Friday, May 03, 2013

ਜੰਮੂ ਜੇਲ੍ਹ ਵਿੱਚ ਪਾਕਿਸਤਾਨੀ ਕੈਦੀ ਤੇ ਹਮਲਾ

ਨਾਜ਼ੁਕ ਹਾਲਤ ਕਾਰਨ ਵੈਂਟੀਲੇਟਰ ਤੇ--ਪੀਜੀਆਈ ਚੰਡੀਗੜ੍ਹ ਵਿੱਚ ਤਬਦੀਲ
ਪਾਕਿਸਤਾਨ ਵਿੱਚ ਸਰਬਜੀਤ ਦੀ ਮੌਤ ਤੋਂ ਬਾਅਦ ਭੜਕੀ ਗੁੱਸੇ, ਬਦਲੇ ਅਤੇ ਨਫਰਤ ਦੀ ਅੱਗ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਖਬਰ ਆਈ ਹੈ ਜੰਮੂ ਤੋਂ। ਜੰਮੂ ਜੇਲ੍ਹ ਵਿੱਚ ਇੱਕ ਪਾਕਿਸਤਾਨੀ ਕੈਦੀ 'ਤੇ ਹਮਲਾ ਹੋਣ ਦੀ ਖਬਰ ਆ ਰਹੀ ਹੈ। ਪਾਕਿਸਤਾਨੀ ਕੈਦੀ ਦਾ ਨਾਮ ਸਨਾਉੱਲ੍ਹਾ ਹੈ ਅਤੇ ਉਸ ਉੱਪਰ ਹਮਲਾ ਕਰਨ ਵਾਲਾ ਭਾਰਤੀ ਕੈਦੀ ਵਿਨੋਦ ਸਿੰਘ ਦੱਸਿਆ ਜਾ ਰਿਹਾ ਹੈ। ਵਿਨੋਦ ਸਿੰਘ ਉੱਤਰਾਖੰਡ ਨਾਲ ਸਬੰਧਿਤ ਹੈ। ਪਾਕਿਸਤਾਨੀ ਕੈਦੀ ਦੀ ਹਾਲਤ ਸੀਰੀਅਸ ਹੈ ਅਤੇ ਉਸਨੂੰ ਆਈ ਸੀ ਯੂ ਵਿੱਚ ਦਾਖਿਲ ਕਰਾਇਆ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਸਾਰੇ ਮਾਮਲੇ ਦੀ ਵਿਸਥਾਰਤ ਰਿਪੋਰਟ ਮੰਗ ਲਈ ਹੈ ਅਤੇ ਪਾਕਿਸਤਾਨੀ ਕੈਦੀਆਂ ਦੀ ਸੁਰੱਖਿਆ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸੇ ਦੌਰਾਨ ਪਾਕਿਸਤਾਨੀ ਹੈ ਕਮਿਸ਼ਨ ਨੇ ਇਸ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਜੰਮੂ ਜੇਲ੍ਹ ਦੇ ਸੁਪਰਡੈਂਟ ਰਜਨੀ ਸਹਿਗਲ ਅਤੇ ਹੋਰ ਸਬੰਧਿਤ ਸਟਾਫ਼ ਮੈਂਬਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਸੀਨੀਅਰ ਕਸ਼ਮੀਰੀ ਆਗੂ ਫ਼ਾਰੂਖ ਅਬਦੁੱਲਾ ਨੇ ਕਿਹਾ ਹੈ ਕੀ ਅਸੀਂ ਇਸ ਕੈਦੀ ਦੇ ਇਲਾਜ ਵੱਲ ਪੂਰਾ ਧੀਆਂ ਦਿਆਂਗੇ ਕਿਓਂਕਿ ਅਸੀਂ ਪਾਕਿਸਤਾਨ ਵਰਗੇ ਨਹੀਂ ਹਾਂ। ਆ ਰਹੇ ਵੇਰਵੇ ਮੁਤਾਬਿਕ ਹਮਲਾ ਕਰਨ ਵਾਲਾ ਵਿਨੋਦ ਸਿੰਘ ਇੱਕ ਸਾਬਕਾ ਫੌਜੀ ਹੈ ਅਤੇ ਇੱਕ ਕੌਰਟ ਮਾਰਸ਼ਲ ਦੇ ਸਿਲਸਿਲੇ ਵਿੱਚ ਉਮਰ ਦੀ ਸਜ਼ਾ ਕੱਟ ਰਿਹਾ ਹੈ। ਹਮਲੇ ਦਾ ਸ਼ਿਕਾਰ ਹੋਏ ਕੈਦੀ ਬਾਰੇ ਪਤਾ ਲੱਗਿਆ ਹੈ ਕਿ ਉਸਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ। ਜੰਮੂ ਮੈਡੀਕਲ ਕਾਲਜ ਦੇ ਸੁਪਰਡੈਂਟ ਡਾਕਟਰ ਮਨੋਜ ਚਲੋਤਰਾ  ਨੇ ਦੱਸਿਆ ਹੈ ਕਿ ਉਸਦੇ ਸਿਰ ਤੇ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ। ਹਮਲੇ ਦਾ ਸ਼ਿਕਾਰ ਹੋਏ ਪਾਕਿਸਤਾਨੀ ਕੈਦੀ ਨੂੰ ਪੀਜੀਆਈ ਚੰਡੀਗੜ੍ਹ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਹੋਰ ਵੇਰਵੇ ਦੀ ਉਡੀਕ ਜਾਰੀ ਹੈ।

No comments: