Wednesday, May 01, 2013

ਲਓ ਜੀ ਆਉਣ ਲੱਗਾ ਹੈ ਸ਼ਹੀਦੀ ਯਾਦਗਾਰ ਦਾ "ਜੁਆਬ"

ਹੁਣ ਸ਼ਿਵ ਸੈਨਾ ਬਣਾਏਗੀ ਪੰਜਾਬ ਵਿੱਚ ਇੰਦਰਾ ਗਾਂਧੀ ਦਾ ਮੰਦਿਰ
Courtesy Photo
ਆਖਿਰ ਬਿੱਲੀ ਥੈਲਿਓਂ ਬਾਹਰ ਆ ਹੀ ਗਈ ਹੈ। ਸ਼ਿਵ ਸੈਨਾ ਨੇ ਪੰਜਾਬ ਵਿੱਚ ਇੰਦਰਾ ਮੰਦਿਰ ਬਣਾਉਣ ਦਾ ਐਲਾਨ ਕੀਤਾ ਹੈ। ਉਹੀ ਇੰਦਰਾ ਗਾਂਧੀ ਜਿਸ ਨੂੰ ਕਿਸੇ ਵੇਲੇ ਬੀਜੇਪੀ ਦੇ ਇੱਕ ਉੱਚਕੋਟੀ ਦੇ ਆਗੂ ਨੇ ਦੁਰਗਾ ਦਾ ਖਿਤਾਬ ਦਿੱਤਾ ਸੀ। ਉਹੀ ਇੰਦਰਾ ਗਾਂਧੀ ਜਿਸ ਵੱਲੋਂ ਬਲਿਊ ਸਟਾਰ ਓਪਰੇਸ਼ਨ ਦੀ ਕਾਰਵਾਈ ਹੋਣ ਤੇ ਭਾਜਪਾ ਦੇ ਹੀ ਇੱਕ ਹੋਰ ਉੱਚਕੋਟੀ ਦੇ ਨੇਤਾ ਨੇ ਇਹ ਭੇਦ ਖੋਹਲਿਆ ਸੀ ਕਿ ਇਸ ਮਕਸਦ ਲਈ ਅਸੀਂ ਹੀ ਇੰਦਰਾ ਗਾਂਧੀ ਨੂੰ ਮਜਬੂਰ ਕੀਤਾ ਸੀ। ਹੁਣ ਓਸੇ ਸ਼ਖਸੀਅਤ ਨੂੰ ਸਮਰਪਿਤ ਮੰਦਿਰ ਬਣਾਉਣ ਦਾ ਐਲਾਨ ਕਰਕੇ ਸ਼ਿਵ ਸੈਨਾ ਨੇ ਉਹਨਾਂ ਲੋਕਾਂ ਦੀ ਗੱਲ 'ਤੇ ਮੋਹਰ ਲਾ ਦਿੱਤੀ ਹੈ ਜਿਹੜੇ ਇੰਦਰਾ ਗਾਂਧੀ ਨੂੰ ਸੈਕੁਲਰ ਨਹੀਂ ਬਲਕਿ ਇੱਕ ਹਿੰਦੂ ਲੀਡਰ ਮੰਨਦੇ ਹਨ। ਹੋਰ ਗੱਲਾਂ ਤਾਂ ਸਮਾਂ ਪਾ ਕੇ ਖੁਦਬਖੁਦ ਬਾਹਰ ਆ ਜਾਣੀਆਂ ਹਨ ਪਰ ਇੱਕ ਗੱਲ ਹੁਣੇ ਬਾਹਰ ਆ ਗਈ ਹੈ ਕਿ ਇਸ ਕੋਸ਼ਿਸ਼ ਦੇ ਬਹਾਨੇ ਭਾਜਪਾ ਦੇ ਹਿੰਦੂ ਵੋਟ ਬੈੰਕ ਵਿੱਚ ਸੰਨ੍ਹ ਲਾਉਣ ਦਾ ਇੱਕ ਜ਼ੋਰਦਾਰ ਹੱਲਾ ਬੋਲਿਆ ਗਿਆ ਹੈ।   
ਐੱਸ. ਜੀ. ਪੀ. ਸੀ. ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਅੱਤਵਾਦੀਆਂ ਦੀ ਯਾਦ ਵਿਚ ਬਣਾਈ ਗਈ ਯਾਦਗਾਰ ਨੂੰ ਬਹਾਨਾ ਅਤੇ ਨਿਸ਼ਾਨਾ ਬਣਾਉਂਦਿਆਂ ਇਸਦੇ ਵਿਰੋਧ ਵਿਚ ਸ਼ਿਵ ਸੈਨਾ ਪੰਜਾਬ ਨੇ ਅੰਮ੍ਰਿਤਸਰ ਵਿਖੇ ਐਲਾਨ ਕੀਤਾ ਕਿ ਹੁਣ ਉਹ ਪੰਜਾਬ ਵਿਚ ਸਵ. ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੀ ਯਾਦ ਵਿਚ ਇਕ ਮੰਦਰ ਦਾ ਨਿਰਮਾਣ ਕਰੇਗੀ, ਜਿਸ ਵਿਚ ਪੰਜਾਬ ਦੇ ਸਵ. ਮੁੱਖ ਮੰਤਰੀ ਸ. ਬੇਅੰਤ ਸਿੰਘ ਤੇ ਆਪ੍ਰੇਸ਼ਨ ਬਲਿਊ ਸਟਾਰ ਦੇ ਨਾਇਕ ਜਨਰਲ ਵੈਦਿਆ ਦੀਆਂ ਮੂਰਤੀਆਂ ਵੀ ਸਥਾਪਤ ਕੀਤੀਆਂ ਜਾਣਗੀਆਂ। ਇਹ ਐਲਾਨ ਬਾਕਾਇਦਾ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਇਸ ਸੰਗਠਨ ਦੀ ਪੰਜਾਬ ਬਰਾਂਚ ਦੇ ਮੀਤ ਪ੍ਰਧਾਨ ਬਲਦੇਵ ਭਾਰਦਵਾਜ ਤੇ ਪੰਜਾਬ ਮੀਤ ਪ੍ਰਧਾਨ ਵਿਪਨ ਨਈਅਰ ਨੇ ਕਿਹਾ ਕਿ ਜੇਕਰ ਅੱਤਵਾਦ ਨੂੰ ਸ਼ਹਿ ਦੇਣ ਵਾਲਿਆਂ ਦੀ ਯਾਦ ਵਿਚ ਯਾਦਗਾਰਾਂ ਦਾ ਨਿਰਮਾਣ ਹੋ ਸਕਦਾ ਹੈ ਤਾਂ ਅੱਤਵਾਦ ਖਿਲਾਫ ਲੜ ਕੇ ਜਾਨ ਦੇਣ ਵਾਲੀ ਦੇਸ਼ ਦੀ ਮਹਾਨ ਸਪੁੱਤਰੀ ਸਵ. ਇੰਦਰਾ ਗਾਂਧੀ ਦੀ ਯਾਦ ਵਿਚ ਵੀ ਮੰਦਰ ਦਾ ਨਿਰਮਾਣ ਹੋ ਕੇ ਰਹੇਗਾ। ਇਸਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਸਾਰੇ ਜ਼ਿਲਿਆਂ ਵਿਚ ਸ਼ਿਵ ਸੈਨਾ ਵਲੋਂ ਘਰ-ਘਰ ਜਾ ਕੇ ਇੰਦਰਾ ਗਾਂਧੀ ਦੀਆਂ ਤਸਵੀਰਾਂ ਵੀ ਵੰਡੀਆਂ ਜਾਣਗੀਆਂ ਤਾਂ ਜੋ ਲੋਕ ਉਨ੍ਹਾਂ ਤਸਵੀਰਾਂ ਨੂੰ ਆਪਣੇ ਘਰਾਂ ਵਿਚ ਲਾਉਣ ਤੇ ਦੇਸ਼ ਦੀ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਇੰਦਰਾ ਗਾਂਧੀ, ਬੇਅੰਤ ਸਿੰਘ ਤੇ ਜਨਰਲ ਵੈਦਿਆ ਨੇ ਕੁਰਬਾਨੀ ਕਿਉਂ ਦਿੱਤੀ? ਉਨ੍ਹਾਂ ਕਿਹਾ ਕਿ ਐੱਸ. ਜੀ. ਪੀ. ਸੀ. ਨੇ ਕੇਂਦਰ ਸਰਕਾਰ ਨੂੰ ਭਰੋਸੇ ਵਿਚ ਲੈ ਕੇ ਇਹ ਬਿਆਨ ਦਿੱਤਾ ਸੀ ਕਿ ਉਹ 1984 ਦੇ ਆਪ੍ਰੇਸ਼ਨ ਬਲਿਊ ਸਟਾਰ ਦੌਰਾਨ ਮਾਰੇ ਗਏ ਨਿਰਦੋਸ਼ ਸਿੱਖਾਂ ਦੀ ਯਾਦ ਵਿਚ ਗੁਰਦੁਆਰੇ ਦਾ ਨਿਰਮਾਣ ਕਰ ਰਹੀ ਹੈ ਪਰ ਹੁਣ ਸਾਰਾ ਸੱਚ ਸਾਹਮਣੇ ਆ ਚੁੱਕਾ ਹੈ ਕਿ ਇਹ ਯਾਦਗਾਰ ਨਿਰਦੋਸ਼ ਲੋਕਾਂ ਦੀ ਯਾਦ ਵਿਚ ਨਹੀਂ, ਬਲਕਿ ਭਿੰਡਰਾਂਵਾਲਾ ਤੇ ਉਸਦੇ ਸਾਥੀਆਂ ਦੀ ਯਾਦ ਵਿਚ ਬਣਾਈ ਗਈ ਹੈ, ਜੋ ਕਿ ਹਿੰਦੂਆਂ ਤੇ ਸਿੱਖਾਂ ਦੇ ਜਲੇ ਹੋਏ 'ਤੇ ਲੂਣ ਛਿੜਕਣ ਦੇ ਬਰਾਬਰ ਹੈ। ਉਨ੍ਹਾਂ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਵਲੋਂ ਦਿੱਤੇ ਜਾਣ ਵਾਲੇ ਬਿਆਨਾਂ ਨੂੰ ਪੂਰੀ ਤਰ੍ਹਾਂ ਗੈਰ-ਜ਼ਿੰਮੇਦਾਰਾਨਾ ਦਸਦਿਆਂ ਸ਼ਿਵ ਸੈਨਾ ਆਗੂਆਂ ਨੇ ਇਹ ਵੀ ਕਿਹਾ ਕਿ ਏਹੋ ਜਹੇ ਬਿਆਨਾਂ ਕਾਰਨ ਹੀ ਹਿੰਦੂ-ਸਿੱਖ ਏਕਤਾ ਨੂੰ ਭਾਰੀ ਠੇਸ ਪਹੁੰਚ ਰਹੀ ਹੈ। ਇਸ ਮੌਕੇ ਹਰਜੀਤ ਸਿੰਘ ਸੈਣੀ, ਰਮਨ ਬਾਵਾ, ਹਰਜੀਤ ਸਿੰਘ, ਸਤਨਾਮ ਸਿੰਘ, ਵਿਮਲ ਕੁਮਾਰ, ਸੁਰਿੰਦਰ ਕੁਮਾਰ ਆਦਿ ਕਈ ਹੋਰ ਸ਼ਿਵ ਸੈਨਿਕ ਵੀ ਮੌਜੂਦ ਸਨ। ਹੁਣ ਦੇਖਣਾ ਇਹ ਹੈ ਕਿ ਅਜਿਹੇ ਮੰਦਰਾਂ ਦੀ ਉਸਾਰੀ ਨਾਲ ਹੁਣ ਹੋਰ ਕਿਸ ਕਿਸ ਦੇ ਮੰਦਰ ਬਣਾਉਣ ਦਾ ਇੱਕ ਸਿਲਸਿਲਾ ਤੁਰੇਗਾ! 

No comments: