Wednesday, May 29, 2013

ਫਰੀਦਕੋਟ ਅਗਵਾ ਕਾਂਡ:ਦੋਸ਼ੀ ਨਿਸ਼ਾਨ ਸਿੰਘ ਅਤੇ ਹੋਰਾਂ ਨੂੰ ਸਜ਼ਾਵਾਂ


ਲੋਕਾਂ ਦੇ ਇੱਕਮੁੱਠ ਸੰਘਰਸ਼ ਦੀ ਵੱਡੀ ਜਿੱਤ 
28 ਮਈ, ਲੁਧਿਆਣਾ। ਕਾਰਖ਼ਾਨਾ ਮਜ਼ਦੂਰ ਯੂਨੀਅਨ, ਪੰਜਾਬ ਦੇ ਸੰਚਾਲਕ ਲਖਵਿੰਦਰ, ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ ਦੇ ਪ੍ਧਾਨ ਰਾਜਵਿਦਰ, ਨੌਜਵਾਨ ਭਾਰਤ ਸਭਾ ਦੇ ਸੂਬਾ ਕਨਵੀਨਰ ਛਿੰਦਰਪਾਲ ਅਤੇ ਇਸਤਰੀ ਮੁਕਤੀ ਲੀਗ ਦੀ ਆਗੂ ਨਮਿਤਾ ਨੇ ਅਦਾਲਤ ਵਲੋਂ ਫ਼ਰੀਦਕੋਟ ਅਗਵਾ ਅਤੇ ਬਲਾਤਕਾਰ ਕਾਂਡ ਦੇ ਦੋਸ਼ੀ ਨਿਸ਼ਾਨ ਸਿੰਘ ਨੂੰ ਉਮਰ ਕੈਦ ਅਤੇ ਨੌਂ ਹੋਰ ਦੋਸ਼ੀਆਂ ਨੂੰ 7-7 ਸਾਲ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਅਦਾਲਤੀ ਫੈਸਲੇ ਦਾ ਸੁਆਗਤ ਕਰਦੇ ਹੋਏ ਇਸਨੂੰ ਲੋਕ ਸ਼ੰਘਰਸ਼ਾਂ ਦੀ ਜਿੱਤ ਕਰਾਰ ਦਿੱਤਾ ਹੈ। ਉਹਨਾਂ ਪੀੜਤਾਂ ਨੂੰ ਇਨਸਾਫ਼ ਦਵਾਉਣ ਲਈ ਸੰਘਰਸ਼ ਕਰਨ ਵਾਲ਼ੀਆਂ ਸਾਰੀਆਂ ਵਿਦਿਆਰਥੀਆਂ, ਨੌਜਵਾਨਾਂ, ਮਜ਼ਦੂਰਾਂ-ਕਿਸਾਨਾਂ, ਬੁੱਧੀਜੀਵੀਆਂ ਦੀਆਂ ਜੱਥੇਬੰਦੀਆਂ ਨੂੰ ਵਧਾਈ ਦਿੱਤੀ ਹੈ। ਨਿਸ਼ਾਨ ਸਿੰਘ ਅਤੇ ਹੋਰਨਾਂ ਦੋਸ਼ੀਆਂ ਨੂੰ ਸਜਾਵਾਂ ਹੋਣੀਆਂ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਲੋਕ ਜਦੋਂ ਇੱਕਮੁੱਠ ਹੋ ਕੇ ਸੰਘਰਸ਼ ਕਰਦੇ ਹਨ ਉਦੋਂ ਹੀ ਇਨਸਾਫ਼ ਹਾਸਲ ਕਰ ਸਕਦੇ ਹਨ। ਇਸੇ ਤਰ੍ਹਾਂ 31 ਦਸੰਬਰ 2012 ਨੂੰ ਸੰਗਰੂਰ ਜਿਲ੍ਹੇ ਦੇ ਨਮੋਲ ਪਿੰਡ ਵਿੱਚ ਆਪਣੀ ਨਾਬਾਲਿਗ ਵਿਦਿਆਰਥਣ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਅਧਿਆਪਕ ਨੂੰ ਸਿਆਸੀ ਰਸੂਖ ਦੇ ਬਾਵਜੂਦ ਲੋਕਾਂ ਵੱਲੋਂ ਸ਼ੰਘਰਸ਼ਾਂ ਦੇ ਦਮ ’ਤੇ ਲੰਘੀ 23 ਮਈ ਨੂੰ ਉਮਰ ਕੈਦ ਦੀ ਸਜ਼ਾ ਦਿਵਾਉਣਾ ਵੀ ਇਸੇ ਗੱਲ ਦੀ ਮਿਸਾਲ ਹੈ। ਨਾਲ਼ ਹੀ ਉਨ੍ਹਾਂ ਕਿਹਾ ਕਿ ਔਰਤਾਂ ਨਾਲ਼ ਹੋ ਰਹੇ ਘਿਣਾਉਣੇ ਅਪਰਾਧਾਂ ਨੂੰ ਠੱਲਣ ਦਾ ਰਾਹ ਵੀ ਲੋਕ ਵਿੱਚ ਸੂਝ ਪੈਦਾ ਕਰਨਾ ਅਤੇ ਇੱਕਮੁੱਠ ਲੋਕ ਲਹਿਰ ਉਸਾਰਨਾ ਹੀ ਹੋ ਸਕਦਾ ਹੈ।
ਟੈਕਸਟਾਈਲ-ਹੌਜਰੀ ਕਾਮਗਾਰ ਯੂਨੀਅਨ, ਪੰਜਾਬ ਦੇ ਆਗੂ ਰਾਜਵਿੰਦਰ ਨੇ ਦੱਸਿਆ ਕਿ ਬੀਤੀ 24 ਸਤੰਬਰ, 2012 ਨੂੰ ਕਤਲ, ਲੁੱਟ ਅਤੇ ਬਲਾਤਕਾਰ ਜਿਹੇ 22 ਸੰਗੀਨ ਅਪਰਾਧਾਂ ’ਚ ਸ਼ਾਮਲ, ਗੰੁਡਾਗਰਦੀ ਲਈ ਮਸ਼ਹੂਰ, ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨਾਲ਼ ਚੰਗੇ ਸਬੰਧ ਰੱਖਣ ਵਾਲ਼ੇ ਨਿਸ਼ਾਨ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਾਬਾਲਿਗ ਲੜਕੀ ਨੂੰ ਫ਼ਰੀਦਕੋਟ ਵਿੱਚ ਸਥਿਤ ਉਸਦੇ ਘਰ ਵਿੱਚੋਂ ਦਿਨ-ਦਿਹਾੜੇ ਹਥਿਆਰਾਂ ਦੇ ਦਮ ਤੇ ਅਗਵਾ ਕਰ ਲਿਆ ਅਤੇੇ ਪਰਿਵਾਰ ਦੇ ਮੈਂਬਰਾਂ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। ਜਦੋਂ ਦੋਸ਼ੀ ਦੇ ਸਿਆਸੀ ਰਸੂਖ ਕਾਰਨ ਪੁਲਿਸ ਇਸ ਮਾਮਲੇ ਤੇ ਕੋਈ ਗੰਭੀਰ ਕਾਰਵਾਈ ਨਾ ਕੀਤੀ ਤਾਂ ਵੱਖ-ਵੱਖ ਜਨਤਕ ਜਥੇਬੰਦੀਆਂ ਦੀ ਅਗਵਾਈ ਅਧੀਨ ਵੱਡੀ ਗਿਣਤੀ ਵਿੱਚ ਲੋਕ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਨਿੱਤਰੇ। ਲੋਕ ਰੋਹ ਅੱਗੇ ਝੁਕੀ ਪੁਲਿਸ ਨੇ ਕਾਰਵਾਈ ਕਰਦੇ ਹੋਏ 21 ਅਕਤੂਬਰ ਨੂੰ ਗੋਆ ਤੋਂ ਲੜਕੀ ਨੂੰ ਬਰਾਮਦ ਕੀਤਾ ਅਤੇ ਦੋਸ਼ੀ ਨੂੰ ਗਿ੍੍ਰਫਤਾਰ ਕੀਤਾ। ਇਸ ਤੋਂ ਬਾਅਦ ਵੀ ਪੁਲਿਸ ਨੇ ਦੋਸ਼ੀ ਦਾ ਸਾਥ ਦੇਣਾ ਛੱਡਿਆ ਨਹੀਂ ਸਗੋਂ ਤਰ੍ਹਾਂ-ਤਰ੍ਹਾਂ ਦੀਆਂ ਸਾਜਿਸ਼ਾਂ ਰਚ ਕੇ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੀ ਰਹੀ। ਇੱਧਰ ਲੋਕਾਂ ਦਾ ਗੁੱਸਾ ਵਧਦਾ ਗਿਆ ਜੋ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਵੱਡੇ ਪੱਧਰ ’ਤੇ ਸੰਘਰਸ਼ ਦੇ ਰੂਪ ’ਚ ਸਾਹਮਣੇ ਆਇਆ। ਦੋ ਮਹੀਨੇ ਤੱਕ ਫਰੀਦਕੋਟ ਸ਼ਹਿਰ ਵਿੱਚ ਵੱਡੇ ਪੱਧਰ ’ਤੇ ਧਰਨੇ-ਮੁਜਾਹਰੇ ਹੁੰਦੇ ਰਹੇ। ਆਖ਼ਿਰ ਪੁਲਿਸ ਨੂੰ ਮਜ਼ਬੂਰ ਹੋ ਕੇ 20 ਦੋਸ਼ੀਆਂ ਨੂੰ ਗਿ੍ਰਫਤਾਰ ਕਰਕੇ ਮੁੱਕਦਮਾ ਚਲਾਉਣਾ ਪਿਆ ਜਿਸ ਤਹਿਤ ਬੀਤੀ 27 ਮਈ ਨੂੰ ਮੁੱਖ ਦੋਸ਼ੀ ਨਿਸ਼ਾਨ ਸਿੰਘ ਨੂੰ ਉਮਰ ਕੈਦ ਅਤੇ 9 ਹੋਰ ਦੋਸ਼ੀਆਂ ਨੂੰ 7-7 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਜਦਕਿ ਬਾਕੀ ਦਸਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ। ਅਕਾਲੀ ਆਗੂ ਡਿੰਪੀ ਸਮਰਾ ਨੂੰ ਵੀ 7 ਸਾਲ ਦੀ ਕੈਦ ਦੀ ਸਜਾ ਸੁਣਾਈ ਗਈ ਹੈ। ਬਰੀ ਕੀਤੇ ਗਏ ਦੋਸ਼ੀਆਂ ਨੂੰ ਸਜਾ ਦੁਆਉਣ ਲਈ ਪੀੜਤ ਪਰਿਵਾਰ ਅਤੇ ਸੰਘਰਸ਼ਸ਼ੀਲ ਜੱਥੇਬੰਦੀਆਂ ਨੇ ਹਾਈ ਕੋਰਟ ਵਿੱਚ ਕੇਸ ਲੜਨ ਦਾ ਐਲਾਨ ਕੀਤਾ ਹੈ।

ਸਾਥੀ ਲਖਵਿੰਦਰ ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ  ਦੇ ਸੰਚਾਲਕ ਹਨ ਉਹਨਾਂ ਨਾਲ ਸੰਪਰਕ ਦਾ ਮੋਬਾਈਲ ਫੋਨ ਨੰਬਰ ਹੈ:-9646150249

No comments: