Tuesday, May 14, 2013

ਲੁਧਿਆਣਾ 'ਚ ਪਾਰਕਿੰਗ ਦਾ ਮਾਮਲਾ ਗਰਮਾਇਆ

ਦੁਕਾਨਾਂ ਬੰਦ ਕਰਕੇ ਸੜਕਾਂ ਤੇ ਉਤਰੇ ਦੁਕਾਨਦਾਰ
ਲੁਧਿਆਣਾ:14 ਮਈ (ਰੈਕਟਰ ਕਥੂਰੀਆ): ਆਰਤੀ ਸਿਨੇਮਾ ਦੇ ਸਾਹਮਣੇ ਭਾਰੀ ਇੱਕਠ ਸੀ, ਨਾਅਰੇਬਾਜ਼ੀ ਵੀ ਹੋ ਰਹੀ ਸੀ ਅਤੇ ਬੈਨਰਾਂ ਦੇ ਨਾਲ ਨਾਲ ਮਾਟੋ ਵੀ ਲਹਿਰਾ ਰਹੇ ਸਨ। ਇਸ ਸਭ ਕੁਝ ਦੇ ਬਾਵਜੂਦ ਇਹ ਕੋਈ ਰਾਜਨੀਤਿਕ ਇਕੱਤਰਤਾ ਨਹੀਂ ਸੀ। ਜੇ ਇਸ ਮੌਕੇ ਕੁਝ ਰਾਜਨੀਤਿਕ ਆਗੂ ਆਏ ਵੀ ਹੋਏ ਸਨ ਤਾਂ ਰਾਜਨੀਤਿਕ ਹਿੱਤਾਂ ਤੋਂ ਉੱਪਰ ਉਠ ਕੇ ਸਿਰਫ ਭਾਈਚਾਰੇ ਲਈ ਛੋਟੇ ਛੋਟੇ ਸਾਧਾਰਣ ਦੁਕਾਨਦਾਰਾਂ ਦੇ ਹਿੱਤਾਂ ਦੀ ਰੱਖਿਆ ਦੇ ਮਾਮਲੇ ਵਿੱਚ ਉਹਨਾਂ ਦੇ ਨਾਲ ਖੜੇ ਹੋਣ। 
ਇਹ ਇੱਕ ਰੋਸ ਸੀ ਪਾਰਕਿੰਗ ਦੇ ਮਾਮਲੇ 'ਚ ਕੀਤੀ ਜਾ ਰਹੀ ਸਰਕਾਰੀ ਕਾਰਵਾਈ ਦੇ ਖਿਲਾਫ਼। ਦੁਕਾਨਦਾਰ ਪੁੱਛ ਰਹੇ ਸਨ ਕਿ ਜੇ ਸਾਡੀ ਦੁਕਾਨ ਸਾਹਮਣੇ ਕੋਈ ਗਾਹਕ ਆਪਣਾ ਵਾਹਨ ਹੀ ਖੜਾ ਨਹੀਂ ਕਰ ਸਕੇਗਾ ਤਾਂ ਸਾਡੀ ਦੁਕਾਨਦਾਰੀ ਚੱਲੇਗੀ ਕਿਵੇਂ? ਇਹਨਾਂ ਸੁਆਲਾਂ ਨੂੰ ਲੈ ਕੇ ਫਿਰੋਜ਼ਪੁਰ ਰੋਡ ਦੇ ਦੁਕਾਨਦਾਰਾਂ ਨੇ ਨਗਰ ਨਿਗਮ ਅਤੇ ਪੁਲਸ ਵਲੋਂ ਉਨ੍ਹਾਂ ਦੇ ਕੰਪਲੈਕਸਾਂ ਦੇ ਬਾਹਰ ਖੜ੍ਹੇ ਵਾਹਨਾਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਦੇ ਵਿਰੋਧ 'ਚ ਮੰਗਲਵਾਰ ਨੂੰ ਬੰਦ ਵੀ ਰੱਖਿਆ, ਧਰਨਾ ਪ੍ਰਦਰਸ਼ਨ ਵੀ ਕੀਤਾ ਅਤੇ ਬਾਅਦ 'ਚ ਆਰਤੀ ਸਿਨੇਮਾ ਤੋਂ ਲੈ ਕੇ ਨਵੀਂ ਕਚਹਿਰੀ ਤੱਕ ਮਾਰਚ ਕਰਕੇ ਪ੍ਰਸ਼ਾਸਨ ਨੂੰ ਆਪਣਾ ਮੰਗ ਪੱਤਰ ਵੀ ਦਿੱਤਾ। ਵਖਾਵਾਕਾਰੀ  ਦੁਕਾਨਦਾਰਾਂ ਦੇ ਆਗੂਆਂ ਨੇ ਡੀ. ਸੀ. ਨੂੰ ਸੌਂਪੇ ਆਪਣੇ ਮੰਗ ਪੱਤਰ 'ਚ ਪ੍ਰਸ਼ਾਸਨ 'ਤੇ ਹਾਈਕੋਰਟ ਦੇ ਆਦੇਸ਼ਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦਾ ਦੋਸ਼ ਵੀ ਲਗਾਇਆ ਅਤੇ  ਪਾਰਕਿੰਗ ਦਾ ਮਾਮਲਾ ਸੁਲਝਾਉੁਣ ਦੀ ਮੰਗ ਕੀਤੀ ਹੈ। ਆਰਤੀ ਚੌਕ 'ਚ ਧਰਨੇ ਦੇ ਦੌਰਾਨ ਦੁਕਾਨਦਾਰਾਂ ਦੇ ਪੱਖ 'ਚ ਆਏ ਵਿਧਾਇਕ ਭਾਰਤ ਭੂਸ਼ਣ ਆਸ਼ੂ ਨੇ ਬੜੇ ਹੀ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਨਿਗਮ ਅਤੇ ਪੁਲਸ ਪ੍ਰਸ਼ਾਸਨ ਦੁਕਾਨਦਾਰਾਂ ਨੂੰ ਉਜਾੜਨ 'ਤੇ ਤੁਲਿਆ ਹੋਇਆ ਹੈ ਅਤੇ ਅਜਿਹਾ ਨਹੀਂ ਹੋਣ ਦਿੱਤਾ ਜਾਏਗਾ। ਉਹਨਾਂ ਕਿਹਾ ਕੀ ਪੁਲਿਸ ਅਤੇ ਪ੍ਰਸ਼ਾਸਨ ਨੂੰ ਇਸ ਮਾਮਲੇ ਵਿੱਚ ਸੰਵੇਦਨਸ਼ੀਲਤਾ ਤੋਂ ਕੰਮ ਲੈਣਾ ਚਾਹੀਦਾ ਹੈ ਉਹਨਾਂ ਇਹ ਵੀ ਯਾਦ ਕਰਾਇਆ ਕਿ ਖੁਦ ਨਗਰ ਨਿਗਮ ਨੇ ਹੀ ਇਸ ਜਗ੍ਹਾ ਨੂੰ ਪਾਰਕਿੰਗ ਬਣਾਉੁਣ ਲਈ ਵਣ ਵਿਭਾਗ ਤੋਂ ਜਗ੍ਹਾ ਲਈ ਹੈ ਅਤੇ ਇਸਦੇ ਨਿਰਮਾਣ ਲਈ ਟੈਂਡਰ ਵੀ ਲਗਾਏ ਸਨ। ਹੁਣ ਫਿਰ ਫਿਰੋਜ਼ਪੁਰ ਰੋਡ ਦੀ 8 ਲੇਨਿੰਗ ਸਬੰਧੀ ਬਣੀ ਯੋਜਨਾ 'ਚ ਸਰਵਿਸ ਲੇਨ ਦੇ ਨਾਲ ਪਾਰਕਿੰਗ ਦਾ ਪ੍ਰਾਵਧਾਨ ਰੱਖਿਆ ਜਾ ਰਿਹਾ ਹੈ। ਡਿਪਟੀ ਮੇਅਰ ਆਰ. ਡੀ. ਸ਼ਰਮਾ ਨੇ 
ਇਸ ਅੰਦੋਲਨਕਾਰੀ ਦੁਕਾਨਦਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਦੁਕਾਨਦਾਰਾਂ ਨੂੰ ਰਾਹਤ ਦਿਵਾਉਣ ਲਈ ਪ੍ਰਸ਼ਾਸਨ ਦੇ ਨਾਲ ਮਾਮਲਾ ਚੁੱਕਣਗੇ। ਦੁਕਾਨਦਾਰਾਂ ਵਲੋਂ ਪਵਨ ਪੁਰੀ, ਚਰਨਜੀਤ ਗਰੇਵਾਲ, ਕਾਮਰੇਡ ਰਮੇਸ਼ ਰਤਨ, ਦੀਪਕ ਬੜਿਆਲ, ਸੁਨੀਲ ਪ੍ਰਭਾਕਰ ਅਤੇ  ਅਮਰਵੀਰ ਸਿੰਘ ਸਮੇਤ ਕਈ ਹੋਰ ਆਗੂਆਂ ਨੇ ਵੀ ਕਿਹਾ ਕਿ ਅਸਲ ਵਿੱਚ ਅਦਾਲਤੀ ਆਦੇਸ਼ ਨਿਗਮ ਤੋਂ ਨਕਸ਼ਾ ਪਾਸ ਕਰਵਾਉੁਂਦੇ ਸਮੇਂ ਪਾਰਕਿੰਗ ਦੇ ਲਈ ਦਿਖਾਈ ਜਗ੍ਹਾ ਦਾ ਕਮਰਸ਼ੀਅਲ ਗਤੀਵਿਧੀਆਂ ਦੇ ਤੌਰ 'ਤੇ ਪ੍ਰਯੋਗ ਕਰਨ ਵਾਲਿਆਂ ਲਈ ਆਏ ਹਨ, ਜਿਨ੍ਹਾਂ 'ਚ ਕੁਝ ਦੀ ਸੀਲਿੰਗ ਵੀ ਹੋ ਚੁੱਕੀ ਹੈ, ਜਦਕਿ ਪੁਲਸ ਅਤੇ ਨਿਗਮ ਦਾ ਡੰਡਾ ਦਹਾਕਿਆਂ ਤੋਂ ਕੰਮ ਕਰ ਰਹੇ ਛੋਟੇ ਦੁਕਾਨਦਾਰਾਂ, ਮੁਲਾਜ਼ਮਾਂ ਅਤੇ ਗਾਹਕਾਂ ਦੇ ਵਾਹਨਾਂ 'ਤੇ ਵੀ ਚੱਲ ਪਿਆ ਹੈ. ਉਹਨਾਂ ਕਿਹਾ ਕਿ ਇਹਨਾਂ ਛੋਟੇ ਦੁਕਾਨਦਾਰਾਂ ਅਤੇ ਮੁਲਾਜਮਾਂ ਦਾ ਟਰੈਫਿਕ ਸਮੱਸਿਆ ਨਾਲ ਕੋਈ ਸਬੰਧ 
ਹੀ ਨਹੀਂ। ਉਲਟਾ ਇਸ ਨਾਦਰਸ਼ਾਹੀ ਕਾਰਵਾਈ ਨਾਲ ਸਾਰੇ ਰੋਡ 'ਤੇ ਸਥਿਤ ਦੁਕਾਨਾਂ ਦਾ ਕੰਮ ਜ਼ਰੂਰ ਠੱਪ ਹੋ ਕੇ ਰਹਿ ਗਿਆ ਹੈ। ਦੁਕਾਨਦਾਰਾਂ ਮੁਤਾਬਕ ਕਈ ਜਗ੍ਹਾ ਸਰਵਿਸ ਲੇਨ ਬਣੀ ਹੀ ਨਹੀਂ, ਪਾਰਕਿੰਗ ਸਪੇਸ 'ਚੋਂ ਹੀ ਦੁਕਾਨਾਂ ਨੂੰ ਰਸਤਾ ਜਾਂਦਾ ਹੈ। ਜਿਥੇ ਵਾਹਨ ਨਾ ਜਾਣ ਦੇਣ ਲਈ ਰੁਕਾਵਟਾਂ ਖੜੀਆਂ ਕਰਕੇ ਬੰਦ ਕਰ ਦਿਤਾ ਗਿਆ। ਇਥੋਂ ਤਕ ਕਿ ਗੱਡੀ 'ਚ ਬੈਠੇ ਹੋਣ ਦੇ ਬਾਵਜੂਦ ਲੋਕਾਂ ਦੇ ਚਾਲਾਨ ਕੱਟੇ ਜਾ ਰਹੇ ਹਨ। ਇਸ ਤਰਾਂ ਦੀ ਤਾਨਾਸ਼ਾਹੀ  ਨਾਲ ਕਰਫਿਊ ਵਰਗਾ ਦਹਿਸ਼ਤਜਦਾ ਮਾਹੌਲ ਕਾਇਮ ਹੋ ਗਿਆ। ਧਰਨੇ ਤੋਂ ਬਾਅਦ ਦੁਕਾਨਦਾਰ ਰੋਸ ਮਾਰਚ ਦੇ ਰੂਪ 'ਚ ਨਵੀਂ ਕਚਹਿਰੀ ਤਕ ਗਏ ਅਤੇ ਡੀ. ਸੀ. ਰਾਹੁਲ ਤਿਵਾੜੀ ਨੂੰ ਮੰਗ ਪੱਤਰ ਸੌਂਪ ਪਾਰਕਿੰਗ ਨਾਲ ਜੁੜੇ ਮਾਮਲੇ ਦਾ ਹੱਲ ਕਰਵਾਉਣ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਸ਼ਹਿਰ ਭਰ 'ਚ ਯੈਲੋ ਲਾਈਨ ਲਗਵਾ ਕੇ ਪ੍ਰਸ਼ਾਸਨ ਨੇ ਖੁਦ ਦੁਕਾਨਦਾਰਾਂ ਨੂੰ ਪਾਰਕਿੰਗ ਦੀ ਮਨਜ਼ੂਰੀ ਦਿਤੀ ਹੋਈ ਹੈ। ਦਿਲਚਸਪ ਗੱਲ ਹੈ ਕਿ ਮਾਲ ਰੋਡ ਤੇ ਤਾਂ ਯੈਲੋ ਲਾਈਨ ਅਲ ਸਿਸਟਮ ਚਾਲੂ ਹੈ ਪਰ ਫਿਰੋਜ਼ਪੁਰ ਰੋਡ ਦੇ ਮਾਮਲੇ ਚ ਨਵੇਂ ਨਾਦਰਸ਼ਾਹੀ ਹੁਕਮ ਲਾਗੂ ਕੀਤੇ ਜਾ ਰਹੇ ਹਨ।

No comments: