Monday, May 27, 2013

ਸ਼ਰੁਤੀ ਮਾਮਲੇ ਦੇ ਖਲਨਾਇਕ ਨਿਸ਼ਾਨ ਨੂੰ ਦੋਹਰੀ ਉਮਰਕੈਦ ਦੀ ਸਜ਼ਾ

ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀਮਤੀ ਅਰਚਨਾ ਪੁਰੀ ਨੇ ਸੁਣਾਈ ਸਜ਼ਾ 
ਫਰੀਦਕੋਟ, 27 ਮਈ,2013: ਆਖਿਰ ਅਦਾਲਤ ਨੇ ਵੀ ਸ਼ਰੁਤੀ ਕਾਂਢ ਦੇ ਖਲਨਾਇਕ ਨਿਸ਼ਾਨ ਸਿੰਘ ਨੂੰ ਸਜ਼ਾ ਸੁਣਾ ਦਿੱਤੀ ਹੈ।  ਫਰੀਦਕੋਟ ਦੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀਮਤੀ ਅਰਚਨਾ ਪੁਰੀ ਨੇ ਫਰੀਦਕੋਟ ਦੇ ਬਹੁ-ਚਰਚਿਤ ਸ਼ਰੂਤੀ ਅਗਵਾ ਕਾਂਡ ਦੇ ਮੁੱਖ ਦੋਸ਼ੀ ਨਿਸ਼ਾਨ ਸਿੰਘ ਨੂੰ ਦੋਹਰੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕਾਬਿਲੇ ਜ਼ਿਕਰ ਹੈ ਕਿ ਨਿਸ਼ਾਨ ਸਿੰਘ ਦੇ ਖ਼ਿਲਾਫ਼ ਜਬਰ-ਜਨਾਹ ਦੇ ਦੋ ਮਾਮਲੇ ਦਰਜ ਸਨ ਅਤੇ ਉਸ ਨੂੰ ਦੋਹਾਂ ਮੁਕੱਦਮਿਆਂ ਵਿਚ ਵੱਖ-ਵੱਖ ਤੌਰ 'ਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।  ਵਿ ਇਸ ਫੈਸਲੇ ਅਨੁਸਾਰ ਹੁਣ ਨਿਸ਼ਾਨ ਸਿੰਘ ਨੂੰ ਆਪਣੀ ਸਾਰੀ ਜ਼ਿੰਦਗੀ ਜੇਲ੍ਹ ਵਿਚ ਗੁਜ਼ਾਰਨੀ ਪੈ ਸਕਦੀ ਹੈ।  ਉਸਨੂੰ ਅਦਾਲਤ ਨੇ 24 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਵੀ ਹੁਕਮ ਸੁਣਾਇਆ ਹੈ। ਇਸਦੇ ਨਾਲ ਹੀ ਅਦਾਲਤ ਨੇ ਨਿਸ਼ਾਨ ਸਿੰਘ ਦੀ ਮਾਂ ਨਵਜੋਤ ਕੌਰ, ਅਕਾਲੀ ਆਗੂ ਮਨਿੰਦਰਜੀਤ ਸਿੰਘ ਡਿੰਪੀ ਸਮਰਾ, ਰਾਜਵਿੰਦਰ ਸਿੰਘ ਘਾਲੀ, ਤੂਫ਼ਾਨ ਸਿੰਘ, ਵਰਿੰਦਰ ਕੁਮਾਰ, ਹਰਸਿਮਰਨ ਸਿੰਘ, ਬਿਕਰਮਜੀਤ ਸਿੰਘ, ਪੰਕਜ ਗੌਤਮ ਅਤੇ ਪ੍ਰਦੀਪ ਕੁਮਾਰ ਨੂੰ ਇਰਾਦਾ ਕਤਲ ਅਤੇ ਸਾਜ਼ਿਸ਼ ਰਚਣ ਦੇ ਦੋਸ਼ਾਂ ਵਿਚ 7-7 ਸਾਲ ਦੀ ਕੈਦ ਅਤੇ ਸਾਰਿਆਂ ਨੂੰ 15-15 ਹਜ਼ਾਰ ਰੁਪਏ ਜੁਰਮਾਨੇ ਦਾ ਹੁਕਮ ਸੁਣਾਇਆ। 
                    ਅਦਾਲਤ ਨੇ ਇਸ ਮਾਮਲੇ ਵਿਚ ਰਾਹੁਲ ਸ਼ਰਮਾ, ਅਮਨਪ੍ਰੀਤ ਸਿੰਘ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ, ਸੰਨੀ, ਸਾਹਿਲ ਸ਼ਰਮਾ, ਗੁਰਦੀਪ ਸਿੰਘ, ਅਮਨ ਕੁਮਾਰ, ਕੁਲਵਿੰਦਰ ਕੌਰ ਅਤੇ ਨਿਸ਼ੂ ਚੋਪੜਾ ਨੂੰ ਸਬੂਤਾਂ ਅਤੇ ਗਵਾਹੀਆਂ ਦੀ ਘਾਟ ਹੋਣ ਦੇ ਅਧਾਰ 'ਤੇ ਬਰੀ ਕਰ ਦਿੱਤਾ। ਜਿਕਰਯੋਗ ਹੈ ਕਿ 24 ਸਤੰਬਰ 2012 ਨੂੰ ਦਿਨ-ਦਿਹਾਡ਼ੇ ਨਿਸ਼ਾਨ ਸਿੰਘ ਨੇ ਆਪਣੇ ਕੁਝ ਸਾਥੀਆਂ ਦੀ ਮਦਦ ਨਾਲ ਫ਼ਰੀਦਕੋਟ ਦੀ ਡੋਗਰ ਬਸਤੀ 'ਚੋਂ ਨਾਬਾਲਗ਼ ਲੜਕੀ ਸ਼ਰੂਤੀ ਸਚਦੇਵਾ ਨੂੰ ਦਿਨ ਦਹਾੜੇ ਹਥਿਆਰਾਂ ਦੇ ਜੋਰ ਅਗਵਾ ਕਰ ਲਿਆ ਸੀ।  ਇਸ ਅਗਵਾ ਮੌਕੇ ਨਿਸ਼ਾਨ ਸਿੰਘ ਅਤੇ ਉਸ ਦੇ ਸਾਥੀਆਂ ਨੇ ਪੀੜਿਤ ਲੜਕੀ ਦੀ ਮਾਂ ਸੀਮਾ ਸਚਦੇਵਾ ਅਤੇ ਪਿਤਾ ਅਸ਼ਵਨੀ ਸਚਦੇਵਾ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਵੀ ਕਰ ਦਿੱਤਾ ਸੀ। ਪੁਲਿਸ ਨੇ ਨਿਸ਼ਾਨ ਸਿੰਘ ਨੂੰ ਗੋਆ ਤੋਂ ਗ੍ਰਿਫ਼ਤਾਰ ਕੀਤਾ ਸੀ। 
             ਅਦਾਲਤ ਦੇ ਫੈਸਲੇ 'ਤੇ ਪੀੜਿਤ ਲੜਕੀ ਦੀ ਮਾਂ ਸੀਮਾ ਸਚਦੇਵਾ ਅਤੇ ਪਿਤਾ ਅਸ਼ਵਨੀ ਸਚਦੇਵਾ ਨੇ ਸੰਤੁਸ਼ਟੀ ਪ੍ਰਗਟ ਕੀਤੀ, ਪਰ ਨਾਲ ਹੀ ਕਿਹਾ ਕਿ ਜਿਹਨਾਂ  ਮੁਲਜ਼ਮਾਂ ਨੂੰ ਬਰੀ ਕੀਤਾ ਗਿਆ ਹੈ, ਉਨ੍ਹਾਂ ਖ਼ਿਲਾਫ਼ ਹਾਈਕੋਰਟ ਵਿਚ ਅਪੀਲ ਕੀਤੀ ਜਾਵੇਗੀ। ਅਦਾਲਤ ਨੇ ਰਾਜਵਿੰਦਰ ਸਿੰਘ ਉਰਫ਼ ਘਾਲੀ ਨੂੰ ਅਸਲੇ ਦੀ ਦੁਰਵਰਤੋਂ ਦੇ ਦੋਸ਼ਾਂ ਵਿਚ ਦੋ ਸਾਲ ਦੀ ਵੱਧ ਸਜ਼ਾ ਸੁਣਾਈ ਹੈ ਹੈ। ਜ਼ਿਕਰਯੋਗ ਹੈ ਕਿ ਪੁਲਿਸ ਨੂੰ ਇਹ ਮਾਮਲਾ ਸੁਲਝਾਉਣ ਲਈ 50 ਲੱਖ ਰੁਪਏ ਖਰਚਣੇ ਪਏ। ਪੁਲਿਸ ਨੇ ਅਦਾਲਤ ਸਾਹਮਣੇ ਕੁੱਲ 58 ਗਵਾਹ ਪੇਸ਼ ਕੀਤੇ ਜਦੋਂ ਕਿ ਮੁਲਜ਼ਮਾਂ ਨੇ ਆਪਣੀ ਸਫ਼ਾਈ ਵਿਚ 40 ਗਵਾਹ ਅਦਾਲਤ ਸਾਹਮਣੇ ਪੇਸ਼ ਕੀਤੇ। ਇਸ ਫੈਸਲੇ ਮਗਰੋਂ ਲੋਕਾਂ ਵਿੱਚ ਵੀ ਕਾਫੀ ਸੰਤੁਸ਼ਟੀ ਵਾਲੀ ਭਾਵਨਾ ਮਹਿਸੂਸ ਕੀਤੀ ਗਈ।

No comments: