Friday, April 19, 2013

ਕਵਿਤਾ ਮਨੁੱਖਤਾ ਦੀ ਸਭ ਤੋਂ ਗਹਿਰੀ ਆਵਾਜ਼-ਡਾ. ਪਾਤਰ

ਇੰਟਰਨੈੱਟ ਤੇ ਵਿਚਰਦੇ ਹੋਏ ਕਵੀ ਪ੍ਰਤੱਖ ਰੂਪ ਵਿਚ ਪਾਠਕਾਂ, ਸਰੋਤਿਆਂ ਦੇ ਸਨਮੁੱਖ
ਲੁਧਿਆਣਾ : 19 ਅਪ੍ਰੈਲ: (*ਜਸਵੰਤ ਜ਼ਫ਼ਰ):ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਸਾਹਿਤ ਅਤੇ ਚਿੰਤਨ ਨੂੰ ਸਮਰਪਿਤ ਆਦਾਰਾ ਸ਼ਬਦਲੋਕ ਲੁਧਿਆਣਾ ਵਲੋਂ ਪੰਜਾਬੀ ਭਵਨ, ਲੁਧਿਆਣਾ ਵਿਖੇ ਦੋ ਰੋਜ਼ਾ ਪੰਜਾਬੀ ਕਵਿਤਾ ਮੇਲਾ ਦੇ ਉਦਘਾਟਨੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਹਰ ਯੁੱਗ ਵਿਚ ਕਵਿਤਾ ਮਨੁੱਖਤਾ ਦੀ ਸਭ ਤੋਂ ਗਹਿਰੀ ਆਵਾਜ਼ ਬਣਦੀ ਹੈ। ਉਨਾਂ ਨੇ ਵੱਖ ਵੱਖ ਸਮਿਆਂ ’ਤੇ ਹੁੰਦੇ ਕਵਿਤਾ ਉਤਸਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅੱਜ ਦਾ ਇਹ ਕਵਿਤਾ ਮੇਲਾ ਇਕ ਵੱਖਰੀ ਨੁਹਾਰ ਤੇ ਵੱਖਰੀ ਤਾਸੀਰ ਰੱਖਦਾ ਹੈ। ਇਸ ਵਿਚ ਹਾਜ਼ਰ ਕਵੀਆਂ, ਪਾਠਕਾਂ ਤੇ ਸਾਹਿਤ ਪ੍ਰੇਮੀਆਂ ਦੀ ਭਰਪੂਰ ਹਾਜ਼ਰੀ ਇਸ ਗਲ ਦੀ ਗਵਾਹੀ ਦਿੰਦੀ ਹੈ ਕਿ ਕਵਿਤਾ ਅਜੇ ਵੀ ਲੋਕ ਦਿਲਾਂ ਦੇ ਨੇੜੇ ਹੈ। ਇਸ ਮੇਲੇ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਵਿਚ ਇੰਟਰਨੈੱਟ ਤੇ ਵਿਚਰਦੇ ਕਵੀ ਪ੍ਰਤੱਖ ਰੂਪ ਵਿਚ ਪਾਠਕਾਂ, ਸਰੋਤਿਆਂ ਦੇ ਸਨਮੁੱਖ ਹੋਏ ਹਨ। ਮੇਲੇ ਦਾ ਆਗ਼ਾਜ਼ ਚਾਰ ਵੱਖ ਵੱਖ ਰੰਗਾਂ ਤੇ ਵੰਨਗੀਆਂ ਦੇ ਸ਼ਾਇਰਾਂ ਦੇ ਕਲਾਮ ਨਾਲ ਸ਼ੁਰੂ ਹੋਇਆ। ਔਰਤ ਕਵਿੱਤਰੀਆਂ ਦੀ ਪ੍ਰਤੀਨਿਧਤਾ ਸ੍ਰੀਮਤੀ ਸੁਖਵਿੰਦਰ ਅੰਮ੍ਰਿਤ  ਗੀਤਕਾਰ ਵਜੋਂ ਮੋਹਨਜੀਤ, ਗ਼ਜ਼ਲ ਲੇਖਕ ਵਜੋਂ ਵਿਜੈ ਵਿਵੇਕ ਅਤੇ ਨਜ਼ਮ ਦੇ ਸ਼ਾਇਰ ਪ੍ਰਮਿੰਦਰਜੀਤ ਨੇ ਆਪਣੀਆਂ ਪ੍ਰਤੀਨਿਧ ਰਚਨਾਵਾਂ ਸੁਣਾਈਆਂ।
ਉਦਘਾਟਨੀ ਸਮਾਗਮ ਦੇ ਕੁੰਜੀਵਤ ਭਾਸ਼ਨ ਵਿਚ ਡਾ. ਜਗਜੀਤ ਸਿੰਘ, ਚੰਡੀਗੜ ਨੇ ਕਿਹਾ ਕਿ ਪੰਜਾਬੀ ਕਵਿਤਾ ਅਜੋਕੇ ਸਮੇਂ ਵਿਚ ਕਵਿਤਾ ਦੀ ਸਥਾਪਿਤ ਵਲਗਣਾ ਤੋਂ ਬਾਹਰ ਆ ਕੇ ਆਪਣੀ ਗਲ ਕਰਦੀਆਂ ਹਨ। ਅੱਜ ਦੇ ਕਵੀ ਜਿੱਥੇ ਵੱਡੇ ਮਸਲਿਆਂ ਨੂੰ ਲੈਂਦੇ ਹਨ ਉਥੇ ਨਿੱਕੇ ਨਿੱਕੇ ਅਣਜਾਣੇ/ਅਣਪਛਾਣੇ ਛਿਣਾਂ ਵਿਚੋਂ ਵੀ ਕਵਿਤਾ ਲੱਭਦੇ ਹਨ। ਸਵਾਗਤੀ ਸ਼ਬਦ ਕਹਿੰਦਿਆਂ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਹ ਮੇਲਾ ਕਵੀਆਂ ਦੇ ਆਪਸੀ ਮੇਲ ਤੇ ਸੰਵਾਦ ਸਿਰਜਣ ਦਾ ਇਕ ਸਾਰਥਿਕ ਵਸੀਲਾ ਹੈ। ਇਹ ਵਸੀਲਾ ਜਟਾਉਣ ਵਿਚ ਸ਼ਬਦ ਲੋਕ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਯਤਨ ਸ਼ਲਾਘਾਯੋਗ ਹੀ ਨਹੀਂ ਸਗੋਂ ਸਾਰਥਿਕ ਕਦਮ ਹਨ। ਜਾਣ ਪਛਾਣ ਕਰਉਦਿਆਂ ਸ਼ਬਦ ਲੋਕ ਦੇ ਪ੍ਰਧਾਨ ਅਮਰਜੀਤ ਗਰੇਵਾਲ ਨੇ ਕਿਹਾ ਕਿ ਕਵਿਤਾ ਦਾ ਸਰੋਕਾਰ ਕਵੀ ਵਿਸ਼ੇਸ਼ ਜਾਂ ਪਾਠਕ ਨਾਲ ਨਹੀਂ ਸਗੋਂ ਸਮੁੱਚੇ ਸਮਾਜਿਕ ਵਰਤਾਰੇ ਵਿਚ ਰਚੀ ਮਿਚੀ ਹੋਣੀ ਚਾਹੀਦੀ ਹੈ।
ਦੁਪਹਿਰ ਤੋਂ ਬਾਅਦ ਸ਼ੁਰੂ ਹੋਏ ਸੈਸ਼ਨ ਵਿਚ ਪਿਛਲੇ ਸਾਲ ਛਪੀਆਂ ਪੰਜਾਬੀ ਦੀਆਂ ਚਰਚਿਤ ਕਾਵਿ-ਪੁਸਤਕਾਂ ਬਾਰੇ ਵਿਚਾਰ ਚਰਚਾ ਹੋਈ। ਇਸ ਵਿਚ ਵੱਖ ਵੱਖ ਕਵੀਆਂ ਦੀਆਂ ਨਵ ਪ੍ਰਕਾਸ਼ਿਤ ਕਾਵਿ ਪੁਸਤਕਾਂ ਬਾਰੇ ਗੰਭੀਰ  ਵਿਚਾਰ ਚਰਚਾ ਹੋਈ। ਇਸ ਵਿਚ ਇਕ ਵਿਦਵਾਨ ਵਲੋਂ ਕਵੀ ਬਾਰੇ ਤੇ ਉਸ ਦੀ ਪੁਸਤਕ ਬਾਰੇ ਜਾਣ ਪਛਾਣ ਅਤੇ ਬਾਅਦ ਵਿਚ ਕਵੀ ਵਲੋਂ ਚੋਣਵੀਆਂ ਕਵਿਤਾਵਾਂ ਦਾ ਕਵਿਤਾ ਪਾਠ ਕੀਤਾ ਗਿਆ। ਜਿਸ ਵਿਚ ਪਟਿਆਲਾ ਤੋਂ ਆਏ ਸ਼ਾਇਰ ਬਲਵਿੰਦਰ ਸੰਧੂ ਦੀ ਕਾਵਿ ਪੁਸਤਕ ‘ਮੈਂ ਵੀ ਆਦਿ ਜੁਗਾਦਿ’ ਬਾਰੇ ਦਰਸ਼ਨ ਬੁੱਟਰ ਤੇ ਮੋਹਨਜੀਤ, ਪਰਮਿੰਦਰ ਸੋਢੀ ਦੀ ਪੁਸਤਕ ‘ਪਲ ਛਿਣ ਜੀਣਾ’ ਬਾਰੇ ਪ੍ਰਮਿੰਦਰਜੀਤ ਤੇ ਡਾ. ਸੁਰਜੀਤ, ਗੁਰਦੀਪ ਚੌਹਾਨ ਦੀ ਪੁਸਤਕ ‘ਅਕਸਮਾਤ’ ਬਾਰੇ ਡਾ. ਜਗਜੀਤ ਸਿੰਘ ਤੇ ਗੁਰਪ੍ਰੀਤ, ਜੈਪਾਲ ਦੀ ਕਾਵਿ ਪੁਸਤਕ ‘ਯਾਤਰੀ ਹਾਲੇ ਪਰਤੇ ਨਹੀਂ’ ਬਾਰੇ ਡਾ. ਨਰਿੰਦਰਪਾਲ ਸਿੰਘ ਤੇ ਡਾ. ਪਾਲ ਕੌਰ, ਰਾਮ ਸਿੰਘ ਦੀ ਕਾਵਿ ਪੁਸਤਕ ‘ਪਰਦਿਆਂ ਦੀ ਓਟ’ ਬਾਰੇ ਡਾ. ਗੁਰਇਕਬਾਲ ਸਿੰਘ ਤੇ ਸ੍ਰੀਮਤੀ ਸੁਖਵਿੰਦਰ ਅੰਮਿ੍ਰਤ, ਗਗਨਦੀਪ ਸ਼ਰਮਾ ਦੀ ਕਾਵਿ ਪੁਸਤਕ ‘ਇਕੱਲਾ ਨਹੀਂ ਹੁੰਦਾ ਬੰਦਾ’ ਬਾਰੇ ਡਾ. ਸੁਖਦੇਵ ਸਿੰਘ ਤੇ ਡਾ. ਸੁਰਜੀਤ ਸਿੰਘ, ਬੇਜਾਰ ਨਾਗਾ ਦੀ ਕਾਵਿ ਪੁਸਤਕ ‘ਡੇਢ ਅੱਖ’ ਬਾਰੇ ਡਾ. ਲਾਭ ਸਿੰਘ ਖੀਵਾ ਤੇ ਡਾ. ਰਮੇਸ਼ ਕੁਮਾਰ ਨੇ ਲੇਖਕ ਬਾਰੇ ਜਾਣ ਪਛਾਣ ਅਤੇ ਪੁਸਤਕ ਬਾਰੇ ਚਰਚਾ ਕੀਤੀ।
ਸ਼ਾਮ ਨੂੰ ਪ੍ਰੋ. ਰਵਿੰਦਰ ਭੱਠਲ ਦੀ ਪ੍ਰਧਾਨਗੀ ਵਿਚ ਹੋਏ ਕਵੀ ਦਰਬਾਰ ਵਿਚ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਆਏ ਦੋ ਦਰਜਨ ਦੇ ਕਰੀਬ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਜਿਨਾਂ ਦਾ ਹਾਜ਼ਰ ਸਰੋਤਿਆਂ ਵਲੋਂ ਪੁਰਜ਼ੋਰ ਸਵਾਗਤ ਕੀਤਾ ਗਿਆ। ਇਸੇ ਦੌਰਾਨ ਪੰਜਾਬੀ ਭਵਨ ਦੇ ਵਿਹੜੇ ਵਿਚ ਵੱਖ ਵੱਖ ਪ੍ਰਕਾਸ਼ਕਾਂ ਵਲੋਂ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਗਈ। ਬਟਾਲਾ ਤੋਂ ਆਏ ਦੌਰਾਨ ਚਿੱਤਰਕਾਰ ਬਲਵਿੰਦਰ ਸ਼ੈਲੀ ਦੇ ਕਾਵਿ ਪੋਸਟਰ ਅਤੇ ਅਤੇ ਸੁਖਵਿੰਦਰ ਲੋਟੇ ਵਲੋਂ ਪੰਜਾਬੀ ਸ਼ਾਇਰੀ ਨਾਲ ਸਬੰਧਿਤ ਆਪਣੀਆਂ ਵਿਸ਼ੇਸ਼ ਕਲਾ-�ਿਤਾਂ ਦੀਆਂ ਨੁਮਾਇਸ਼ ਵਿਸ਼ੇਸ਼ ਖਿੱਚ ਦਾ ਸਥਾਨ ਰਹੀ। ਇਸ ਮੇਲੇ ਦੇ ਸੰਯੋਜਕ ਜਸਵੰਤ ਜ਼ਫ਼ਰ ਨੇ ਦਸਿਆ ਕਿ ਕੱਲ 20 ਅਪ੍ਰੈਲ ਨੂੰ ਵੀ ਇਸੇ ਤਰਾਂ ਦੇ ਦੋ ਸੈਸ਼ਨ ਹੋਣਗੇ ਤੇ ਸ਼ਾਮ ਨੂੰ ਖੁੱਲਾ ਕਵੀ ਦਰਬਾਰ ਹੋਵੇਗਾ।

 *ਜਸਵੰਤ ਜ਼ਫ਼ਰ ਉਘੇ ਕਾਰਟੂਨਿਸਟ, ਦਿਲ ਨੂੰ ਹਲੂਣਾ ਦੇਣ ਵਾਲੇ ਸ਼ਾਇਰ, ਗੁਰਬਾਣੀ ਨਾਲ ਜੁੜੇ ਹੋਏ ਚਿੰਤਕ ਅਤੇ ਇਸ ਮੇਲੇ ਦੇ ਕਨਵੀਨਰ ਹਨ 


ਲੁਧਿਆਣਾ ਵਿਖੇ ਦੋ-ਰੋਜ਼ਾ ਪੰਜਾਬੀ ਕਵਿਤਾ ਮੇਲਾ ਅੱਜ ਤੋਂ
No comments: