Sunday, May 05, 2013

ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਵਿਰੁਧ ਰੋਹ ਹੋਰ ਤਿੱਖਾ

ਸਿੱਖ ਸੰਗਤਾਂ ਵੱਲੋਂ ਰੇਲ ਰੋਕੋ ਐਕਸ਼ਨ ਸਫਲ ਰਿਹਾ
ਲੁਧਿਆਣਾ: 5 ਮਈ 2013: (ਪੰਜਾਬ ਸਕਰੀਨ): ਨਵੰਬਰ-84 ਨੂੰ ਲੈ ਕੇ ਸਿੱਖ ਸੰਗਤਾਂ ਦਾ ਰੋਸ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ। ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੀ ਵਿਸ਼ੇਸ਼ ਅਦਾਲਤ ਵੱਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਕਾਂਗਰਸ ਦੇ ਨੇਤਾ ਸੱਜਣ ਕੁਮਾਰ ਨੂੰ ਬਰੀ ਕਰਨ ਦੇ ਮਾਮਲੇ ਨੇ ਇਸ ਰੋਸ ਵਿੱਚ ਤੁਫਾਨੀ ਤੇਜ਼ੀ ਲੈ ਆਂਦੀ ਹੈ। ਬਰੀ ਕੀਤੇ ਜਾਣ ਦੇ ਫੈਸਲੇ ਵਿਰੁਧ ਲੁਧਿਆਣਾ ਵਿੱਚ ਸਿੱਖ ਸੰਗਤਾਂ ਨੇ ਤਿੱਖਾ ਐਕਸ਼ਨ ਕਰਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ। ਇਸ ਐਕਸ਼ਨ ਦੀ ਕਾਲ ਦਾ ਭਰਵਾਂ ਹੁੰਗਾਰਾ ਦੇਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਐਤਵਾਰ ਨੂੰ ਦਿੱਲੀ-ਅੰਮ੍ਰਿਤਸਰ ਰੇਲਵੇ ਲਾਈਨ ਨੂੰ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਠੱਪ ਕਰ ਦਿੱਤਾ। ਸਿੱਖ ਸੰਗਤਾਂ ਦੇ  ਇਸ ਰੋਸ ਧਰਨੇ ਵੱਜੋਂ ਦੋਹਾਂ ਪਾਸਿਆਂ ਦੀਆਂ ਗੱਡੀਆਂ ਕਈ ਘੰਟਿਆਂ ਤੱਕ ਬੰਦ ਰਹੀਆਂ।  
ਦੰਗਾ ਪੀੜਤ ਪਰਿਵਾਰ ਅਤੇ ਵੱਖ-ਵੱਖ ਸਿੱਖ ਸੰਗਠਨਾਂ ਨੇ ਐਤਵਾਰ ਸਵੇਰੇ ਕਰੀਬ ਪੰਜ ਵਜੇ ਤੋਂ ਰੇਲਵੇ ਲਾਈਨ ਦੇ ਅੱਪ ਅਤੇ ਡਾਊਨ ਲਾਈਨ ਨੂੰ ਜਾਮ ਕਰ ਦਿੱਤਾ, ਜਿਸ ਨਾਲ ਦਿੱਲੀ-ਅੰਮ੍ਰਿਤਸਰ, ਅੰਮ੍ਰਿਤਸਰ-ਚੰਡੀਗੜ੍ਹ ਅਤ ਜੰਮੂਤਵੀ-ਦਿੱਲੀ ਤੋਂ ਆਉਣ ਵਾਲੀਆਂ ਟ੍ਰੇਨਾਂ ਨੂੰ ਵੱਖ-ਵੱਖ ਰੇਲਵੇ ਸਟੇਸ਼ਨਾਂ 'ਤੇ ਰੋਕ ਦਿੱਤਾ ਗਿਆ। 
ਰੇਲਵੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੁਰੱਖਿਆ ਅਤੇ ਸਾਵਧਾਨੀ ਦੇ ਤੌਰ 'ਤੇ ਅੰਮ੍ਰਿਤਸਰ-ਦਿੱਲੀ ਸ਼ਤਾਬਦੀ ਟ੍ਰੇਨ ਨੂੰ ਫਗਵਾੜਾ ਰੇਲਵੇ ਸਟੇਸ਼ਨ 'ਤੇ ਰੋਕ ਦਿੱਤਾ ਗਿਆ ਹੈ, ਜਦੋ ਕਿ ਹੋਰਨਾਂ ਵੱਖ-ਵੱਖ ਮੇਲ ਐਕਸਪ੍ਰੈੱਸ ਟ੍ਰੇਨਾਂ ਨੂੰ ਵੀ ਵੱਖ-ਵੱਖ ਸਟੇਸ਼ਨਾਂ 'ਤੇ ਰੋਕ ਕੇ ਮੌਕਾ ਸੰਭਾਲਿਆ ਗਿਆ।
ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਵਿਰੁਧ ਰੋਹ ਹੋਰ ਤਿੱਖਾ
ਸਿੱਖ ਸੰਗਤਾਂ ਵੱਲੋਂ ਰੇਲ ਰੋਕੋ ਐਕਸ਼ਨ ਸਫਲ ਰਿਹਾ

No comments: