Wednesday, May 29, 2013

ਭਾਰਤੀ ਕਮਿਊਨਿਸਟ ਲਹਿਰ ਲਈ ਇੱਕ ਹੋਰ ਸਦਮਾ

ਹੁਣ ਨਹੀਂ ਰਹੇ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ 
ਕਿਰਤੀ ਵਰਗ ਦੀ ਗੱਲ ਕਰਨ ਦੇ ਨਾਲ ਨਾਲ ਸਿਧਾਂਤ ਨੂੰ ਸਾਹਮਣੇ ਰੱਖ ਕੇ ਪਾਰਟੀ ਦੇ ਸੀਨੀਅਰ ਲੀਡਰਾਂ ਨਾਲ  ਮੱਥਾ ਲਾਉਣ ਦੀ ਹਿੰਮਤ ਰੱਖਣ ਵਾਲੇ ਉੱਘੇ ਆਜ਼ਾਦੀ ਘੁਲਾਟੀਏ, ਬਜ਼ੁਰਗ ਕਮਿਊਨਿਸਟ ਆਗੂ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਦਾ ਸੋਮਵਾਰ 27 ਮਈ ਦੀ ਰਾਤ ਨੂੰ ਦੇਹਾਂਤ ਹੋ ਗਿਆ। ਦੇਹਾਂਤ ਸਮੇਂ ਉਹ 97 ਵਰ੍ਹਿਆਂ ਦੇ ਸਨ ਅਤੇ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਵੀ ਚਲੇ ਆ ਰਹੇ ਸਨ। ਉਨ੍ਹਾਂ ਦੇ ਪਰਿਵਾਰ ਵਿਚ ਤਿੰਨ ਪੁੱਤਰ ਹਨ। ਕਾਮਰੇਡ ਲਾਇਲਪੁਰੀ ਪੜ੍ਹਾਈ ਦੌਰਾਨ ਹੀ ਦੇਸ਼ ਦੀ ਆਜ਼ਾਦੀ ਲਈ ਚੱਲੀਆਂ ਸਰਗਰਮੀਆਂ ਵਿਚ ਹਿੱਸਾ ਲੈਣ ਲੱਗ ਪਏ ਅਤੇ ਉਨ੍ਹਾਂ ਵਿਦਿਆਰਥੀ ਲਹਿਰ ਵਿਚ ਮੋਹਰੀ ਰੋਲ ਅਦਾ ਕੀਤਾ। ਲਾਹੌਰ ਤੋਂ ਉਨ੍ਹਾਂ ਨੇ ਕਾਨੂੰਨ ਦੀ ਵਿੱਦਿਆ ਹਾਸਲ ਕਰਨ ਤੋਂ ਬਾਅਦ ਆਪਣਾ ਸਮੁੱਚਾ ਜੀਵਨ ਦੇਸ਼ ਦੀ ਆਜ਼ਾਦੀ  ਲਈ ਚੱਲੇ ਸੰਘਰਸ਼ ਵਿੱਚ ਬਿਤਾਇਆ। ਅਜ਼ਾਦੀ ਦੀ ਲਹਿਰ ਤੋਂ ਬਾਅਦ ਕਿਸਾਨਾਂ, ਕਿਰਤੀਆਂ ਦੇ ਹੱਕ ਲਈ ਕਮਿਊਨਿਸਟ ਪਾਰਟੀ ਦੀ ਅਗਵਾਈ ’ਚ ਲੜੇ ਗਏ ਸੰਘਰਸ਼ਾਂ ਵਿਚ ਵੀ ਉਨ੍ਹਾਂ ਮੋਹਰੀ ਰੋਲ ਅਦਾ ਕੀਤਾ। ਆਜ਼ਾਦੀ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਉਤੇ ਲਾਏ ਖੁਸ਼ ਹੈਸੀਅਤ ਟੈਕਸ ਵਿਰੁੱਧ ਲੜੇ ਇਤਿਹਾਸਕ ਸੰਘਰਸ਼ ਦੀ ਅਗਵਾਈ ਕਰਨ ਵਾਲੇ ਆਗੂਆਂ ਵਿੱਚ ਕਾਮਰੇਡ ਲਾਇਲਪੁਰੀ ਵੀ ਸਰਗਰਮੀ ਨਾਲ ਸ਼ਾਮਲ ਹੋਏ ਸਨ। ਕਮਿਊਨਿਸਟ ਕਿਸਾਨ ਸੰਘਰਸ਼ਾਂ ਵਿੱਚ ਕਾਮਰੇਡ ਲਾਇਲਪੁਰੀ ਦੀ ਪਛਾਣ ਇੱਕ ਕੁੱਲ ਹਿੰਦ ਆਗੂ ਵਜੋਂ ਹੁੰਦੀ ਸੀ। ਉਹ ਆਪਣੀ ਉਮਰ ਦੇ ਆਖਰੀ ਵਰ੍ਹਿਆਂ ਤੱਕ ਮਜ਼ਦੂਰਾਂ, ਕਿਸਾਨਾਂ ਦੇ ਹੱਕਾਂ ਲਈ ਸਰਗਰਮੀ ਨਾਲ ਸੰਘਰਸ਼ ਕਰਦੇ ਰਹੇ। ਕਮਿਊਨਿਸਟ ਸਿਧਾਂਤ ਉਹਨਾਂ ਦੇ ਖੂਨ ਵਿੱਚ ਰਚਿਆ ਹੋਇਆ ਸੀ। ਜਦ ਵੀ ਕੋਈ ਵਿਵਾਦ ਹੁੰਦਾ ਜਾਂ ਫਿਰ ਭੰਬਲਭੂਸਾ ਪੈਂਦਾ ਤਾਂ ਉਹ ਤੁਰੰਤ ਕਮਿਊਨਿਸਟ ਸਿਧਾਂਤ ਦੀ ਰੌਸ਼ਨੀ ਵਿੱਚ ਗੱਲ ਕਰਦੇ। ਉੱਚਾ ਲੰਮਾ ਕਦ, ਘੋਖੀ ਪਰ ਸਪਸ਼ਟ ਚਿਹਰਾ, ਸਾਦਗੀ ਭਰੀ ਪੁਸ਼ਾਕ ਅਤੇ ਗੱਲਾਂ ਵਿੱਚ ਅਸੂਲ ਦੀ ਗੜ੍ਹਕ--ਹੁਣ ਬੇਹੱਦ ਸਾਫਗੋਈ ਵਾਲੀ ਉਹ ਬੇਬਾਕ ਅਤੇ ਬੇਦਾਗ ਸ਼ਖਸੀਅਤ ਸਾਡੇ ਦਰਮਿਆਨ ਨਹੀਂ ਰਹੀ। ਕਮਿਊਨਿਸਟ ਅੰਦੋਲਨ ਇੱਕ ਹੋਰ ਤਜਰਬੇਕਾਰ ਅਤੇ ਸਮਰਪਿਤ ਭਾਵਨਾ ਨਾਲ ਕੰਮ ਕਰਨ ਵਾਲੇ ਆਗੂ ਤੋਂ ਵਾਂਝਿਆਂ ਹੋ ਗਿਆ ਹੈ।
ਦੇਸ਼ ਭਗਤ ਯਾਦਗਾਰ ਕਮੇਟੀ 
ਉਹਨਾਂ ਦੇ ਦੇਹਾਂਤ ਨਾਲ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ। ਜਦੋਂ ਇਸ ਦੁਖਦਾਈ ਵਿਛੋੜੇ ਦੀ ਖਬਰ ਜਲੰਧਰ ਪੁੱਜੀ ਤਾਂ ਦੇਸ਼ ਭਗਤ ਯਾਦਗਾਰ ਕਮੇਟੀ ਨੇ ਕਾਮਰੇਡ ਲਾਇਲਪੁਰੀ ਦੇ ਵਿਛੋੜੇ ਦੀ ਦੁੱਖਦਾਈ ਖ਼ਬਰ ਮਿਲਦਿਆਂ ਹੀ ਇੱਕ ਸ਼ੋਕ ਸਭਾ ਕੀਤੀ ਜਿਸ ਵਿੱਚ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਉਪ ਪ੍ਰਧਾਨ ਕਾਮਰੇਡ ਨੌਨਿਹਾਲ ਸਿੰਘ, ਜਨਰਲ ਸਕੱਤਰ ਡਾ. ਰਘਬੀਰ ਕੌਰ, ਖਜ਼ਾਨਚੀ ਰਘਬੀਰ ਸਿੰਘ ਛੀਨਾ, ਸੀਨੀਅਰ ਟਰੱਸਟੀ ਗੰਧਰਵ ਸੇਨ ਕੋਛੜ, ਕਾਮਰੇਡ ਸੁਰਿੰਦਰ ਕੁਮਾਰੀ ਕੋਛੜ, ਟਰੱਸਟੀ ਕਾਮਰੇਡ ਮੰਗਤ ਰਾਮ ਪਾਸਲਾ, ਕਾਮਰੇਡ ਗੁਰਮੀਤ, ਕਾਮਰੇਡ ਅਮੋਲਕ ਸਿੰਘ, ਸੀਨੀਅਰ ਟਰੱਸਟੀ ਚੈਨ ਸਿੰਘ ਚੈਨ, ਕਾਮਰੇਡ ਚਰੰਜੀ ਲਾਲ, ਸ਼ਾਮ ਲਾਲ ਅਤੇ ਹੋਰ ਸਾਥੀ ਸ਼ਾਮਲ ਸਨ। ਸ਼ੋਕ ਸਭਾ ’ਚ ਕਾਮਰੇਡ ਲਾਇਲਪੁਰੀ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਉਨ੍ਹਾਂ ਵੱਲੋਂ ਕਿਰਤੀ ਲਹਿਰ ਨੂੰ ਦਿੱਤੀ ਗਈ ਨਿਰੰਤਰ ਸੇਧ ਨੂੰ ਵੀ ਬੜੇ ਹੀ ਸਨੇਹ ਨਾਲ ਯਾਦ ਕੀਤਾ ਗਿਆ।
ਪੰਜਾਬੀ ਸਾਹਿਤ ਅਕੈਡਮੀ
ਕਾਮਰੇਡ ਲਾਇਲਪੁਰੀ ਸਿਰਫ ਸਿਆਸਤ ਵਿੱਚ ਹੀ ਨਹੀਂ ਬਲਕਿ ਸਾਹਿਤ ਅਤੇ ਸਾਹਿਤਕਾਰਾਂ ਵਿੱਚ ਵੀ ਕਾਫੀ ਦਿਲਚਸਪੀ ਲਿਆ ਕਰਦੇ ਸਨ। ਉਹ ਪੰਜਾਬੀ ਸਾਹਿਤ ਅਕੈਡਮੀ ਅਤੇ ਹੋਰਨਾ ਸਾਹਿਤਿਕ ਸੰਸਥਾਵਾਂ ਦੇ ਪ੍ਰੋਗਰਾਮਾਂ ਅਤੇ ਸਰਗਰਮੀਆਂ ਵਿਚ ਵੀ ਉਚੇਚਾ ਸਮਾਂ ਕਢ ਕੇ ਹਿੱਸਾ ਲਿਆ ਕਰਦੇ ਸਨ। ਦੁੱਖ ਦੀ ਇਸ ਘੜੀ ਵਿੱਚ ਪੰਜਾਬੀ ਲੇਖਕਾਂ ਪ੍ਰੋ: ਗੁਰਭਜਨ ਗਿੱਲ, ਡਾ: ਸੁਖਦੇਵ ਸਿੰਘ, ਡਾ: ਅਨੂਪ ਸਿੰਘ, ਪ੍ਰੋ: ਰਵਿੰਦਰ ਭੱਠਲ, ਡਾ: ਜਗਤਾਰ ਧੀਮਾਨ, ਤਰਲੋਚਨ ਲੋਚੀ, ਡਾ: ਗੁਲਜ਼ਾਰ ਪੰਧੇਰ, ਮਨਜਿੰਦਰ ਧਨੋਆ ਅਤੇ ਪਿ੍ੰਸੀਪਲ ਪ੍ਰੇਮ ਸਿੰਘ ਬਜਾਜ ਸਮੇਤ ਕਈ ਸਾਥੀਆਂ ਨੇ ਲਾਇਲਪੁਰੀ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਹੈ। 
ਤੁਫਾਨਾਂ ਨਾਲ ਮੱਥਾ ਲਾਉਣ ਦੀ ਹਿੰਮਤ
ਚੰਡੀਗੜ੍ਹ ਚ ਇੱਕ ਕਮਿਊਨਿਸਟ ਮੀਟਿੰਗ ਦੌਰਾਨ ਕਾਮਰੇਡ ਲਾਇਲਪੁਰੀ। ਇਹ 
ਤਸਵੀਰ 15 2012 ਜੂਨ ਨੂੰ ਪੰਜਾਬੀ ਟ੍ਰਿਬਿਊਨ  ਲਈ  ਪ੍ਰਵੇਸ਼ ਚੌਹਾਨ ਨੇ  ਖਿੱਚੀ ਸੀ 
ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਨੇ ਸਿਰਫ਼ ਦੇਸ਼ ਦੀ ਅਜ਼ਾਦੀ ਲਈ ਹੀ ਨਹੀਂ, ਸਗੋਂ ਅਜ਼ਾਦੀ ਉਪਰੰਤ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀਆਂ ਦੇ ਹੱਕਾਂ ਲਈ ਵੱਡੇ ਘੋਲਾਂ ਵਿਚ ਹਿੱਸਾ ਲਿਆ ਸੀ। ਉਨ੍ਹਾਂ ਦਾ ਜਨਮ 10 ਅਪ੍ਰੈਲ 1917 ਨੂੰ ਲਾਇਲਪੁਰ ਜ਼ਿਲ੍ਹੇ ਦੀ ਤਹਿਸੀਲ ਸਮੁੰਦਰੀ ਵਿਚ ਸ: ਸ਼ੇਰ ਸਿੰਘ ਦੇ ਗ੍ਰਹਿ ਵਿਖੇ ਹੋਇਆ। ਉਨ੍ਹਾਂ ਮੁੱਢਲੀ ਵਿੱਦਿਆ ਲਾਇਲਪੁਰ ਵਿਖੇ ਹੀ ਪ੍ਰਾਪਤ ਕੀਤੀ ਅਤੇ 1940 ਵਿਚ ਗੌਰਮਿੰਟ ਲਾਅ ਕਾਲਜ ਲਾਹੌਰ ਤੋਂ ਐਲ. ਐਲ. ਬੀ. ਕਰਨ ਉਪਰੰਤ ਉਹ ਆਜ਼ਾਦੀ ਦੇ ਸੰਘਰਸ਼ ਲਈ ਕਾਂਗਰਸ ਪਾਰਟੀ ਦੀਆਂ ਸਰਗਰਮੀਆਂ ਵਿਚ ਹਿੱਸਾ ਲੈਣ ਲੱਗ ਪਏ ਤੇ ਪੂਰੀ ਤਰ੍ਹਾਂ ਸਰਗਰਮ ਰਹੇ। ਉਨ੍ਹਾਂ ਨੇ ਕਿਸਾਨ ਮੋਰਚਿਆਂ ਦੀ ਅਗਵਾਈ ਕਰਦਿਆਂ ਲੰਮਾ ਸਮਾਂ ਵੱਖ ਵੱਖ ਮੋਰਚਿਆਂ ਤਹਿਤ ਜੇਲ੍ਹ ਵੀ ਕੱਟੀ। ਕਾਮਰੇਡ ਲਾਇਲਪੁਰੀ ਨੇ 1936 ਵਿਚ ਆਲ ਇੰਡੀਆ ਕਿਸਾਨ ਸਭਾ ਦਾ ਗਠਨ ਕਰਨ ਤੋਂ ਬਾਅਦ ਕਾਮਰੇਡ ਸੋਹਣ ਸਿੰਘ ਜੋਸ਼ ਨਾਲ ਮਿਲ ਕੇ ਕਿਰਤੀ ਪਾਰਟੀ ਦਾ ਵੀ ਗਠਨ ਕੀਤਾ ਜਿਹੜੀ ਕਾਫੀ ਸਫਲ ਵੀ ਰਹੀ। ਕਿਰਤੀ ਵਰਗ ਨਾਲ ਵਧ ਰਹੇ ਮੋਹ ਕਾਰਣ ਉਹਨਾਂ ਸੰਨ 1947 ਵਿਚ ਭਾਰਤੀ ਕਮਿਊਨਿਸਟ ਪਾਰਟੀ ਦੀਆਂ ਸਰਗਰਮੀਆਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਜਦੋਂ ਪਾਰਟੀ ਨੂੰ ਗੈਰ ਕਾਨੂੰਨੀ ਐਲਾਨਿਆ ਗਿਆ ਤਾਂ ਆਪ ਲਗਾਤਾਰ ਦੋ ਸਾਲ ਜੇਲ੍ਹ ਵਿਚ ਵੀ ਰਹੇ। ਇਸੇ ਤਰ੍ਹਾਂ ਸੰਨ 1964 ਵਿਚ ਕਮਿਊਨਿਸਟ ਪਾਰਟੀ ਦੇ ਦੋਫਾੜ ਹੋਣ ਉਪਰੰਤ ਆਪ ਨੇ 12 ਹੋਰ ਸਾਥੀਆਂ ਨਾਲ ਰਲਕੇ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦਾ ਗਠਨ ਕੀਤਾ ਅਤੇ 25 ਮੈਂਬਰੀ ਕੇਂਦਰੀ ਕਮੇਟੀ ਦੇ ਮੈਂਬਰ ਵਜੋਂ ਜਥੇਬੰਦੀ ਦੀ ਮਜ਼ਬੂਤੀ ਲਈ ਦਿਨ ਰਾਤ ਕੰਮ ਕੀਤਾ। ਉਹਨਾਂ ਨੇ ਗ਼ਦਰੀ ਬਾਬਾ ਗੁਰਮੁੱਖ ਸਿੰਘ ਨਾਲ ਰਲਕੇ ਪੰਜਾਬ ਕਿਸਾਨ ਸਭਾ ਵੀ ਬਣਾਈ ਜਿਸ ਦੇ ਆਪ ਪਹਿਲੇ ਜਨਰਲ ਸਕੱਤਰ ਵੀ ਰਹੇ। ਸੰਨ 1975 ਵਿਚ ਜਦੋਂ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਗਾਈ ਗਈ ਉਹਨਾਂ ਭਾਰਤੀ ਕਮਿਊਨਿਸਟ ਪਾਰਟੀ ਦੀ ਪਹੁੰਚ ਦੇ ਐਨ ਉਲਟ ਜਾ ਕੇ ਐਮਰਜੈਂਸੀ ਦਾ ਡਟ ਕੇ ਵਿਰੋਧ ਕੀਤਾ...ਇਹ ਵਿਰੋਧ ਉਸ ਵੇਲੇ ਪਹਾੜ ਨਾਲ ਮੱਥਾ ਲਾਉਣ ਦੇ ਬਰਾਬਰ ਸੀ। ਉਹ ਸਿਧਾਂਤ ਨੂੰ ਕਦੇ ਨਹੀਂ ਸਨ ਭੁੱਲਦੇ....ਜਦੋਂ ਸੰਨ 1992 ਵਿਚ ਪਾਰਟੀ ਵੱਲੋਂ ਲਗਾਏ ਗਏ ਪਾਣੀ ਦੇ ਮੋਰਚੇ ਵਿਚ ਆਪ ਦੇ ਕੁੱਝ ਆਗੂਆਂ ਨਾਲ ਮਤਭੇਦ ਹੋ ਗਏ ਸਨ ਤਾਂ ਕੁੱਝ ਸਮਾਂ ਆਪ ਸਿਆਸਤ ਤੋਂ ਹੀ ਦੂਰ ਰਹੇ। 
ਪਰ  ਸਿਆਸਤ ਤੋਂ ਉਹਨਾਂ ਦੀ ਇਹ ਦੂਰੀ ਬਹੁਤੀ ਦੇਰ ਤੱਕ ਬਣੀ ਨਾ ਰਹੀ ਸਕੀ। ਛੇਤੀ ਹੀ ਉਹਨਾਂ ਨੇ ਮਾਰਕਸਿਸਟ ਫੌਰਮ ਵੀ ਬਣਾਇਆ। ਸੰਨ 1996 ਵਿਚ ਮਾਰਕਸਿਸਟ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦਾ ਗਠਨ ਕਰਕੇ ਪਹਿਲੇ ਜਨਰਲ ਸਕੱਤਰ ਬਣੇ।  ਪਾਰਟੀ ਨੂੰ ਉਸਾਰੂ ਲੀਹਾਂ 'ਤੇ ਪਹੁੰਚਾਉਂਦਿਆਂ ਆਪ ਨੇ 2006 ਵਿਚ ਮਾਰਕਸਿਸਟ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਯੂਨਾਈਟਿਡ) ਦਾ ਗਠਨ ਕੀਤਾ ਅਤੇ ਕਈ ਟਕਸਾਲੀ ਇਨਕਲਾਬੀ ਕਾਮਰੇਡ ਆਗੂਆਂ ਨੂੰ ਪਾਰਟੀ ਵਿਚ ਆਪਣੇ ਨਾਲ ਰਲਾਇਆ ਅਤੇ ਲੋਕ ਹਿੱਤਾਂ ਖਾਤਿਰ ਵੱਡੇ ਮੋਰਚੇ ਲਗਾਏ।  ਹਾਲ ਹੀ ਵਿੱਚ ਦੋ ਕੁ ਵਰ੍ਹੇ ਪਹਿਲਾਂ ਕਾਮਰੇਡ ਲਾਇਲਪੁਰੀ ਵੱਲੋਂ ਆਪਣੀ ਜੀਵਨਗਾਥਾ 'ਮਾਈ ਲਾਈਫ਼-ਮਾਈ ਟਾਈਮਜ਼' ਪੁਸਤਕ ਵੀ ਛਪਵਾ ਕੇ ਕਮਿਊਨਿਸਟ ਲਹਿਰ ਨੂੰ ਸਮਰਪਿਤ ਕੀਤੀ ਗਈ ਹੈ ਜਿਸ ਵਿੱਚ ਕਮਿਊਨਿਸਟ ਬਾਰੇ ਕਾਫੀ ਕੁਝ ਦਰਜ ਹੈ। ਉਹਨਾਂ ਇੱਕ ਹੋਰ ਪੁਸਤਕ ਮੇਰਾ ਜੀਵਨ ਮੇਰਾ ਯੁਗ ਵੀ ਲਿਖੀ।
ਜਦੋਂ ਪੰਜਾਬ ਦੇ ਹਾਲਾਤ ਖਰਾਬ ਹੋਏ ਤਾਂ ਉਦੋਂ ਵੀ ਉਹਨਾਂ ਦਾ ਰਣਨੀਤਿਕ ਪੈਂਤੜਾ ਹਨੇਰੀ ਦੀ ਅੰਨੀ ਹਵਾ ਦੇ ਉਲਟ ਬੜੀ ਦਲੇਰੀ ਵਾਲਾ ਸੀ। ਉਨ੍ਹਾਂ ਦੇ ਛੋਟੇ ਸਪੁੱਤਰ ਡਾ: ਨਵਦੀਪ ਖੈਹਿਰਾ ਵੱਲੋਂ ਫਿਰੋਜ਼ਪੁਰ ਰੋਡ ਸਥਿਤ ਖੈਹਿਰਾ ਹਸਪਤਾਲ ਵਿਖੇ ਉਨ੍ਹਾਂ ਦੀ ਸਿਹਤ ਦੀ ਦੇਖ ਭਾਲ ਕੀਤੀ ਜਾ ਰਹੀ ਸੀ ਅਤੇ ਇੱਥੇ ਹੀ ਅੱਜ ਉਨ੍ਹਾਂ ਅੰਤਿਮ ਸਾਹ ਲਿਆ | ਉਨ੍ਹਾਂ ਦੇ ਅੰਤਿਮ ਸੰਸਕਾਰ ਬਾਰੇ ਹਾਲੇ ਕੋਈ ਫ਼ੈਸਲਾ ਨਹੀਂ ਹੋਇਆ ਹੈ ਕਿਉਂਕਿ ਉਨ੍ਹਾਂ ਦੇ ਦੋ ਸਪੁੱਤਰ ਇੰਜੀਨੀਅਰ ਜਗਦੀਪ ਸਿੰਘ ਅਤੇ ਕਰਨਲ ਸਦੀਪ ਸਿੰਘ ਇੰਗਲੈਂਡ ਰਹਿੰਦੇ ਹਨ | ਉਨ੍ਹਾਂ ਦੇ ਭਾਰਤ ਆਉਣ 'ਤੇ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾਜ। ਉਹਨਾਂ ਦੇ ਬੇਟੇ ਡਾਕਟਰ ਨਵਦੀਪ ਖਹਿਰਾ ਵੀ ਬਚਪਨ 'ਚ ਮਿਲੀ ਗੁੜ੍ਹਤੀ ਨੂੰ ਯਾਦ ਰੱਖਦਿਆਂ ਕਮਿਊਨਿਸਟ ਆਗੂਆਂ ਅਤੇ ਵਰਕਰਾਂ ਦੇ ਇਲਾਜ ਵੇਲੇ ਹਮਦਰਦੀ ਨਾਲ ਪੇਸ਼ ਆਉਂਦੇ ਹਨ। ਕਾਮਰੇਡ ਲਾਇਲਪੁਰੀ ਆਪਣੇ ਪਿੱਛੇ ਤਿੰਨ ਪੁੱਤਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਛੱਡ ਗਏ ਹਨ। ਉਹਨਾਂ ਵੱਲੋਂ ਸਥਾਪਿਤ ਕੀਤੀ ਗਈ ਮਾਰਕਸਿਸਟ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਯੂਨਾਈਟਿਡ) ਦੇ ਵਰਕਰਾਂ ਅਤੇ ਆਗੂਆਂ ਵਿੱਚ ਵੀ ਸੋਗ ਦੀ ਲਹਿਰ ਰਹੀ। 
ਉਹਨਾਂ ਦੀ ਯਾਦਗਾਰ 
ਕਮਿਊਨਿਸਟ ਸਿਧਾਂਤ ਅਤੇ ਕਮਿਊਨਿਸਟ ਅੰਦੋਲਨ ਨੂੰ ਪ੍ਰਣਾਏ ਹੋਏ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਦੇ ਅਕਾਲ ਚਲਾਣੇ 'ਤੇ ਮਾਰਕਸਿਸਟ ਕਮਿਊਨਿਸਟ ਪਾਰਟੀ ਆਫ਼ ਇੰਡੀਆ ਯੂਨਾਈਟਿਡ ਪੰਜਾਬ ਇਕਾਈ ਦੇ ਆਗੂਆਂ ਕਾਮਰੇਡ ਕੁਲਦੀਪ ਸਿੰਘ ਗਰੇਵਾਲ, ਕਾਮਰੇਡ ਪਵਨ ਕੌਸ਼ਲ, ਕਾਮਰੇਡ ਪ੍ਰੇਮ ਸਿੰਘ ਭੰਗੂ, ਕਾਮਰੇਡ ਲਖਵਿੰਦਰ ਸਿੰਘ ਬੁਆਣੀ ਤੇ ਕਾਮਰੇਡ ਚਰਨਜੀਤ ਸਿੰਘ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਹੈ ਕਿ ਕਾਮਰੇਡ ਲਾਇਲਪੁਰੀ ਦੇ ਅਕਾਲ ਚਲਾਣੇ ਨਾਲ ਨਾ ਸਿਰਫ਼ ਕਮਿਊਨਿਸਟ ਵਿਚਾਰਧਾਰਾ ਬਲਕਿ ਪਾਰਟੀ ਅਤੇ ਦੇਸ਼ ਨੂੰ ਵੀ ਵੱਡਾ ਘਾਟਾ ਪਿਆ ਹੈ।  ਹੁਣ ਦੇਖਣਾ ਹੈ ਕਿ ਸਰਕਾਰ ਲੁਧਿਆਣਾ ਵਿੱਚ ਉਹਨਾਂ ਦੀ ਯਾਦਗਾਰ ਬਣਾਉਣ ਲਈ ਕੋਈ ਉਪਰਾਲਾ ਲੋਕ ਕਰਦੇ ਹਨ ਜਾਂ ਸਰਕਾਰ?--ਰੈਕਟਰ ਕਥੂਰੀਆ 


ਇੰਨਕ਼ਲਾਬੀਆਂ ਦੀ ਰੂਹ ਸੀ ਮਦਨ ਲਾਲ ਦੀਦੀ





No comments: