Monday, April 29, 2013

ਧੜੇਬੰਦਕ ਸਿਆਸਤ ਅਤੇ ਪੰਜਾਬੀ ਅਖਬਾਰ//ਅਮੋਲਕ ਸਿੰਘ ਜੰਮੂ

ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਕਰਨਾ ਮੇਰੀ ਇਖਲਾਕੀ ਜਿੰਮੇਵਾਰੀ ਸੀ
ਅਮਰੀਕਾ ਵਿਚ ਇਸ ਸਮੇਂ ਦੋ ਦਰਜਨ ਤੋਂ ਵੀ ਵੱਧ ਪੰਜਾਬੀ ਅਖਬਾਰ ਨਿਕਲਦੇ ਹਨ ਜਿਨ੍ਹਾਂ ਵਿਚੋਂ ਬਹੁਤੇ ਹਫਤਾਵਾਰੀ ਹਨ ਅਤੇ ਕੁਝ 15 ਰੋਜ਼ਾ। ਹਰ ਜਣਾ-ਖਣਾ ਅਖਬਾਰ ਕੱਢੀ ਬੈਠਾ ਹੈ ਅਤੇ ਆਪਣੇ ਆਪ ਨੂੰ ਐਡੀਟਰ-ਇਨ-ਚੀਫ ਲਿਖ ਰਿਹਾ ਹੈ, ਭਾਵੇਂ ਉਸ ਨੂੰ ਪੱਤਰਕਾਰੀ ਦੀ ਇਲ-ਕੋਕੋ ਦਾ ਵੀ ਪਤਾ ਨਾ ਹੋਵੇ। ਗਿਣਤੀ ਦੀਆਂ ਕੁਝ ਅਖਬਾਰਾਂ ਨੂੰ ਛਡ ਕੇ ਬਾਕੀ ਸਭ ਦਾ ਇਹੋ ਹਾਲ ਹੈ। ਇਨੀ ਵਡੀ ਗਿਣਤੀ ਵਿਚ ਪੰਜਾਬੀ ਅਖਬਾਰ ਨਿਕਲਣ ਪਿਛੇ ਵਗਦੀ ਨਦੀ ਵਿਚ ਹੱਥ ਧੋਣ ਦੀ ਭਾਵਨਾ ਨੇ ਤਾਂ ਕੰਮ ਕੀਤਾ ਹੀ ਹੈ, ਨਾਲ ਹੀ ਸਾਡੇ ਭਾਈਚਾਰੇ ਵਿਚਲੀ ਧੜੇਬੰਦਕ ਸਿਆਸਤ ਨੇ ਵੀ ਆਪਣਾ ਰੋਲ ਬਖੂਬੀ ਨਿਭਾਇਆ ਹੈ। ਕਈ ਅਖਬਾਰ ਗੁਰਦੁਆਰਿਆਂ ਅਤੇ ਸਭਾ-ਸੁਸਾਇਟੀਆਂ ਦੀ ਧੜੇਬੰਦਕ ਸਿਆਸਤ ਕਰਕੇ ਹੀ ਹੋਂਦ ਵਿਚ ਆਏ ਹਨ।
ਏਡੀ ਵਡੀ ਗਿਣਤੀ ਵਿਚ ਪੰਜਾਬੀ ਅਖਬਾਰ ਛਪਣ ਪਿਛੇ ਅਖਬਾਰ ਕੱਢਣਾ ਸੁਖਾਲਾ ਹੋ ਜਾਣ ਨੇ ਵੀ ਆਪਣੀ ਭੂਮਿਕਾ ਨਿਭਾਈ ਹੈ। ਵੇਖਾ-ਵੇਖੀ ਅਖਬਾਰ ਕੱਢੋ, ਇੰਡੀਆ ਵਿਚ ਥੋੜੇ ਜਿਹੇ ਪੈਸਿਆਂ ਨਾਲ ਬਣਿਆ-ਬਣਾਇਆ ਅਖਬਾਰ ਮਿਲ ਜਾਏਗਾ। ਪਰ ਹਕੀਕਤ ਇਹ ਹੈ ਕਿ ਜਿੰਨਾ ਅਖਬਾਰ ਕੱਢਣਾ ਆਸਾਨ ਹੈ, ਪੱਤਰਕਾਰੀ ਦੇ ਮਿਆਰ ਕਾਇਮ ਰਖਣਾ ਉਨਾ ਹੀ ਔਖਾ। ਜਿੰਮੇਵਾਰ ਅਤੇ ਬੇਲਾਗ ਪੱਤਰਕਾਰੀ ਉਤੇ ਪਹਿਰਾ ਦੇਣਾ ਤਾਂ ਹੋਰ ਵੀ ਔਖਾ ਹੈ। ਵਖ ਵਖ ਧੜਿਆਂ ਦੀ ਸਿਆਸਤ ਇਸ ਨੂੰ ਔਖਿਆਂ ਕਰਨ ਵਿਚ ਆਪਣਾ ਰੋਲ ਨਿਭਾਉਂਦੀ ਹੈ। ਪੰਜਾਬੀ ਅਖਬਾਰ ਮੁਫਤ ਹੋਣ ਕਰਕੇ ਇਨ੍ਹਾਂ ਨੂੰ ਇਸ਼ਤਿਹਾਰਾਂ ਦੀ ਆਮਦਨ ਉਤੇ ਹੀ ਨਿਰਭਰ ਕਰਨਾ ਪੈਂਦਾ ਹੈ ਅਤੇ ਇਸ਼ਤਿਹਾਰ ਲੈਣੇ ਕੋਈ ਸੌਖਾ ਕੰਮ ਨਹੀਂ। ਕਾਰਪੋਰੇਟ ਇਸ਼ਤਿਹਾਰ ਪੰਜਾਬੀ ਅਖਬਾਰਾਂ ਨੂੰ ਬਹੁਤ ਹੀ ਘੱਟ ਮਿਲਦਾ ਹੈ, ਸ਼ਾਇਦ ਉਨ੍ਹਾਂ ਦੀ ਇਸ਼ਾਇਤ ਦੀ ਕੋਈ ਪੁਸ਼ਟੀ ਨਾ ਹੋ ਸਕਣ ਕਰਕੇ। ਵਪਾਰਕ ਇਸ਼ਤਿਹਾਰ ਵੀ ਪੰਜਾਬੀ ਅਖਬਾਰਾਂ ਨੂੰ ਘੱਟ ਮਿਲਦਾ ਹੈ ਅਤੇ ਉਨ੍ਹਾਂ ਲਈ ਵੀ ਅਖਬਾਰਾਂ ਦੀ ਆਪਸੀ ਖਿਚੋਤਾਣ ਕਰਕੇ ਰੇਟ ਬਹੁਤ ਹੀ ਥੋੜੇ ਮਿਲਦੇ ਹਨ। ਜੇ ਇਸ਼ਤਿਹਾਰ ਮਿਲ ਵੀ ਜਾਣ ਤਾਂ ਉਨ੍ਹਾਂ ਦੇ ਪੈਸੇ ਮਿਲ ਸਕਣ ਦੀ ਕੋਈ ਗਾਰੰਟੀ ਨਹੀਂ।
ਲੈ-ਦੇ ਕੇ ਪੰਜਾਬੀ ਅਖਬਾਰਾਂ ਨੂੰ ਗੁਰਦੁਆਰਿਆਂ ਅਤੇ ਸਭਾ-ਸੁਸਾਇਟੀਆਂ ਦੇ ਇਸ਼ਤਿਹਾਰਾਂ ਉਤੇ ਹੀ ਨਿਰਭਰ ਕਰਨਾ ਪੈਂਦਾ ਹੈ। ਫਿਰ ਇਹ ਇਸ਼ਤਿਹਾਰ ਉਨ੍ਹਾਂ ਅਖਬਾਰਾਂ ਨੂੰ ਹੀ ਮਿਲਦੇ ਹਨ ਜੋ ਕਿਸੇ ਸਭਾ ਜਾਂ ਗੁਰਦੁਆਰਾ ਵਿਸ਼ੇਸ਼æ ‘ਤੇ ਕਾਬਜ ਧੜੇ ਦਾ ਪੱਖ ਪੂਰਨ ਅਤੇ ਪ੍ਰਬੰਧਕੀ ਧੜੇ ਦੇ ਗੋਡੀਂ ਹੱਥ ਲਾਉਣ। ਲੱਗੇ ਇਸ਼ਤਿਹਾਰ ਦੇ ਪੈਸੇ ਮਿਲਣ ਤਕ ਜੇ ਗੁਰਦੁਆਰੇ ਜਾਂ ਸਭਾ-ਸੁਸਾਇਟੀ ਦੇ ਪ੍ਰਬੰਧ ਉਤੇ ਕਾਬਜ਼ ਧੜਾ ਬਦਲ ਗਿਆ ਅਤੇ ਵਿਰੋਧੀ ਧੜੇ ਨੇ ਪ੍ਰਬੰਧ ਸੰਭਾਲ ਲਿਆ ਤਾਂ ਇਸ਼ਤਿਹਾਰ ਦੇ ਪੈਸੇ ਡੁਬੇ ਹੀ ਡੁਬੇ ਸਮਝੋ। ਦੂਜੇ ਸ਼ਬਦਾਂ ਵਿਚ ਪੰਜਾਬੀ ਅਖਬਾਰ ਧੜੇਬੰਦਕ ਸਿਆਸਤ ਦੇ ਰਹਿਮ ਉਤੇ ਹਨ। ਇਸ ਤੋਂ ਅਲਗ ਰਹਿ ਸਕਣਾ ਬਹੁਤ ਹੀ ਔਖਾ ਹੈ ਅਤੇ ਜੇ ਕੋਈ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਬਹੁਤ ਸਾਰੀਆਂ ਔਖਿਆਈਆਂ ਦੇ ਦੌਰ ਵਿਚੋਂ ਨਿਕਲਣਾ ਪੈਂਦਾ ਹੈ।
ਆਪੋ-ਆਪਣੇ ਮਿਆਰ ਪੱਖੋਂ ਉਨ੍ਹਾਂ ਵਿਚ ਪਿਆ ਜਮੀਨ-ਅਸਮਾਨ ਦਾ ਫਰਕ ਹੋਵੇ ਪਰ ਵਿਗਿਆਪਕਾਂ ਵਲੋਂ ਪੈਸੇ ਦਬ ਲੈਣ ਪੱਖੋਂ ਸਭ ਪੰਜਾਬੀ ਅਖਬਾਰ ਬਰਾਬਰ ਹਨ। ਕਿਸੇ ਦੇ ਵੱਧ ਦਬ ਹੋਏ ਹਨ ਅਤੇ ਕਿਸੇ ਦੇ ਘੱਟ। ਇਹ ਵੀ ਠੀਕ ਹੈ ਕਿ ਬਥੇਰੀ ਵਾਰੀ ਖੁਦ ਅਖਬਾਰਾਂ ਵਾਲਿਆਂ ਦਾ ਆਪਣਾ ਹੀ ਕਸੂਰ ਹੁੰਦਾ ਹੈ ਜਦੋਂ ਦਿਨ-ਦਿਹਾਰ ਜਾਂ ਕਿਸੇ ਮੇਲੇ ਦੇ ਇਸ਼ਤਿਹਾਰ ਬਿਨਾ ਵਿਗਿਆਪਕ ਤੋਂ ਪੁਛੇ ਆਪਣੀ ਹੀ ਮਰਜੀ ਨਾਲ ਲਾ ਲੈਂਦੇ ਹਨ। ਕੁਝ ਸਮਾਂ ਪਹਿਲਾਂ ਕੈਲੀਫੋਰਨੀਆ ਦੇ ਪੰਜਾਬੀ ਅਖਬਾਰਾਂ ਵਲੋਂ ਇਸ਼ਤਿਹਾਰਾਂ ਦੇ ਪੈਸੇ ਨਾ ਮਿਲਣ ਦੀ ਸਮੱਸਿਆ ਨਾਲ ਨਿਪਟਣ ਲਈ ਇਕ ਜਥੇਬੰਦੀ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਪਰ ਜਦੋਂ ਪਹੁੰਚ ਇਕ ਦੂਜੇ ਦੇ ਮੂੰਹੋਂ ਬੁਰਕੀ ਖੋਹਣ ਦੀ ਹੋਵੇ ਤਾਂ ਭਲਾ ਅਜਿਹੀ ਜਥੇਬੰਦੀ ਕਾਮਯਾਬ ਵੀ ਕਿਵੇਂ ਹੋ ਸਕਦੀ ਹੈ? ਅਤੇ ਇਹੋ ਕੁਝ ਇਸ ਜਥੇਬੰਦੀ ਨਾਲ ਹੋਇਆ। ਜਦੋਂ ਇਸ ਜਥੇਬੰਦੀ ਵਲੋਂ ਅਖਬਾਰਾਂ ਦੇ ਪੈਸੇ ਦੱਬਣ ਵਾਲੇ ਵਿਗਿਆਪਕਾਂ ਦੇ ਨਾਂ ਅਖਬਾਰਾਂ ਵਿਚ ਛਾਪਣ ਦੀ ਗੱਲ ਕੀਤੀ ਗਈ ਤਾਂ ਕਈ ਵਿਗਿਆਪਕਾਂ ਨੇ ਇਹ ਸਵਾਲ ਉਠਾਇਆ ਸੀ ਕਿ ਜਿਹੜੇ ਅਖਬਾਰਾਂ ਵਾਲੇ ਆਪਣੀ ਮਰਜੀ ਨਾਲ ਹੀ ਇਸ਼ਤਿਹਾਰ ਛਾਪ ਦਿੰਦੇ ਹਨ, ਉਨ੍ਹਾਂ ਦੇ ਨਾਂ ਵੀ ਨਸ਼ਰ ਕੀਤੇ ਜਾਣ।
ਖੈਰ, ਗੱਲ ਪੰਜਾਬੀ ਭਾਈਚਾਰੇ ਦੀ ਧੜੇਬੰਦਕ ਸਿਆਸਤ ਦੇ ਪੰਜਾਬੀ ਅਖਬਾਰਾਂ ਉਪਰ ਅਸਰ-ਅੰਦਾਜ਼ ਹੋਣ ਦੀ ਚਲ ਰਹੀ ਸੀ। ਇਸ ਦਾ ਸ਼ਿਕਾਰ ਪੰਜਾਬ ਟਾਈਮਜ਼ ਵੀ ਹੋਇਆ ਹੈ। ਪਾਠਕ ਜਾਣਦੇ ਹਨ ਕਿ ਪੰਜਾਬ ਟਾਈਮਜ਼ ਨੇ ਲਗਦੀ ਵਾਹ ਧੜੇਬੰਦਕ ਸਿਆਸਤ ਤੋਂ ਉਪਰ ਰਹਿ ਕੇ ਜਿੰਮੇਵਾਰ ਪੱਤਰਕਾਰੀ ਉਤੇ ਪਹਿਰਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਖਬਰਾਂ ਛਾਪਣ ਅਤੇ ਵਿਚਾਰ-ਚਰਚਾ ਸਮੇਂ ਹਮੇਸ਼ਾਂ ਦੋਹਾਂ ਧਿਰਾਂ ਦਾ ਪੱਖ ਛਾਪਿਆ ਹੈ। ਜਿਥੋਂ ਤਕ ਇਸ਼ਤਿਹਾਰਾਂ ਦੀ ਗੱਲ ਹੈ, ਪੰਜਾਬ ਟਾਈਮਜ਼ ਨੇ ਹਮੇਸ਼ਾਂ ਇਕ ਮਿਆਰ ਰਖਣ ਦੀ ਕੋਸ਼ਿਸ਼ ਕੀਤੀ ਹੈ। ਇਸ਼ਤਿਹਾਰਾਂ ਦੀਆਂ ਦਰਾਂ ਵੀ ਇਕ ਸਨਮਾਨਯੋਗ ਪੱਧਰ ‘ਤੇ ਰਖੀਆਂ ਹਨ, ਸਿਰਫ ਪੈਸੇ ਲਈ ਸਮਝੌਤੇ ਨਹੀਂ ਕੀਤੇ। ਇਸ ਦੇ ਨਤੀਜੇ ਵਜੋਂ ਇਸ ਨੂੰ ਆਰਥਕ ਪੱਖੋਂ ਔਖੇ ਸਮਿਆਂ ਵਿਚੋਂ ਵੀ ਲੰਘਣਾ ਪਿਆ ਹੈ ਅਤੇ ਅਜ ਵੀ ਲੰਘ ਰਿਹਾ ਹੈ। ਵਪਾਰਕ ਇਸ਼ਤਿਹਾਰਾਂ ਦੇ ਬਥੇਰੇ ਪੈਸੇ ਮਰੇ ਹਨ ਪਰ ਉਨ੍ਹਾਂ ‘ਤੇ ਸਾਨੂੰ ਕੋਈ ਅਫਸੋਸ ਨਹੀਂ, ਅਫਸੋਸ ਤਾਂ ਸਭਾ-ਸੁਸਾਇਟੀਆਂ ਦੇ ਪ੍ਰਬੰਧਕਾਂ ਵਲੋਂ ਪੈਸੇ ਮਾਰ ਲਏ ਜਾਣ ‘ਤੇ ਵੀ ਬਹੁਤਾ ਨਹੀਂ, ਪਰ ਉਦੋਂ ਗਿਲਾ ਜਰੂਰ ਹੁੰਦਾ ਹੈ ਜਦੋਂ ਗੁਰੂਘਰਾਂ ਦੇ ਪ੍ਰਬੰਧਕ ਨਾਅਰੇ ਤਾਂ ਗੁਰਮਤਿ ਅਤੇ ਸਿੱਖੀ ਰਹਿਤ ਦੇ ਲਾਉਂਦੇ ਹਨ ਪਰ ਸਿਰਫ ਧੜੇਬੰਦਕ ਸਿਆਸਤ ਜਾਂ ਨਿਜੀ ਕਿੜ ਕਾਰਨ ਅਖਬਾਰ ਦੇ ਪੈਸੇ ਮਾਰ ਲੈਂਦੇ ਹਨ। ਇਥੇ ਅਜਿਹੀਆਂ ਕੁਝ ਮਿਸਾਲਾਂ ਦੇਣਾ ਕੁਥਾਂ ਨਹੀਂ ਹੋਵੇਗਾ। ਨਿਊ ਯਾਰਕ ਦੇ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਦੇ 2011 ਵਿਚ ਪ੍ਰਧਾਨ ਸ਼ ਜਰਨੈਲ ਸਿੰਘ ਗਿਲਜ਼ੀਆਂ ਨੇ ਵਿਸਾਖੀ ਮੌਕੇ ਗੁਰੂਘਰ ਵਲੋਂ ਪੰਜਾਬ ਟਾਈਮਜ਼ ਵਿਚ ਇਸ਼ਤਿਹਾਰ ਛਪਵਾਇਆ, ਜਿਸ ਦੇ ਪੈਸੇ ਦੋ ਸਾਲ ਬੀਤ ਜਾਣ ਪਿਛੋਂ ਵੀ ਨਹੀਂ ਦਿਤੇ ਗਏ, ਸਿਰਫ ਇਸ ਕਰਕੇ ਕਿ ਪ੍ਰਬੰਧਕੀ ਧੜਾ ਬਦਲ ਗਿਆ ਸੀ। ਖੁਦ ਸ਼ ਗਿਲਜ਼ੀਆਂ ਨੇ ਆਪਣੇ ਇਕ ਨਿਜੀ ਇਸ਼ਤਿਹਾਰ ਦੇ ਪੈਸੇ ਵੀ ਦੋ ਸਾਲ ਗੁਜ਼ਰ ਜਾਣ ਪਿਛੋਂ ਨਹੀ ਦਿਤੇ। ਇਸੇ ਗੁਰੂਘਰ ਦੇ ਇਕ ਪੁਰਾਣੇ ਪ੍ਰਬੰਧਕ ਮਾਸਟਰ ਮਹਿੰਦਰ ਸਿੰਘ ਨੇ ਆਪਣੇ ਬਿਜਨਸ ਦੇ ਆਖ ਕੇ ਲਵਾਏ ਇਸ਼ਤਿਹਾਰਾਂ ਦੇ ਪੈਸੇ ਦੋ ਸਾਲ ਤੋਂ ਵੱਧ ਸਮਾਂ ਗੁਜ਼ਰ ਜਾਣ ਪਿਛੋਂ ਵੀ ਨਹੀਂ ਦਿਤੇ।
ਯੂਬਾ ਸਿਟੀ ਦੇ ਗੁਰਦੁਆਰਾ ਟਾਇਰਾ ਬਿਊਨਾ ਦੀ ਗੱਲ ਲੈ ਲਓ। ਹਰ ਸਾਲ ਇਸ ਗੁਰੂਘਰ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਥਮ ਪ੍ਰਕਾਸ਼ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਜਾਂਦਾ ਹੈ। ਇਸ ਮੌਕੇ ਅਖਬਾਰਾਂ ਵਿਚ ਇਸ਼ਤਿਹਾਰ ਵੀ ਛਪਵਾਏ ਜਾਂਦੇ ਹਨ। ਪੰਜਾਬ ਟਾਈਮਜ਼ ਨੂੰ ਪਿਛਲੇ ਤਿੰਨ ਸਾਲਾਂ ਵਿਚ ਪ੍ਰਬੰਧਕਾਂ ਨੇ ਕੋਈ ਇਸ਼ਤਿਹਾਰ ਨਹੀਂ ਦਿਤਾ ਹਾਲਾਂਕਿ ਪੀਰ-ਬਾਬਿਆਂ, ਜੋਤਸ਼ੀਆਂ ਦੇ ਅਤੇ ਹੋਰ ਮਿਆਰੋਂ ਡਿਗੇ ਇਸ਼ਤਿਹਾਰ ਛਾਪਣ ਵਾਲੇ ਅਖਬਾਰਾਂ ਨੂੰ ਇਸ਼ਤਿਹਾਰ ਦਿਤੇ ਗਏ। ਸਾਨੂੰ ਇਸ ‘ਤੇ ਵੀ ਕੋਈ ਗਿਲਾ ਨਹੀਂ। ਕਿਸੇ ਅਖਬਾਰ ਨੂੰ ਇਸ਼ਤਿਹਾਰ ਦੇਣਾ ਜਾਂ ਨਾ ਦੇਣਾ ਪ੍ਰਬੰਧਕਾਂ ਦਾ ਅਖਤਿਆਰ ਅਤੇ ਹੱਕ ਹੈ ਪਰ ਆਖ ਕੇ ਇਸ਼ਤਿਹਾਰ ਛਪਵਾਉਣ ਪਿਛੋਂ ਪੈਸੇ ਨਾ ਦੇਣਾ ਕਿਵੇਂ ਵੀ ਜਾਇਜ਼ ਨਹੀਂ ਕਿਹਾ ਜਾ ਸਕਦਾ। ਸਾਲ 2009 ਵਿਚ ਨਗਰ ਕੀਰਤਨ ਸਮੇਂ ਪ੍ਰਬੰਧਕਾਂ ਨੇ ਪੰਜਾਬ ਟਾਈਮਜ਼ ਵਿਚ ਇਸ਼ਤਿਹਾਰ ਛਪਵਾਏ, ਜਿਨ੍ਹਾਂ ਦੇ ਪੈਸੇ ਅਜ ਤਕ ਨਹੀ ਦਿਤੇ ਗਏ। ਇਸੇ ਤਰ੍ਹਾਂ ਕੈਲੀਫੋਰਨੀਆ ਦੇ ਬੇ-ਏਰੀਆ ਦੇ ਗੁਰਦੁਆਰਾ ਐਲ-ਸਬਰਾਂਟੇ ਦੇ ਪ੍ਰਬੰਧਕਾਂ ਨੇ ਕੀਤਾ ਹੈ। ਜੂਨ 2012 ਵਿਚ ਨਗਰ ਕੀਰਤਨ ਵੇਲੇ ਦੇ ਇਸ਼ਤਿਹਾਰਾਂ ਦੇ ਪੈਸੇ ਅਜ ਤਕ ਨਹੀ ਦਿਤੇ ਗਏ, ਕਿਉਂਕਿ ਉਥੇ ਨਵੇਂ ਪ੍ਰਬੰਧਕ ਆ ਗਏ।
ਗਦਰੀ ਬਾਬਿਆਂ ਵਲੋਂ ਅਮਰੀਕਾ ਵਿਚ ਸਥਾਪਤ ਕੀਤੇ ਗਏ ਪਹਿਲੇ ਗੁਰੂਘਰ ਦੇ ਪ੍ਰਬੰਧਕ ਵੀ ਇਸ ਪੱਖੋ ਕਿਸੇ ਤੋਂ ਪਿਛੇ ਨਹੀਂ ਰਹੇ। ਦੋ ਸਾਲ ਪਹਿਲਾਂ ਅਤੇ ਪਿਛਲੇ ਸਾਲ ਨਗਰ ਕੀਰਤਨ ਮੌਕੇ ਛਪਵਾਏ ਗਏ ਇਸ਼ਤਿਹਾਰਾਂ ਦੇ ਪੈਸੇ ਵਾਰ-ਵਾਰ ਕਹਿਣ ਦੇ ਬਾਵਜੂਦ ਅਜ ਤਕ ਨਹੀਂ ਦਿਤੇ ਗਏ। ਅਜੇ ਕੁਝ ਮਹੀਨੇ ਪਹਿਲਾਂ ਹੀ ਇਸ ਗੁਰੂਘਰ ਦਾ ਸੌ ਸਾਲਾ ਸਥਾਪਨਾ ਦਿਵਸ ਮਨਾਇਆ ਗਿਆ। ਗਦਰੀ ਬਾਬੇ ਹੱਕ-ਸੱਚ ਦੀ ਲੜਾਈ ਲੜੇ, ਸਵਾਲ ਹੈ ਕਿ ਕਿਸੇ ਅਖਬਾਰ ਦੇ ਜਾਇਜ਼ ਪੈਸੇ ਮਾਰ ਲੈਣਾ ਗਦਰੀ ਬਾਬਿਆਂ ਦੀ ਸੋਚ ‘ਤੇ ਕਿਸ ਤਰ੍ਹਾਂ ਦਾ ਪਹਿਰਾ ਹੈ? ਬਾਬੇ ਨਾਨਕ ਦਾ ਫੁਰਮਾਨ ਹੈ, ‘ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥’ ਕਿਸੇ ਦਾ ਹੱਕ ਮਾਰਨਾ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਪ੍ਰਤੀ ਕਿਸ ਕਿਸਮ ਦੀ ਨਿਸ਼ਠਾ ਹੈ? ਪ੍ਰਬੰਧਕ ਹੀ ਜਾਣਦੇ ਹੋਣਗੇ।
ਮੇਰੀ ਇਸ ਲਿਖਤ ਤੋਂ ਕੁਝ ਪ੍ਰਬੰਧਕ ਖਫ਼ਾ ਵੀ ਹੋਣਗੇ, ਅਖਬਾਰ ਵੀ ਚੁਕ ਕੇ ਸੁਟੇ ਜਾਣਗੇ, ਕੋਰਟ-ਕਚਹਿਰੀਆਂ ਦੇ ਡਰਾਵੇ ਵੀ ਦਿਤੇ ਜਾਣਗੇ, ਮੈਨੂੰ ਇਸ ਗੱਲ ਦਾ ਅਹਿਸਾਸ ਹੈ, ਪਰ ਇਹ ਗੱਲ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਕਰਨਾ ਮੇਰੀ ਇਖਲਾਕੀ ਜਿੰਮੇਵਾਰੀ ਸੀ। ਪੱਤਰਕਾਰੀ ਪਿਛਲੇ ਕਰੀਬ 35 ਸਾਲ ਤੋਂ ਮੇਰਾ ਪੇਸ਼ਾ ਹੈ। ਆਪਣੀ ਨਹੀਂ, ਪਾਠਕਾਂ ਦੀ ਹੀ ਗੱਲ ਕਰਦਾ ਹਾਂ, ਜੋ ਕਹਿੰਦੇ ਹਨ ਕਿ ਪੰਜਾਬ ਟਾਈਮਜ਼ ਮਿਆਰ ਪੱਖੋਂ ਅਮਰੀਕਾ-ਕੈਨੇਡਾ ਦੇ ਸਭ ਪੰਜਾਬੀ ਅਖਬਾਰਾਂ ਵਿਚੋਂ ਅੱਵਲ ਹੈ। ਮੇਰੀ ਪਹੁੰਚ ਪੰਜਾਬੀ ਪਾਠਕਾਂ ਨੂੰ ਇਕ ਚੰਗਾ ਅਖਬਾਰ ਦੇਣਾ ਹੈ। ਮੈਂ ਅਖਬਾਰ ਕੋਈ ਪੈਸੇ ਕਮਾਉਣ ਲਈ ਨਹੀਂ ਕੱਢਦਾ, ਸਗੋਂ ਇਕ ਲਾਇਲਾਜ਼ ਅਤੇ ਬਹੁਤ ਹੀ ਘਾਤਕ ਰੋਗ (ਜਿਸ ਨੇ ਮੇਰਾ ਸਰੀਰ ਨਕਾਰਾ ਕਰ ਛਡਿਆ ਹੈ) ਨਾਲ ਲੜਾਈ ਲੜਦਿਆਂ ਮੇਰੇ ਲਈ ਆਪਣੇ-ਆਪ ਨੂੰ ਚੜ੍ਹਦੀ ਕਲਾ ਵਿਚ ਰਖਣ ਲਈ ਇਹ ਇਕ ਬਹੁਤ ਨਿੱਗਰ ਵਸੀਲਾ ਹੈ। ਅਜਿਹਾ ਕਰਦਿਆਂ ਮੈਂ ਸੱਚ ਪੁਛੋ ਤਾਂ ਆਪਣਾ ਖੂਨ ਬਾਲਦਾ ਹਾਂ। ਕਿਸੇ ਦੀ ਖੂਨ-ਪਸੀਨੇ ਦੀ ਕਮਾਈ ਨੂੰ ਦਬ ਲੈਣਾ ਕਿੰਨਾ ਕੁ ਜਾਇਜ਼ ਹੈ? ਇਹ ਅਸੀਂ ਪਾਠਕਾਂ ‘ਤੇ ਛਡਦੇ ਹਾਂ। (ਪੰਜਾਬ ਟਾਈਮਜ਼)

No comments: