Sunday, May 26, 2013

ਇੱਕ ਸਦਮਾ ਹੋਰ:

ਉੱਘੇ ਪੰਜਾਬੀ ਲੇਖਕ ਸ. ਦਾਨ ਸਿੰਘ ਕੋਮਲ ਦਾ ਦੇਹਾਂਤ 
ਪੰਜਾਬੀ ਸਾਹਿਤ ਅਕਾਡਮੀ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਲੁਧਿਆਣਾ : 25 ਮਈ (ਰੈਕਟਰ ਕਥੂਰੀਆ):ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜੀਵਨ ਮੈਂਬਰ ਅਤੇ ਹਾਸ-ਵਿਅੰਗ ਦੇ ਸ਼੍ਰੋਮਣੀ ਕਵੀ ਸ. ਦਾਨ ਸਿੰਘ ਕੋਮਲ ਦਾ ਬੀਤੀ ਸ਼ਾਮ ਆਪਣੇ ਜੱਦੀ ਪਿੰਡ ਚੱਬਾ, ਜ਼ਿਲ੍ਹਾ ਅੰਮਿ੍ਰਤਸਰ ਵਿਖੇ ਦੇਹਾਂਤ ਹੋ ਗਿਆ ਹੈ। ਉਹ 90 ਵਰ੍ਹਿਆਂ ਦੇ ਸਨ। ਸ. ਦਾਨ ਸਿੰਘ ਕੋਮਲ ਲੰਮਾ ਸਮਾਂ ਮੁੰਬਈ ਵਿਖੇ ਰਹੇ ਪਰ 1984 ਵਿਚ ਉਹ ਪੰਜਾਬ ਵਿਚ ਲੁਧਿਆਣਾ ਵਿਖੇ ਆਣ ਵੱਸੇ। ‘ਕਵਿਤਾ ਵਿਚ ਪੰਜਾਬ’ ਵਿਸ਼ੇ ’ਤੇ ਉਨ੍ਹਾਂ ਨੇ ਲੰਮੇਰੀ ਖੋਜ ਭਰਪੂਰ ਦੋ ਭਾਗਾਂ ਵਿਚ ਪੁਸਤਕ ਲਿਖੀ ਜਿਸ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਸੰਬੰਧੀ ਹਵਾਲਾ ਖੋਜ ਪੁਸਤਕ ਵਜੋਂ ਵਿਦਵਾਨ ਵਰਤਦੇ ਹਨ।
                  ਸ. ਦਾਨ ਸਿੰਘ ਕੋਮਲ ਦੇ ਦੇਹਾਂਤ ’ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਅਕਾਡਮੀ ਨਾਲ ਲਗਪਗ 50 ਵਰ੍ਹੇ ਸਾਥ ਨਿਭਾ ਚੁੱਕੇ ਸ. ਕੋਮਲ ਦੀਆਂ ਹਾਸ-ਵਿਅੰਗ ਲਿਖਤਾਂ, ਸਿੱਖ ਇਤਿਹਾਸ ਦੀਆਂ ਵੰਨਗੀਆਂ ਪੇਸ਼ ਕਰਦੀਆਂ ਕਵਿਤਾਵਾਂ ਸਾਡੇ ਲਈ ਹਮੇਸ਼ਾਂ ਚਾਨਣ ਮੁਨਾਰਾ ਬਣਨਗੀਆਂ। ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ ਵੀ ਸ. ਦਾਨ ਸਿੰਘ ਕੋਮਲ ਦੇ ਦੇਹਾਂਤ ’ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦਸਿਆ ਸ. ਦਾਨ ਸਿੰਘ ਕੋਮਲ ਨੇ ‘ਲੋਕ ਸਾਂਝਾ, ਅੰਮ੍ਰਿਤ ਕੁੰਡ, ਸਿੰਘ ਸੂਰਮੇ, ਕੋਮਲ ਸੁਰਾਂ, ਭਗਤੀ ਸ਼ਕਤੀ, ਮੈਂ ਮਿੱਟੀ ਪੰਜਾਬ ਦੀ, ਮਿੱਟੀ ਦੀ ਆਵਾਜ਼, ਮਜੀਠੀ ਚੋਲੇ, ਖ਼ੈਰ ਪੰਜਾਬ ਦੀ, ਧਰਮ ਹੇਤ ਸਾਕਾ ਜਿਨ ਕੀਆ (ਮਹਾਂ ਕਾਵਿ), ਗੁਰ ਤੀਜੀ ਪੀੜ੍ਹੀ, ਰੱਤੇ ਇਸ਼ਕ ਖ਼ੁਦਾਇ, ਵਿਰਸਾ ਖ਼ਾਲਸੇ ਦੇ, ਕਵਿਤਾ ਵਿਚ ਪੰਜਾਬ (1285-1947), ਉੱਤਮ ਧਰਮ ਮੱਧਮ ਪ੍ਰਚਾਰ, ਕੁਝ ਰੰਗ ਵਿਰਸੇ ਦੇ, ਸ੍ਰੀ ਹਰਿਮੰਦਰ ਸਾਹਿਬ, ਹੱਸਦਾ ਰਹੋ ਮਿੱਤਰਾ, ਹੱਸਦੇ ਸੋ ਵੱਸਦੇ, ਗੋਬਿੰਦ ਮਹਿਮਾ, ਸਾਡਾ ਲੋਕ ਵਿਰਸਾ’ ਸਮੇਤ ਦਰਜਨਾਂ ਪੁਸਤਕਾਂ ਸਾਹਿਤ ਦੀ ਝੋਲੀ ਪਾਈਆਂ। ਰੈਫ਼ਰੈਂਸ ਲਾਇਬ੍ਰੇਰੀ ਦੇ ਡਾਇਰੈਕਟਰ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਨੇ ਦਸਿਆ ਕਿ ਉਨ੍ਹਾਂ ਆਪਣੀ ਨਿੱਜੀ ਲਾਇਬ੍ਰੇਰੀ ਵਿਚੋਂ 600 ਸੌ ਪੁਸਤਕਾਂ ਲਾਇਬ੍ਰੇਰੀ ਨੂੰ ਭੇਟਾ ਕੀਤੀਆਂ।
ਪੰਜਾਬੀ ਪੰਜਾਬੀ ਭਵਨ, ਲੁਧਿਆਣਾ ਵਿਖੇ ਅੱਜ ਸਿਰਜਨਧਾਰਾ ਦੀ ਸਿਲਵਰ ਜੁਬਲੀ ਨਾਲ ਸੰਬੰਧਿਤ ਸਮਾਗਮ ਵਿਚ ਆਏ ਨਾਮਵਰ ਲੇਖਕਾਂ ਡਾ.ਸਾਹਿਤ ਅਕਾਦਮੀ ਦੇ ਪ੍ਰੈਸ ਸਕੱਤਰ ਡਾਕਟਰ ਗੁਲਜ਼ਾਰ ਪੰਧੇਰ ਨੇ ਵੀ ਇਸਨੂੰ ਇੱਕ ਨਾ ਪੂਰਾ ਹੋ ਸਕਣ ਵਾਲਾ ਘਾਟਾ ਦੱਸਿਆ।  ਸੁਰਜੀਤ ਪਾਤਰ, ਡਾ. ਤੇਜਵੰਤ ਮਾਨ, ਪ੍ਰਿੰਸੀਪਲ  ਸੁਲੱਖਣ ਮੀਤ, ਕਰਮ ਸਿੰਘ ਜ਼ਖ਼ਮੀ, ਗੁਲਜ਼ਾਰ ਸਿੰਘ ਸ਼ੌਕੀ, ਡਾ. ਐਸ. ਤਰਸੇਮ, ਸੁਰਿੰਦਰ ਰਾਮਪੁਰੀ, ਜਸਵੀਰ ਝੱਜ, ਕਰਮਜੀਤ ਸਿੰਘ ਔਜਲਾ, ਮਿੱਤਰਸੈਨਮੀਤ, ਡਾ. ਗੁਲਜ਼ਾਰ ਸਿੰਘ ਪੰਧੇਰ, ਗੁਰਨਾਮ ਕੰਵਰ, ਪ੍ਰੋ. ਰਵਿੰਦਰ ਭੱਠਲ, ਸ. ਤੇਜ ਪ੍ਰਤਾਪ ਸਿੰਘ ਸੰਧੂ, ਸ. ਰਣਜੋਧ ਸਿੰਘ, ਪ੍ਰੋ. ਨਰਿੰਜਨ ਤਸਨੀਮ, ਸੁਰਿੰਦਰ ਕੈਲੇ, ਇੰਜ. ਜਸਵੰਤ ਸਿੰਘ ਜ਼ਫ਼ਰ, ਜਨਮੇਜਾ ਸਿੰਘ ਜੌਹਲ, ਤ੍ਰੈਲੋਚਨ ਲੋਚੀ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਡਾ. ਸਵਰਨਜੀਤ ਕੌਰ ਗਰੇਵਾਲ ਤੇ ਮਨਜਿੰਦਰ ਧਨੋਆ, ਸਤੀਸ਼ ਗੁਲਾਟੀ, ਸ੍ਰੀਮਤੀ ਇੰਦਰਜੀਤਪਾਲ ਕੌਰ, ਹਰਮੀਤ ਵਿਦਿਆਰਥੀ, ਪ੍ਰੋ. ਜਸਪਾਲ ਘਈ, ਅਨਿਲ ਆਦਮ ਨੇ ਵੀ ਸ. ਦਾਨ ਸਿੰਘ ਕੋਮਲ ਦੀ ਮੌਤ ਨੂੰ ਪੰਜਾਬੀ ਸਾਹਿਤ ਜਗਤ ਲਈ ਦੁੱਖਦਾਈ ਕਿਹਾ।
ਡਾ. ਗੁਲਜ਼ਾਰ ਸਿੰਘ ਪੰਧੇਰ
ਪ੍ਰੈੱਸ ਸਕੱਤਰ

No comments: