Friday, April 19, 2013

ਲੁਧਿਆਣਾ ਵਿਖੇ ਦੋ-ਰੋਜ਼ਾ ਪੰਜਾਬੀ ਕਵਿਤਾ ਮੇਲਾ ਅੱਜ ਤੋਂ

ਕਵਿਤਾ ਪ੍ਰੇਮੀਆਂ ਨੂੰ ਸ਼ਾਮਲ ਹੋਣ ਦਾ ਖੁੱਲਾ ਸੱਦਾ
ਲੁਧਿਆਣਾ : 18 ਅਪ੍ਰੈਲ : (*ਜਸਵੰਤ ਜ਼ਫ਼ਰ)ਸਾਹਿਤ ਅਤੇ ਚਿੰਤਨ ਨੂੰ ਸਮਰਪਿਤ ਆਦਾਰਾ ਸ਼ਬਦਲੋਕ ਲੁਧਿਆਣਾ ਵਲੋਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਭਰਵੇਂ ਸਹਿਯੋਗ ਨਾਲ ਵਿਲੱਖਣ ਕਿਸਮ ਦਾ ਦੋ ਰੋਜ਼ਾ ਪੰਜਾਬੀ ਕਵਿਤਾ ਮੇਲਾ -2013 ਮਿਤੀ 19 ਅਤੇ 20 ਅਪ੍ਰੈਲ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤਾ ਜਾ ਰਿਹਾ ਹੈ। ਪੰਜਾਬੀ ਸਾਹਿਤ ਅਕਾਡਮੀ ਦੇ ਸਕੱਤਰ ਅਤੇ ਸ਼ਬਦਲੋਕ ਦੇੇ ਜਨਰਲ ਸਕੱਤਰ ਕਵੀ ਜਸਵੰਤ ਜ਼ਫ਼ਰ ਨੇ ਦਸਿਆ ਕਿ ਜਿੱਥੇ ਦੇਸ਼ ਵਿਦੇਸ਼ ਤੋਂ 100 ਦੇ ਕਰੀਬ ਕਵਿਤਾ ਨਾਲ ਸਬੰਧਿਤ ਵਿਦਵਾਨ ਅਤੇ ਸਥਾਪਿਤ ਕਵੀ ਭਾਗ ਲੈਣਗੇ ਉਥੇ ਅਨੇਕਾਂ ਪੁੰਗਰਦੇ ਕਵੀ ਆਪਣੀਆਂ ਰਚਨਾਵਾਂ ਸਾਂਝੀਆਂ ਕਰਨਗੇ। ਇਸ ਵਿਚ ਪਿਛਲੇ ਸਮੇਂ ਵਿਚ ਪ੍ਰਕਾਸ਼ਿਤ ਹੋਈਆਂ ਕਵਿਤਾ ਦੀਆਂ ਕਿਤਾਬਾਂ ਵਿਚੋਂ ਇਨਾਂ ਦੇ ਕਵੀ ਚੋਣਵੀਆਂ ਕਵਿਤਾਵਾਂ ਪੇਸ਼ ਕਰਨਗੇ। ਵਿਦਵਾਨ ਇਨਾਂ ਰਚਨਾਵਾਂ ’ਤੇ ਵਿਚਾਰ ਚਰਚਾ ਕਰਨਗੇ। ਕਵਿਤਾ ਨਾਲ ਸਬੰਧਿਤ ਸਕਰੀਨ ਸ਼ੋਅ ਅਤੇ ਖੁੱਲੇ ਕਵੀ ਦਰਬਾਰ ਹੋਣਗੇ। ਪੁਰਾਤਨ ਅਤੇ ਕਲਾਸੀਕਲ ਪੰਜਾਬੀ ਸ਼ਾਇਰੀ ਦੀ ਗਾਇਕੀ ਦਾ ਵਿਸ਼ੇਸ਼ ਪ੍ਰੋਗ੍ਰਾਮ ਹੋਵੇਗਾ। ਉਨਾਂ ਕਿਹਾ ਕਿ ਇਸ ਮੇਲੇ ਦਾ ਉਦੇਸ਼ ਪੰਜਾਬ ਵਿਚ ਪੰਜਾਬੀ ਕਵਿਤਾ ਦੀ ਇਕ ਲਹਿਰ ਪੈਦਾ ਕਰਨਾ ਹੈ।
ਇਸ ਮੇਲੇ ਦਾ ਰਸਮੀ ਉਦਘਾਟਨ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ. ਸਰਵਨ ਸਿੰਘ ਫਿਲੌਰ ਕਰਨਗੇ। ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਪਦਮਸ੍ਰੀ ਡਾ. ਸੁਰਜੀਤ ਪਾਤਰ ਕਰਨਗੇ ਅਤੇ ਮੁੱਖ ਭਾਸ਼ਨ ਉੱਘੇ ਵਿਦਵਾਨ ਡਾ. ਜਗਜੀਤ ਸਿੰਘ ਦੇਣਗੇ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਪੋ੍ਰ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬੀ ਭਵਨ ਵਿਚ ਪਹਿਲੀ ਵਾਰ ਆਉਣ ਵਾਲੇ ਨੌਜਵਾਨ ਕਵੀਆਂ ਨੂੰ ਅਕਾਡਮੀ ਵਲੋਂ ਇਸ ਮੇਲੇ ਨਾਲ ਸਬੰਧਿਤ ਵਿਸ਼ੇਸ਼ ਯਾਦ-ਚਿੰਨ ਦਿੱਤੇ ਜਾਣਗੇ। ਉਨਾਂ ਕਿਹਾ ਕਿ ਇਸ ਮੇਲੇ ਦੌਰਾਨ ਕਵੀਆਂ ਦੀ ਨਵੀਂ ਅਤੇ ਪੁਰਾਣੀ ਪੀੜੀ ਨੂੰ ਇਕ ਦੂਜੇ ਦੇ ਰੂਬਰੂ ਹੋਣ ਦਾ ਅਤੇ ਜਾਣਨ ਦਾ ਮੌਕਾ ਮਿਲੇਗਾ। ਉਨਾਂ ਕਿਹਾ ਕਿ ਅਜਿਹੇ ਯਤਨਾਂ ਨਾਲ ਪੰਜਾਬੀ ਸ਼ਬਦ ਸਭਿਆਚਾਰ ਨੂੰ ਸੰਚਾਰਿਆ ਅਤੇ ਪਸਾਰਿਆ ਜਾ ਸਕਦਾ ਹੈ। ਇਸ ਮੇਲੇ ਵਿਚ ਸਥਾਨਕ ਕਵੀਆਂ ਤੇ ਵਿਦਵਾਨਾ ਤੋਂ ਇਲਾਵਾ ਜਪਾਨ ਤੋਂ ਕਵੀ ਪਰਮਿੰਦਰ ਸੋਢੀ, ਦਿੱਲੀ ਤੋਂ ਡਾ. ਮੋਹਨਜੀਤ, ਡਾ. ਕੁਲਬੀਰ ਅਤੇ ਡਾ. ਜਗਬੀਰ ਸਿੰਘ, ਹਰਿਆਣਾ ਤੋਂ ਡਾ. ਰਮੇਸ਼ ਕੁਮਾਰ, ਡਾ. ਪਾਲ ਕੌਰ ਅਤੇ ਡਾ. ਨਰਿੰਦਰਪਾਲ ਸਿੰਘ, ਅੰਮਿ੍ਰਤਸਰ ਤੋਂ ਸ੍ਰੀ ਪ੍ਰਮਿੰਦਰਜੀਤ ਅਤੇ ਡਾ. ਅਮਰੀਸ਼, ਫਿਰੋਜ਼ਪੁਰ ਤੋਂ ਗੁਰਤੇਜ ਕੁਹਾਰਵਾਲਾ ਅਤੇ ਅਨਿਲ ਆਦਮ, ਫਰੀਦਕੋਟ ਤੋਂ ਵਿਜੇ ਵਿਵੇਕ, ਚੰਡੀਗੜ ਤੋਂ ਗੁਰਦੇਵ ਚੌਹਾਨ, ਡਾ. ਸਰਬਜੀਤ ਸਿੰਘ, ਡਾ. ਸੁਖਦੇਵ ਸਿੰਘ, ਡਾ. ਗੁਰਮਿੰਦਰ ਸਿੱਧੂ, ਡਾ. ਯੋਗਰਾਜ, ਲਾਭ ਸਿੰਘ ਖੀਵਾ ਅਤੇ ਜੈਪਾਲ, ਬਟਾਲਾ ਤੋਂ ਡਾ. ਅਨੂਪ ਸਿੰਘ ਅਤੇ ਡਾ. ਰਵਿੰਦਰ, ਮਾਨਸਾ ਤੋਂ ਗੁਰਪ੍ਰੀਤ ਅਤੇ ਮਹਾਂਦੇਵ ਲਿੱਪੀ, ਖੰਨਾ ਤੋਂ ਬਲਵਿੰਦਰ ਗਰੇਵਾਲ ਅਤੇ ਡਾ. ਹਰਪਾਲ ਸਿੰਘ ਭੱਟੀ, ਜਲੰਧਰ ਤੋਂ ਸਿਮਰਨਜੋਤ ਮਾਨ, ਜਗਵਿੰਦਰ ਜੋਧਾ, ਮਾਲੇਰਕੋਟਲੇ ਤੋਂ ਡਾ. ਸ. ਤਰਸੇਮ, ਪਟਿਆਲਾ ਤੋਂ ਸੇਵਾ ਸਿੰਘ ਭਾਸ਼ੋ, ਬਲਵਿੰਦਰ ਸੰਧੂ, ਡਾ. ਸੁਰਜੀਤ ਸਿੰਘ, ਬਰਨਾਲੇ ਤੋਂ ਤਰਸੇਮ ਅਤੇ ਸੁਰਿੰਦਰ ਭੱਠਲ ਸਮੇਤ ਪੰਜਾਬੀ ਕਵਿਤਾ ਨਾਲ ਜੁੜੀਆਂ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਆਪਣੀ ਸ਼ਮੂਲੀਅਤ ਦੀ ਪੁਸ਼ਟੀ ਕਰ ਦਿੱਤੀ ਹੈ। ਵਿਦੇਸ਼ਾਂ ਵਿਚ ਵੱਸਦੇ ਜਾਂ ਪੰਜਾਬੋਂ ਦੂਰ ਗਏ ਹੋਏ ਕਵੀਆਂ ਦੀਆਂ ਨਵੀਆਂ ਛਪੀਆਂ ਕਿਤਾਬਾਂ ਨਾਲ ਸਬੰਧਿਤ ਇਕ ਵਿਸ਼ੇਸ਼ ਵਿਚਾਰ ਗੋਸ਼ਟੀ ਹੋਵੇਗੀ। ਇਸ ਵਿਚ ਨਵਤੇਜ ਭਾਰਤੀ, ਮਨਮੋਹਨ, ਜਸਵੰਤ ਦੀਦ, ਕਮਲ ਦੇਵ ਪਾਲ, ਪਰਦੀਪ, ਰਾਣਾ ਰਣਦੀਪ ਅਤੇ ਜਗਜੀਤ ਸੰਧੂ ਦੀਆਂ ਕਿਤਾਬਾਂ ਦੀ ਸ਼ਾਇਰੀ ਬਾਰੇ ਚਰਚਾ ਹੋਵੇਗੀ। ਕਵੀ ਦਰਬਾਰਾਂ ਵਿਚ ਸਥਾਪਿਤ ਸ਼ਾਇਰਾਂ ਦੇ ਨਾਲ ਨਾਲ ਬਿਲਕੁਲ ਨਵੇਂ ਨਕੋਰ ਸ਼ਾਇਰ ਵੀ ਆਪਣਾ ਕਲਾਮ ਸਾਂਝਾ ਕਰ ਸਕਣਗੇ। ਮੇਲੇ ਦੌਰਾਨ ਚਿੱਤਰਕਾਰ ਬਲਵਿੰਦਰ ਸ਼ੈਲੀ ਅਤੇ ਸੁਖਵਿੰਦਰ ਲੋਟੇ ਵਲੋਂ ਪੰਜਾਬੀ ਸ਼ਾਇਰੀ ਨਾਲ ਸਬੰਧਿਤ ਆਪਣੀਆਂ ਵਿਸ਼ੇਸ਼ ਕਲਾ-�ਿਤਾਂ ਦੀਆਂ ਨੁਮਾਇਸ਼ਾਂ ਲਗਾਈਆਂ ਜਾਣਗੀਆਂ।
19 ਅਪ੍ਰੈਲ ਸ਼ਾਮ ਨੂੰ ਸ਼ਾਸਤਰੀ ਗਾਇਨ ਦੇ ਉਸਤਾਦ ਸੰਤ ਸਤਨਾਮ ਸਿੰਘ ਕਿਸ਼ਨਪੁਰੇ ਵਾਲੇ ਵਿਰਾਸਤੀ ਪੰਜਾਬੀ ਸ਼ਾਇਰੀ ਦਾ ਗਾਇਨ ਪੇਸ਼ ਕਰਨਗੇ। ਉਨਾਂ ਦੀ ਸੰਗਤ ਵਿਚ ਸੰਸਾਰ ਪ੍ਰਸਿੱਧ ਤਬਲਾ ਵਾਦਕ ਜਨਾਬ ਅਕਰਮ ਖ਼ਾਨ ਆਪਣੀ ਵਾਦਨ ਕਲਾ ਦਾ ਮੁਜਾਹਰਾ ਕਰਨਗੇ। ਦੇਸ਼ ਵਿਦੇਸ਼ ਦੇ ਬਹੁਤ ਸਾਰੇ ਰੇਡੀਓ ਚੈਨਲ ਇਸ ਪ੍ਰੋਗ੍ਰਾਮ ਦਾ ਇੰਟਰਨੈੱਟ ਰਾਹੀਂ ਨਾਲੋ ਨਾਲ ਪ੍ਰਸਾਰਨ ਕਰਨਗੇ। ਇਸ ਮੇਲੇ ਵਿਚ ਪੰਜਾਬੀ ਦੇ ਹਰ ਕਵੀ ਦਾ ਸੁਆਗਤ ਹੈ ਅਤੇ ਕਵਿਤਾ ਪ੍ਰੇਮੀਆਂ ਨੂੰ ਸ਼ਾਮਲ ਹੋਣ ਦਾ ਖੁੱਲਾ ਸੱਦਾ ਹੈ।

*ਜਸਵੰਤ ਜ਼ਫ਼ਰ ਉਘੇ ਕਾਰਟੂਨਿਸਟ, ਦਿਲ ਨੂੰ ਹਲੂਣਾ ਦੇਣ ਵਾਲੇ ਸ਼ਾਇਰ, ਗੁਰਬਾਣੀ ਨਾਲ ਜੁੜੇ ਹੋਏ ਚਿੰਤਕ ਅਤੇ ਇਸ ਮੇਲੇ ਦੇ ਕਨਵੀਨਰ ਹਨ 


ਲੁਧਿਆਣਾ ਵਿਖੇ ਦੋ-ਰੋਜ਼ਾ ਪੰਜਾਬੀ ਕਵਿਤਾ ਮੇਲਾ ਅੱਜ ਤੋਂNo comments: