Tuesday, May 07, 2013

ਉਹ ਜਿੰਨਾ ਜੀਵਿਆ, ਇਕ ਦੌਰ ਬਣ ਕੇ ਜੀਵਿਆ

ਮਾਂ-ਬੋਲੀ ਪੰਜਾਬੀ ਦਾ ਲਾਡਲਾ ਪੁੱਤਰ ਤੇ ਯੁੱਗ-ਸ਼ਾਇਰ-ਸ਼ਿਵ ਕੁਮਾਰ ਬਟਾਲਵੀ
ਡਾ. ਅਨੂਪ ਸਿੰਘ

ਮਾਂ-ਬੋਲੀ ਦਾ ਮਾਣ-ਸਤਿਕਾਰ ਚਹੁੰ-ਕੂੰਟਾਂ ਵਿੱਚ ਪਹੁੰਚਾਉਣ ਵਾਲਾ, ਵਿਸ਼ਵ-ਵਿਆਪੀ ਪ੍ਰਸਿੱਧੀ ਦਾ ਮਾਲਕ, ਦਹਾਕਿਆਂ ਦਾ ਜੀਵਨ ਕਾਲ ਸਾਲਾਂ ਵਿੱਚ ਮੁਕਾਉਣ ਵਾਲਾ, ਨੌਜਵਾਨਾਂ ਦਾ ਆਦਿ-ਜੁਗਾਦੀ ਮਹਿਬੂਬ ਸ਼ਾਇਰ; ਬਿਰਹਾ ਦਾ ਸੁਲਤਾਨ; ਈਰਖਾਲੂਆਂ ਲਈ ਨਿਰੀ ਸਿਰਦਰਦੀ ਪੈਦਾ ਕਰ ਦੇਣ ਵਾਲਾ; ਪੰਜਾਬੀ ਮਾਂ-ਬੋਲੀ ਦਾ ਮਹਾਨ ਸਪੂਤ ਤੇ ਪੰਜਾਬੀ ਕਾਵਿ ਦੀ ਸੁਹਜਮਈ-ਸਰੋਦੀ ਹੂਕ-ਸ਼ਿਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ, 1936 ਨੂੰ ਬੜਾ ਪਿੰਡ ਲੋਹਟੀਆਂ, ਤਹਿਸੀਲ ਸ਼ਕਰਗੜ੍ਹ (ਗੁਰਦਾਸਪੁਰ) ਵਿਖੇ ਪੰਡਿਤ ਕਿਸ਼ਨ ਗੋਪਾਲ ਦੇ ਘਰ ਮਾਤਾ ਸ਼੍ਰੀਮਤੀ ਸ਼ਾਂਤੀ ਦੇਵੀ ਦੀ ਕੁੱਖੋਂ ਹੋਇਆ। ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਅਨੁਸਾਰ, "ਬੜੇ ਪਿੰਡ ਲੋਹਟੀਆਂ ਦਾ ਸ਼ਿਵ ਕੁਮਾਰ ਜਦੋਂ ਜੰਮਿਆ ਤਾਂ ਉਸ ਦੀ ਮਾਂ ਨੇ ਅੱਗ ਦੀ ਨਦੀ ਵਿੱਚੋਂ ਪਾਣੀ ਲਿਆ ਕੇ ਆਪਣੇ ਪੁੱਤਰ ਨੂੰ ਚਖਾਇਆ। ਇਹ ਬਸੰਤਰ ਨਦੀ ਇਸ ਪਿੰਡ ਦੀ ਵੱਖੀ ਵਿੱਚ ਵਗਦੀ ਹੈ। ਇਸੇ ਅੱਗ ਨੂੰ ਸ਼ਿਵ ਨੇ ਆਪਣੀ ਉਮਰ ਦੇ ਉਂਗਲਾਂ 'ਤੇ ਗਿਣੇ ਜਾ ਸਕਣ ਵਾਲੇ ਵਰ੍ਹਿਆਂ 'ਚ ਹੰਢਾਇਆ।'' ਇਹ ਯੁੱਗ-ਸ਼ਾਇਰ ਮਹਿਜ ਪੌਣੇ ਸੈਂਤੀ ਸਾਲ ਜੀਵਿਆ ਅਤੇ ਆਪਣੀ ਸਿਰਜਣ ਪ੍ਰਕ੍ਰਿਆ ਦੇ ਲਗਭਗ 12-13 ਸਾਲਾਂ ਵਿੱਚ ਹੀ ਪੰਜਾਬੀ ਕਾਵਿ ਵਿੱਚ ਇਕ ਵਿਲੱਖਣ ਯੁੱਗ ਦਾ ਸਿਰਜਕ ਸਿੱਧ ਹੋਇਆ। ਜੁਝਾਰਵਾਦੀ ਪੰਜਾਬੀ ਕਾਵਿ ਦਾ ਸਭ ਤੋਂ ਵੱਧ ਸੁਚਰਚਿਤ ਸ਼ਾਇਰ-ਪਾਸ਼ ਉਸ ਬਾਰੇ ਲਿਖਦਾ ਹੈ, "ਸ਼ਿਵ ਪੰਜਾਬੀ ਕਵਿਤਾ ਦਾ ਇਕ ਦੌਰ ਸੀ, ਜੋ ਉਸ ਦੇ ਨਾਲ ਸ਼ੁਰੂ ਹੋਇਆ ਸੀ, ਉਸ ਦੇ ਨਾਲ ਹੀ ਖਤਮ ਹੋ ਗਿਆ ਹੈ। ਉਹ ਜਿੰਨਾ ਜੀਵਿਆ, ਇਕ ਦੌਰ ਬਣ ਕੇ ਜੀਵਿਆ।'' ਸ਼ਿਵ ਦੀ ਪੰਜਾਬੀ ਕਵਿਤਾ 'ਚ ਇਸ ਤਰ੍ਹਾਂ ਪੂਰੀ-ਭਰਪੂਰ ਵਿਲੱਖਣ ਪਛਾਣ ਹੈ ਅਤੇ ਉਸ ਦੀ ਵਿਲੱਖਣਤਾ ਯੁੱਗਾਂ ਤੱਕ ਕਾਇਮ ਰਹੇਗੀ।
ਸ਼ਿਵ ਕੁਮਾਰ ਬਟਾਲਵੀ ਦਾ ਪਲੇਠਾ ਕਾਵਿ ਸੰਗ੍ਰਹਿ "ਪੀੜਾਂ ਦਾ ਪਰਾਗਾ'' (1960) ਉਸ ਦੇ ਨਿੱਜੀ ਦਰਦ ਤੇ ਵੇਦਨਾ ਨੂੰ ਬਾਖ਼ੂਬੀ ਪੇਸ਼ ਕਰਦਾ ਹੈ। ਸੰਗੀਤਕ ਸੁਰ 'ਚ ਪੇਸ਼ ਗ਼ਮ, ਬਿਰਹਾ, ਨਿਰਾਸ਼ਤਾ, ਉਪਰਾਮਤਾ ਤੇ ਨਿੱਜਗਤ ਦਰਦ ਨਾਲ ਲਬਰੇਜ਼ ਇਸ ਕਾਵਿ-ਪੁਸਤਕ ਨੂੰ ਭਾਸ਼ਾ ਵਿਭਾਗ ਪੰਜਾਬ ਨੇ ਪਹਿਲਾ ਇਨਾਮ ਪ੍ਰਦਾਨ ਕੀਤਾ। "ਲਾਜਵੰਤੀ'' (1961) ਨਾਮਕ ਦੂਜੇ ਕਾਵਿ-ਸੰਗ੍ਰਹਿ Ḕਚ ਸ਼ਿਵ ਕੁਮਾਰ ਵੱਲੋਂ ਅੋਰਤ ਦੁਆਰਾ ਸਾਹ-ਘੁਟਵੀਆਂ ਸਮਾਜਿਕ ਕਦਰਾਂ-ਕੀਮਤਾਂ 'ਤੇ ਖੂਬਸੂਰਤ ਟਿੱਪਣੀਆਂ ਕੀਤੀਆਂ ਹੋਈਆਂ ਮਿਲਦੀਆਂ ਹਨ। ਸ਼ਾਇਰ ਨੇ ਵੇਲਾ ਵਿਹਾਅ ਚੁੱਕੇ ਸਮਾਜਿਕ ਮੁੱਲ-ਵਿਧਾਨ ਅਤੇ ਦਕਿਆਨੂਸੀ ਪਹੁੰਚ-ਦ੍ਰਿਸ਼ਟੀ ਨੂੰ ਸਹਿਜ-ਯੁਕਤ ਦਲੇਰੀ ਨਾਲ ਰੱਦ ਕੀਤਾ। ਇਸ ਵਿੱਚ ਉਸ ਨੇ ਦੋ ਤਰ੍ਹਾਂ ਦੇ ਅਲੰਕਾਰਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਹੈ। (A) ਪੇਂਡੂ ਜਨ-ਜੀਵਨ ਦੀ ਪ੍ਰਕ੍ਰਿਤੀ ਬਾਰੇ ਜਿਹੜੇ ਅਜੋਕੀ ਨੌਜਵਾਨ ਪੀੜ੍ਹੀ ਲਈ ਸਮਝਣੇ ਕਠਿਨ ਹਨ। (ਅ) ਕੁਦਰਤ-ਕਾਇਨਾਤ ਦੇ ਪਰਾ ਭੌਤਿਕ ਮੰਡਲ ਨਾਲ ਸਬੰਧਤ ਅਲੰਕਾਰ ਤੇ ਕਾਵਿ-ਬਿੰਬ ਜਿਹੜੇ ਸਮਝਣ-ਵਰਤਣ ਲਈ ਉੱਚ ਮਾਨਸਿਕ ਇਕਾਗਰਤਾ ਦੀ ਮੰਗ ਕਰਦੇ ਹਨ। ਆਪਣੇ ਤੀਜੇ ਕਾਵਿ-ਸੰਗ੍ਰਹਿ "ਆਟੇ ਦੀਆਂ ਚਿੜੀਆਂ'' ਵਿਚ ਸ਼ਿਵ ਆਪਣੇ ਮਨ-ਮਸਤਕ 'ਤੇ ਪ੍ਰਭਾਵੀ ਹੋਏ ਪਏ ਗ਼ਮ ਨੂੰ ਹੀ ਕਾਵਿਕ-ਵਿਸਥਾਰ ਪ੍ਰਦਾਨ ਕਰਦਾ ਹੈ। ਇਹ ਸੰਗ੍ਰਹਿ 1962 ਵਿੱਚ ਪ੍ਰਕਾਸ਼ਿਤ ਹੋਇਆ। ਉਕਤ ਤਿੰਨਾਂ ਹੀ ਕਾਵਿ ਪੁਸਤਕਾਂ ਦੇ ਆਰ-ਪਾਰ ਅਸੀਂ ਦਰਦ, ਗ਼ਮ, ਉਪਰਾਮਤਾ, ਨਿਰਾਸ਼ਤਾ ਅਤੇ ਪ੍ਰਵਾਣਿਤ ਹਾਰ ਦੀ ਇਕ ਲੰਮੀ ਹੂਕ ਸੁਣਦੇ ਹਾਂ, ਜਿਸ ਨੂੰ ਸਿਰੇ ਦੇ ਸਰਲੀਕਰਨ ਤਹਿਤ ਕੁਝ ਲੋਕ ਰੁਦਨ ਦੀ ਸ਼ਾਇਰੀ ਕਹਿ ਦਿੰਦੇ ਹਨ। ਸ਼ਿਵ ਕੁਮਾਰ ਇਸ ਦੋਸ਼ ਦਾ ਸਪੱਸ਼ਟੀਕਰਨ ਦੇ ਚੁੱਕਾ ਹੈ :
ਪੀੜਾਂ ਦੇ ਧਰਕੋਨੇ ਖਾ ਖਾ
ਹੋ ਗਏ ਗੀਤ ਕੁਸੈਲੇ ਵੇ,
ਵਿਚ ਨੜੋਏ ਬੈਠੀ ਜਿੰਦੂ
ਕੀਕਣ ਸੋਹਲੇ ਗਾਏ ਵੇ।

ਸਾਡਾ ਇਹ ਮਹਿਬੂਬ ਸ਼ਾਇਰ ਆਪਣੇ ਅੰਤ ਬਾਰੇ ਆਰੰਭ ਵਿਚ ਹੀ ਸੁਚੇਤ ਸੀ। ਇਸੇ ਕਾਰਨ ਉਸ ਨੇ 1962-63 ਵਿਚ ਹੀ "ਮੈਨੂੰ ਵਿਦਾ ਕਰੋ'' ਸਿਰਲੇਖ ਹੇਠ ਕਵਿਤਾ ਲਿਖ ਦਿੱਤੀ ਸੀ ਅਤੇ ਇਸੇ ਸਿਰਲੇਖ ਤਹਿਤ ਕਾਵਿ ਸੰਗ੍ਰਹਿ ਬਾਅਦ ਵਿਚ ਪ੍ਰਕਾਸ਼ਿਤ ਹੋਇਆ। ਇਸ ਵਿਚ ਸ਼ਿਵ ਇਸ ਬ੍ਰਹਿਮੰਡ ਵਿਚ ਆਪਣੀ ਆਉਧ ਪੂਰੀ ਹੋ ਜਾਣ ਦਾ ਪ੍ਰਤੀਮਾਨ ਸਿਰਜਦਾ ਹੈ :
ਵਾਰੋ ਪੀੜ ਮੇਰੀ ਦੇ ਸਿਰ ਤੋਂ
ਨੈਣ ਸਰਾਂ ਦਾ ਪਾਣੀ।
ਇਸ ਪਾਣੀ ਨੂੰ ਜੱਗ ਵਿੱਚ ਵੰਡੋ
ਹਰ ਇਕ ਆਸ਼ਕ ਤਾਣੀ।
ਪ੍ਰਭ ਜੀ, ਜੇ ਕੋਈ ਬੂੰਦ ਬਚੇ
ਉਹਦਾ ਆਪ ਘੁੱਟ ਭਰੋ।
ਤੇ ਮੈਨੂੰ ਵਿਦਾ ਕਰੋ।
"ਬਿਰਹਾ ਤੂੰ ਸੁਲਤਾਨ'' ਅਤੇ "ਦਰਦਮੰਦਾਂ ਦੀਆਂ ਆਹੀਂ'' ਨਾਮਕ ਦੋ ਕਾਵਿ-ਸੰਗ੍ਰਹਿ 1964 ਵਿਚ ਪ੍ਰਕਾਸ਼ਿਤ ਹੋਏ। ਮਗਰਲੇ ਕਾਵਿ-ਸੰਗ੍ਰਹਿ ਵਿਚ ਪਹਿਲੇ ਚਾਰ ਸੰਗ੍ਰਹਾਂ ਵਿਚੋਂ ਹੀ ਕਵਿਤਾਵਾਂ ਤੇ ਗੀਤ ਸ਼ਾਮਲ ਹਨ। ਸ਼ਿਵ ਦੇ ਗੀਤਾਂ ਦਾ ਪ੍ਰਭਾਵੀ ਤੇ ਪ੍ਰਮੁੱਖਤਮ ਗੁਣ ਸੰਗੀਤਕ ਲੈਆਤਮਕਤਾ ਜਾਂ ਸੁਰ-ਤਾਲ ਲੈਆਤਮਕਤਾ ਹੈ। ਉਸ ਦੁਆਰਾ ਸਿਰਜਿਤ ਸ਼ਬਦ ਚਿੱਤਰ ਸੰਘਣੀ ਹਰਿਆਵਲ ਵਿਚ ਮਹਿਕਾਂ ਬਿਖੇਰਦੇ ਰੰਗ-ਬਿਰੰਗੇ ਫੁੱਲਾਂ ਵਾਂਗ ਹਨ। ਅਜਿਹਾ ਕਰਦਿਆਂ ਉਹ ਕਦੇ ਬੇਲੋੜੇ ਖਿਲਾਰੇ 'ਚ ਨਹੀਂ ਪੈਂਦਾ, ਸਗੋਂ ਸੰਕੇਤਕ ਭਾਸ਼ਾ 'ਚ ਅਨੂਠੇ ਬਿੰਬਾਂ ਤੇ ਪ੍ਰਤੀਕਾਂ ਰਾਹੀਂ ਆਪਣੀ ਗੱਲ ਕਰਦਾ ਹੈ। ਸ਼ਿਵ ਸਾਫ਼-ਸਪੱਸ਼ਟ ਰੂਪ ਵਿਚ ਲੋਕ-ਧਾਰਾਈ ਕਾਵਿ-ਬਿੰਬਾਂ ਦੀ ਇਕ ਪੂਰੀ ਸਲਤਨਤ ਹੈ। ਸ਼ਿਵ ਉਸ ਸਰ-ਜ਼ਮੀਨ ਦਾ ਮਾਲਕ ਸੀ, ਜਿਥੇ ਜ਼ਿੰਦਗੀ ਦੀ ਜੱਦੋ-ਜਹਿਦ ਵਿਚ ਪ੍ਰਚੰਡ ਬਿੰਬਾਂ ਦੀ ਸਿਰਜਣਾ ਹੁੰਦੀ ਹੈ। ਮਿਸਾਲ ਵਜੋਂ ਵੇਖੋ 
: ਸ਼ਾਲਾ! ਬਾਂਝ ਮਰੀਵਣ ਮਾਪੇ
ਢਿੱਡੋਂ ਭੁੱਖੇ-ਭਾਣੇ
ਉਸ ਘਰ ਨਾ ਜਨਮੇ ਸ਼ੀਸ਼ੋ
ਜਿਸ ਘਰ ਹੋਣ ਨਾ ਦਾਣੇ
ਸ਼ਾਲਾ! ਓਸ ਗਿਰਾਂ ਦੇ ਸੱਭੇ
ਹੋ ਜਾਣ ਬੁਰਦ ਮੁਰੱਬੇ।
ਜਿਸ ਗਰਾਂ 'ਚੋਂ ਜ਼ਿੰਦਗੀ ਨਾਲੋਂ
ਮੱਢਲ ਮਹਿੰਗਾ ਲੱਭੇ।
ਸ਼ਿਵ ਦੀ ਸ਼ਾਹਕਾਰ ਸਿਰਜਣਾ ਖੰਡ-ਕਾਵਿ "ਲੂਣਾ'' 1965 ਵਿਚ ਪ੍ਰਕਾਸ਼ਿਤ ਹੋਈ। ਇਸ ਸੁਰਚਨਾ ਨੇ ਸ਼ਿਵ ਨੂੰ ਸਭ ਤੋਂ ਛੋਟੀ ਉਮਰ ਦਾ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਬਣਾ ਦਿੱਤਾ। ਉਸ ਨੇ ਇਹ ਮਾਣ-ਮੱਤਾ ਪੁਰਸਕਾਰ 1966 ਵਿਚ ਪ੍ਰਾਪਤ ਕੀਤਾ। ਉਂਝ ਤਾਂ ਉਹ ਆਪਣੀ ਸਮੁੱਚੀ ਕਾਵਿ ਸਿਰਜਣਾ ਵਿਚ ਪਰ ਵਿਸ਼ੇਸ਼ ਕਰਕੇ ਸ਼ਾਹਕਾਰ ḔḔਲੂਣਾ'' ਕਰਕੇ ਨਾਰੀ ਹੱਕਾਂ ਦਾ ਝੰਡਾ ਬਰਦਾਰ ਬਣ ਗਿਆ। ਉਹ ਪ੍ਰਚਲਿਤ ਸਮਾਜਿਕ ਮੁੱਲ ਵਿਧਾਨ 'ਤੇ ਤਿੱਖਾ ਵਿਅੰਗ ਕਰਦਾ ਹੋਇਆ ਨਾਰੀ ਦੇ ਸੂਖ਼ਮ ਅਹਿਸਾਸਾਂ, ਕੋਮਲ ਭਾਵਨਾਵਾਂ ਤੇ ਮੂਕ ਜਜ਼ਬਿਆਂ ਦੀ ਤਰਜਮਾਨੀ ਕਰਦਾ ਹੈ :
ਪਿਤਾ ਜੇ ਧੀ ਦਾ ਰੂਪ ਹੰਢਾਵੇ
ਲੋਕਾ ਵੇ ਤੈਨੂੰ ਲਾਜ ਨਾ ਆਵੇ
ਜੇ ਲੂਣਾ ਪੂਰਨ ਨੂੰ ਚਾਹਵੇ
ਚਰਿੱਤਰਹੀਣ ਕਹੇ ਕਿਉਂ ਜੀਭ ਜਹਾਨ ਦੀ
ਸ਼ਿਵ ਲਈ ਪ੍ਰਵਾਨਿਤ ਸਦਾਚਾਰਕ ਵਿਵਹਾਰ ਵਿਚ ਵੀ ਵਿਲੱਖਣ ਮੁੱਲ ਵਿਧਾਨ ਸਿਰਜਣਾ ਬੜਾ ਸਹਿਜ ਕਾਰਜ ਸੀ, ਪਰ ਉਸ ਨੇ ਪਰੰਪਰਾ ਦੀ ਰਾਮ-ਕਾਰ ਤੋਂ ਬਾਹਰ ਨਿਕਲਣ ਦਾ ਹੀਆ ਕਰਕੇ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨੂੰ ਇਕ ਨਵੀਂ ਸੋਝੀ, ਚੇਤਨਾ ਤੇ ਗੌਰਵ ਪ੍ਰਦਾਨ ਕੀਤਾ। 
ḔḔਮੈਂ ਤੇ ਮੈਂ'' ਸ਼ਿਵ ਕੁਮਾਰ ਬਟਾਲਵੀ ਦਾ ਅੰਤਿਮ ਕਾਵਿ ਸੰਗ੍ਰਹਿ ਹੈ। ਇਸ ਬਾਰੇ ਪ੍ਰੋæ ਕਿਰਪਾਲ ਸਿੰਘ ਕਸੇਲ ਤੇ ਸਹਿਯੋਗੀ ਲਿਖਦੇ ਹਨ : ḔḔਮੈਂ ਤੇ ਮੈਂ'' ਵਿੱਚ ਸ਼ਿਵ ਨੇ ਅਸਤਿਤ੍ਵਵਾਦੀ ਦਰਸ਼ਨ ਦੇ ਪ੍ਰਭਾਵ ਅਧੀਨ ਬਿਰਤਾਂਤਕ ਲਘੂ ਕਥਾ ਦੀ ਵਰਤੋਂ ਕਰਕੇ ḔḔਸ਼ਹਿਰ ਦੇ ਜੰਗਲ'' ਦੇ ਨਵੀਨ ਪਰ ਰੀਤੀਗਤ ਚਿੰਨ੍ਹਾਂ ਰਾਹੀਂ ਉਸ ਬੱਚੇ ਦੇ ਕੁੰਠਿਤ ਅਨੁਭਵਾਂ ਦਾ ਵਰਨਣ ਕੀਤਾ ਹੈ, ਜਿਸ ਨੂੰ ਸਮਾਜ ਨਾਜਾਇਜ਼ ਕਰਾਰ ਦਿੰਦਾ ਹੈ, ਪਰ ਜਿਸ ਦੇ ਬੋਲ ਉਪਭਾਵੁਕ ਵਿਦਰੋਹ ਦਾ ਰੂਪ ਧਾਰਨ ਕਰ ਲੈਂਦੇ ਹਨ।'' ਸ਼ਿਵ ਕੁਮਾਰ ਬਟਾਲਵੀ ਦੀ 6 ਮਈ 1973 ਨੂੰ ਹੋਈ ਬੇਵਕਤ ਮੌਤ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕੁਝ ਅਣਪ੍ਰਕਾਸ਼ਿਤ ਪਰ ਬਹੁਤੀਆਂ ਪੁਰਾਣੀਆਂ ਕਵਿਤਾਵਾਂ ਸ਼ਾਮਲ ਕਰਕੇ 1974 ਵਿਚ ḔḔਅਲਵਿਦਾ'' ਸਿਰਲੇਖ ਹੇਠ ਇਕ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕਰਕੇ ਸ਼ਰਧਾਂਜਲੀ ਪੇਸ਼ ਕੀਤੀ। ਚੋਣਵੀਆਂ ਕਵਿਤਾਵਾਂ 'ਤੇ ਆਧਾਰਤ ਤਿੰਨ ਕਾਵਿ-ਸੰਗ੍ਰਹਿ ਵੀ ਪ੍ਰਕਾਸ਼ਿਤ ਹੋਏ। ਇਨ੍ਹਾਂ ਵਿਚ :ਆਰਤੀ'' "ਬਿਰਹੜਾ'' ਅਤੇ "ਅਸਾਂ ਤਾਂ ਜੋਬਨ ਰੁੱਤੇ ਮਰਨਾ'' ਸ਼ਾਮਲ ਹਨ। "ਆਰਤੀ'' ਕਾਵਿ-ਸੰਗ੍ਰਹਿ ਲਈ ਕਵਿਤਾਵਾਂ ਦੀ ਚੋਣ ਸ਼ਿਵ ਨੇ ਆਪ ਪਹਿਲਾਂ ਹੀ ਕਰ ਲਈ ਸੀ, ਪਰ ਪ੍ਰਕਾਸ਼ਿਤ ਇਹ "ਮੈਂ ਤੇ ਮੈਂ'' ਤੋਂ ਬਾਅਦ ਹੋਇਆ।
"ਲੂਣਾ'' ਖੰਡ-ਕਾਵਿ ਵਿਚ ਸ਼ਿਵ ਨੇ ਪੂਰਨ ਦੇ ਪੰਜਾਬੀ ਪ੍ਰੰਪਰਾ ਵਿਚ ਰੂੜ੍ਹ ਹੋ ਚੁੱਕੇ ਕਿੱਸੇ ਨੂੰ ਅਸਲੋਂ ਨਵਾਂ ਤੇ ਮੌਲਿਕ ਪਾਸਾਰ ਪ੍ਰਦਾਨ ਕੀਤਾ। ਉਸ ਨੇ ਪੂਰਨ ਦੀ ਮਿੱਥ ਨੂੰ ਇੰਨੀ ਮਨੋਵਿਗਿਆਨਕ ਸੂਝ, ਕਲਾਤਮਕਤਾ ਤੇ ਸੰਵੇਦਨਸ਼ੀਲਤਾ ਨਾਲ ਉਲਟਾ ਕੇ ਪੇਸ਼ ਕੀਤਾ ਕਿ ਸਦੀਆਂ ਬਾਅਦ ਪੰਜਾਬੀ ਲੋਕਾਂ ਨੂੰ ਪੂਰਨ ਦੀ ਥਾਂ ਲੂਣਾ ਬਾਰੇ ਵੀ ਸੋਚਣ ਲਈ ਮਜਬੂਰ ਕਰ ਦਿੱਤਾ। ਇਹ ਮਹਾਨ ਕਾਰਜ ਸ਼ਿਵ ਵਰਗੀ ਉੱਚ ਪ੍ਰਤਿਭਾ ਹੀ ਕਰ ਸਕਦੀ ਸੀ।
ਸ਼ਿਵ ਕੁਮਾਰ ਦੇ ਅਤੀ ਨਿਕਟਵਰਤੀ ਸਾਹਿਤਕਾਰ ਮਿੱਤਰਾਂ 'ਚੋਂ ਇਕ ਗੁਲਜ਼ਾਰ ਸਿੰਘ ਸੰਧੂ ਲਿਖਦਾ ਹੈ : "ਸ਼ਿਵ ਦੀ ਕਵਿਤਾ ਦਰਦ ਦੀ ਕਵਿਤਾ ਹੈ, ਬਿਰਹਾ ਦੀ ਕਵਿਤਾ ਹੈ, ਪੀੜਾਂ ਦੀ ਕਵਿਤਾ ਹੈ। ਉਸ ਦੇ ਜਜ਼ਬੇ ਦੀ ਸ਼ਿੱਦਤ, ਵਲਵਲੇ ਦੀ ਤੀਬਰਤਾ ਅਤੇ ਪ੍ਰਗਟਾਓ ਦੀ ਰਵਾਨਗੀ ਉਸ ਦੇ ਪਾਠਕ ਨੂੰ ਆਪਣੇ ਨਾਲ ਵਹਾਅ ਕੇ ਲੈ ਜਾਂਦੀ ਹੈ। ਪਾਠਕ ਉਸ ਦੀ ਕਵਿਤਾ ਨੂੰ ਪੜ੍ਹਦਾ ਵੀ, ਮਾਣਦਾ ਵੀ ਅਤੇ ਮਨ ਦੇ ਕਿਸੇ ਸੁਰ ਨਾਲ ਗਾਉਂਦਾ ਵੀ ਹੈ। ਇਸੇ ਗੁਣ ਕਰਕੇ ਉਸ ਦੀ ਕਵਿਤਾ ਵਿਸਮਾਦੀ ਹੋ ਨਿੱਬੜਦੀ ਹੈ - ਸੀਮਤ ਅਰਥਾਂ ਤੋਂ ਪਰ੍ਹੇ, ਕਿਤੇ ਦੂਰ ਚਲੀ ਜਾਂਦੀ ਹੈ।'' ਉਹ ਅੱਗੇ ਹੋਰ ਲਿਖਦਾ ਹੈ : "ਉਸ ਦੀ ਕਵਿਤਾ ਦਾ ਇਹ ਮਨੁੱਖੀ ਗੁਣ ਹੀ ਉਸ ਨੂੰ ਹਰ ਕਾਲ ਅਤੇ ਹਰ ਯੁੱਗ ਦਾ ਹਾਣੀ ਬਣਾਉਂਦਾ ਹੈ। ਆਲੋਚਕਾਂ ਨੇ ਉਸ ਦੀ ਕਵਿਤਾ ਦੇ ਸਫ਼ਰ ਨੂੰ ਸਿਖ਼ਰ ਤੋਂ ਸਿਖ਼ਰ ਦਾ ਸਫ਼ਰ ਦੱਸਿਆ ਹੈ। ਮੈਂ ਇਸ ਤੋਂ ਥੋੜ੍ਹਾ ਅੱਗੇ ਜਾਂਦਾ ਹਾਂ। ਉਸ ਦੀ ਕਵਿਤਾ ਅਤੇ ਜੀਵਨ ਦਾ ਸਫ਼ਰ ਫਰਸ਼ ਤੋਂ ਅਰਸ਼ ਤੱਕ ਦਾ ਸਫ਼ਰ ਹੈ।''
ਸ਼ਿਵ ਕੁਮਾਰ ਬਟਾਲਵੀ ਨੇ ਆਪਣੇ ਸਮਿਆਂ ਦੇ ਰਹਿਣ-ਸਹਿਣ, ਖਾਣ-ਪੀਣ, ਪਹਿਨਣ-ਪਰਚਨ, ਬੋਲ-ਚਾਲ, ਵਾਕੰਸ਼ ਤੇ ਵਾਕ ਬਣਤਰ, ਪੰਜਾਬ ਦੇ ਇਤਿਹਾਸ-ਮਿਥਿਹਾਸ, ਹਾਰ-ਸ਼ਿੰਗਾਰਾਂ, ਧੁੱਪਾਂ-ਛਾਵਾਂ, ਥੋਹਰਾਂ-ਕਥੂਰੀਆਂ, ਚੰਨ-ਤਾਰਿਆਂ ਤੇ ਰੰਗੀਨੀਆਂ-ਸੰਗੀਨੀਆਂ ਨੂੰ ਆਪਣੀ ਕਾਵਿ- ਸਿਰਜਣਾ ਵਿਚ ਗੁੰਦਿਆ-ਸਮੋਇਆ ਹੈ। ਉਸ ਦੀ ਕਵਿਤਾ 'ਚੋਂ ਸਾਨੂੰ ਕੁਦਰਤ-ਕਾਇਨਾਤ, ਸਮਾਜ-ਸੱਭਿਆਚਾਰ ਅਤੇ ਸੰਸਕ੍ਰਿਤੀ ਦੇ ਵਿਰਾਟ ਦਰਸ਼ਨ ਹੁੰਦੇ ਹਨ। ਉਹ ਰਾਵੀ ਦੇ ਆਰ-ਪਾਰ ਦੇ ਮੇਲਿਆਂ, ਤਿਉਹਾਰਾਂ, ਰਸਮਾਂ-ਰਿਵਾਜਾਂ, ਰੱਖਾਂ-ਰੁੱਖਾਂ, ਬਾਗ-ਬਗੀਚਿਆਂ ਅਤੇ ਰੀਤਾਂ-ਰੁੱਤਾਂ ਦਾ ਬਿਆਨ ਬੜੀ ਬਾਰੀਕੀ ਨਾਲ ਕਰਦਾ ਹੈ। ਉਹ ਹਮੇਸ਼ਾ ਨਵੀਂ-ਨਕੋਰ ਤੇ ਨਰੋਈ ਗੱਲ ਕਰਨੀ ਚਾਹੁੰਦਾ ਸੀ। ਉਸ ਨੂੰ ਆਪਣੇ ਇਸ਼ਟ ਅੱਗੇ ਬੇਹੇ ਫੁੱਲ ਰੱਖਣਾ ਪਾਪ ਬਰਾਬਰ ਲੱਗਦਾ ਸੀ। ਉਦਾਹਰਣ ਹਿੱਤ ਉਸ ਦੀ ਨਵੀਂ ਨਕੋਰ ਬਿੰਬਾਵਲੀ ਤੇ ਅਲੰਕਾਰ ਵੇਖੋ :
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਤੈਨੂੰ ਚੁੰਮਣ ਪਿਛਲੀ ਸੰਗ ਵਰਗਾ।
ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ
ਕਿਸੇ ਛੀਂਬੇ ਸੱਪ ਦੇ ਡੰਗ ਵਰਗਾ।
ਸ਼ਿਵ ਕੁਮਾਰ ਖੂਬਸੂਰਤ ਤੇ ਸੁਹਜਮਈ ਬਿੰਬ ਵਰਤਣ ਵਿਚ ਸਿਰੇ ਦੀ ਮੁਹਾਰਤ ਦਾ ਪ੍ਰਗਟਾਵਾ ਕਰਦਾ ਹੈ। ਪਾਣੀ ਦਾ ਬਿੰਬ ਤੇ ਪ੍ਰਤੀਕ ਪੰਜਾਬੀ ਕਵਿਤਾ ਵਿਚ ਭਰਪੂਰ ਰੂਪ ਵਿਚ ਵਰਤਿਆ ਗਿਆ ਹੈ। ਇਸ ਗੱਲ ਦਾ ਮਾਣ ਸ਼ਿਵ ਨੂੰ ਜਾਂਦਾ ਹੈ ਕਿ ਉਹ ਪੰਜਾਬੀ ਕਵਿਤਾ ਵਿਚ ਪਾਣੀ ਦੇ ਬਿੰਬ ਨੂੰ, ਜਿਹੜਾ ਸਦੀਵੀ ਬਿਰਹਾ ਉਪਜਾਉਣ ਜਾਂ ਵਿਛੋੜੇ ਨਾਲ ਜੁੜਿਆ ਹੋਇਆ ਹੈ, ਨਿਭਾਉਣ ਵਾਲਾ ਸਭ ਤੋਂ ਵੱਡਾ ਸ਼ਾਇਰ ਹੈ। ਉਸ ਲਈ ਰੁੱਖ ਅਡੋਲਤਾ ਤੇ ਸਥਿਰਤਾ ਦੇ ਪ੍ਰਤੀਕ ਹਨ। ਉਸ ਨੇ ਰੁੱਖਾਂ ਨਾਲ ਇਕ ਸਾਂਝ ਪਾ ਲਈ ਤੇ ਉਨ੍ਹਾਂ ਰੁੱਖਾਂ ਨਾਲ ਅਜਿਹੀ ਭਾਸ਼ਾ ਵਿਚ ਗੱਲਾਂ ਕੀਤੀਆਂ, ਜਿਸ ਦੀ ਕੋਡ ਲਿੱਪੀ ਸ਼ਾਇਦ ਅਸੀਂ ਅੱਜ ਵੀ ਪੜ੍ਹਨ ਦੇ ਸਮਰੱਥ ਨਹੀਂ ਹਾਂ। ਪੰਜਾਬੀ ਦੇ ਕਿਸੇ ਹੋਰ ਸ਼ਾਇਰ ਨੇ ਇੰਨੀ ਨਿਪੁੰਨਤਾ ਤੇ ਤੀਖਣਤਾ ਨਾਲ ਰੁੱਖਾਂ ਦੇ ਬਿੰਬ ਨੂੰ ਇਸ ਹੱਦ ਤੱਕ ਆਪਣੇ ਅਨੁਰੂਪ ਨਹੀਂ ਢਾਲਿਆ। ਉਸ ਲਈ ਜੰਗਲ, ਉਸ ਦੀ ਹੋਂਦ ਦਾ ਪ੍ਰਤੀਕ ਹੈ। ਕੁਝ ਪੌਦੇ ਉਸ ਨੂੰ ਮਾਸੂਮ ਬਾਲਾਂ ਵਾਂਗ ਲੱਗਦੇ ਹਨ ਅਤੇ ਕੁਝ ਉਸ ਦੀ ਮਾਂ-ਮਮਤਾ ਵਾਂਗ ਹਨ। ਕੁਝ ਬਿਰਖ ਉਸ ਦੀ ਦਾਦੀ ਵਰਗੇ ਹਨ, ਜਿਨ੍ਹਾਂ ਦੇ ਸੁੱਕੇ ਤਣੇ ਤੇ ਟਹਿਣੀਆਂ ਰਾਹੀਂ ਪੌਣਾਂ ਅਜੋਤ ਤੇ ਸੁੰਨ ਉਗੜ-ਦੁਗੜੇ ਸ਼ਬਦ ਉਚਾਰਦੀਆਂ ਹਨ। ਉਹ ਰੁੱਖਾਂ ਦੀ ਭਾਸ਼ਾ ਸਮਝਦਾ ਸੀ ਅਤੇ ਉਸ ਦੀ ਪ੍ਰਬਲ ਤਾਂਘ ਸੀ ਕਿ ਉਸ ਦਾ ਅਗਲਾ ਜਨਮ ਇਕ ਰੁੱਖ ਦੇ ਰੂਪ ਵਿੱਚ ਹੋਵੇ। 
ਸਟੇਜ 'ਤੇ ਸ਼ਿਵ ਦੀ ਪੇਸ਼ਕਾਰੀ ਬੇਹੱਦ ਰੌਚਿਕ, ਦਿਲਕਸ਼, ਦਿਲਚਸਪ ਅਤੇ ਸਰੋਤਿਆਂ ਨੂੰ ਮੰਤਰ-ਮੁਗਧ ਕਰਨ ਵਾਲੀ ਹੁੰਦੀ ਸੀ। ਉਹ ਕਮਾਲ ਦਾ ਗਾਉਂਦਾ ਸੀ। ਉਸ ਦੀ ਆਵਾਜ਼ ਵਿਚਲਾ ਸੋਜ ਅਪਹੁੰਚ ਪ੍ਰਤੀਤ ਹੁੰਦਾ ਹੈ। ਅਤੀ ਸੁਰੀਲੀ ਆਵਾਜ਼ ਦੇ ਨਾਲ-ਨਾਲ ਉਸ ਦੇ ਮਨ-ਮਸਤਕ 'ਚ ਮਾਨਵੀ ਅਹਿਸਾਸ ਠਾਠਾਂ ਮਾਰਦੇ ਸਨ। ਆਪਣੀਆਂ ਮਨੁੱਖੀ ਵੇਦਨਾਵਾਂ ਨਾਲ ਗੜੁੱਚ ਕਵਿਤਾਵਾਂ ਕਰਕੇ ਉਹ ਹਮੇਸ਼ਾ ਯਾਦ ਰਹੇਗਾ। ਸੰਗੀਤ ਦੀ ਸਿਖਰ 'ਤੇ ਪਹੁੰਚ ਕੇ ਸ਼ਿਵ ਦੀ ਹੋਂਦ ਖਤਮ ਹੋ ਗਈ। ਉਹ ਕਵਿਤਾ ਦੀ ਅੰਤਮ ਅਵਸਥਾ 'ਤੇ ਪਹੁੰਚ ਗਿਆ। ਸ਼ਿਵ ਦੇ ਅੰਤ ਬਾਰੇ ਉਸ ਦੀ ਬਿਰਹਣ-ਪਤਨੀ ਅਰੁਣਾ ਸੁਹਾਗ-ਰਾਤ ਨੂੰ ਹੀ ਯਾਦ ਕਰਦੀ ਹੈ : "ਫਿਰ ਉਹ ਰਾਤ ਆ ਗਈ, ਜੋ ਆਪਣੀ ਅੱਡਰੀ ਦੁਨੀਆਂ ਦੀ ਪਹਿਲੀ ਰਾਤ ਸੀ.. ਫਿਰ ਤੈਨੂੰ ਯਾਦ ਹੈ, ਸ਼ਿਵ, ਤੂੰ ਕੀ ਕਹਿ ਦਿੱਤਾ ਸੀ....ਉਦਾਸ ਨਾ ਹੋਈਂ ਅਰੁਣ ਜੇ ਤੂੰ ਵਚਨਾਂ ਦੀ ਪੱਕੀ ਹੈਂ, ਤਾਂ ਮੈਂ ਵਚਨਾਂ ਦਾ ਪੱਕਾ ਹਾਂ, ਅੰਤਿਮ ਸਮੇਂ ਵੀ ਮੇਰਾ ਸਿਰ ਅੱਜ ਵਾਂਗ ਤੇਰੇ ਗੋਡੇ ਮੁੱਢ ਜੁੜਿਆ ਹੋਵੇਗਾ...ਸ਼ਿਵ ਇਹ ਕਿਹੋ-ਜਿਹੀ ਸੁਹਾਗ-ਰਾਤ ਸੀ ਤੇ ਕਿਹੋ ਜਿਹੀ ਮੈਂ ਦੁਲਹਨ ਸਾਂ ਜਿਸ ਦਾ ਦੁਲਹਾ ਆਪਣੀ ਦੁਨੀਆਂ ਦੀ ਕਹਾਣੀ ਅੰਤਿਮ ਸਮੇਂ ਤੋਂ ਸ਼ੁਰੂ ਕਰ ਰਿਹਾ ਸੀ ਤੇ ਮੇਰੀ ਚੀਕ ਸੀ ਨਿਕਲੀ ਬਸ ਮੈਨੂੰ ਆਪਣੀਆਂ ਪੀਡੀਆਂ ਬਾਬਲ-ਗੰਢਾਂ ਢਿੱਲੀਆਂ ਹੁੰਦੀਆਂ ਜਾਪੀਆਂ ......''।   
(ਦੇਸ਼ ਸੇਵਕ ਚੋਂ ਧੰਨਵਾਦ ਸਹਿਤ)    
 ਮੋਬਾ: 98768-01268                                          

No comments: