Monday, April 08, 2013

ਲੋਕਾ ਨਾਲ ਜੁੜਿਆ ਸ਼ਾਇਰ ਮਹਿੰਦਰ ਸਾਥੀ

 ‘ਜਦੋਂ ਤੱਕ ਰਾਤ ਬਾਕੀ ਹੈ’ ’ਤੇ ਵਿਚਾਰ ਗੋਸ਼ਟੀ
ਮਹਿੰਦਰ ਸਾਥੀ ਨਾਲ ਮਿਲਿਆਂ ਚਿਰ ਹੋ ਗਿਆ ਹੈ। ਉਸਦੀ ਪੁਸਤਕ ‘ਜਦੋਂ ਤੱਕ ਰਾਤ ਬਾਕੀ ਹੈ’ ’ਤੇ ਵਿਚਾਰ ਗੋਸ਼ਟੀ ਹੋਣ ਦਾ ਪਤਾ ਲੱਗਿਆ ਤਾਂ ਸੋਚਿਆ ਪੱਕਾ ਜਾਣਾ ਹੈ ਪਰ ਗੱਲ ਨਹੀਂ ਬਣੀ। ਕੁਝ ਮਿੱਤਰਾਂ ਨੇ ਦੱਸਿਆ ਕੀ ਸਮਾਗਮ ਦੀ ਪ੍ਰਧਾਨਗੀ ਕੇ. ਐਲ. ਗਰਗ ਨੇ ਕੀਤੀ। ਇਸ ਸਮਾਗਮ ਦੇ ਆਰੰਭ ਵਿਚ ਲੋਕ ਸਾਹਿਤ ਸਭਾ ਦੇ ਪ੍ਰਧਾਨ ਬਲਦੇਵ ਸਿੰਘ ਆਜ਼ਾਦ, ਜਨਰਲ ਸਕੱਤਰ ਬੂਟਾ ਸਿੰਘ ਵਾਕਫ਼, ਕੇ. ਐਲ. ਗਰਗ, ਡਾ. ਪਰਮਜੀਤ ਸਿੰਘ ਢੀਂਗਰਾ ਤੇ ਡਾ. ਤੇਜਵੰਤ ਸਿੰਘ ਮਾਨ ਨੇ ਮਹਿੰਦਰ ਸਾਥੀ ਨੂੰ ਸਨਮਾਨਿਤ ਕੀਤਾ ਤੇ ਪੁਸਤਕ ਸਬੰਧੀ ਮੁਢਲੀ ਜਾਣਕਾਰੀ ਦਿੱਤੀ। ਮਹਿੰਦਰ ਸਾਥੀ ਅਤੇ ਕੇ ਐਲ ਗਰਗ ਦੀ ਤਸਵੀਰ ਦੇਖ ਕੇ ਇੱਕ ਤਿੱਖਾ ਅਹਿਸਾਸ ਹੁੰਦਾ ਹੈ ਕਿ ਮਿਲਿਆਂ ਕਿੰਨਾ ਚਿਰ ਲੰਘ ਗਿਆ ਹੈ। ਅੱਜਕਲ੍ਹ ਦੇ ਕਾਰਪੋਰੇਟ ਵਾਲੇ ਕਾਰੋਬਾਰੀ ਯੁਗ ਵਿੱਚ ਇਹ ਦੇਰ ਅਟਪਟੀ ਲੱਗਦੀ ਹੈ ਪਰ ਮੈਂ ਅਕਸਰ ਦੇਖਿਆ ਕਿ ਇੱਕੋ ਦਫਤਰ ਵਿੱਚ ਕੰਮ ਕਰਦੇ ਪਤੀ ਪਤਨੀ---ਪਰ ਕਮਰੇ ਦੂਰ ਦੂਰ ਹਨ---ਚਾਹ ਪਾਣੀ ਜਾਂ ਫੇਰ ਲੰਚ ਵੇਲੇ ਕਿਸਮਤ ਨਾਲ ਮੇਲ ਹੁੰਦਾ ਹੈ। ਸਾਰਿਆਂ ਲਈ ਉਹ ਵੀ ਸੰਭਵ ਨਹੀਂ ਕਿਓਂਕਿ ਇੱਕ ਦੀ ਡਿਊਟੀ ਸਵੇਰ ਦੀ ਹੈ ਅਤੇ ਦੂਜੇ ਦੀ ਰਾਤ ਨੂੰ। ਮੌਜੂਦਾ ਨਿਜ਼ਾਮ ਨੇ ਬੰਦੇ ਨੂੰ ਦਾਲ ਰੋਟੀ ਦੇ ਚੱਕਰ ਵਿੱਚ ਜਕੜ ਦਿੱਤਾ ਹੈ। ਖੈਰ ਆਪਾਂ ਤਾਂ ਗੱਲ ਕਰ ਰਹੇ ਸਾਂ ਮਹਿੰਦਰ ਸਾਥੀ ਦੀ---ਉਸਦੀ ਪੁਸਤਕ ਦੀ। ਜੀ ਹਾਂ ਏਸ ਪੁਸਤਕ ’ਤੇ ਪਰਚਾ ਪੜ੍ਹਦਿਆਂ ਡਾ. ਪਰਮਜੀਤ ਸਿੰਘ ਢੀਂਗਰਾ ਨੇ ਕਿਹਾ ਕਿ ਪੰਜਾਬੀ ਵਿਚ ਗ਼ਜ਼ਲ ਨੂੰ ਇਨਕਲਾਬੀ ਸੁਰ ਵਿਚ ਪਰੋਣ ਤੇ ਪ੍ਰਗਤੀਵਾਦੀ ਬਿੰਦੂਆਂ ’ਤੇ ਫੈਲਾਉਣ ’ਚ ਇਕ ਮਹਿੰਦਰ ਸਾਥੀ ਵੀਮੋਹਰੀ ਗਜ਼ਲਗੋਆਂ ਵਿੱਚੋਂ ਹਨ। ਡਾ. ਸੁਰਜੀਤ ਬਰਾੜ ਨੇ ਪਰਚੇ ’ਤੇ ਬਹਿਸ ਆਰੰਭ ਕਰਦਿਆਂ ਕਿਹਾ ਕਿ ਸਾਥੀ ਦੀ ਗਜ਼ਲ ਨਵ-ਪੂੰਜੀਵਾਦ ਦੇ ਪਰਦੇ ਖੋਲ੍ਹਦੀ ਹੈ।   
ਡਾ. ਤੇਜਵੰਤ ਸਿੰਘ ਮਾਨ ਨੇ ਕਿਹਾ ਕਿ ਮਹਿੰਦਰ ਸਾਥੀ ਦੀਆਂ ਰਚਨਾਵਾਂ ਖੁਦ ਹੀ ਬਹਿਸ ਛੇੜ ਰਹੀਆਂ ਹਨ ਜੋ ਕਿ ਸਾਹਿਤਕ ਅਮੀਰੀ ਦੀ ਨਿਸ਼ਾਨੀ ਹੈ। ਬਹਿਸ ’ਚ ਸ਼ਾਮਲ ਹੁੰਦਿਆਂ ਹਰਮੀਤ ਵਿਦਿਆਰਥੀ, ਪ੍ਰੋ. ਜਸਪਾਲ ਘਈ, ਪ੍ਰੋ. ਲੋਕਨਾਥ, ਹਰਪਿੰਦਰ ਰਾਣਾ, ਕੁਲਵੰਤ ਸਿੰਘ ਗਿੱਲ, ਹਰਮਿੰਦਰ ਕੋਹਾਰਵਾਲਾ, ਪ੍ਰਿੰਸੀਪਲ ਸ਼ਿੰਦਰਪਾਲ ਸਿੰਘ, ਪ੍ਰੋ. ਨਛੱਤਰ ਸਿੰਘ ਖੀਵਾ, ਤੀਰਥ ਸਿੰਘ ਕਮਲ ਤੇ ਹਰਪਿੰਦਰ ਰਾਣਾ ਨੇ ਕਿਹਾ ਕਿ ਸਾਥੀ ਨੇ ਪੰਜਾਹ ਸਾਲਾ ਦਸਤਾਵੇਜ਼ ਨੂੰ ਇਤਿਹਾਸਕ ਰੂਪ ’ਚ ਸੰਭਾਲਣ ਦਾ ਯਤਨ ਕੀਤਾ ਹੈ। ਮਹਿੰਦਰ ਸਾਥੀ ਨੇ ਗੋਸ਼ਟੀ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪਿਆਰ ਜ਼ਿੰਦਗੀ ਦਾ ਧੁਰਾ ਹੈ, ਰੋਟੀ ਇਸ ਤੋਂ ਉਪਰ ਹੈ ਪਰ ਸੋਚ ਤੇ ਸੱਚ ਸਭ ਤੋਂ ਸਿਰਮੌਰ ਹੈ। ਇਸ ਲਈ ਪਿਆਰ ਤੇ ਰੋਟੀ ਦੇ ਮਸਲੇ ’ਚ ਉਲਝਦਿਆਂ ਵੀ ਸੋਚ ਨੂੰ ਮਰਨ ਨਹੀਂ ਦਿੱਤਾ। ਮਹਿੰਦਰ ਸਾਥੀ ਇਹ ਨੁਕਤੇ ਬਹੁਤ ਦੇਰ ਤੋਂ ਲਗਾਤਾਰ ਦੱਸ ਰਿਹਾ ਹੈ---ਇਸ ਰਾਹ 'ਤੇ ਉਸਦੀ ਚਾਲ ਅਣਥੱਕ ਪਾਂਧੀ ਵਾਲੀ ਹੈ। ਅਣਥੱਕ ਅਤੇ ਮਸਤ ਚਲੇ ਚਲਦਾ ਹੋਇਆ। ਉਸਨੂੰ ਦੇਖ ਕੇ ਇੱਕ ਵਾਰ ਫੇਰ ਹੋਂਸਲਾ ਹੁੰਦਾ ਹੈ---ਇੱਕ ਵਾਰ ਫੇਰ ਵਿਸ਼ਵਾਸ ਹੁੰਦਾ ਹੈ---
ਰਾਤ ਭਰ ਕਾ ਹੈ ਮਹਿਮਾਂ ਅੰਧੇਰਾ; 
ਕਿਸਕੇ ਰੋਕੇ ਰੁਕਾ ਹੈ ਸਵੇਰਾ !
ਇਸ ਸਵੇਰ ਵੱਲ--ਇਸ ਸੂਰਜ ਵੱਲ ਉਹ ਖੁਦ ਵੀ ਚੱਲ ਰਿਹਾ ਹੈ ਅਤੇ ਆਪਣੇ ਸਾਥੀਆਂ ਨੂੰ ਵੀ ਉਤਸ਼ਾਹ ਵਿੱਚ ਰੱਖਦਾ ਹੈ।  ਉਸ ਬਾਰੇ ਜਲਦੀ ਹੀ ਇੱਕ ਵਿਸ਼ੇਸ਼ ਲਿਖਤ ਵੀ ਪਾਠਕਾਂ ਸਾਹਮਣੇ ਲਿਆਂਦੀ ਜਾਵੇਗੀ।  --ਰੈਕਟਰ ਕਥੂਰੀਆ 

No comments: