Wednesday, April 17, 2013

ਗੁਰੂ ਕਾ ਸਿੱਖ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ

ਕਿਉਂ ਨਾ ਅੱਜ ਹੀ ਜਾਗੀਏ ਤੇ ਸਰਕਾਰ ਨੂੰ ਇਸ ਸਿਆਸੀ ਕਤਲ ਕਰਨ ਤੋਂ ਰੋਕੀਏ
ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਾ ਨਾਮ ਪੜ੍ਹ-ਸੁਣ ਕੇ ਇਕ ਛੋਟੇ ਜਿਹੇ ਕੱਦ ਵਾਲੇ ਵਿਅਕਤੀ ਦਾ ਭਰਵੀਂ ਦਾਹੜੀ ਵਾਲ ਰੂਹਾਨੀ ਚੇਹਰਾ ਸਾਹਮਣੇ ਆ ਜਾਂਦਾ ਹੈ ਜਿਸਦੀਆਂ ਅੱਖਾਂ ਵਿਚ ਸਰਬੱਤ ਦੇ ਭਲੇ ਲਈ ਸੰਘਰਸ਼ ਦਾ ਜਲਾਲ ਤੇ ਮੁੱਖ ਵਿਚ ਮਿੱਠੀ ਬਾਣੀ ਹੋਵੇ।ਜੇਲ੍ਹ ਕਰਮਚਾਰੀ ਪ੍ਰੋ. ਭੁੱਲਰ ਨੂੰ ਬਾਬਾ ਜੀ ਕਹਿ ਕੇ ਸੰਬੋਧਤ ਹੁੰਦੇ ਹਨ ਅਤੇ ਜਦੋਂ ਵੀ ਕੋਈ ਜੇਲ੍ਹ ਕਰਮਚਾਰੀ ਜੋ ਪ੍ਰੋ. ਭੁੱਲਰ ਦੀ ਸੇਵਾ ਵਿਚ ਰਿਹਾ ਹੋਵੇ ਮਿਲਦਾ ਹੈ ਤਾਂ ਉਹ ਉਹਨਾਂ ਦੇ ਗੁਣ-ਗਾਣ ਗਾਉਂਦਾ ਥੱਕਦਾ ਨਹੀਂ ਕਿ ਵੋਹ ਤੋਂ ਬਹੁਤ ਭਲੇ ਹੈ, ਸਹੀ ਰੂਪ ਮੇਂ ਸੰਤ ਹੈ ਵੋਹ, ਕਭੀ ਕਿਸੀ ਕੋ ਬੁਰਾ ਨਹੀਂ ਬੋਲਤੇ ਔਰ ਹਮੇਸ਼ਾ ਗੁਰਬਾਣੀ ਪੜ੍ਹਤੇ ਰਹਿਤੇ ਹੈ।... ਕਈਆਂ ਦਾ ਤਾਂ ਕਹਿਣਾ ਹੈ ਕਿ ਉਹ ਲਗਾਤਾਰ 20-20 ਘੰਟੇ ਸਿਮਰਨ ਕਰਦੇ ਰਹੇ ਹਨ।

ਸੁਮੇਧ ਸੈਣੀ ਇਰਾਦਾ ਕਤਲ ਕੇਸ ਵਿਚ ਜਦੋਂ ਪ੍ਰੋ. ਭੁੱਲਰ ਨੂੰ ਪਹਿਲੀ ਵਾਰ ਚੰਡੀਗੜ੍ਹ ਕਚਹਿਰੀਆਂ ਵਿਚ ਪੇਸ਼ ਕਰਨਾ ਸੀ ਤਾਂ ਮੈਂ, ਸਵ. ਭਾਈ ਸੁਰਿੰਦਰਪਾਲ ਸਿੰਘ ਠਰੂਆ, ਭਾਈ ਸੇਵਕ ਸਿੰਘ ਤੇ ਭਾਈ ਮਨਧੀਰ ਸਿੰਘ ਅਗਾਊਂ ਹੀ ਪਟਿਆਲੇ ਤੋਂ ਪੁੱਜ ਗਏ। ਪ੍ਰੋ. ਭੁੱਲਰ ਨੂੰ ਦੇਖਣ ਤੇ ਉਹਨਾਂ ਦੀ ਪੇਸ਼ੀ ਦੀ ਕਵਰਿਗ ਕਰਨ ਲਈ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਪੁੱਜਿਆ ਹੋਇਆ ਸੀ।ਜਦੋਂ ਵੀ ਕੋਈ ਗੱਡੀ ਕੋਰਟ ਬਾਹਰ ਆਉਂਦੀ ਤਾਂ ਸਾਰੇ ਓਧਰ ਨੂੰ ਭੱਜਦੇ ਕਿ ਸ਼ਾਇਦ ਪ੍ਰੋ. ਭੁੱਲਰ ਨੂੰ ਲੈ ਆਏ ਪਰ ਕੁਝ ਸਮੇਂ ਬਾਅਦ ਹੀ ਚੰਡੀਗੜ੍ਹ ਪੁਲਿਸ ਦੀਆਂ ਜਿਪਸੀਆਂ ਦੀਆਂ ਡਾਰਾਂ ਵਿਚਕਾਰ ਆਉਂਦੀ ਬੱਸ ਵਿਚੋਂ ਕਈ ਪੁਲਿਸ ਵਾਲੇ ਉੱਤਰੇ ਤੇ ਉਹਨਾਂ ਦੇ ਵਿਚਕਾਰ ਛੋਟੇ ਜਿਹੇ ਕੱਦ ਦਾ ਇਕ ਸਿੱਖ ਹੱਥਕੜ੍ਹੀਆਂ ਵਿਚ ਜਕੜਿਆਂ ਹੋਇਆ ਹਸੂੰ-ਹਸੂੰ ਕਰਦਾ ਛੋਟੇ-ਛੋਟੇ ਕਦਮਾਂ ਨਾਲ ਭਗਤਾਂ ਵਾਲੀ ਨਿਰਾਲੀ ਚਾਲ ਚੱਲ ਰਿਹਾ ਸੀ। ਪੁਲਿਸ ਵਾਲੇ ਕਾਹਲੇ ਸੀ ਕਿ ਛੇਤੀ-ਛੇਤੀ ਤਰੀਕ ਭੁਗਤਾ ਕੇ ਚੱਲੀਏ ਦਿੱਲੀ ਵਾਪਸ, ਪਰ ਅਸੀਂ ਚਾਹੁੰਦੇ ਸੀ ਕਿ ਥੋੜਾ ਸਮਾਂ ਲੱਗ ਜਾਵੇ ਤਾਂ ਜੋ ਕੋਈ ਗੱਲ ਹੋ ਸਕੇ ਪਰ ਸਭ ਅਸਫਲ ਤੇ ਚਾਰ ਮਿੰਟ ਤੋਂ ਵੀ ਘੱਟ ਸਮੇਂ ਵਿਚ ਸਾਰੀ ਕਾਰਵਾਈ ਪੂਰੀ ਕਰਕੇ ਪ੍ਰੋ. ਭੁੱਲਰ ਨੂੰ ਲੈ ਤੁਰੇ। ਅਸੀਂ ਦੋ-ਚਾਰ ਨਾਹਰਿਆਂ ਨਾਲ ਹੀ ਆਪਣੀ ਹਾਜ਼ਰੀ ਲਵਾਈ।ਮੈਂ ਕਿਸੇ ਵੀਡਿਓ ਵਾਲੇ ਨਾਲ ਗੱਲ ਕੀਤੀ ਤਾਂ ਉਹ ਕੁਝ ਸੇਵਾ ਬਦਲੇ ਪ੍ਰੋ. ਭੁੱਲਰ ਦੀ ਸਟੇਸ਼ਨ ਤੱਕ ਦੀ ਵੀਡਿਓ ਬਣਾ ਕੇ ਦੇ ਗਿਆ ਜਿਸ ਨੂੰ ਦੇਖਿਆਂ ਪਤਾ ਲੱਗਾ ਕਿ ਤਿਹਾੜ ਜੇਲ੍ਹ ਤੋਂ ਪ੍ਰੋ. ਭੁੱਲਰ ਨੂੰ ਕੁਝ ਪੁਲਿਸ ਵਾਲੇ ਹੀ ਰੇਲ ਗੱਡੀ ਰਾਹੀਂ ਹੀ ਲਿਆਏ ਸਨ ਪਰ ਚੰਡੀਗੜ੍ਹ ਪ੍ਰਸਾਸ਼ਨ ਨੇ ਹੀ ਵੱਡੀਆਂ ਫੋਰਸਾਂ ਲਾ ਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਾਇਆ ਹੋਇਆ ਸੀ।
ਪ੍ਰੋ. ਭੁੱਲਰ ਜੀ ਦੇ ਮਾਤਾ ਜੀ ਮਾਤਾ ਉਪਕਾਰ ਕੌਰ ਹੁਰਾਂ ਨਾਲ ਕਈ ਵਾਰ ਮੁਲਾਕਾਤ ਹੋਈ ਤਾਂ ਉਹਨਾਂ ਦੱਸਿਆ ਕਿ ਭੁੱਲਰ ਸਾਹਿਬ ਦਾ ਸੁਭਾਅ ਜਿਆਦਾ ਬੋਲਣ ਦਾ ਕਦੇ ਰਿਹਾ ਹੀ ਨਹੀਂ ਤੇ ਉਹ ਜਿੱਥੇ ਪੜਾਈ ਵਿਚ ਹੁਸ਼ਿਆਰ ਸੀ ਉੱਥੇ ਹਾਕੀ ਦਾ ਵੀ ਵਧੀਆ ਖਿਡਾਰੀ ਸੀ।ਮਾਤਾ ਜੀ ਜਿਆਦਾ ਕਰਕੇ ਪ੍ਰੋ. ਭੁੱਲਰ ਨੂੰ ਭੁੱਲਰ ਸਾਹਿਬ ਕਹਿ ਕੇ ਸੰਬੋਧਤ ਹੁੰਦੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਮਾਂ ਹੋਣ ਦੇ ਬਾਵਜੂਦ ਆਪਣੇ ਪੁੱਤਰ ਦਾ ਕਿੰਨਾ ਸਨਮਾਨ ਕਰਦੇ ਹਨ।
ਜਦੋਂ ਮੈਂ ਪ੍ਰੋ. ਭੁੱਲਰ ਨੂੰ ਮਿਲਣ ਤਿਹਾੜ ਜੇਲ੍ਹ ਗਿਆ ਤਾਂ ਉਹਨਾਂ ਦੀਆਂ ਅੱਖਾਂ ਵਿਚ ਅਜਬ ਚਮਕ ਦੇਖੀ ਤੇ ਉਹਨਾਂ ਬੜੀ ਆਸ ਪ੍ਰਗਟਾਈ ਕਿ ਨੌਜਵਾਨ ਸਿੱਖ ਹਿੱਤਾਂ ਲਈ ਵਿੱਦਿਆ ਨਾਲ ਲੈੱਸ ਹੋ ਕੇ  ਸੰਘਰਸ਼ ਨੂੰ ਨਵੀਆਂ ਲੀਹਾਂ ਤੇ ਤੋਰਨਗੇ।
ਪ੍ਰੋ. ਭੁੱਲਰ ਨੂੰ ਫਾਂਸੀ ਦੀ ਸਜ਼ਾ ਉਪਰ ਜਦੋਂ ਸੁਪਰੀਮ ਕੋਰਟ ਨੇ ਸਹੀ ਪਾਈ ਤਾਂ ਪ੍ਰੋ. ਭੁੱਲਰ ਰਾਸ਼ਟਰਪਤੀ ਕੋਲ ਅਪੀਲ ਲਈ ਸਹਿਮਤ ਨਹੀ ਸਨ ਹੋ ਰਹੇ।ਉਹ ਰਾਸ਼ਟਰਪਤੀ ਕੋਲ ਅਪੀਲ ਨਾ ਪਾਉਂਣ ਲਈ ਬਜ਼ਿੱਦ ਸਨ ਤੇ ਇਸ ਸਬੰਧੀ ਨਾ ਤਾਂ ਆਪਣੇ ਮਾਤਾ ਤੇ ਨਾ ਹੀ ਆਪਣੀ ਪਤਨੀ ਦੀ ਗੱਲ ਸੁਣ ਰਹੇ ਸਨ ਤਾਂ ਪੰਥਕ ਦਰਦੀਆਂ ਤੇ ਜਥੇਬੰਦੀਆਂ ਵਲੋਂ ਸਮੇਂ ਨੂੰ ਵਿਚਾਰਦਿਆਂ ਉਹਨਾਂ ਨੂੰ ਰਾਸ਼ਟਰਪਤੀ ਕੋਲ ਅਪੀਲ ਪਾਉਂਣ ਲਈ ਰਾਜ਼ੀ ਕੀਤਾ ਤੇ ਐਨ ਆਖਰੀ ਮੌਕੇ ਉਹਨਾਂ ਦੀ ਫਾਂਸੀ ਦੀ ਸਜ਼ਾ ਰੱਦ ਕਰਨ ਦੀ ਅਪੀਲ ਰਾਸ਼ਟਰਪਤੀ ਕੋਲ ਪਾਈ ਗਈ। ਰਾਸ਼ਟਰਪਤੀ ਕੋਲ ਅਪੀਲ ਪਾ ਕੇ ਵੀ ਉਹਨਾਂ ਨੇ ਕਦੇ ਰਹਿਮ ਦੀ ਆਸ ਨਹੀਂ ਰੱਖੀ ਤੇ ਨਾ ਹੀ ਇਹ ਉਹਨਾਂ ਦਾ ਨਿੱਜੀ ਜਾਂ ਪਰਿਵਾਰਕ ਫੈਸਲਾ ਸੀ ਪਰ ਜਥੇਬੰਦੀਆਂ ਤੇ ਪਿਆਰੇ ਮਿੱਤਰਾਂ ਦੇ ਹੁਕਮ ਅੱਗੇ ਸਿਰ ਝੁਕਾ ਦਿੱਤਾ।ਸਭ ਤੋਂ ਵੱਡੀ ਗੱਲ ਹੈ ਕਿ ਭਾਰਤੀ ਕਾਨੂੰਨ ਮੁਤਾਬਕ ਵੀ ਪ੍ਰੋ. ਭੁੱਲਰ ਨੂੰ ਫਾਂਸੀ ਸਹੀ ਨਹੀਂ ਕਹੀ ਜਾ ਸਕਦੀ ਤੇ ਕੌਮਾਂਤਰੀ ਪੱਧਰ ਉੱਤੇ ਵੀ ਇਹ ਗੱਲ ਮੰਨੀ ਜਾ ਚੁੱਕੀ ਹੈ। ਸਭ ਤੋਂ ਵੱਡੀ ਗੱਲ ਕਿ ਪ੍ਰੋ. ਭੁੱਲਰ ਇਕ ਆਗੂ ਹੈ ਤੇ ਆਗੂ ਨੂੰ ਬਚਾਉਂਣਾ ਸਿੱਖਾਂ ਦਾ ਫਰਜ਼ ਹੈ ਅਤੇ ਪ੍ਰੋ. ਭੁੱਲਰ ਨੇ ਵੀ ਗੁਰੂ ਗੋਬਿੰਦ ਸਿੰਘ ਦੇ ਸੱਚੇ ਪੁੱਤਰ ਹੋਣ ਦਾ ਸਬੂਤ ਦੇ ਕੇ ਪੰਜਾਂ ਦੇ ਫੈਸਲੇ ਅੱਗੇ ਸੀਸ ਨਿਵਾਇਆ ਹੈ ਜੋ ਉਹਨਾਂ ਦੀ ਪੰਥ ਤੇ ਪੰਥਕ ਪਰੰਪਰਾਵਾਂ ਪ੍ਰਤੀ ਸੁੱਚੀ ਭਾਵਨਾ ਦਾ ਪ੍ਰਤੀਕ ਹੈ। ਇਸ ਤੋਂ ਵੀ ਅੱਗੇ ਕਿ ਸਰਕਾਰ ਜਾਂ ਨਿਆਂ ਪਰਬੰਧ ਵਿਚ ਪੈਰਵਾਈ ਕਰਨੀ ਜਾਂ ਨਾ ਕਰਨੀ ਸਿਧਾਂਤਕ ਫੈਸਲਾ ਨਾ ਹੋ ਕੇ ਪੈਂਤੜੇ ਦਾ ਸਵਾਲ ਹੈ ਜੋ ਕਿਸੇ ਸਮੇਂ ਤੇ ਹਲਾਤ ਮੁਤਾਬਕ ਬਦਲ ਸਕਦਾ ਹੈ।
ਪ੍ਰੋ. ਭੁੱਲਰ ਸਿੱਖ ਸਿਆਸਤ ਦਾ ਸਿਧਾਂਤਕ ਆਗੂ ਹੋ ਸਕਦਾ ਹੈ ਜੇਕਰ ਉਹਨਾਂ ਦੀ ਫਾਂਸੀ ਦੀ ਸਜ਼ਾ ਖਤਮ ਹੋ ਕੇ ਰਿਹਾਈ ਹੋ ਜਾਵੇ ਪਰ ਅਫਸੋਸ ਕਿ ਉਹਨਾਂ ਦੀ ਸਰੀਰਕ ਤੇ ਮਾਨਸਕ ਦਸ਼ਾ ਪਿਛਲੇ ਲਗਭਗ ਇਕ ਸਾਲ ਤੋਂ ਜਿਆਦਾ ਠੀਕ ਨਹੀਂ ਹੈ ਤੇ ਉਹ ਸੁਰੱਖਿਆ ਅਧੀਨ ਹਸਪਤਾਲ ਵਿਚ ਦਾਖਲ ਹਨ ਜਿੱਥੇ ਉਹਨਾਂ ਨੂੰ ਮਿਲਣ ਲਈ ਕੇਵਲ ਮਾਤਾ ਜੀ ਤੇ ਉਹਨਾਂ ਦੀ ਧਰਮ ਸੁਪਤਨੀ ਹੀ ਜਾ ਸਕਦੇ ਹਨ।ਮੈਂ ਇਹ ਵੀ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੇਕਰ ਬਾਦਲ ਸਰਕਾਰ ਨੇ ਉਹਨਾਂ ਦੀ ਪੰਜਾਬ ਜੇਲ੍ਹ ਵਿਚ ਤਬਦੀਲੀ ਉਪਰ ਪੰਜਾਬ ਦੀ ਅਮਨ-ਸ਼ਾਤੀ ਲਈ ਖਤਰਨਾਕ ਅੱਤਵਾਦੀ ਕਹਿ ਕੇ ਰੋਕ ਨਾ ਲਗਾਈ ਹੁੰਦੀ ਤਾਂ ਉਹਨਾਂ ਦੀ ਸਿਹਤ ਅਵੱਸ਼ ਠੀਕ ਹੁੰਦੀ।
ਇਹ ਗੱਲ ਵੀ ਸੱਚੀ ਹੈ ਕਿ ਬਾਦਲ ਸਰਕਾਰ ਨੇ ਕਦੇ ਵੀ ਸੁਹਿਰਦਤਾ ਨਾਲ ਪ੍ਰੋ. ਭੁੱਲਰ ਦੀ ਫਾਂਸੀ ਰੱਦ ਕਰਾਉਂਣ ਲਈ ਉੱਦਮ ਨਹੀਂ ਕੀਤਾ ਕਿਉਂਕਿ ਪ੍ਰੋ. ਭੁੱਲਰ ਨੇ ਕਦੇ ਬਾਦਲ ਪਾਰਟੀ ਲਈ ਪੰਥ ਦੇ ਨਾਮ ਉੱਤੇ ਵੋਟਾਂ ਨਹੀਂ ਮੰਗੀਆਂ ਤੇ ਇਹ ਗੱਲ ਭਲੀ-ਭਾਂਤ ਹਰੇਕ ਪੰਥ ਦਰਦੀ ਨੂੰ ਪਤਾ ਹੈ ਕਿ ਬਾਦਲ ਸਰਕਾਰ ਪੂਰੀ ਤਰ੍ਹਾਂ ਭਾਰਤੀ ਸਟੇਟ ਰੂਪੀ ਕੁਹਾੜੇ ਦਾ ਦਸਤਾ ਬਣ ਚੁੱਕੀ ਹੈ।
ਪ੍ਰੋ. ਭੁੱਲਰ ਨੇ ਕਦੇ ਕਿਸੇ ਕਿਸਮ ਦੀ ਅਖਬਾਰੀ ਬਿਆਨਬਾਜ਼ੀ ਨਹੀਂ ਕੀਤੀ ਨਾ ਹੀ ਉਹਨਾਂ ਕਦੇ ਆਪਣਾ ਆਪ ਜਤਾਇਆ ਕਿ ਮੈਂ ਕੋਈ ਪੰਥ ਦਾ ਬਹੁਤ ਵੱਡਾ ਸੇਵਾਦਾਰ ਹਾਂ। ਉਹ ਤਾਂ ਕਹਿੰਦੇ ਹਨ ਕਿ ਅਸੀਂ ਤਾਂ ਅਪਣਾ ਸਿੱਖ ਹੋਣ ਦਾ ਫਰਜ਼ ਅਦਾ ਕੀਤਾ ਹੈ ਅਤੇ ਇਹ ਕਿਸੇ ਉਪਰ ਕੋਈ ਅਹਿਸਾਨ ਨਹੀਂ ਕੀਤਾ, ਉਹਨਾਂ ਜਾਂ ਉਹਨਾਂ ਦੇ ਪਰਿਵਾਰ ਨੇ ਕਦੇ ਪੰਥ ਜਾਂ ਸੰਘਰਸ਼ ਦੇ ਨਾਮ ਉਪਰ ਕਦੇ ਕਿਸੇ ਕੋਲੋਂ ਕੋਈ ਮੰਗ ਨਹੀਂ ਕੀਤੀ ਸਗੋਂ ਉਹਨਾਂ ਨਾਲ ਜੇਲ਼੍ਹ ਵਿਚ ਰਹਿਣ ਵਾਲੇ ਬਾ-ਖੂਬੀ ਜਾਣਦੇ ਹਨ ਕਿ ਉਹਨਾਂ ਦੀਆਂ ਆਪਣੀਆਂ ਨਿੱਜੀ ਲੋੜਾਂ ਬਹੁਤ ਸੀਮਤ ਰਹੀਆਂ ਤੇ ਉਹ ਹਮੇਸ਼ਾਂ ਜਿੱਥੇ ਸਿੱਖ ਬੰਦੀਆਂ ਦੀਆਂ ਨਿੱਜੀ, ਪਰਿਵਾਰਕ ਤੇ ਕਾਨੂੰਨੀ ਲੋੜਾਂ ਲਈ ਫਿਕਰਮੰਦ ਰਹਿੰਦੇ  ਉੱਥੇ ਜੇਲ੍ਹ ਵਿਚ ਬੰਦ ਗਰੀਬ ਲੋਕਾਂ ਤੇ ਇੱਥੋਂ ਤੱਕ ਕਿ ਆਰਥਿਕ ਤੌਰ ਤੇ ਕਮਜ਼ੋਰ ਜੇਲ੍ਹ ਕਰਮਚਾਰੀਆਂ ਦੀਆਂ ਲੋੜਾਂ ਦਾ ਵੀ ਪ੍ਰਬੰਧ ਕਰ ਦਿੰਦੇ।ਪਰਉਪਕਾਰੀ ਸੰਤ ਵਾਲੇ ਸਾਰੇ ਗੁਣ ਉਹਨਾਂ ਵਿਚ ਮੌਜੂਦ ਹਨ।
ਹੁਣ ਅਫਜਲ ਗੁਰੂ ਨੂੰ ਦਿੱਤੀ ਫਾਂਸੀ ਤੋਂ ਬਾਦ ਕਈ ਤਰ੍ਹਾ ਦੇ ਸਵਾਲ ਖੜ੍ਹੇ ਹੋ ਗਏ ਹਨ ਕਿ ਕੀ ਕੇਵਲ ਸਾਜ਼ਿਸ਼ (੧੨੦-ਬੀ) ਵਿਚ ਸ਼ਾਮਲ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ ਜਾਂ ਨਹੀਂ? ਕੀ ਫਾਂਸੀ ਦੀ ਸਜ਼ਾ ਹੋਣੀ ਵੀ ਚਾਹੀਦੀ ਹੈ ਜਾਂ ਨਹੀਂ ? ਕੀ ਪਹਿਲਾਂ ਉਮਰ ਕੈਦ ਤੇ ਫਿਰ ਫਾਂਸੀ ਦੇ ਕੇ ਕਿਸੇ ਨੂੰ ਦੋਹਰੀਆਂ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ? ਕੀ ਫਾਂਸੀ ਦੀ ਸਜ਼ਾ ਦੇਣ ਸਮੇਂ ਕਿਸੇ ਵਿਅਕਤੀ ਦੀ ਵਰਤਮਾਨ ਸਰੀਰਕ ਤੇ ਮਾਨਸਿਕ ਹਾਲਤ ਨਹੀਂ ਵਾਚਣੇ ਚਾਹੀਦੇ? ਕੀ ਫਾਂਸੀ ਦੇਣ ਤੋਂ ਬਾਦ ਜੇ ਕਿਸੇ ਕਾਰਨ ਉਸਦੇ ਬੇ-ਕਸੂਰ ਹੋਣ ਬਾਰੇ ਪਤਾ ਲੱਗੇ ਤਾਂ ਕੀ ਫਾਂਸੀ ਲਾਉਂਣਾ ਜ਼ਾਇਜ ਕਿਹਾ ਜਾ ਸਕਦਾ ਹੈ? ਕੀ ਕਿਸੇ ਇਕ ਵਰਗ ਦੇ ਵਿਅਕਤੀ ਨੂੰ ਫਾਂਸੀ ਲਾਉਂਣ ਨਾਲ ਉਸ ਸਮੁੱਚੇ ਵਰਗ ਵਿਚ ਫੈਲਿਆ ਰੋਸ ਨਵੀਆਂ ਸਮੱਸਿਆਵਾਂ ਨੂੰ ਜਨਮ ਨਹੀਂ ਦੇਵੇਗਾ? ਅਤੇ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਸਵਾਲ ਹਨ ਜੋ ਫਾਂਸੀ ਦੀ ਸਜ਼ਾ ਨਾਲ ਸਬੰਧਤ ਹਨ ਅਤੇ ਸਭ ਤੋਂ ਵੱਡਾ ਕਿ ਦੁਨੀਆਂ ਦੇ ਲਗਭਗ ੭੧ ਫੀਸਦੀ ਦੇਸ਼ਾਂ ਨੇ ਫਾਂਸੀ ਦੀ ਸਜ਼ਾ ਖਤਮ ਕਰ ਦਿੱਤੀ ਹੈ ਤੇ ਕੀ ਭਾਰਤ ਨੂੰ ਵੀ ਫਾਂਸੀ ਦੀ ਸਜ਼ਾ ਖਤਮ ਕਰ ਦੇਣੀ ਚਾਹੀਦੀ ਹੈ?
ਜੇ ਇਹ ਸਾਰੀ ਚਰਚਾ ਅਫਜ਼ਲ ਗੁਰੂ ਨੂੰ ਫਾਂਸੀ ਦੇਣ ਤੋਂ ਪਹਿਲਾ ਕਰ ਲਈ ਹੁੰਦੀ ਤਾਂ ਅੱਜ ਅਫਜ਼ਲ ਗੁਰੂ ਆਪਣੇ ਪਰਿਵਾਰ ਨੂੰ ਮਿਲ ਸਕਦਾ ਤੇ ਆਪਣੇ ਘਰ ਜਾ ਸਕਦਾ।ਪਰ ਅਫਸੋਸ ਹੁਣ ਉਸਦੇ ਬੇ-ਕਸੂਰ ਠਹਿਰਾਏ ਜਾਣ ਤੋਂ ਬਾਅਦ ਵੀ ਉਹ ਆਪਣੇ ਪਰਿਵਾਰ ਕੋਲ ਨਹੀਂ ਜਾ ਸਕੇਗਾ।
ਕੀ ਅਸੀਂ ਹਮੇਸ਼ਾਂ ਲਕੀਰ ਪਿੱਟਣ ਜੋਗੇ ਰਹਿ ਗਏ ਹਾਂ। ਆਓ ਫਾਂਸੀ ਦੀ ਸਜ਼ਾ ਪਰਾਪਤ ਹੋਰਨਾਂ ਲੋਕਾਂ ਦੇ ਕੇਸਾਂ ਨੂੰ ਵੀ ਉਪਰਲੇ ਸਵਾਲਾਂ ਦੀ ਰੋਸ਼ਨੀ ਵਿਚ ਵਿਚਾਰੀਏ ਅਤੇ ਜੇਕਰ ਉਹ ਵੀ ਇਹਨਾਂ ਸਵਾਲਾਂ ਦੀ ਮੱਦ ਵਿਚ ਆਉਂਦੇ ਹਨ ਤਾਂ ਉਹਨਾਂ ਦੀ ਫਾਂਸੀ ਦਾ ਰੱਸਾ ਤੁੜਾ ਕੇ ਮਨੁੱਖੀ ਅਧਿਕਾਰਾਂ ਦੇ ਹਾਮੀ ਹੋਈਏ।
ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਵੀ ਅਜਿਹਾ ਹੀ ਹੈ ਕਿ ਜੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਤਾਂ ਅਸੀਂ ਕੱਲ੍ਹ ਨੂੰ ਫੇਰ, ਅੱਜ ਨਾਲੋਂ ਵੀ ਵੱਧ ਕੇ ਅਫਸੋਸ ਕਰਾਂਗੇ ਤੇ ਫਿਰ ਕਿਸੇ ਅਗਲੀ ਫਾਂਸੀ ਦੀ ਉਡੀਕ ਕਰਾਂਗੇ ਅਫਸੋਸ ਲਈ, ਤਾਂ ਫਿਰ ਕਿਉਂ ਨਾ ਅੱਜ ਹੀ ਜਾਗੀਏ ਤੇ ਭਾਰਤ ਸਰਕਾਰ ਨੂੰ ਇਸ ਸਿਆਸੀ ਕਤਲ ਕਰਨ ਤੋਂ ਰੋਕੀਏ ਅਤੇ ਗੁਰੂ ਕੇ ਇਸ ਸਿੱਖ ਨੂੰ ਸਿੱਖ ਸਿਆਸਤ ਵਿਚ ਮੋੜਾ ਲਿਆਉਣ ਲਈ ਆਪਣੀ ਗੁਰੂ-ਵਰੋਸਾਈ ਧਰਤ ਪੰਜਾਬ ਵਿਚ ਲੈ ਕੇ ਆਈਏ।

-ਐਡਵੋਕੇਟ ਜਸਪਾਲ ਸਿੰਘ ਮੰਝਪੁਰ                                   Advocate Jaspal Singh Manjhpur,   
 ਜਿਲ੍ਹਾ ਕਚਹਿਰੀਆਂ, ਲੁਧਿਆਣਾ।                                         Gen. Sec.,  Akali Dal Panch Pardhani
98554-01843                                                                                      
jsmanjhpur@gmail.com                                                                  (0091-985-540-1843)                                                                                                    
    
--੦--


No comments: