Sunday, April 28, 2013

ਸਰਬਜੀਤ ਡੂੰਘੀ ਬੇਹੋਸ਼ੀ ’ਚ

ਜੇਲ੍ਹ ’ਚ ਹਮਲਾ ਭਾਰਤ ਦੀ ਵਿਦੇਸ਼ ਨੀਤੀ ਦੀ ਮੁਕੰਮਲ ਨਾਕਾਮੀ-ਭਾਜਪਾ
ਖਬਰ ਦੀ ਤਸਵੀਰ ਜਗ ਬਾਣੀ ਚੋਂ ਧੰਨਵਾਦ ਸਹਿਤ
ਵੱਡਿਆਂ ਕਰਕੇ ਪੜ੍ਹਨ ਲਈ 
ਤਸਵੀਰ ਤੇ ਕਲਿੱਕ 
ਕਰੋ 
ਇਸਲਾਮਾਬਾਦ/ਲਾਹੌਰ, 27 ਅਪਰੈਲ: ਭਾਰਤੀ ਨਾਗਰਿਕ ਸਰਬਜੀਤ ਸਿੰਘ ਅਜੇ ਵੀ ਕੋਮਾ ’ਚ ਹੈ ਅਤੇ ਉਸ ਨੂੰ ਵੈਂਟੀਲੇਟਰ ’ਤੇ ਰੱਖਿਆ ਹੋਇਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਸ ਦੀ ਹਾਲਤ ਸਥਿਰ ਨਹੀਂ ਹੁੰਦੀ ਉਦੋਂ ਤੱਕ ਅਪਰੇਸ਼ਨ ਨਹੀਂ ਕੀਤਾ ਜਾ ਸਕਦਾ।
49 ਸਾਲਾ ਸਰਬਜੀਤ ਉਪਰ ਕੋਟ-ਲਖਪਤ ਜੇਲ੍ਹ ਵਿਚ ਘੱਟੋ-ਘੱਟ ਛੇ ਕੈਦੀਆਂ ਨੇ ਉਸ ’ਤੇ ਹਮਲਾ ਕੀਤਾ ਸੀ। ਉਹ ਲਾਹੌਰ ਦੇ ਜਿਨਾਹ ਹਸਪਤਾਲ ਦੇ ਆਈਸੀਯੂ ਵਿਚ ਜ਼ੇਰੇ ਇਲਾਜ ਹੈ। ਇਸ ਦੌਰਾਨ ਇਸਲਾਮਾਬਾਦ ਵਿਚ ਭਾਰਤੀ ਹਾਈ ਕਮਿਸ਼ਨ ਦੇ ਦੋ ਅਫਸਰ ਅੱਜ ਸਵੇਰੇ ਸਰਬਜੀਤ ਦੀ ਹਾਲਤ ਦਾ ਪਤਾ ਲਾਉਣ ਹਸਪਤਾਲ ਗਏ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਬੁਲਾਰੇ ਸਈਅਦ ਅਕਬਰੂਦੀਨ ਨੇ ਕਿਹਾ ਕਿ ਸਰਬਜੀਤ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਭਾਰਤੀ ਅਫਸਰਾਂ ਨੂੰ ਦੱਸਿਆ ਕਿ ਉਹ ਵੈਂਟੀਲੇਟਰ ’ਤੇ ਕੋਮਾ ’ਚ ਪਿਆ ਹੈ ਅਤੇ ਉਸ ਨੂੰ ਆਈ ਵੀ ਡਰਿੱਪ ਦਿੱਤੀ ਜਾ ਰਹੀ ਹੈ।
ਪਾਕਿਸਤਾਨੀ ਟੀ.ਵੀ. ਨਿਊਜ਼ ਚੈਨਲਾਂ ਨੇ ਆਪਣੇ ਸੂਤਰਾਂ ਦੇ ਹਵਾਲੇ ਨਾਲ ਆਖਿਆ ਕਿ ਅਗਲੇ 24 ਘੰਟੇ ਸਰਬਜੀਤ ਲਈ ਅਹਿਮ ਸਾਬਤ ਹੋਣਗੇ। ਭਾਰਤੀ ਮਿਸ਼ਨ ਨੇ ਲੰਘੀ ਰਾਤ ਕਾਊਂਸਲਰ ਰਸਾਈ ਹਾਸਲ ਕਰਨ ਲਈ ਪਾਕਿਸਤਾਨ ਦੇ ਵਿਦੇਸ਼ ਵਿਭਾਗ ਨਾਲ ਸੰਪਰਕ ਕੀਤਾ ਸੀ।
ਉਧਰ, ਸਰਕਾਰੀ ਸੂਤਰਾਂ ਨੇ ਦੱਸਿਆ ਕਿ ਕੋਟ ਲਖਪਤ ਜੇਲ੍ਹ ਦੇ ਸਹਾਇਕ ਸੁਪਰਡੈਂਟ ਇਸ਼ਤਿਆਕ ਅਹਿਮਦ ਗਿੱਲ ਦੀ ਸ਼ਿਕਾਇਤ ’ਤੇ ਦੋ ਕੈਦੀਆਂ ਆਮਿਰ ਆਫ਼ਤਾਬ ਅਤੇ ਮੁਦੱਸਰ ਖਿਲਾਫ ਸਰਬਜੀਤ ’ਤੇ ਕਾਤਲਾਨਾ ਹਮਲੇ ਦੇ ਦੋਸ਼ ਵਿਚ ਐਫਆਈਆਰ ਦਰਜ ਕੀਤੀ ਗਈ ਹੈ। ਇਕ ਪੁਲੀਸ ਅਧਿਕਾਰੀ ਨੇ ਐਫਆਈਆਰ ਦੇ ਹਵਾਲੇ ਨਾਲ ਦੱਸਿਆ ਕਿ ਦੋਵੇਂ ਕੈਦੀਆਂ ਨੇ ਸਰਬਜੀਤ ਦੀ ਬੈਰਕ ਦਾ ਗੇਟ ਖੋਲ੍ਹ ਕੇ ਉਸ ’ਤੇ ਹਮਲਾ ਕੀਤਾ ਸੀ। ਇਹ ਦੋਵੇਂ ਕੈਦੀ ਵੀ ਫਾਂਸੀ ਦੀ ਸਜ਼ਾ ਦੀ ਉਡੀਕ ਕਰ ਰਹੇ ਹਨ। ਇਸ ਤੋਂ ਇਲਾਵਾ ਡੀਆਈਜੀ ਮਲਿਕ ਮੁਬਾਸ਼ਿਰ ਦੀ ਅਗਵਾਈ ਵਾਲੀ ਜਾਂਚ ਕਮੇਟੀ ਨੇ ਜੇਲ੍ਹ ਵਿਚ ਸਾਰੇ ਛੇ ਮੁਲਜ਼ਮਾਂ ਤੋਂ ਪੁੱਛ-ਪਡ਼ਤਾਲ ਕੀਤੀ ਹੈ। ਸਰਬਜੀਤ ਸਿੰਘ ਨੂੰ ਮੁਲਤਾਨ ਵਿਚ ਹੋਏ ਬੰਬ ਧਮਾਕਿਆਂ, ਜਿਨ੍ਹਾਂ ਵਿਚੋਂ 14 ਵਿਅਕਤੀ ਮਾਰੇ ਗਏ ਸਨ, ਦੇ ਦੋਸ਼ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਕ ਸਾਂਝੀ ਭਾਰਤ-ਪਾਕਿ ਕਮੇਟੀ ਇਕ-ਦੋ ਦਿਨਾਂ ’ਚ ਲਾਹੌਰ ਜੇਲ੍ਹ ਦਾ ਦੌਰਾ ਕਰੇਗੀ। ਦੋਵਾਂ ਦੇਸ਼ਾਂ ਦੀਆਂ ਜੇਲ੍ਹਾਂ ’ਚ ਇਕ-ਦੂਜੇ ਦੇ ਕੈਦੀਆਂ ਦੀ ਸਥਿਤੀ ਜਾਣਨ ਬਾਰੇ ਬਣਾਈ ਇਸ ਕਮੇਟੀ ਵਿਚ ਦੋ ਸੇਵਾਮੁਕਤ ਭਾਰਤੀ ਜੱਜ ਕੇ ਐਸ ਗਿੱਲ ਅਤੇ ਐਮ ਏ ਖਾਨ ਸ਼ਾਮਲ ਹਨ।
ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਸਰਬਜੀਤ ਸਿੰਘ ’ਤੇ ਜੇਲ੍ਹ ’ਚ ਹਮਲਾ ਭਾਰਤ ਦੀ ਵਿਦੇਸ਼ ਨੀਤੀ ਦੀ ਮੁਕੰਮਲ ਨਾਕਾਮੀ ਦਾ ਪ੍ਰਤੀਕ ਹੈ। ਪਾਰਟੀ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਕੇਸ ਵਿਚ ਸਖਤ ਤੇ ਕਾਰਗਰ ਕਦਮ ਚੁੱਕਣੇ ਚਾਹੀਦੇ ਹਨ।
ਹਮਲਾ ਬਹੁਤ ਅਫਸੋਸਨਾਕ: ਪ੍ਰਧਾਨ ਮੰਤਰੀ
ਨਵੀਂ ਦਿੱਲੀ, 27 ਅਪਰੈਲ
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਰਬਜੀਤ ਸਿੰਘ ’ਤੇ ਹੋਏ ਹਮਲੇ ਨੂੰ ਬੇਹੱਦ ਅਫਸੋਸਨਾਕ ਕਰਾਰ ਦਿੱਤਾ ਹੈ।
ਇਕ ਸੁਆਲ ਦੇ ਜਵਾਬ ਵਿਚ ਉਨ੍ਹਾਂ ਕਿਹਾ, ‘‘ਇਹ ਬਹੁਤ ਅਫਸੋਸਨਾਕ ਹੈ। ਮੇਰਾ ਖਿਆਲ ਹੈ ਕਿ ਜੇਲ੍ਹ ਵਿਚ ਕੁਝ ਕੈਦੀਆਂ ਨੇ ਉਸ ਉਪਰ ਹਮਲਾ ਕੀਤਾ ਹੈ।’’    -ਪੀ.ਟੀ.ਆਈ. (
ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ) 

No comments: