ਕਿਉਂਕਿ ਅਸੀਂ ਪਾਕਿਸਤਾਨ 'ਚ ਭਾਰਤ ਲਈ ਜਾਸੂਸੀ ਕਰਨ ਬਦਲੇ 18-18 ਸਾਲ ਜੇਲ੍ਹਾਂ ਕੱਟੀਆਂ ਹਨ। ਗੁਰਬਖਸ਼ ਲਾਲ ਤੇ ਕਰਾਮਤ ਰਾਹੀ ਨੇ ਦੱਸਿਆ ਕਿ ਉਹ ਜੇਲ੍ਹ 'ਚ ਸਰਬਜੀਤ ਨਾਲ ਰਹਿੰਦੇ ਰਹੇ ਹਨ। ਗੁਰਬਖਸ਼ ਲਾਲ ਨੇ ਦੱਸਿਆ ਕਿ ਉਹ 1987 'ਚ ਰਾਅ ਅੰਦਰ ਭਰਤੀ ਹੋਇਆ ਸੀ ਤੇ ਫਿਰ ਟਰੇਨਿੰਗ ਲੈ ਕੇ ਪਾਕਿਸਤਾਨ ਚਲਾ ਗਿਆ। ਉਸ ਨੇ ਦੱਸਿਆ ਕਿ ਇਸ ਉਪਰੰਤ ਫੜੇ ਜਾਣ ਤੇ ਉਸ ਨੂੰ ਸਜ਼ਾ ਹੋਈ ਤੇ ਉਹ 17 ਸਾਲ ਜੇਲ੍ਹ 'ਚ ਰਹਿਕੇ 2006 'ਚ ਵਤਨ ਪਰਤਿਆ।
ਉਸ ਨੇ ਦੱਸਿਆ ਕਿ ਉਸ ਨੂੰ 1500 ਪ੍ਰਤੀ ਮਹੀਨਾ ਤਨਖਾਹ 'ਤੇ ਭਰਤੀ ਕੀਤਾ ਗਿਆ ਸੀ ਤੇ ਉਸ ਨੂੰ ਮਹਿਕਮੇ ਦੇ ਹੁਕਮ ਸਨ ਕਿ ਆਪਣੀ ਜਾਸੂਸੀ ਬਾਰੇ ਘਰ ਵੀ ਨਾ ਦੱਸਿਆ ਜਾਵੇ। ਉਸ ਨੇ ਕਿਹਾ ਕਿ ਉਸ ਦੇ ਮਾਤਾ-ਪਿਤਾ ਮਰ ਚੁੱਕੇ ਹਨ ਤੇ ਵਾਪਸੀ ਉਪਰੰਤ ਉਸ ਨੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਰਾਅ ਤੇ ਪੰਜਾਬ ਸਰਕਾਰ ਨੁੰ ਵਾਰ ਵਾਰ ਅਪੀਲ ਕੀਤੀ ਹੈ ਪਰ ਕਿਸੇ ਨੇ ਉਸ ਦੀ ਸਹਾਇਤਾ ਨਹੀਂ ਕੀਤੀ। ਉਸ ਨੇ ਦੱਸਿਆ ਕਿ ਆਮ ਤੌਰ ਤੇ ਇੰਟੈਰੋਗੇਸ਼ਨ 2-3 ਦੀ ਹੁੰਦੀ ਹੈ ਪਰ ਉਨ੍ਹਾਂ 'ਤੇ 3-3 ਮਹੀਨੇ ਇੰਟੈਰੋਗੇਸ਼ਨ ਕੀਤੀ ਗਈ ਤੇ ਅਣਮੱਨੁਖੀ ਤਸੀਹੇ ਦਿੱਤੇ ਗਏ। ਉਸ ਨੇ ਦੱਸਿਆ ਕਿ ਜਦੋਂ ਕਿਸੇ ਜਾਸੂਸ ਨੂੰ ਪਾਕਿਸਤਾਨ 'ਚ ਫੜਿਆ ਜਾਂਦਾ ਹੈ ਤਾਂ ਉਸ 'ਤੇ ਕੋਈ ਕੇਸ ਰਜਿਸਟਰ ਨਹੀਂ ਕੀਤਾ ਜਾਂਦਾ ਤੇ ਨਾ ਹੀ ਉਸ ਦੀ ਗ੍ਰਿਫਤਾਰੀ ਦਿਖਾਈ ਜਾਂਦੀ ਹੈ ਤੇ ਉਸ ਨੂੰ ਇੰਟੈਰੋਗੇਸ਼ਨ ਲਈ ਐਫਆਈਯੂ 'ਚ ਲਿਜਾਇਆ ਜਾਂਦਾ ਹੈ ਜੋ ਕਿ ਮਿਲਟਰੀ ਦਾ ਵਿਸ਼ੇਸ਼ ਸੈਲ ਹੈ ਤੇ ਉਥੇ ਉਹ 3 ਸਾਲ ਰਿਹਾ। ਉਸ ਨੇ ਦੱਸਿਆ ਕਿ ਐਫਆਈਯੂ 'ਚ ਕਿਸੇ ਨੂੰ ਅਣਮਿਥੇ ਸਮੇਂ ਤਕ ਕੈਦ ਕਰਕੇ ਰੱਖਿਆ ਜਾ ਸਕਦਾ ਹੈ ਜਿਸ ਦਾ ਕਿਸੇ ਨੁੰ ਕੁਝ ਪਤਾ ਨਹੀਂ ਚਲਦਾ।
ਇਸ ਮੌਕੇ ਕਰਾਮਤ ਰਾਹੀ ਨੇ ਦੱਸਿਆ ਕਿ ਉਹ 1983 'ਚ ਰਾਅ ਅੰਦਰ ਭਰਤੀ ਹੋਇਆ ਸੀ ਤੇ 2 ਸਾਲ ਟਰੇਨਿੰਗ ਲੈਣ ਤੋਂ ਬਾਅਦ ਪਾਕਿਸਤਾਨ ਚਲਾ ਗਿਆ। ਉਸ ਨੇ ਦੱਸਿਆ ਕਿ ਇਸ ਦੌਰਾਨ ਉਹ ਕਈ ਵਾਰ ਪਾਕਿਸਤਾਨ ਗਿਆ ਪਰ 27 ਜੂਨ 1988 ਨੂੰ ਉਹ ਗ੍ਰਿਫਤਾਰ ਹੋ ਗਿਆ ਜਿਸ ਉਪਰੰਤ ਉਹ 18 ਸਾਲ ਕੈਦ ਕੱਟਕੇ 2005 'ਚ ਭਾਰਤ ਵਾਪਸ ਆਇਆ। ਉਸ ਨੇ ਦੱਸਿਆ ਕਿ ਉਥੇ ਉਸ ਨੂੰ ਅਜਿਹੇ ਤਸੀਹੇ ਦਿੱਤੇ ਗਏ ਜਿਨਾਂ ਨਾਲ ਉਹ ਕਈ ਵਾਰ ਦਿਮਾਗੀ ਸੰਤੁਲਨ ਵੀ ਗੁਆ ਬੈਠਾ। ਉਸ ਨੇ ਕਿਹਾ ਕਿ ਇਕ ਕੈਦੀ ਨੂੰ ਪਾਕਿਸਤਾਨ 'ਚ 1998 'ਚ ਫਾਂਸੀ ਦੇ ਦਿੱਤੀ ਗਈ ਪਰ ਇਸ ਬਾਰੇ ਸਰਕਾਰ ਵੱਲੋਂ ਕੁਝ ਨਹੀਂ ਕੀਤਾ ਗਿਆ। ਉਸ ਨੇ ਦੱਸਿਆ ਕਿ ਪਾਕਿਸਤਾਨ 'ਚ ਉਸ ਨੂੰ 14 ਸਾਲ ਭਾਰੀ ਬੇੜੀਆਂ 'ਚ ਜਕੜ ਕੇ ਰੱਖਿਆ ਗਿਆ ਤੇ ਇਸ ਦੌਰਾਨ ਉਸ ਨੂੰ ਕਦੇ ਕੋਟ ਲੱਖਪਤ ਜੇਲ, ਕਦੇ ਮੁਲਤਾਨ ਜੇਲ ਕਦੇ ਮੀਆਂਵਾਲੀ ਤੇ ਕਦੇ ਕਿਸੇ ਜੇਲ੍ਹ' ਚ ਰੱਖਿਆ ਜਾਂਦਾ ਰਿਹਾ । ਉਸ ਨੇ ਦੱਸਿਆ ਕਿ ਉਸ ਨੂੰ 7 ਫੁੱਟ ਦੀ ਕੋਠੜੀ 'ਚ ਹੀ ਕੈਦ ਰੱਖਿਆ ਜਾਂਦਾ ਸੀ ਤੇ ਅਜਿਹੀਆਂ ਕੋਠੜੀਆਂ 'ਚ ਬੈਠਾ ਕੋਈ ਵੀ ਬੰਦਾ ਪਾਗਲ ਹੋ ਸਕਦਾ ਹੈ ਤੇ ਕਈ ਹੋਏ ਵੀ ਹਨ। ਉਸ ਨੇ ਦੱਸਿਆ ਕਿ ਜਦੋਂ ਉਹ ਵਾਪਸ ਆਇਆ ਤਾਂ ਰਾਅ ਨੇ ਉਸ ਨੂੰ ਆਪਣਾ ਏਜੰਟ ਮੰਨਣ ਤੋਂ ਇਨਕਾਰ ਕਰ ਦਿਤਾ ਤੇ ਭਾਰਤ ਸਰਕਾਰ ਸਮੇਤ ਹਰ ਜਗਾ ਅਪੀਲਾਂ ਤੋਂ ਬਾਅਦ ਜਦੋਂ ਉਹ ਹਾਈਕੋਰਟ 'ਚ ਗਿਆ ਤੇ ਇਨਸਾਫ ਦੀ ਮੰਗ ਕੀਤੀ ਤਾਂ ਇਥੇ ਵੀ ਉਸ ਨੂੰ ਇਨਸਾਫ ਨਹੀਂ ਮਿਲਿਆ ਤੇ ਇਸ ਵੇਲੇ ਉਸ ਦਾ ਕੇਸ ਸੁਪਰੀਮ ਕੋਰਟ 'ਚ ਚੱਲ ਰਿਹਾ ਹੈ ਪਰ ਇਸ ਮੌਕੇ ਵੀ ਉਸ ਨੁੰ ਇਨਸਾਫ ਦਾ ਇੰਤਜ਼ਾਰ ਹੈ।
ਇਨ੍ਹਾਂ ਤੋਂ ਇਲਾਵਾ ਪਰਮਜੀਤ ਸਿੰਘ ਨੇ ਸਾਢੇ 3 ਸਾਲ ਪਾਕਿਸਤਾਨ 'ਚ ਜੇਲ੍ਹ ਕੱਟੀ ਤੇ ਉਪਿੰਦਰ ਨਾਥ ਨੇ ਵੀ ਸਜ਼ਾ ਕੱਟੀ ਜਦਕਿ 12 ਸਾਲ ਸਜ਼ਾ ਕੱਟ ਕੇ ਆਏ ਬਲਬੀਰ ਸਿੰਘ ਦੀ ਮੌਤ ਹੋ ਚੁੱਕੀ ਹੈ ਤੇ ਮੋਹਨਲਾਲ ਭਾਸਕਰ ਜਿਸ ਨੇ 14 ਸਾਲ ਕੈਦ ਕੱਟੀ ਦੀ ਵੀ ਮੌਤ ਹੋ ਚੁੱਕੀ ਹੈ। ਇਨ੍ਹਾਂ ਦੋਵਾਂ ਦੇ ਲੜਕਿਆਂ ਕ੍ਰਮਵਾਰ ਜਸਵੰਤ ਸਿੰਘ ਤੇ ਗੌਰਵ ਭਾਸਕਰ ਨੇ ਵੀ ਸਰਕਾਰਾਂ 'ਤੇ ਪੱਖਪਾਤ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਹਨਾਂ ਨੂੰ ਅੱਜ ਤੱਕ ਬਣਦਾ ਹੱਕ ਤੱਕ ਨਹੀਂ ਮਿਲਿਆ। 
ਇਹਨਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਾਸੂਸੀ ਕਰਦੇ ਸਮੇਂ ਮਾਰੇ ਗਏ ਹਰੇਕ ਪਰਿਵਾਰ ਦੇ ਮੈਂਬਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਤੇ ਬਾਕੀਆਂ ਨੂੰ ਪ੍ਰਤੀ ਸਾਲ 5 ਲੱਖ ਰੁਪਏ ਦੇ ਹਿਸਾਬ ਨਾਲ ਮੁਆਵਜ਼ਾ ਦਿਤਾ ਜਾਵੇ, ਜਾਸੂਸੀ ਕਰਨ ਵਾਲੇ ਦੇ ਆਸ਼ਰਤ ਇਕ ਮੈਂਬਰ ਨੂੰ ਸਰਕਾਰੀ ਨੌਕਰੀ, ਜਾਸੂਸਾਂ ਦਾ ਪੂਰਾ ਬਣਦਾ ਮਾਣ ਸਤਿਕਾਰ, ਜਿੰਦਾ ਜਾਸੂਸਾਂ ਜਾਂ ਉਹਨਾਂ ਦੇ ਪਰਿਵਾਰਾਂ ਨੁੰ ਪੈਨਸ਼ਨਾਂ, ਭਰਤੀ ਵੇਲੇ ਜਾਸੂਸਾਂ ਦਾ 50 ਲੱਖ ਦਾ ਬੀਮਾ, ਜਾਸੂਸਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਵੱਖਰਾ ਬੋਰਡ ਤੇ ਜਾਸੂਸੀ ਕਰਦੇ ਸਮੇਂ ਮਰ ਚੁੱਕਿਆਂ ਨੂੰ ਸਰਬਜੀਤ ਦੀ ਤਰਜ਼ 'ਤੇ ਸ਼ਹੀਦ ਦਾ ਖਿਤਾਬ ਤੇ ਹੋਰ ਵਿਹਾਰ ਕੀਤਾ ਜਾਵੇ। (ਦੇਸ਼ ਸੇਵਕ ਚੋਂ ਧੰਨਵਾਦ ਸਹਿਤ)


ਬੇਹੋਸ਼ੀ ਦੀ ਹਾਲਤ 'ਚ ਲਗਵਾਏ ਗਏ ਸਰਬਜੀਤ ਕੋਲੋਂ ਅੰਗੂਠੇ ?No comments: