Saturday, May 04, 2013

ਇੱਕ ਪੁਰਾਣੀ ਰਿਪੋਰਟ

ਵੋਹ ਤੇਗ ਮਿਲ ਗਈ ਜਿਸਸੇ ਹੁਆ ਹੈ ਕਤਲ ਮੇਰਾ
ਕਿਸੀ ਕੇ ਹਾਥ ਕਾ ਉਸ ਪਰ ਨਿਸ਼ਾਂ ਨਹੀਂ ਮਿਲਤਾ 
ਸਰਬਜੀਤ ਦੀ ਜੀਵਨ ਕਹਾਣੀ ਜ਼ਰੂਰ ਮੁੱਕ ਗਈ ਹੈ ਪਰ ਇਸਦੇ ਨਾਲ ਹੀ ਸ਼ੁਰੂ ਹੋ ਗਿਆ ਹੈ ਸੁਆਲਾਂ ਦਾ ਇੱਕ ਅਜਿਹਾ ਸਿਲਸਿਲਾ ਜਿਹੜਾ ਰਹਿ ਰਹਿ ਕੇ ਸਿਰ ਚੁੱਕਦਾ ਰਹੇਗਾ। ਸਰਬਜੀਤ ਦੀ ਭੈਣ ਦਲਬੀਰ ਕੌਰ ਆਪਣਾ ਭਰਾ ਗੁਆ ਬੈਠੀ ਹੈ ਪਰ ਉਸਨੂੰ ਇੱਕ ਬਹੁਤ ਵੱਡਾ ਪਰਿਵਾਰ ਮਿਲ ਗਿਆ ਹੈ। ਉਸਦਾ ਕਹਿਣਾ ਹੈ ਕਿ ਉਹ ਕਿਸਮਤ ਹੱਥੋਂ ਹਾਰ ਗਈ ਹੈ ਪਰ ਲੱਗਦਾ ਹੈ ਕਿ ਉਹ ਹੁਣ ਉਹਨਾਂ ਦੀ ਕਿਸਮਤ ਬਾਰੇ ਵੀ ਖੁੱਲ ਕੇ ਗੱਲ ਕਰੇਗੀ ਜਿਹੜੇ ਜਿੰਮੇਦਾਰ ਬੰਦੇ ਰਹੇ ਹਨ ਅਜਿਹੇ ਹਾਲਾਤਾਂ ਦੇ। ਇਥੇ ਅਸੀਂ "ਖਾਲਸਾ ਨਿਊਜ਼" ਦੀ ਇੱਕ ਪੁਰਾਣੀ ਰਿਪੋਰਟ ਜਿਹੜੀ 12 ਦਸੰਬਰ 2010 ਨੂੰ ਛਪੀ ਸੀ ਉਹੀ ਰਿਪੋਰਟ ਦੋਬਾਰਾ ਪ੍ਰਕਾਸ਼ਿਤ ਕਰ ਰਹੇ ਹਾਂ। ਨਾਲ ਹੀ ਯਾਦ ਆ ਰਿਹਾ ਹੈ--ਜਨਾਬ ਕੈਫ਼ੀ ਆਜ਼ਮੀ ਸਾਹਿਬ ਦੀ ਪ੍ਰਸਿਧ ਗਜ਼ਲ ਦਾ ਇੱਕ ਸ਼ਿਅਰ --
ਵੋਹ ਤੇਗ ਮਿਲ ਗਈ ਜਿਸਸੇ ਹੁਆ ਹੈ ਕਤਲ ਮੇਰਾ
ਕਿਸੀ ਕੇ ਹਾਥ ਕਾ ਉਸ ਪਰ ਨਿਸ਼ਾਂ ਨਹੀਂ ਮਿਲਤਾ 
ਹੁਣ ਦੇਖਣਾ ਇਹ ਹੈ ਕਿ ਸਰਬਜੀਤ ਦੀ ਮੌਤ ਤੋਂ ਬਾਅਦ ਉਠ੍ਥ ਰਹੇ ਸੁਆਲ ਕਿੰਨੀ ਤੇਜ਼ੀ ਨਾਲ ਹੱਕੇਕਤ ਤੱਕ ਪਹੁੰਚਦੇ ਹਨ?  ਸਰਬਜੀਤ ਜਿੰਦਗੀ ਦੀ ਲੜਾਈ ਹਾਰ ਗਿਆ।।।ਉਸਦਾ ਪਰਿਵਾਰ ਕਿਸਮਤ ਦੀ ਲੜਾਈ ਹਾਰ ਗਿਆ ਪਰ ਹਰ ਇੱਕ ਹਾਰ ਦੇ ਪਿਛੇ ਕੋਈ ਨ ਕੋਈ ਨਵੀਂ ਜਿੱਤ ਵੀ ਤੁਰੀ ਆ ਰਹੀ ਹੁੰਦੀ ਹੈ।   --ਰੈਕਟਰ ਕਥੂਰੀਆ 
ਖਾਲਸਾ ਨਿਊਜ਼ ਦੀ 12 ਦਸੰਬਰ 2010 ਦੀ ਰਿਪੋਰਟ
ਕੌਮਾਂਤਰੀ ਠੱਗ ਮਨਜੀਤ ਸਿੰਘ ਰੱਤੂ ਚੰਡੀਗੜ੍ਹ ’ਚ ਗ੍ਰਿਫ਼ਤਾਰ
'ਪਾਕਿਸਤਾਨ ਧਮਾਕਿਆਂ ਦਾ ਅਸਲ ਦੋਸ਼ੀ ਹੈ'-ਮਨਜੀਤ ਸਿੰਘ ਰੱਤੂ
ਚੰਡੀਗੜ੍ਹ, 16 ਦਸੰਬਰ (ਮਹਿਤਾਬ-ਉਦ-ਦੀਨ) : ਦੁਨੀਆਂ ਦੇ ਅਨੇਕਾਂ ਦੇਸ਼ਾਂ ਵਿੱਚ ਪੰਜਾਬ, ਪੰਜਾਬੀ ਪੱਤਰਕਾਰੀ ਅਤੇ ਪੰਜਾਬੀਆਂ ਦਾ ਨਾਂਅ ਬਦਨਾਮ ਕਰਨ ਵਾਲ਼ੇ ਅਖੌਤੀ ਪੱਤਰਕਾਰ ਮਨਜੀਤ ਸਿੰਘ ਰੱਤੂ ਨੂੰ ਅੱਜ ਵੀਰਵਾਰ ਨੂੰ ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਖ਼ਿਲਾਫ਼ ਪੰਚਕੂਲਾ ’ਚ ਹੀ ਧੋਖਾਧੜੀ  ਦੇ ਕੁੱਝ ਮਾਮਲੇ ਦਰਜ ਸਨ। ‘ਹਮਦਰਦ’ ਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਮਨਜੀਤ ਸਿੰਘ ਰੱਤੂ ਚੰਡੀਗੜ੍ਹ ਦੇ ਸੈਕਟਰ 35 ਦੇ ਮਕਾਨ ਨੰਬਰ 3350 ਵਿੱਚ ਨਕਲੀ ਨਾਂਅ ਨਾਲ਼ ਰਹਿ ਰਿਹਾ ਸੀ। ਪੰਚਕੂਲਾ ਪੁਲਿਸ ਨੇ ਅੱਜ ਉਸ ਨੂੰ ਤੜਕੇ ਉਸ ਦੇ ਘਰ ’ਤੇ ਛਾਪਾ ਮਾਰ ਕੇ ਗ੍ਰਿਫ਼ਤਾਰ ਕੀਤਾ। ਪੁਲਿਸ ਨੂੰ ਆਸ ਹੈ ਕਿ ਉਸ ਦੀ ਗ੍ਰਿਫ਼ਤਾਰੀ ਨਾਲ਼ ਕਈ ਮਾਮਲਿਆਂ ਦੇ ਭੇਤ ਖੁੱਲ੍ਹਣਗੇ। ਅੱਜ ਜਦੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ, ਤਦ ਉਹ ਬਿਲਕੁਲ ਹੀ ‘ਘੋਨ ਮੋਨ’ ਭਾਵ ਕਲੀਨ ਸ਼ੇਵ ਸੀ।
ਪਹਿਲਾਂ ਜਦੋਂ ਉਹ ਪੰਜਾਬ ’ਚ ਪੱਤਰਕਾਰ ਵਜੋਂ ਸਰਗਰਮ ਸੀ, ਤਦ ਉਹ ਦਸਤਾਰਧਾਰੀ ਹੁੰਦਾ ਸੀ। ਸਾਰਾ ਦਿਨ ਉਸ ਨੇ ਪੁਲਿਸ ਨੂੰ ਇਹੋ ਦੱਸਿਆ ਕਿ ਉਹ ਸਿਰਫ਼ ਮਨਜੀਤ ਸਿੰਘ ਤਾਂ ਹੈ ਪਰ ਮਨਜੀਤ ਸਿੰਘ ਰੱਤੂ ਨਹੀਂ ਹੈ। ਪਰ ਪੰਜਾਬੀ ਮੀਡੀਆ ਤਾਂ ਜਿਵੇਂ ਕੌਮਾਂਤਰੀ ਠੱਗ ਰੱਤੂ ਦੀ ਉਡੀਕ ਕਰ ਰਿਹਾ ਸੀ। ਉਸ ਦੀ ਗ੍ਰਿਫ਼ਤਾਰੀ ਦੀ ਖ਼ਬਰ ਜੰਗਲ਼ ਦੀ ਅੱਗ ਵਾਂਗ ਫੈਲ ਗਈ। ਪੰਚਕੂਲਾ ਪੁਲਿਸ ਨੇ ਉਸ ਨੂੰ ਪੰਚਕੂਲਾ ਸਥਿਤ ਦੀਪ ਕਮਿਊਨੀਕੇਸ਼ਨ ਦੇ ਮਾਲਕ ਗੁਰਜੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ ਉਤੇ ਗ੍ਰਿਫ਼ਤਾਰ ਕੀਤਾ, ਜਿੱਥੋਂ ਉਸ ਨੇ 1 ਲੱਖ ਰੁਪਏ ਮੁੱਲ ਦੇ ਮੋਬਾਇਲ ਲੈ ਲਏ ਸਨ ਪਰ ਇੱਕ ਵੀ ਪੈਸੇ ਦੀ ਅਦਾਇਗੀ ਨਹੀਂ ਕੀਤੀ ਸੀ। ਉਸ ਵੱਲੋਂ ਦਿੱਤਾ ਗਿਆ ਚੈਕ ਬਾਊਂਸ ਹੋ ਗਿਆ ਸੀ। ਰੱਤੂ ਨੇ ਸ੍ਰੀ ਗੁਰਜੀਤ ਸਿੰਘ ਨੂੰ ਦੱਸਿਆ ਸੀ ਕਿ ਉਸ ਦੀ ਮੋਹਾਲ਼ੀ ਵਿੱਚ ਆਪਣੀ ਪ੍ਰੈਸ ਹੈ ਅਤੇ ਉਸ ਕੋਲ਼ 100 ਦੇ ਕਰੀਬ ਮੁਲਾਜ਼ਮ ਕਰਦੇ ਹਨ ਅਤੇ ਉਸ ਦਾ ਰੋਜ਼ਾਨਾ ਅਖ਼ਬਾਰ ਵੀ ਛੇਤੀ ਹੀ ਸ਼ੁਰੂ ਹੋਣ ਵਾਲ਼ਾ ਹੈ। ਪਹਿਲਾਂ ਉਸ ਨੇ 10 ਮੋਬਾਇਲ ਫ਼ੋਨ ਲਏ ਸਨ ਅਤੇ ਬਾਕੀ ਦੇ ਫ਼ੋਨ ਉਸ ਨੇ ਬਾਅਦ ’ਚ ਲਏ ਸਨ। ਜਲੰਧਰ ਜ਼ਿਲ੍ਹੇ ’ਚ ਨਕੋਦਰ ਲਾਗਲੇ ਪਿੰਡ ਰਾਮੂਵਾਲ ਦਾ ਜੰਮਪਲ਼ ਮਨਜੀਤ ਸਿੰਘ ਰੱਤੂ ਜਿਹਡ਼ੇ ਵੀ ਦੇਸ਼ ਗਿਆ, ਉਥੇ ਉਸ ਨੇ ਆਪਣਾ ਵੱਖਰਾ ਨਾਂਅ ਰੱਖਿਆ ਅਤੇ ਉਥੇ ਵੱਖਰੀ ਔਰਤ ਨਾਲ਼ ਵਿਆਹ ਕੀਤਾ। ਧੋਖਾਧਡ਼ੀ ਨਾਲ਼ ਸਬੰਧਤ ਅਨੇਕਾਂ ਜੁਰਮਾਂ ਲਈ ਪਿਛਲੇ ਸਾਲ ਉਸ ਨੇ ਕੈਨੇਡਾ ਵਿੱਚ ਆਪਣੀ ਸਜ਼ਾ ਪੂਰੀ ਕੀਤੀ ਸੀ ਅਤੇ ਕੈਨੇਡਾ ਸਰਕਾਰ ਨੇ ਉਸ ਨੂੰ ਤੁਰੰਤ ਭਾਰਤ ਵਾਪਸ ਭੇਜ (ਡੀਪੋਰਟ ਕਰ) ਦਿੱਤਾ ਸੀ। ਚੰਡੀਗਡ਼੍ਹ, ਪੰਚਕੂਲਾ ਸਮੇਤ ਹੋਰਨਾਂ ਅਨੇਕਾਂ ਸ਼ਹਿਰਾਂ ਵਿੱਚ ਉਸ ਖ਼ਿਲਾਫ਼ ਦਰਜਨਾਂ ਮੁਕੱਦਮੇ ਦਰਜ ਹਨ।

ਪਾਕਿਸਤਾਨ ’ਚ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ 1990 ਦੇ ਜਿਹਡ਼ੇ ਬੰਬ ਧਮਾਕਿਆਂ ਲਈ ਬਹੁ-ਚਰਚਿਤ ਭਾਰਤੀ ਕੈਦੀ ਸਰਬਜੀਤ ਸਿੰਘ ਪਿਛਲੇ 20 ਵਰ੍ਹਿਆਂ ਤੋਂ ਬੰਦ ਹੈ, ਉਸ ਦਾ ਅਸਲ ਦੋਸ਼ੀ ਵੀ ਕਥਿਤ ਤੌਰ ਉਤੇ ਮਨਜੀਤ ਸਿੰਘ ਰੱਤੂ ਹੀ ਹੈ। ਮੁਲਤਾਨ ਅਤੇ ਲਾਹੌਰ ਵਿੱਚ ਹੋਏ ਧਮਾਕਿਆਂ ’ਚ 14 ਵਿਅਕਤੀ ਮਾਰੇ ਗਏ ਸਨ। ਸਰਬਜੀਤ ਸਿੰਘ ਅਗਸਤ 1990 ਵਿੱਚ ਸ਼ਰਾਬੀ ਹਾਲਤ ਵਿੱਚ ਭੁਲੇਖੇ ਨਾਲ਼ ਕੌਮਾਂਤਰੀ ਸਰਹੱਦ ਪਾਰ ਕਰ ਕੇ ਪਾਕਿਸਤਾਨ ਵਾਲ਼ੇ ਪਾਸੇ ਚਲਾ ਗਿਆ ਸੀ, ਜਿੱਥੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪਾਕਿਸਤਾਨ ਪੁਲਿਸ ਨੇ ਵੀ ਆਪਣੇ ਸਾਰੇ ਸਰਕਾਰੀ ਦਸਤਾਵੇਜ਼ਾਂ ਵਿੱਚ ਸਰਬਜੀਤ ਸਿੰਘ ਨੂੰ ਮਨਜੀਤ ਸਿੰਘ ਹੀ ਵਿਖਾਇਆ ਹੈ ਪਰ ਅਸਲ ਵਿੱਚ ਉਹ ਉਨ੍ਹਾਂ ਧਮਾਕਿਆਂ ਦਾ ਦੋਸ਼ੀ ਨਹੀਂ ਹੈ। ਇਹ ਗੱਲ ਸਰਬਜੀਤ ਸਿੰਘ ਦਾ ਵਕੀਲ ਵੀ ਹੁਣ ਸ਼ਰੇਆਮ 
ਚੰਡੀਗੜ੍ਹ ’ਚ ਆਖ ਕੇ ਗਿਆ ਹੈ। ਤਰਨ ਤਾਰਨ ਜ਼ਿਲ੍ਹੇ ਦੇ ਸ਼ਹਿਰ ਭਿਖੀਵਿੰਡ ਦੇ ਜੰਮਪਲ਼ ਸਰਬਜੀਤ ਸਿੰਘ ਨੂੰ ਇਨ੍ਹਾਂ ਬੰਬ ਧਮਾਕਿਆਂ ਕਾਰਣ ਹੀ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਜਦੋਂ ਇਹ ਧਮਾਕੇ ਹੋਏ ਸਨ, ਤਦ ਮਨਜੀਤ ਸਿੰਘ ਰੱਤੂ ਵੀ ਮੁਮਤਾਜ਼ ਸ਼ਰੀਫ਼ ਰੱਤੂ ਦੇ ਨਾਂਅ ਨਾਲ਼ ਪਾਕਿਸਤਾਨ ਵਿਖੇ ਰਹਿ ਰਿਹਾ ਸੀ।


ਲਾਹੌਰ ’ਚ ਸਰਬਜੀਤ ਸਿੰਘ ਦੇ ਵਕੀਲ ਅਵਾਇਸ ਸ਼ੇਖ਼ ਨੇ ਬੀਤੀ 6 ਦਸੰਬਰ ਆਪਣੇ ਮੁਵੱਕਿਲ ਦੀ ਤਰਸ ਦੇ ਆਧਾਰ ’ਤੇ ਰਿਹਾਈ ਲਈ ਇੱਕ ਤਾਜ਼ਾ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿੱਚ ਸਪੱਸ਼ਟ ਤੌਰ ’ਤੇ ਦੱਸਿਆ ਗਿਆ ਹੈ ਕਿ ਇਸ ਵੇਲੇ ਕੋਟ ਲਖਪਤ ਜੇਲ੍ਹ ਵਿੱਚ ਬੰਦ ਸਰਬਜੀਤ ਸਿੰਘ ਬੰਬ ਧਮਾਕਿਆਂ ਦਾ ਅਸਲ ਦੋਸ਼ੀ ਨਹੀਂ ਹੈ, ਸਗੋਂ ਇਸ ਦਾ ਅਸਲ ਮੁਜਰਿਮ ਮਨਜੀਤ ਸਿੰਘ ਰੱਤੂ ਹੈ। ਰੱਤੂ ਦੀ ਗ੍ਰਿਫ਼ਤਾਰੀ ਨਾਲ਼ ਨਿਸਚਤ ਤੌਰ ’ਤੇ ਹੁਣ ਸਰਬਜੀਤ ਸਿੰਘ ਦੇ ਮਾਮਲੇ ਵਿੱਚ ਇੱਕ ਵੱਡਾ 
ਮੋੜ ਆ ਸਕਦਾ ਹੈ। ਇਸ ਵੇਲੇ ਸਰਬਜੀਤ ਸਿੰਘ ਦੀ ਮੁਆਫ਼ੀ ਦੀ ਪਟੀਸ਼ਨ ਪਾਕਿਸਤਾਨ ਦੇ ਰਾਸ਼ਟਰਪਤੀ ਸ੍ਰੀ ਆਸਿਫ਼ ਜ਼ਰਦਾਰੀ ਕੋਲ਼ ਜ਼ੇਰੇ ਗ਼ੌਰ ਹੈ ਅਤੇ ਰੱਤੂ ਦੀ ਗ੍ਰਿਫ਼ਤਾਰੀ ਪਿੱਛੋਂ ਹੁਣ ਪਾਕਿਸਤਾਨੀ ਅਦਾਲਤ ਵੀ ਸਰਬਜੀਤ ਸਿੰਘ ਨੂੰ ਕੁੱਝ ਰਿਆਇਤ ਦੇ ਸਕਦੀ ਹੈ। ਉਧਰ ਭਿਖੀਵਿੰਡ ’ਚ ਸਰਬਜੀਤ ਸਿੰਘ ਦੀ ਭੈਣ ਬੀਬੀ ਦਲਬੀਰ ਕੌਰ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ਼ ਗੱਲਬਾਤ ਦੌਰਾਨ ਕਿਹਾ,‘‘ਮੈਨੂੰ ਯਕੀਨ ਹੈ ਕਿ ਪੁਲਿਸ ਨੇ ਉਸੇ ਮਨਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹੜਾ ਪਾਕਿਸਤਾਨ ਧਮਾਕਿਆਂ ਲਈ ਜ਼ਿੰਮੇਵਾਰ ਹੈ। ਸ਼ੁੱਕਰਵਾਰ ਨੂੰ ਮੈਂ ਪੰਚਕੂਲਾ ਪੁਲਿਸ ਥਾਣੇ ਜਾ ਕੇ ਉਸ ਨੂੰ ਜ਼ਰੂਰ ਮਿਲ਼ਾਂਗੀ। ਮੈਂ ਹਰਿਆਣਾ ਪੁਲਿਸ ਦੇ ਮੁਖੀ ਨਾਲ਼ ਵੀ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਮੈਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ ਹੈ।’’ ਹਰਿਆਣਾ ਪੁਲਿਸ ਭਾਵੇਂ ਹਾਲ਼ੇ ਤੱਕ ਇਹ ਫ਼ੈਸਲਾ ਨਹੀਂ ਲੈ ਸਕੀ ਕਿ ਇਹ ਕੋਈ ਹੋਰ ਮਨਜੀਤ ਸਿੰਘ ਹੈ ਜਾਂ ਕੌਮਾਂਤਰੀ ਠੱਗ ਮਨਜੀਤ ਸਿੰਘ ਰੱਤੂ? ਪਰ ਖ਼ੁਦ ਮਨਜੀਤ ਸਿੰਘ ਰੱਤੂ ਦੇ ਕੁੱਝ ਰਿਸ਼ਤੇਦਾਰਾਂ (ਜਿਹੜੇ ਰੱਤੂ ਦੀਆਂ ਠੱਗੀਆਂ ਤੇ ਧੋਖਾਧੜੀਆਂ ਤੋਂ ਡਾਢੇ ਦੁਖੀ ਹਨ) ਨੇ ‘ਹਮਦਰਦ ਵੀਕਲੀ’ ਨਾਲ਼ ਸੰਪਰਕ ਕਰ ਕੇ ਦੱਸਿਆ ਕਿ ਪੰਚਕੂਲਾ ਪੁਲਿਸ ਵੱਲੋਂ ਗ੍ਰਿਫ਼ਤਾਰ ਜਿਸ ਵਿਅਕਤੀ ਨੂੰ ਖ਼ਬਰਾਂ ਵਾਲ਼ੇ ਟੀ ਵੀ ਚੈਨਲਾਂ ਉਤੇ ਵਿਖਾਇਆ ਜਾ ਰਿਹਾ ਹੈ, ਉਹ ਮਨਜੀਤ ਸਿੰਘ ਰੱਤੂ ਹੀ ਹੈ।


ਮਨਜੀਤ ਸਿੰਘ ਰੱਤੂ ਆਪਣੇ ਕਈ ਫ਼ਰਜ਼ੀ ਨਾਂਅ ਮਨਜੀਤ ਸਿੰਘ, ਐਮ. ਸਿੰਘ, ਏ. ਮਾਨ, ਮੁਮਤਾਜ਼ ਸ਼ਰੀਫ਼ ਰੱਤੂ, ਮੁਹੰਮਦ ਸ਼ਰੀਫ਼ ਰੱਤੂ ਅਤੇ ਅਜਿਹੇ ਹੋਰ ਕਈ ਨਾਂਅ ਰੱਖ ਚੁੱਕਾ ਹੈ। ਉਸ ਨੂੰ ਕੈਨੇਡਾ ’ਚ ਪੀਲ ਖੇਤਰੀ ਪੁਲਿਸ ਵੱਲੋਂ 10 ਹਜ਼ਾਰ ਡਾਲਰ ਤੋਂ ਵੱਧ ਦੀਆਂ ਦੋ 
ਧੋਖਾਧੜੀਆਂ ਬਦਲੇ ਟੋਰਾਂਟੋ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪਿਛਲੇ ਵਰ੍ਹੇ ਉਸ ਨੇ ਕੈਨੇਡਾ ਤੋਂ ਆਪਣੀ ਡੀਪੋਰਟੇਸ਼ਨ ਤੋਂ ਬਾਅਦ ਇਹ ਫੋਕੇ ਦਾਅਵੇ ਕਰਨੇ ਸ਼ੁਰੂ ਕੀਤੇ ਸਨ ਕਿ ਉਹ ਪੰਚਕੂਲਾ ਅਤੇ ਮੋਹਾਲ਼ੀ ਤੋਂ ਇੱਕ ਐਨ ਆਰ ਆਈ ਅਖ਼ਬਾਰ ਸ਼ੁਰੂ ਕਰਨ ਜਾ ਰਿਹਾ ਹੈ। ਅਜਿਹਾ ‘ਆਵਾਜ਼-ਏ-ਪੰਜਾਬ’ ਨਾਂਅ ਦਾ ਇੱਕ ਅਖ਼ਬਾਰ ਆਪਣੀਆਂ ਧੋਖਾਧੜੀਆਂ ਕਰਨ ਲਈ ਉਸ ਨੇ ਸਾਲ 2000 ’ਚ ਵੀ ਚੰਡੀਗਡ਼੍ਹ ਦੇ ਸੈਕਟਰ 38 ਵੈਸਟ ਤੋਂ ਵੀ ਚਲਾਇਆ ਸੀ ਅਤੇ ਤਦ ਉਹ ਆਪਣੇ ਦਰਜਨਾਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਮਾਰ ਕੇ ਭੱਜ ਗਿਆ ਸੀ। ਉਸ ਨੇ ਸੁਰਿੰਦਰ ਕੁਮਾਰ ਉਰਫ਼ ਪਿੰਟੂ ਨਾਂਅ ਦੇ ਜਿਹੜੇ ਵਿਅਕਤੀ ਤੋਂ ਆਪਣੇ ਦਫ਼ਤਰ ਵਿੱਚ ਅੱਧੀ ਦਰਜਨ ਦੇ ਕਰੀਬ ਹੀ ਕੰਪਿਊਟਰ ਸਥਾਪਤ ਕਰਵਾਏ ਸਨ, ਉਸ ਦੇ ਵੀ 70-80 ਹਜ਼ਾਰ ਰੁਪਏ ਮਾਰ ਕੇ ਉਹ ਦੋ ਕੁ ਮਹੀਨਿਆਂ ਵਿੱਚ ਹੀ ਭੱਜ ਗਿਆ ਸੀ। ਇਸ ਤੋਂ ਇਲਾਵਾ ਉਸ ਦੇ ਕਿਰਾਏ ਦੇ ਮਕਾਨ ਉਤੇ ਜਿੰਨੇ ਵੀ ਬਿਲ ਆਏ ਸਨ, ਉਨ੍ਹਾਂ ਵਿਚੋਂ ਉਸ ਨੇ ਕੋਈ ਨਹੀਂ ਭਰਿਆ ਸੀ। ਤਦ ਉਸ ਦੇ ਨਾਲ਼ ਪਾਕਿਸਤਾਨੀ ਮੂਲ ਦੀ ਇੱਕ ਮੁਸਲਿਮ ਮਹਿਲਾ ਸੀ, ਜਿਸ ਨੂੰ ਉਹ ਆਪਣੀ ਪਤਨੀ ਦਸਦਾ ਸੀ।


ਉਸ ਖ਼ਿਲਾਫ਼ ਚੰਡੀਗੜ੍ਹ ’ਚ ਕਈ ਮਾਮਲੇ ਦਰਜ ਹਨ। ਉਸ ਦੀ ਪਹਿਲੀ ਪਤਨੀ ਇਸ ਵੇਲੇ ਲੁਧਿਆਣਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਆਪਣੇ ਦੋ ਬੱਚਿਆਂ ਸਮੇਤ ਰਹਿ ਰਹੀ ਹੈ। ਉਸ ਨੇ ਪਾਕਿਸਤਾਨ, ਇੰਗਲੈਂਡ ਅਤੇ ਕੈਨੇਡਾ ਵਿੱਚ ਵੀ ਵਿਆਹ ਕਰਵਾਏ ਦੱਸੇ ਜਾਂਦੇ ਹਨ। ਉਸ ਦੀਆਂ ਸਾਰੀਆਂ ਪਤਨੀਆਂ ਇਸ ਵੇਲੇ ਜਿਊਂਦੀਆਂ ਹਨ। ਉਸ ਨੇ ਇੱਕ ਮੁਸਲਿਮ ਮਹਿਲਾ ਨਾਲ਼ ਵਿਆਹ ਕਰਵਾਉਣ ਲਈ ਪਾਕਿਸਤਾਨ ਦੀ ਨਾਗਰਿਕਤਾ ਵੀ ਹਾਸਲ ਕਰ ਲਈ ਸੀ। ਉਹ ਹੁਣ ਲੋਕਾਂ ਸਾਹਵੇਂ ਇਹ ਵੀ ਦਾਅਵੇ ਕਰਦਾ ਘੁੰਮ ਰਿਹਾ ਸੀ ਕਿ ਉਹ 
ਚੰਡੀਗੜ੍ਹ ਦੇ ਐਸ ਐਸ ਪੀ ਸ. ਨੌਨਿਹਾਲ ਸਿੰਘ ਦੇ ਬਹੁਤ ਕਰੀਬ ਹੈ। ਕੌਮਾਂਤਰੀ ਠੱਗ 1986 ’ਚ ਆਪਣੇ ਪਿੰਡ ਰਾਮੂਵਾਲ ਤੋਂ ਜਲੰਧਰ ਆ ਕੇ ਰਹਿਣ ਲੱਗ ਪਿਆ ਸੀ ਕਿਉਂਕਿ ਤਦ ਪੰਜਾਬ ਵਿੱਚ ਖਾੜਕੂਵਾਦ ਆਪਣੇ ਸਿਖ਼ਰਾਂ ਉਤੇ ਸਨ। ਫਿਰ 1993 ’ਚ ਉਹ ਇੰਗਲੈਂਡ ਗਿਆ ਅਤੇ 1997 ’ਚ ਉਹ ਕੈਨੇਡਾ ਗਿਆ। ਕੈਨੇਡਾ ਵਿੱਚ ਉਸ ਨੇ ਅਲਬਰਟਾ ਸੂਬੇ ਦੇ ਸ਼ਹਿਰ ਕੈਲਗਰੀ ਦੀ ਮਨਜੀਤ ਕੌਰ ਰੰਧਾਵਾ ਨਾਲ਼ ਵਿਆਹ ਕੀਤਾ। 1999 ’ਚ ਉਸ ਨੂੰ ਧੋਖਾਧੜੀ ਦੇ ਦੋਸ਼ਾਂ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਸਜ਼ਾ ਖ਼ਤਮ ਹੋਣ ਮਗਰੋਂ ਰਿਹਾਅ ਕਰ ਦਿੱਤਾ ਗਿਆ ਸੀ। ਉਹ ਫਿਰ ਪਾਕਿਸਤਾਨ ਗਿਆ ਅਤੇ 2004 ’ਚ ਅਮਰੀਕਾ ਗਿਆ। ਸਾਲ 2004 ’ਚ ਜਦੋਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਮਰੀਕਾ ਗਏ ਸਨ, ਤਦ ਮਨਜੀਤ ਸਿੰਘ ਰੱਤੂ ਵੀ ਪ੍ਰਧਾਨ ਮੰਤਰੀ ਦੇ ਸਮਾਰੋਹ ਵਿੱਚ ਸ਼ਾਮਲ ਹੋਇਆ ਸੀ। ਫਿਰ ਜਨਵਰੀ 2006 ’ਚ ਕੈਨੇਡਾ ਵਿੱਚ ਵੇਖਿਆ ਗਿਆ, ਜਿੱਥੇ ਉਸ ਨੇ ਆਪਣਾ ਨਾਂਅ ਅੰਮ੍ਰਿਤ ਸਿੰਘ ਮਾਨ ਦੱਸਿਆ। ਉਥੋਂ ਉਸ ਨੇ ‘ਖ਼ਾਲਸਾ ਸਮਾਚਾਰ’ ਅਤੇ ‘ਆਵਾਜ਼-ਏ-ਪੰਜਾਬ’ ਨਾਂਅ ਦੇ ਅਖ਼ਬਾਰ ਵੀ ਛਾਪੇ।

(ਖਾਲਸਾ ਨਿਊਜ਼ ਦੀ 12 ਦਸੰਬਰ 2010 ਦੀ ਰਿਪੋਰਟ ਰਿਪੋਰਟ)  


ਬੇਹੋਸ਼ੀ ਦੀ ਹਾਲਤ 'ਚ ਲਗਵਾਏ ਗਏ ਸਰਬਜੀਤ ਕੋਲੋਂ ਅੰਗੂਠੇ ?






No comments: