Sunday, April 28, 2013

ਸ਼ਹੀਦ ਬਿਸ਼ਨ ਸਿੰਘ ਜਲੰਧਰ ਸ਼ਹਿਰ ਦੀ ਬਸਤੀ ਗੁਜ਼ਾਂ ਦਾ ਵਸਨੀਕ ਸੀ

ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦਾ ਇਕ ਸੁਨਹਿਰੀ ਕਾਂਡ ਗ਼ਦਰ ਪਾਰਟੀ (1914-15)--ਚਰੰਜੀ ਲਾਲ ਕੰਗਣੀਵਾਲ
ਭਾਈ ਬਿਸ਼ਨ ਸਿੰਘ ਨੂੰ ਖੁੱਲ੍ਹੇਆਮ ਫ਼ਾਂਸੀ ਲਾ ਕੇ ਸ਼ਹੀਦ ਕੀਤਾ ਗਿਆ 

20ਵੀਂ ਸਦੀ ਦੇ ਸ਼ੁਰੂ ਵਿਚ ਆਰਥਿਕ ਮੰਦਹਾਲੀ ਨੇ ਭਾਰਤੀਆਂ (ਖ਼ਾਸ ਕਰਕੇ ਪੰਜਾਬੀਆਂ) ਨੂੰ ਵਿਦੇਸ਼ਾਂ ਵਿਚ ਰੁਜ਼ਗਾਰ ਦੀ ਤਲਾਸ਼ ਕਰਨ ਲਈ ਮਜਬੂਰ ਕਰ ਦਿੱਤਾ ਸੀ। ਉਹ ਜ਼ਿਆਦਾਤਰ ਕੈਨੇਡਾ ਅਤੇ ਅਮਰੀਕਾ ਵੱਲ ਨੂੰ ਹੋ ਤੁਰੇ ਸਨ। ਗ਼ਦਰ ਲਹਿਰ ਦੀ ਸਥਾਪਨਾ ਦੇ ਕੈਨੇਡਾ ਤੇ ਅਮਰੀਕਾ ਦੋ ਵੱਡੇ ਤੇ ਮੁੱਢਲੇ ਕੇਂਦਰ ਸਨ। ਵਿਦੇਸ਼ਾਂ ਵਿਚ ਇਹ ਲੋਕ ਕਿਉਂ ਤੇ ਕਦੋਂ ਗਏ? ਇਹ ਸਵਾਲ ਅੰਗਰੇਜ਼ੀ ਸਰਕਾਰ ਦੀ ਸਥਾਪਨਾ ਤੋਂ ਬਾਅਦ ਉਸ ਦੇ ਸਮਾਜਿਕ-ਆਰਥਿਕ ਤਾਣੇ-ਬਾਣੇ ਵਿਚੋਂ ਪੈਦਾ ਹੋਈਆਂ ਉਲਝਣਾਂ ਸਨ, ਜਿਨ੍ਹਾਂ ਨੇ ਭਾਰਤੀਆਂ ਖ਼ਾਸ ਕਰਕੇ ਪੰਜਾਬੀਆਂ ਨੂੰ ਕੰਗਾਲੀ ਵੱਲ ਧੱਕ ਦਿੱਤਾ ਸੀ। ਪੇਂਡੂ ਨੌਜਵਾਨਾਂ ਕੋਲ ਅੰਗਰੇਜ਼ਾਂ ਦੀ ਫੌਜ ਵਿਚ ਭਰਤੀ ਹੋਣ ਤੋਂ ਬਿਨਾਂ ਰੁਜ਼ਗਾਰ ਦਾ ਹੋਰ ਕੋਈ ਜ਼ਰੀਆ ਨਹੀਂ ਸੀ। ਅੰਗਰੇਜ਼ਾਂ ਨੇ 1849 'ਚ ਪੰਜਾਬ 'ਤੇ ਕਾਬਜ਼ ਹੋ ਕੇ ਲੈਂਡ-ਸੈਟਲਮੈਂਟ ਅਤੇ ਮਾਮਲੇ ਦੀ ਨਕਦੀ ਵਸੂਲੀ, ਜੋ ਸ਼ੁਰੂ ਵਿਚ ਲੁਭਾਉਣੀ ਲੱਗਦੀ ਸੀ ਤੇ ਪਿੱਛੋਂ ਪੰਜਾਬੀਆਂ ਦੀ ਕੰਗਾਲੀ ਦਾ ਕਾਰਨ ਬਣ ਗਈ। ਮਾਮਲਾ ਤਾਰਨ ਅਤੇ ਹੋਰ ਲੋੜਾਂ ਪੂਰੀਆਂ ਕਰਨ ਲਈ ਕਿਸਾਨ ਉਧਾਰ ਚੁੱਕਦਾ-ਚੁੱਕਦਾ ਕਰਜ਼ੇ ਦੇ ਬੋਝ ਹੇਠ ਆਉਣ ਲੱਗ ਪਿਆ ਸੀ। ਉਗਰਾਹੀਆਂ ਤੇ ਮਜਬੂਰੀ ਵਸੂਲੀਆਂ ਲਈ ਅਦਾਲਤੀ ਡਿਗਰੀਆਂ ਨੇ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਸ਼ਾਹੂਕਾਰਾਂ ਦੇ ਹੱਥ ਫੜਾਉਣੀਆਂ ਸ਼ੁਰੂ ਕਰ ਕੀਤੀਆਂ। ਸੰਨ 1901 ਤੋਂ 1909 ਤੱਕ ਕਰੀਬ ਢਾਈ ਕਰੋੜ ਏਕੜ ਤੋਂ ਵੱਧ ਜ਼ਮੀਨ ਗਹਿਣੇ ਪੈ ਗਈ ਸੀ। ਕਿਸਾਨੀ 'ਤੇ ਆਸ਼ਰਿਤ ਦਸਤਕਾਰ ਤੇ ਪੇਂਡੂ ਮਜ਼ਦੂਰ ਦਿਨੋ-ਦਿਨ ਮੰਦਹਾਲੀ ਵਿਚ ਧਸਦੇ ਚਲੇ ਜਾਣ ਨਾਲ ਪੁਰਾਣਾ ਸਵੈ-ਨਿਰਭਰ ਪੇਂਡੂ-ਪ੍ਰਬੰਧ ਟੁੱਟਣਾ ਸ਼ੁਰੂ ਹੋ ਗਿਆ ਸੀ। ਇਸ ਸਰਮਾਏਦਾਰਾਨਾ ਪ੍ਰਬੰਧ ਵਿਚ ਹਟਵਾਣੀਆਂ, ਦਲਾਲਾਂ, ਠੇਦੇਕਾਰਾਂ ਤੇ ਸਨਅਤੀ ਮਜ਼ਦੂਰਾਂ ਦੀਆਂ ਨਵੀਆਂ ਜਮਾਤਾਂ ਪੈਦਾ ਹੋ ਗਈਆਂ ਸਨ। 1901 ਵਿਚ ḔḔਇੰਤਕਾਲ-ਅਰਾਜ਼ੀ'' ਕਾਨੂੰਨ ਲਾਗੂ ਕਰਨ ਨਾਲ ਕੋਈ ਫ਼ਰਕ ਨਾ ਪਿਆ, ਸਗੋਂ ਇਕ ਨਵੀਂ ਕਿਸਮ ਦੀ ਸ਼ਾਹੂਕਾਰੀ ਦਾ ਜਨਮ ਹੋ ਗਿਆ।
ਇਸ ਆਰਥਿਕ ਮੰਦਹਾਲੀ ਨਾਲ ਗਰੱਸੇ, ਥੁੜ੍ਹਾਂ ਮਾਰੇ ਕਿਸਾਨਾਂ ਦੇ ਪੁੱਤ ਆਪਣੀਆਂ ਗਰਜ਼ਾਂ ਲਈ ਅੰਗਰੇਜ਼ਾਂ ਵੱਲੋਂ ਵਿੱਢੀਆਂ ਲੜਾਈਆਂ ਵਿਚ 9 ਰੁਪਏ ਮਾਸਿਕ 'ਤੇ ਦਬਾ-ਦਬ ਭਰਤੀ ਹੋਣੇ ਸ਼ੁਰੂ ਹੋ ਗਏ ਸਨ। ਇਨ੍ਹਾਂ ਫੌਜੀਆਂ ਵਿਚੋਂ ਹੀ ਬਹੁਤੇ ਵਿਦੇਸ਼ਾਂ ਨੂੰ ਜਾਣ ਵਿਚ ਸਫ਼ਲ ਹੋਏ। ਵੈਨਕੂਵਰ ਪਹੁੰਚਣ ਲਈ ਉਸ ਸਮੇਂ 65 ਡਾਲਰ ਖਰਚ ਆਉਂਦਾ ਸੀ। ਵਿਦੇਸ਼ਾਂ ਵਿਚ ਜਾਣ ਵਾਲੇ ਦੂਜੇ ਲੋਕ ਜ਼ਮੀਨਾਂ ਵੇਚ ਕੇ ਜਾਂ ਗਿਰਵੀ ਕਰਕੇ ਅਮਰੀਕਾ, ਕੈਨੇਡਾ ਆਦਿ ਦੇਸ਼ਾਂ ਵਿਚ ਪੁੱਜ ਗਏ, ਜਿੱਥੇ 10-15 ਗੁਣਾਂ ਵੱਧ ਮਜ਼ਦੂਰੀ ਮਿਲ ਜਾਂਦੀ ਸੀ। ਸੰਨ 1912 ਤੱਕ ਵਿਦੇਸ਼ਾਂ ਵਿਚ ਜਾਣ ਵਾਲੇ ਭਾਰਤੀਆਂ ਦੀ ਗਿਣਤੀ 20,000 ਤੱਕ ਪੁੱਜ ਗਈ ਸੀ। ਇਨ੍ਹਾਂ ਵਿਚੋਂ 98 ਪ੍ਰਤੀਸ਼ਤ ਪੰਜਾਬੀਆਂ ਵਿਚੋਂ 75 ਪ੍ਰਤੀਸ਼ਤ ਸਾਬਕਾ ਫੌਜੀ ਸਨ। ਅਮਰੀਕਾ ਆਜ਼ਾਦ ਦੇਸ਼ ਸੀ, ਜਦ ਕਿ ਕੈਨੇਡਾ ਅੰਗਰੇਜ਼ੀ ਸਾਮਰਾਜ ਦੇ ਅਧੀਨ ਸੀ। ਇਨ੍ਹਾਂ ਪ੍ਰਵਾਸੀਆਂ ਨੇ ਸਖ਼ਤ ਮਿਹਨਤਾਂ ਕਰਕੇ ਆਪਣੇ ਆਪ ਨੂੰ ਖੁਸ਼ਹਾਲ ਤਾਂ ਕਰ ਲਿਆ ਸੀ, ਪਰ ਦੂਜੇ ਪਾਸੇ ਰੰਗ, ਨਸਲ ਦੇ ਭੇਦ-ਭਾਵ ਤੇ ਗੁਲਾਮ ਹੋਣ ਕਾਰਨ ਸਥਾਨਕ ਲੋਕ ਉਨ੍ਹਾਂ ਨੂੰ ਨਫ਼ਰਤ ਤੇ ਗੱਲ-ਗੱਲ 'ਤੇ ਹੱਤਕ ਕਰਦੇ ਸਨ। ਆਜ਼ਾਦ ਵਾਤਾਵਰਨ ਵਾਲੇ ਅਮਰੀਕਾ ਵਿਚ ਉਨ੍ਹਾਂ ਨੂੰ ਆਜ਼ਾਦੀ ਦਾ ਅਹਿਸਾਸ ਹੋਇਆ। ਉਹ ਵੱਖ-ਵੱਖ ਥਾਵਾਂ 'ਤੇ ਰਹਿੰਦੇ ਹੋਏ ਆਪਸ ਵਿਚ ਮਿਲਣ ਲਈ ਇਕੱਠੇ ਹੋਣ ਲੱਗ ਪਏ ਸਨ।
ਸੰਨ 1912 ਨੂੰ ਪੋਰਟਲੈਂਡ ਵਿਚ ਸੰਗਠਨ ਬਣਾਉਣ ਲਈ ਇਕ ਮੀਟਿੰਗ ਵਿਚ ਭਾਈ ਹਰਨਾਮ ਸਿੰਘ ਕੋਟਲਾ ਨੌਧ ਸਿੰਘ, ਬਰਿਡਵੈਲ ਤੋਂ ਪੰਡਤ ਕਾਂਸ਼ੀ ਰਾਮ, ਰਾਮ ਰੱਖਾ ਤੇ ਸੈਂਟਜਾਨ ਤੋਂ ਬਾਬਾ ਸੋਹਣ ਸਿੰਘ ਭਕਨਾ, ਭਾਈ ਊਧਮ ਸਿੰਘ ਕਸੇਲ ਅਤੇ ਮੋਨਾਰਿਕ ਸ਼ਾਅ-ਮਿੱਲ ਅਤੇ ਪੋਰਟਲੈਂਡ ਵਿਖੇ ਕੰਮ ਕਰਦੇ ਪੰਜਾਬੀ ਸ਼ਾਮਲ ਹੋਏ ਸਨ। ਇਸ ਮੀਟਿੰਗ ਵਿਚ Ḕਦਿ ਹਿੰਦੋਸਤਾਨੀ ਐਸੋਸੀਏਸ਼ਨ' ਦੀ ਸਥਾਪਨਾ ਕੀਤੀ ਗਈ। ਐਸੋਸੀਏਸ਼ਨ ਦੀ ਮੀਟਿੰਗ ਹਰ ਐਤਵਾਰ ਵਾਲੇ ਦਿਨ ਕੀਤੀ ਜਾਂਦੀ ਸੀ। ਇਨ੍ਹਾਂ ਦਿਨਾਂ ਵਿਚ ਜੀ ਡੀ ਕੁਮਾਰ (ਇਕ ਪੰਜਾਬੀ, ਜਿਹੜਾ ਰਾਵਲਪਿੰਡੀ ਜ਼ਿਲ੍ਹੇ ਦੇ ਬੰਨੂ ਦਾ ਰਹਿਣ ਵਾਲਾ ਸੀ), ਜੋ ਇਸ ਐਸੋਸੀਏਸ਼ਨ ਦਾ ਸਰਗਰਮ ਆਗੂ ਸੀ, ਦੇ ਬਿਮਾਰ ਹੋਣ ਕਰਕੇ ਉਸ ਦੀ ਥਾਂ ਲਾਲਾ ਠਾਕਰ ਦਾਸ ਧੂਰੀ ਜਥੇਬੰਦੀ ਵਿਚ ਆਏ ਤਾਂ ਉਸ ਦੀ ਸਲਾਹ 'ਤੇ ਲਾਲਾ ਹਰਦਿਆਲ ਨੂੰ ਕੈਲੇਫੋਰਨੀਆ ਤੋਂ ਬੁਲਾ ਕੇ ਐਸੋਸੀਏਸ਼ਨ ਦਾ ਕੰਮ ਉਸ ਨੂੰ ਸੌਂਪ ਦਿੱਤਾ ਗਿਆ। ਲਾਲ ਹਰਦਿਆਲ 25 ਮਾਰਚ 1913 ਨੂੰ ਭਾਈ ਪਰਮਾ ਨੰਦ ਨਾਲ ਸੈਂਟਜਾਨ ਆਇਆ ਤਾਂ ਪੰਡਤ ਕਾਂਸ਼ੀ ਰਾਮ ਨੇ ਆਪਣੇ ਟਿਕਾਣੇ 'ਤੇ ਰਾਤ ਨੂੰ ਸਾਰੇ ਭਾਰਤੀ ਕਾਮਿਆਂ ਨੂੰ ਉਨ੍ਹਾਂ ਦੇ ਵਿਚਾਰ ਜਾਣਨ ਲਈ ਇਕੱਠੇ ਕੀਤਾ। ਇਸ ਮੀਟਿੰਗ ਵਿਚ ਲਾਲਾ ਹਰਦਿਆਲ ਨੇ ਦੋ ਤਜਵੀਜ਼ਾਂ ਪੇਸ਼ ਕੀਤੀਆਂ। ਪਹਿਲੀ ਕਿ ਭਾਰਤ ਵਿਚੋਂ ਵਿਦਿਆਰਥੀਆਂ ਨੂੰ ਵਜ਼ੀਫੇ ਦੇ ਕੇ ਪੜ੍ਹਾਈ ਲਈ ਸੱਦਿਆ ਜਾਵੇ ਅਤੇ ਰਾਜਸੀ ਸਿਖਲਾਈ ਦੇ ਕੇ ਭਾਰਤ ਭੇਜਿਆ ਜਾਵੇ। ਦੂਜਾ ਕਿ ਭਾਰਤ ਦੀ ਆਜ਼ਾਦੀ ਲਈ ਕਮਰਕੱਸੇ ਕਰ ਲਏ ਜਾਣ ਅਤੇ ਇਨਕਲਾਬੀ ਲੀਹਾਂ 'ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇ।
ਦੋਨੋਂ ਮਤੇ ਪ੍ਰਵਾਨ ਕਰਕੇ ਮੀਟਿੰਗ ਹੇਠ ਲਿਖੇ ਨਤੀਜਿਆਂ 'ਤੇ ਪਹੁੰਚੀ : ḔḔਕਿ ਅੰਗਰੇਜ਼ੀ ਸਰਕਾਰ ਭਾਰਤੀ ਲੋਕਾਂ ਦੇ ਸਭ ਦੁੱਖਾਂ ਦਾ ਕਾਰਨ ਹੈ, ਇਸ ਲਈ ਹਥਿਆਰਬੰਦ ਕ੍ਰਾਂਤੀ ਕੀਤੀ ਜਾਵੇ ਤਾਂ ਕਿ ਹਰ ਭਾਰਤੀ ਧਰਮ, ਜਾਤ ਤੇ ਪਦਵੀ ਦੇ ਭਿੰਨ-ਭੇਦ ਤੋਂ ਮੁਕਤ ਹੋ ਕੇ ਸੁਤੰਤਰ ਅਤੇ ਸਮਾਨਤਾ ਮਾਣ ਸਕੇ।''
ਅੰਗਰੇਜ਼ਾਂ ਵੱਲੋਂ 1857 ਦੀ ਬਗਾਵਤ ਨੂੰ ਗ਼ਦਰ ਦਾ ਨਾਂ ਭਾਰਤੀਆਂ ਨੂੰ ਗ਼ਦਾਰ ਗਰਦਾਨਣ ਲਈ ਦਿੱਤਾ ਗਿਆ ਸੀ, ਪਰ ਹੁਣ ਨਵੇਂ ਅੰਦੋਲਨ ਦੇ ਨਾਂ ਨੂੰ ਅਪਣਾਉਣ ਦਾ ਨਿਸ਼ਚਾ ਕੀਤਾ ਗਿਆ ਅਤੇ ਇਸ ਨਾਂ 'ਤੇ ਅਖ਼ਬਾਰ ਸ਼ੁਰੂ ਕਰਨ ਦਾ ਫੈਸਲਾ ਹੋਇਆ। ਜਥੇਬੰਦੀ ਦਾ ਦਫ਼ਤਰ ਸਾਨਫ੍ਰਾਂਸਿਸਕੋ ਵਿਚ ਖੋਲ੍ਹਿਆ ਗਿਆ, ਜਿਸ ਦਾ ਨਾਂ Ḕਯੁਗਾਂਤਰ ਆਸ਼ਰਮ' ਰੱਖਿਆ ਗਿਆ। ਅਮਰੀਕਾ ਵਿਚ ਜਿੱਥੇ-ਜਿੱਥੇ ਵੀ ਭਾਰਤੀ ਰਹਿੰਦੇ ਸਨ, ਉਨ੍ਹਾਂ ਦੀਆਂ ਸਥਾਨਕ ਕਮੇਟੀਆਂ ਬਣਾਈਆਂ ਗਈਆਂ। ਇਨ੍ਹਾਂ ਇਕਾਈਆਂ ਦੀ ਸਥਾਪਨਾ ਤੋਂ ਪਿੱਛੋਂ 21 ਅਪ੍ਰੈਲ 1913 ਨੂੰ ਆਸਟੋਰੀਆ ਵਿਚ ਹੋਈ ਮੀਟਿੰਗ ਵਿਚ ਸਭ ਤੋਂ ਪਹਿਲਾਂ ਵਲੰਟੀਅਰਾਂ ਦੀ ਮੰਗ ਕੀਤੀ ਤਾਂ ਸ਼ ਕਰਤਾਰ ਸਿੰਘ ਸਰਾਭਾ ਨੇ ਤਨ, ਮਨ ਤੇ ਧਨ ਨਾਲ ਆਪਣੇ-ਆਪ ਨੂੰ ਪਾਰਟੀ ਲਈ ਪੇਸ਼ ਕੀਤਾ। ਨੌਂ ਹੋਰ ਵਲੰਟੀਅਰਾਂ ਨੇ ਆਪਣੇ-ਆਪ ਨੂੰ ਪੇਸ਼ ਕੀਤਾ। ਲਾਲ ਹਰਦਿਆਲ ਨੇ ਜਥੇਬੰਦੀ ਦਾ ਨਾਂ Ḕਹਿੰਦੀ ਐਸੋਸੀਏਸ਼ਨ' ਹੀ ਰੱਖਣ ਦਾ ਸੁਝਾਅ ਦਿੱਤਾ ਸੀ, ਜੋ ਪਾਸ ਹੋ ਗਿਆ। ਉਪਰੰਤ ਦਸ ਹੋਰ ਪ੍ਰੋਗਰਾਮਾਂ ਦੀਆਂ ਮੱਦਾਂ ਵੀ ਪਾਸ ਕੀਤੀਆਂ ਗਈਆਂ, ਜਿਨ੍ਹਾਂ ਵਿਚ ਵਿਸ਼ੇਸ਼ ਤੌਰ 'ਤੇ ਬਰਤਾਨਵੀ ਰਾਜ ਨੂੰ ਹਥਿਆਰਬੰਦ ਕ੍ਰਾਂਤੀ ਰਾਹੀਂ ਖਤਮ ਕਰਕੇ ਬਰਾਬਰਤਾ ਤੇ ਸੁਤੰਤਰਤਾ 'ਤੇ ਆਧਾਰਤ ਗਣਤੰਤਰ ਸਥਾਪਤ ਕਰਨਾ ਹੋਵੇਗਾ। ਐਸੋਸੀਏਸ਼ਨ ਦਾ ਇਕ ਸਪਤਾਹਿਕ Ḕਗ਼ਦਰ' ਅਖ਼ਬਾਰ ਪ੍ਰਕਾਸ਼ਿਤ ਕਰਨ ਅਤੇ ਪਾਰਟੀ ਵਿਚ ਧਾਰਮਿਕ ਵਿਚਾਰਾਂ ਦੀ ਕੋਈ ਥਾਂ ਨਾ ਰੱਖ ਕੇ ਧਰਮਾਂ ਨੂੰ ਨਿੱਜੀ ਮਾਮਲਾ ਸਮਝਿਆ ਜਾਵੇਗਾ। ਮੈਂਬਰਾਂ ਲਈ ਕੁਰਬਾਨੀਆਂ ਅਤੇ ਬੱਚਤ ਦੀ ਭਾਵਨਾ ਨਾਲ ਕੰਮ ਕਰਨਾ ਅਤੇ ਦਫ਼ਤਰ ਜਾਂ ਬਾਹਰ ਕੰਮ ਕਰਨ ਵਾਲੇ ਪਾਰਟੀ ਕਾਰਕੁੰਨਾਂ ਨੂੰ ਰੋਟੀ-ਕੱਪੜਾ ਹੀ ਦਿੱਤਾ ਜਾਵੇਗਾ, ਤਨਖਾਹ ਨਹੀਂ ਹੋਵੇਗੀ। ਐਸੋਸੀਏਸ਼ਨ ਦੀ ਕੇਂਦਰੀ ਕਮੇਟੀ ਦੀ ਚੋਣ ਹੇਠ ਲਿਖੇ ਅਨੁਸਾਰ ਕੀਤੀ ਗਈ : ਪ੍ਰਧਾਨ- ਬਾਬਾ ਸੋਹਣ ਸਿੰਘ ਭਕਨਾ, ਮੀਤ ਪ੍ਰਧਾਨ- ਭਾਈ ਕੇਸਰ ਸਿੰਘ ਠੱਠਗੜ੍ਹ, ਜਨਰਲ ਸਕੱਤਰ- ਲਾਲਾ ਹਰਦਿਆਲ, ਮੀਤ ਸਕੱਤਰ-ਲਾਲਾ ਠਾਕਰ ਦਾਸ ਧੂਰੀ ਅਤੇ ਖ਼ਜ਼ਾਨਚੀ ਪੰਡਤ ਕਾਂਸੀ ਰਾਮ ਮੜੌਲੀ। Ḕਗ਼ਦਰ' ਅਖ਼ਬਾਰ ਦਾ ਪਹਿਲਾ ਅੰਕ ਪਹਿਲੀ ਨਵੰਬਰ 1913 ਨੂੰ ਸਾਨਫ੍ਰਾਂਸਿਸਕੋ ਤੋਂ ਪ੍ਰਕਾਸ਼ਤ ਕੀਤਾ ਗਿਆ ਸੀ। Ḕਗ਼ਦਰ' ਸ਼ਬਦ ਦਾ ਪ੍ਰਯੋਗ ਆਸਾਨ ਸੀ, ਜਦਕਿ ਪੂਰਾ ਨਾਂ ਉਚਾਰਨਾ ਔਖਾ ਸੀ। Ḕਗ਼ਦਰ' ਅਖ਼ਬਾਰ ਦੀ ਪ੍ਰਸਿੱਧੀ ਕਾਰਨ ਪਾਰਟੀ ਦਾ ਨਾਂ ਗ਼ਦਰ ਪਾਰਟੀ ਆਖਿਆ ਜਾਣ ਲੱਗ ਪਿਆ ਸੀ। ਕੁਰਬਾਨੀ ਤੇ ਸ਼ਹੀਦੀ ਦੀ ਪ੍ਰੇਰਨਾ ਦੇਣ ਲਈ Ḕਗ਼ਦਰ' ਅਖ਼ਬਾਰ ਵਿੱਚ ਹੇਠ ਲਿਖਿਆ ਇਸ਼ਤਿਹਾਰ ਅਕਸਰ ਛਪਦਾ ਰਹਿੰਦਾ ਸੀ :
ਲੋੜ ਹੈ ਹਿੰਦੋਸਤਾਨ ਵਿੱਚ ਗ਼ਦਰ ਨੂੰ ਜਥੇਬੰਦ ਕਰਨ ਲਈ ਜੋਸ਼ੀਲੇ ਤੇ ਸੂਰਬੀਰ ਜਵਾਨਾਂ ਦੀ!
ਇਵਜ਼ਾਨਾ - ਮੌਤ, ਇਨਾਮ - ਸ਼ਹੀਦੀ, ਪੈਨਸ਼ਨ-ਸੁਤੰਤਰਤਾ 
ਪਾਰਟੀ ਦਾ ਇਕ ਮਹੱਤਵਪੂਰਨ ਕੇਂਦਰ ਹੋਲਟਵਿੱਲ ਵਿੱਚ ਬਾਬਾ ਜੁਆਲਾ ਸਿੰਘ ਠੱਠੀਆਂ ਦਾ ਫਾਰਮ ਸੀ, ਜਿਥੇ ਇਨਕਲਾਬੀ ਅਭਿਆਸ ਕੀਤੇ ਜਾਂਦੇ ਸਨ। ਬਾਬਾ ਹਰਨਾਮ ਸਿੰਘ ਦਾ ਇਸੇ ਫਾਰਮ ਵਿੱਚ ਬੰਬ ਦਾ ਤਜਰਬਾ ਕਰਨ ਸਮੇਂ ਹੱਥ ਉੱਡ ਗਿਆ ਸੀ। ਉਨ੍ਹਾਂ ਨੂੰ ਹਰਨਾਮ ਸਿੰਘ 'ਟੁੰਡੀਲਾਟ' ਕਰਕੇ ਵਧੇਰੇ ਯਾਦ ਕੀਤਾ ਜਾਂਦਾ ਸੀ। ਪਹਿਲਾ ਸੰਸਾਰ ਯੁੱਧ ਅਚਾਨਕ ਸ਼ੁਰੂ ਹੋ ਜਾਣ ਕਰਕੇ ਗ਼ਦਰੀਆਂ ਨੇ ਅੰਗਰੇਜ਼ਾਂ ਨੂੰ ਸੱਟ ਮਾਰਨ ਲਈ ਯੋਗ ਸਮਾਂ ਸਮਝ ਕੇ ਭਾਰਤ ਨੂੰ ਆਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਜਿਸ ਵੀ ਵਸੀਲੇ ਨਾਲ ਪੁੱਜ ਸਕਦੇ ਹਨ, ਪੁੱਜ ਜਾਣ। ਹਿੰਦੋਸਤਾਨ ਵਿੱਚ ਅੰਗਰੇਜ਼ਾਂ ਵਿਰੁੱਧ ਹਥਿਆਰਬੰਦ ਬਗਾਵਤ ਲਈ ਫੌਜਾਂ ਵਿੱਚ ਆਪਣੇ ਫੌਜੀ ਭਰਾਵਾਂ ਨੂੰ ਸਮਝਾ ਕੇ ਇਸ ਧਰਮ ਯੁੱਧ ਵਿੱਚ ਸ਼ਾਮਲ ਕਰਨ। ਸ਼ੰਘਾਈ, ਹਾਂਗਕਾਂਗ, ਫਿਲਪਾਈਨ, ਸਿਆਮ, ਪਨਾਮਾ, ਸਿੰਘਾਪੁਰ, ਬਰਮਾ ਤੇ ਪੂਰਬੀ ਅਫਰੀਕਾ ਆਦਿ ਜਿੱਥੇ ਵੀ ਪੰਜਾਬੀ ਵਸਦੇ ਸਨ, ਉਨ੍ਹਾਂ ਨੂੰ ਸੰਦੇਸ਼ ਭੇਜਿਆ ਗਿਆ।
ਗ਼ਦਰੀਆਂ ਨੇ ਭਾਰਤ ਪੁੱਜ ਕੇ 84 ਨੰਬਰ ਪਿਸ਼ਾਵਰ, 35 ਨੰਬਰ ਸਿੱਖ ਰੈਜ਼ਮੈਂਟ ਰਾਵਲਪਿੰਡੀ, ਜਿਹਲਮ, 23 ਨੰਬਰ ਰਸਾਲਾ ਲਾਹੌਰ, 26 ਨੰਬਰ ਫਿਰੋਜ਼ਪੁਰ, 9 ਨੰਬਰ ਰਸਾਲਾ ਅੰਬਾਲਾ ਅਤੇ 12 ਨੰਬਰ ਰਸਾਲਾ ਮੇਰਠ ਛਾਉਣੀ ਆਦਿ ਪਲਟਨਾਂ ਵਿੱਚ ਫੌਜੀਆਂ ਨੂੰ ਪ੍ਰੇਰ ਕੇ ਗ਼ਦਰ ਵਿੱਚ ਸ਼ਾਮਲ ਹੋਣ ਲਈ ਤਿਆਰ ਕੀਤਾ। ਪਿੰਡਾਂ ਵਿੱਚ ਗੁਪਤ ਮੀਟਿੰਗਾਂ ਕਰਕੇ ਲੋਕਾਂ ਨੂੰ ਪ੍ਰੇਰਨਾ ਕੀਤੀ ਗਈ ਸੀ। ਇਨਕਲਾਬ ਕਰਨ ਦੀ ਤਾਰੀਖ 21 ਫਰਵਰੀ 1915 ਰੱਖੀ ਗਈ ਸੀ, ਜੋ ਬਦਲ ਕੇ 19 ਫਰਵਰੀ ਕਰ ਦਿੱਤੀ ਸੀ। ਪ੍ਰਵਾਸੀ ਦੇਸ਼-ਭਗਤਾਂ ਤੋਂ ਬਿਨਾਂ ਦੇਸ਼ ਅੰਦਰ ਅੰਗਰੇਜ਼ੀ ਸਰਕਾਰ ਵਿਰੁੱਧ ਭਾਈ ਰਣਧੀਰ ਸਿੰਘ ਅਤੇ ਭਾਈ ਕਰਮ ਸਿੰਘ ਕੋਟਲਾ ਅਜਨੇਰ ਆਦਿ ਪਹਿਲਾਂ ਹੀ ਨਿੱਤਰੇ ਹੋਏ ਸਨ, ਜਿਨ੍ਹਾਂ ਨੇ ਪਿੰਡਾਂ ਵਿੱਚ ਦੀਵਾਨ ਕਰਕੇ 200 ਨੌਜਵਾਨ ਗ਼ਦਰ ਵਿੱਚ ਹਿੱਸਾ ਲੈਣ ਲਈ ਤਿਆਰ ਕੀਤੇ ਸਨ। 'ਗ਼ਦਰ ਗੂੰਜ', 'ਗ਼ਦਰ ਸੰਦੇਸ਼' ਤੇ 'ਐਲਾਨੇ-ਜੰਗ' ਨਾਵਾਂ ਹੇਠ ਕਿਤਾਬਚੇ ਛਪਣ ਨਾਲ ਲਹਿਰ ਪ੍ਰਚੰਡ ਹੋ ਗਈ ਸੀ। 27 ਨਵੰਬਰ 1914 ਨੂੰ ਇਕ ਗੁਪਤ ਮੀਟਿੰਗ ਵਿੱਚ ਵਿਚਾਰ ਕੀਤੀ ਗਈ ਕਿ ਪਾਰਟੀ ਕੋਲ ਸੂਰਮੇ ਤਾਂ ਹਨ, ਹਥਿਆਰਾਂ ਦੀ ਘਾਟ ਹੈ, ਜਿਸ ਨੂੰ ਪੂਰਾ ਕਰਨ ਲਈ ਹਥਿਆਰ ਲੁੱਟਣ ਦਾ ਪ੍ਰੋਗਰਾਮ ਬਣਾਇਆ ਗਿਆ, ਜਿਸ ਦੇ ਤਹਿਤ ਸਿਰਹਾਲੀ ਕਲਾਂ, ਬੱਲ੍ਹਾ ਬ੍ਰਿਜ (ਅੰਮ੍ਰਿਤਸਰ), ਸਾਡੂਵਾਲ (ਲੁਧਿਆਣਾ) ਉਪਰ ਤਾਇਨਾਤ ਪੁਲਿਸ ਵਾਲਿਆਂ ਤੋਂ ਹਥਿਆਰ ਖੋਹਣ ਅਤੇ ਥਾਣਿਆਂ 'ਤੇ ਐਕਸ਼ਨ ਕੀਤੇ ਗਏ, ਪ੍ਰੰਤੂ ਸਿਵਾਏ ਬੱਲ੍ਹਾ ਬ੍ਰਿਜ ਦੇ ਕਿਤਿਉਂ ਕਾਮਯਾਬੀ ਨਾ ਮਿਲੀ। 19 ਫਰਵਰੀ 1915 ਨੂੰ ਬਗਾਵਤ ਕਰਨ ਦੇ ਉਦੇਸ਼ ਨਾਲ ਫਿਰੋਜ਼ਪੁਰ ਛਾਉਣੀ ਪਹੁੰਚਣ ਤੋਂ ਪਹਿਲਾਂ ਹੀ ਸਰਕਾਰ ਨੇ ਫੌਜੀਆਂ ਤੋਂ ਹਥਿਆਰ ਖੋਹ ਕੇ ਗ਼ਦਰੀਆਂ ਨੂੰ ਫੜਨ ਲਈ ਪੁਲਿਸ ਚੌਕਸ ਕਰ ਦਿੱਤੀ ਸੀ। ਇਸੇ ਤਰ੍ਹਾਂ ਹੀ ਮੀਆਂ ਮੀਰ (ਲਾਹੌਰ) ਦੀ ਛਾਉਣੀ ਵਿੱਚ ਵਾਪਰਿਆ। ਚੱਬੇ ਪਿੰਡ ਦੀ ਘਟਨਾ ਨੇ ਪਾਰਟੀ ਨੂੰ ਬਹੁਤ ਨੁਕਸਾਨ ਪਹੁੰਚਾਇਆ। ਨਵਾਬ ਖ਼ਾਨ ਹਲਵਾਰਾ ਤੇ ਕ੍ਰਿਪਾਲ ਸਿੰਘ ਜਿਹੇ ਗ਼ਦਾਰਾਂ ਰਾਹੀਂ ਸਾਰੀ ਯੋਜਨਾ ਦਾ ਸਰਕਾਰ ਨੂੰ ਭੇਦ ਮਿਲ ਗਿਆ ਤਾਂ ਧੜਾਧੜ ਗ੍ਰਿਫ਼ਤਾਰੀਆਂ ਕਰਕੇ ਸਰਕਾਰ ਨੇ ਦੇਸ਼-ਭਗਤਾਂ ਉਪਰ ਮੁਕੱਦਮੇ ਚਲਾ ਕੇ ਫਾਂਸੀਆਂ, ਉਮਰ ਕੈਦਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਸੀ। ਈਸਟ ਅਫਰੀਕਾ ਦੇ ਕੀਨੀਆਂ ਵਿੱਚ ਸ਼ਹੀਦ ਬਿਸ਼ਨ ਸਿੰਘ, ਸ੍ਰੀ ਰਾਮ ਚੰਦ, ਸ੍ਰੀ ਕੇਸਵ ਲਾਲ, ਐਮ ਐਨ ਸਾਵਲੇ, ਸ੍ਰੀ ਲਾਲ ਚੰਦ ਵੱਲੋਂ ਗ਼ਦਰ ਪਾਰਟੀ ਦੇ ਪ੍ਰਭਾਵ ਹੇਠ ਅੰਗਰੇਜ਼ਾਂ ਵਿਰੁੱਧ ਕੀਤੀਆਂ ਇਨਕਲਾਬੀ ਕਾਰਵਾਈਆਂ ਕਰਕੇ ਭਾਈ ਬਿਸ਼ਨ ਸਿੰਘ ਨੂੰ 6 ਦਸੰਬਰ 1915 ਨੂੰ ਖੁੱਲ੍ਹੇਆਮ ਫ਼ਾਂਸੀ ਲਾ ਕੇ ਸ਼ਹੀਦ ਕੀਤਾ ਗਿਆ ਸੀ। ਉਸ ਦੇ ਬਾਕੀ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ ਸੀ। ਸ਼ਹੀਦ ਬਿਸ਼ਨ ਸਿੰਘ ਜਲੰਧਰ ਸ਼ਹਿਰ ਦੀ ਬਸਤੀ ਗੁਜ਼ਾਂ ਦਾ ਵਸਨੀਕ ਸੀ। ਈਸਟ ਅਫਰੀਕਾ ਦਾ ਇਹ ਕਾਂਡ ਅੱਜ ਤੱਕ ਵੀ ਇਤਿਹਾਸਕਾਰਾਂ ਦੀ ਗ੍ਰਿਫਤ 'ਚੋਂ ਬਾਹਰ ਹੈ।
ਉਪਲਬਧ ਵੇਰਵਿਆਂ ਅਨੁਸਾਰ 8000 ਪ੍ਰਵਾਸੀ ਗ਼ਦਰ ਪਾਰਟੀ ਦੇ ਸੱਦੇ ਉਤੇ ਭਾਰਤ ਆਏ ਸਨ, ਜਿਨ੍ਹਾਂ ਵਿੱਚੋਂ 166 ਫ਼ਾਂਸੀ ਜਾਂ ਜੇਲ੍ਹਾਂ ਦੇ ਤਸੀਹਿਆਂ ਨਾਲ ਸ਼ਹੀਦ ਹੋ ਗਏ। ਉਮਰ ਕੈਦ ਜਾਂ ਘੱਟ ਸਜ਼ਾ ਵਾਲੇ 765 ਗ਼ਦਰੀ ਸਨ। ਫਰਾਰ ਹੋਣ ਵਾਲੇ ਪੁਲਿਸ ਦਾ ਸਾਹਮਣਾ ਕਰਨ ਵਾਲੇ ਅਨੇਕਾਂ ਅਜਿਹੇ ਸੂਰਬੀਰ ਹਨ, ਜਿਨ੍ਹਾਂ ਦਾ ਖੁਰਾ-ਖੋਜ ਲੱਭਣਾ ਬਾਕੀ ਹੈ।

(ਲੇਖਕ ਗ਼ਦਰ ਪਾਰਟੀ ਦੇਸ਼-ਭਗਤ ਯਾਦਗਾਰ ਹਾਲ, ਜਲੰਧਰ ਵਿੱਚ ਉੱਘਾ ਖੋਜੀ ਵਿਦਵਾਨ ਹੈ।)

No comments: