Sunday, May 12, 2013

ਸਮਾਜ ਵਿੱਚ ਵਧ ਰਹੀ ਹੈ ਅਸੁਰੱਖਿਆ ਦੀ ਭਾਵਨਾ

 ਲਗਾਤਾਰ ਸੰਘਣਾ ਹੁੰਦਾ ਜਾ ਰਿਹੈ ਬੱਚਿਆਂ ਦੇ ਸਿਰ ਤੇ ਮੌਤ ਦਾ ਸਾਇਆ 
ਹੁਣ 19 ਦਿਨਾਂ ਮਗਰੋਂ ਮਿਲੀ ਅਗਵਾ ਕੀਤੀ ਗਈ ਨਾਬਾਲਗਾ ਪੁਸ਼ਪਾ ਦੀ ਲਾਸ਼
ਲੁਧਿਆਣਾ: ਲੱਗਦਾ ਹੈ ਅਸੀਂ ਬੱਚਿਆਂ ਦੇ ਦੁਸ਼ਮਨ ਸਮਾਜ ਵਿੱਚ ਰਹਿ ਰਹੇ ਹਾਂ। ਪਹਿਲਾਂ ਅਗਵਾ ਕੀਤੇ ਸਚਿਨ ਨੂੰ ਤਲਾਸ਼ ਕਰਕੇ ਪਾਉਣ 'ਚ ਅਸਫਲ ਰਹੀ ਪੁਲਸ ਇਕ ਵਾਰ ਫਿਰ ਅਸਫਲ ਸਾਬਤ ਹੋਈ ਹੈ। ਹੁਣ ਇੱਕ ਹੋਰ ਬੱਚੀ ਮੌਤ ਦੇ ਮੂੰਹ ਵਿੱਚ ਚਲੀ ਗਈ ਹੈ। ਹਾਲ ਹੀ ਵਿੱਚ 19 ਦਿਨ ਪਹਿਲਾਂ ਅਗਵਾ ਕੀਤੀ ਗਈ 10 ਸਾਲਾ ਨਾਬਾਲਗ ਬੱਚੀ ਦੀ ਲਾਸ਼ ਪੁਲਸ ਨੂੰ ਇਕ ਬੇਆਬਾਦ ਪਲਾਟ 'ਚੋਂ ਬਰਾਮਦ ਹੋਈ ਹੈ। ਇਸ  ਮਾਮਲੇ 'ਚ ਵੀ ਬਲਾਤਕਾਰ ਦੇ ਬਾਅਦ ਹੱਤਿਆ ਕੀਤੇ ਜਾਣ ਦੀ ਸ਼ੰਕਾ ਹੈ। ਲਾਸ਼ ਦੀ ਹਾਲਤ ਇੰਨੀ ਬਦਤਰ ਸੀ ਕਿ ਉਹ ਕੰਕਾਲ ਦਾ ਰੂਪ ਧਾਰਨ ਕਰ ਚੁੱਕੀ ਸੀ। ਕਾਬਿਲੇ ਜ਼ਿਕਰ ਹੈ ਕਿ ਇਹ ਵਾਰਦਾਤ ਥਾਣਾ ਬਸਤੀ ਜੋਧੇਵਾਲ ਇਲਾਕੇ ਦੀ ਹੈ। ਤਿੰਨ ਕੁ ਹਫਤੇ ਪਹਿਲਾਂ 22 ਅਪ੍ਰੈਲ ਨੂੰ ਟਿੱਬਾ ਚੌਕੀ ਦੇ ਇਲਾਕੇ 'ਚੋਂ 10 ਸਾਲਾ ਪੁਸ਼ਪਾ ਨੂੰ ਉਸ ਸਮੇਂ ਅਗਵਾ ਕਰ ਲਿਆ ਗਿਆ ਸੀ ਜਦੋਂ ਉਹ ਸ਼ਾਮ ਕਰੀਬ ਸਾਢੇ ਚਾਰ ਵਜੇ ਬਾਹਰ ਗਲੀ ਵਿਚ ਖੇਡ ਰਹੀ ਸੀ।ਗਾਇਬ ਕੀਤੇ  ਤੋਂ ਬਾਅਦ ਸਚਿਨ ਵਾਂਗ ਇਸਦਾ ਵੀ ਕੋਈ ਪਤਾ ਨਹੀਂ ਸੀ ਲੱਗਿਆ।  ਉਸ ਦੇ ਪਿਤਾ ਭਜਨ ਸਿੰਘ ਨੇ ਉਸ ਦੀ ਹਰ ਭਾਲ ਕੀਤੀ ਪਰ ਜਦ ਕੋਈ ਸੁਰਾਗ ਨਾ ਮਿਲਿਆ ਤਾਂ ਇਸ ਸਾਰੇ ਮਾਮਲੇ ਦੀ ਸੂਚਨਾ ਪੁਲਸ ਨੂੰ ਵੀ ਦਿਤੀ ਗਈ। ਪੁਲਸ ਨੇ ਮਾਮਲਾ ਦਰਜ ਕਰਕੇ ਪੂਰੇ ਇਲਾਕੇ ਦੀ ਬਾਰੀਕੀ ਨਾਲ ਪੜਤਾਲ ਵੀ ਕੀਤੀ। ਪਰ ਸਾਰੀ ਪੁਣ-ਛਾਣ ਦੇ ਬਾਵਜੂਦ ਪੁਸ਼ਪਾ ਦਾ ਕੋਈ ਸੁਰਾਗ ਹੱਥ ਨਾ ਲੱਗਾ। ਇਸ ਬੱਚੀ ਦੀ ਲਾਸ਼ ਬਾਰੇ ਉਸ ਵੇਲੇ ਪਤਾ ਚੱਲਿਆ, ਜਦ ਨਿਊ ਸ਼ਕਤੀ ਨਗਰ ਦੇ ਰਹਿਣ ਵਾਲੇ ਅਨੀਸ਼ ਦਾ ਭਰਾ ਨਦੀਮ ਬੇਆਬਾਦ ਪਲਾਟ ਵਿਚ ਬੱਕਰੇ ਲਈ ਘਾਹ ਕੱਟਣ ਗਿਆ ਤਾਂ ਉਥੇ ਕੰਕਾਲ ਦੇਖ ਕੇ ਉਹ ਡਰ ਦੇ ਮਾਰੇ ਸਿੱਧਾ ਆਪਣੇ ਭਰਾ ਦੇ ਕੋਲ ਪਹੁੰਚਿਆ ਅਤੇ ਸਾਰੀ ਗੱਲ ਉਸ ਨੂੰ ਦੱਸੀ। ਜਿਸ ਦੇ ਬਾਅਦ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਨੂੰ ਸੂਚਨਾ ਦਿਤੀ ਗਈ। ਏ. ਸੀ. ਪੀ. ਸਤੀਸ਼ ਮਲਹੋਤਰਾ ਅਤੇ ਥਾਣਾ ਮੁਖੀ ਬਲਵਿੰਦਰ ਸਿੰਘ ਪੁਲਸ ਪਾਰਟੀਆਂ ਸਮੇਤ ਮ²ੌਕੇ 'ਤੇ ਪਹੁੰਚੇ। ਪੁਲਸ ਨੇ ਪੰਚਨਾਮਾ ਕਰਨ ਦੇ ਬਾਅਦ ਕੰਕਾਲ ਬਣ ਚੁੱਕੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ। ਪੁਲਸ ਨੇ ਪਹਿਲਾਂ ਦਰਜ ਮਾਮਲੇ ਵਿਚ ਹੁਣ ਹੱਤਿਆ ਅਤੇ ਲਾਸ਼ ਖੁਰਦ-ਬੁਰਦ ਕਰਨ ਦੇ ਦੋਸ਼ ਵਾਲੀ ਧਾਰਾ ਵੀ ਜੋੜ ਦਿਤੀ ਹੈ। ਪੁਲਸ ਦਾ ਕਹਿਣਾ ਸੀ ਕਿ ਜਬਰ-ਜ਼ਨਾਹ ਬਾਰੇ ਵਿਚ ਪੋਸਟਮਾਰਟਮ ਦੇ ਬਾਅਦ ਪਤਾ ਚੱਲ ਸਕੇਗਾ। ਲਾਸ਼ ਦੀ ਹਾਲਤ ਅਜਿਹੀ ਸੀ ਕਿ ਉਸ ਦੇ ਕੱਪੜੇ ਸਿਰਫ ਫਟੇ ਹੋਏ ਹੀ ਨਹੀਂ ਬਲਕਿ ਗਲੇ ਹੋਏ ਵੀ ਸਨ। ਪੂਰੇ ਸਰੀਰ ਵਿਚੋਂ ਪੈਰ ਅਤੇ ਲੱਤਾਂ ਹੀ ਬਚੀਆਂ ਹੋਈਆਂ ਸੀ, ਜਦਕਿ ਬਾਕੀ ਲਾਸ਼ ਦੇ ਹਿੱਸੇ ਨੁਕਸਾਨੀ ਹਾਲਤ ਵਿਚ ਪਹੁੰਚ ਚੁੱਕੇ ਸਨ। ਇਹ ਵੀ ਪਤਾ ਚੱਲਿਆ ਕਿ ਪੈਰ ਦੇ ਇਕ ਅੰਗੂਠੇ 'ਤੇ ਨੇਲ ਪਾਲਿਸ਼ ਵੀ ਲੱਗੀ ਹੋਈ ਸੀ। ਪੁਲਸ ਨੇ ਲਾਸ਼ ਨੂੰ ਦੇਖ ਕੇ ਪੁਸ਼ਪਾ ਦੇ ਪਿਤਾ ਨੂੰ ਬੁਲਾਇਆ, ਜਿਸ ਨੇ ਆ ਕੇ ਆਪਣੀ ਬੇਟੀ ਦੀ ਸ਼ਨਾਖਤ ਕੀਤੀ। ਪੁਲਸ ਅਧਿਕਾਰੀ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਪੁਸ਼ਪਾ ਦੀ ਭਾਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਸੀ, ਜਿਸ ਦਿਨ ਉਸ ਨੂੰ ਅਗਵਾ ਕੀਤਾ ਗਿਆ ਸੀ, ਇਲਾਕੇ ਵਿਚ ਇਕ ਧਾਰਮਿਕ ਸਮਾਰੋਹ ਵੀ ਸੀ। ਪੁਲਸ ਨੇ ਆਸ-ਪਾਸ ਦੇ ਇਲਾਕੇ 'ਚ ਸਰਚ ਕਰਨ ਦੇ ਬਾਅਦ ਉਥੇ ਬਣੀ ਵੀਡੀਓ ਫਿਲਮ ਵੀ ਦੇਖੀ ਸੀ ਤਾਂ ਕਿ ਪਤਾ ਚੱਲ ਸਕੇ ਕਿ ਨਾਬਾਲਗਾ ਉਥੇ ਗਈ ਸੀ ਪਰ ਪੁਲਸ ਨੂੰ ਕੋਈ ਵੀ ਸੁਰਾਗ ਹਾਸਲ ਨਹੀਂ ਹੋਇਆ ਸੀ। ਇਕ ਵਾਰ ਪਹਿਲਾਂ ਵੀ ਪੁਸ਼ਪਾ ਘਰੋਂ ਬਿਨਾਂ ਦੱਸੇ ਚਲੀ ਗਈ ਸੀ। ਉਸ ਦੇ ਬਾਅਦ ਉਹ ਭੱਟੀਆਂ ਸਥਿਤ ਆਪਣੀ ਭੈਣ ਦੇ ਘਰੋਂ ਮਿਲੀ ਸੀ। ਇਸ ਮਾਮਲੇ ਵਿਚ ਪੁਲਸ ਕਈ ਥਿਊਰੀਆਂ 'ਤੇ ਕੰਮ ਕਰ ਰਹੀ ਹੈ ਤਾਂ ਕਿ ਅਸਲ ਅਪਰਾਧੀਆਂ ਤੱਕ ਪਹੁੰਚਿਆ ਜਾ ਸਕੇ। ਪਰ ਇਸ ਸਭ ਕੁਝ ਦੇ ਬਾਵਜੂਦ ਇਹ ਗੱਲ ਤਾਂ ਸਾਫ਼ ਹੈ ਕਿ ਪੁਲਿਸ ਬੱਚਿਆਂ ਦੇ ਕਤਲ ਤੋਂ ਬਾਅਦ ਪਹੁੰਚਦੀ ਹੈ---ਉਹਨਾਂ ਦੀ ਲਾਸ਼ ਤੱਕ। ਜੇ ਕਲ੍ਹ ਨੂੰ ਕੋਈ ਨਵੀ  ਵਾਰਦਾਤ ਹੋਈ ਤਾਂ ਨਿਸਚੇ ਹੀ ਪੀੜਿਤ ਪਰਿਵਾਰ ਅਗਵਾਕਾਰਾਂ ਦੀ ਗੱਲ ਮੰਨ ਕੇ ਉਹਨਾਂ ਨੂੰ ਮੰਗੀ ਗਈ ਰਕਮ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ। ਪੁਲਿਸ ਨੂੰ ਦੱਸ ਕੇ ਬੱਚੇ ਦੇ ਕਤਲ ਹੋਣ ਦਾ ਰਿਸਕ ਤਾਂ ਬਿਲਕੁਲ ਕਿਸੇ ਵੀ ਤਰ੍ਹਾਂ   ਹੀ ਨਹੀਂ ਲਵੇਗਾ। ਜੇ ਅਜਿਹਾ ਹੁੰਦਾ ਹੈ ਤਾਂ ਇਹ ਗੱਲ ਪੁਲਿਸ ਤੰਤਰ ਲਈ ਇੱਕ ਬੇਹੱਦ ਨਮੋਸ਼ੀ ਵਾਲੀ ਗੱਲ ਹੋਵੇਗੀ।
ਦਿਲਚਸਪ ਗੱਲ ਹੈ ਕਿ ਜੇਕਰ ਪੁਲਸ 5-10 ਕਿਲੋ ਚੂਰਾ-ਪੋਸਤ ਵੀ ਫੜਦੀ ਹੈ ਤਾਂ ਦਾਅਵਾ ਕਰਦੀ ਹੈ ਕਿ ਮੁਖਬਰ ਖਾਸ ਦੀ ਇਤਲਾਹ 'ਤੇ ਪੁਲਸ ਨੇ ਇਹ ਰਿਕਵਰੀ ਕੀਤੀ ਹੈ ਪਰ ਨਗਰ ਵਿਚ ਇੰਨੇ ਘਿਨੌਣੇ ਅਪਰਾਧ ਹੋ ਰਹੇ ਹਨ। ਪੁਲਸ ਦਾ ਕੋਈ ਵੀ ਮੁਖਬਰ ਪੁਲਸ ਨੂੰ ਸੂਚਨਾ ਨਹੀਂ ਦੇ ਰਿਹਾ ਕਿ ਇਹ ਅਪਰਾਧ ਕੌਣ ਕਰ ਰਿਹਾ ਹੈ। ਇਸ ਤੋਂ ਸਾਫ ਹੁੰਦਾ ਹੈ ਕਿ ਅਪਰਾਧੀ ਸ਼ਾਤਿਰ ਅਤੇ ਜੋਰਾਵਰ ਹਨ ਤੇ ਜਾਂ ਫੇਰ ਜਾਂ ਪੁਲਸ ਦਾ ਖੁਫੀਆ ਤੰਤਰ ਬੁਰੀ ਤਰ੍ਹਾਂ ਕਮਜ਼ੋਰ ਹੋ ਚੁੱਕਾ ਹੈ। ਇਸ ਖੋਖਲੇ ਖੁਫਿਆ ਤੰਤਰ ਦੇ ਆਸਰੇ ਉਹ ਸਿਰਫ ਨਸ਼ੇ ਦੀ ਖੇਪ ਫੜਨ ਵਰਗੇ ਐਕਸ਼ਨ ਹੀ ਕਰਦੀ ਹੈ। ਮਾਸੂਮ ਬੱਚੀਆਂ ਅਤੇ ਬੱਚਿਆਂ ਨੂੰ ਅਗਵਾ ਕਰਨ ਦੇ ਬਾਅਦ ਉਸ ਇਲਾਕੇ ਵਿਚ ਹੀ ਬੜੀ ਬੇਰਹਿਮੀ ਨਾਲ ਕਤਲ ਕਰ ਦੇਣ ਵਰਗੀਆਂ ਵਾਰਦਾਤਾਂ ਨੂੰ ਰੋਕਣਾ   ਦੇ  ਵਿੱਚ ਨਹੀਂ ਲੱਗਦਾ। ਇਹ ਵਾਰਦਾਤਾਂ ਬਾਰ ਬਾਰ ਇਹੀ ਆਖ ਰਹੀਆਂ ਹਨ ਕਿ ਪੁਲਸ ਦੀ ਤਫਤੀਸ਼ ਵਿਚ ਕਿਤੇ ਨਾ ਕਿਤੇ ਕੋਈ ਬਹੁਤ ਵੱਡੀ ਕਮੀ ਹੈ। ਹੁਣ ਦੇਖਣਾ ਹੈ ਕੀ ਪੁਲਿਸ ਘਟੋਘੱਟ ਬੱਚਿਆਂ ਦੀ ਸੁਰੱਖਿਆਂ ਕਿੰਨੀ ਜਲਦੀ ਯਕੀਨੀ ਬਣਾਉਂਦੀ ਹੈ? 

No comments: