Saturday, April 27, 2013

ਇਕਬਾਲ ਖ਼ਾਨ ਦੀ ਪੁਸਤਕ ‘ਗੁੰਮੀਆਂ ਪੌਣਾਂ ਦਾ ਅਹਿਦ’ ਲੋਕ ਅਰਪਣ

ਖ਼ਾਨ ਦੀ ਕਵਿਤਾ ਦਮਨਕਾਰੀ ਲੋਟੂ ਸਤਾ-ਸਿਆਸਤ ਪ੍ਰਤੀ ਬੇਪ੍ਰਤੀਤੀ ਦਾ ਫ਼ਤਵਾ
ਲੁਧਿਆਣਾ : 27 ਅਪ੍ਰੈਲ (ਪੰਜਾਬ ਸਕਰੀਨ ਡਾ. ਗੁਲਜ਼ਾਰ ਸਿੰਘ ਪੰਧੇਰ):‘ਇਕਬਾਲ ਖ਼ਾਨ ਦੀ ਕਵਿਤਾ ਦਾ ਮੁਹਾਵਰਾ ਰਾਜਸੀ ਅਤੇ ਤੇਵਰ ਅਵਾਮ ਪੱਖੀ ਹੈ। ਨਿਰਸੰਦੇਹ ਉਹ ਦਰਪੇਸ਼ ਰਾਜਸੀ, ਆਰਥਿਕ, ਸਮਾਜ-ਸਭਿਆਚਾਰਕ ਅਤੇ ਨੈਤਿਕ ਮਸਲਿਆਂ ਨੂੰ ‘ਰਾਜਸੀ ਵਿਚਾਰਕ’ ਵਜੋਂ ਦੇਖਦਾ ਹੈ।’ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ ਇਹ ਸ਼ਬਦ ਇਕਬਾਲ ਖ਼ਾਨ ਦੀ ਪੁਸਤਕ ‘ਗੁੰਮੀਆਂ ਪੌਣਾਂ ਦਾ ਅਹਿਦ’ ਪੰਜਾਬੀ ਭਵਨ, ਲੁਧਿਆਣਾ ਵਿਖੇ ਲੋਕ ਅਰਪਣ ਕਰਦਿਆਂ ਕਹੇ।
ਪੁਸਤਕ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਕਬਾਲ ਖ਼ਾਨ ਜ਼ਿੰਦਗੀ ਵਿਚ ਹੁਸੀਨ ਰੰਗ ਭਰਨ ਦਾ ਯਤਨਸ਼ੀਲ ਕਵੀ ਹੈ ਜਿਸਨੇ ਪਿਛਲੀ ਸਦੀ ਦੇ ਸਤਵੇਂ ਦਹਾਕੇ ਵਿਚ ਚੱਲੀ ਨਕਸਲਬਾੜੀ ਲਹਿਰ ਦੇ ਆਗੂ ਵਜੋਂ ਕਲਮ ਨੂੰ ਹਥਿਆਰ ਵਜੋਂ ਵਰਤਣਾ ਆਰੰਭਿਆ। ਇਸ ਧਰਤੀ ਦੀ ਅਣਖੀਲੀ ਮਰਿਆਦਾ ਨੂੰ ਉਹ ਅੱਜ ਵੀ ਕੈਨੇਡਾ ਵੱਸਦਿਆਂ ਨਿਭਾ ਰਿਹਾ ਹੈ। ਇਕਬਾਲ ਖ਼ਾਨ ਕੋਲ ਗੱਲ ਕਹਿਣ ਦਾ ਸਲੀਕਾ ਵੀ ਹੈ ਅਤੇ ਗੰਭੀਰਤਾ ਵੀ ਇਸੇ ਕਰਕੇ ਉਹਦੇ ਬੋਲ ਸ਼ੋਰ ਨਹੀਂ ਬਣਦੇ ਸਗੋਂ ਚੁੱਪ ਚੁਪੀਤੇ ਆਪਣੀ ਨਾਬਰ ਸੋਚ ਦਾ ਪ੍ਰਕਾਸ਼ ਕਰ ਜਾਂਦੇ ਹਨ।
ਇਕਬਾਲ ਖ਼ਾਨ ਦੀ ਕਿਤਾਬ ‘ਗੁੰਮੀਆਂ ਪੌਣਾਂ ਦਾ ਅਹਿਦ’ ਦੇ ਸੰਬੰਧ ਵਿਚ ਬੋਲਦਿਆਂ ਅਕਾਡਮੀ ਦੇ ਸਕੱਤਰ ਸ੍ਰੀ ਸੁਰਿੰਦਰ ਕੈਲੇ ਨੇ ਕਿਹਾ ਇਕਬਾਲ ਖ਼ਾਨ ਦੀ ਕਵਿਤਾ ਦਮਨਕਾਰੀ ਤੇ ਲੋਟੂ ਭਾਰਤੀ ਸਤਾ-ਸਿਆਸਤ ਪ੍ਰਤੀ ਬੇਪ੍ਰਤੀਤੀ ਦਾ ਫ਼ਤਵਾ ਵੀ ਹੈ ਅਤੇ ਆਪਣੇ ਲੋਕਾਂ ਦੀ ਜੂਝਦੇ ਰਹਿਣ ਦਾ ਅਹਿਦਨਾਮਾ ਵੀ ਹੈ।
ਪੁਸਤਕ ਬਾਰੇ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਜਨਮੇਜਾ ਸਿੰਘ ਜੌਹਲ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਸਮਾਗਮ ਵਿਚ ਪਿ੍ਰੰ. ਪ੍ਰੇਮ ਸਿੰਘ ਬਜਾਜ, ਅਜੀਤ ਪਿਆਸਾ, ਹਰਬੰਸ ਮਾਲਵਾ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਸ੍ਰੀਮਤੀ ਇੰਦਰਜੀਤਪਾਲ ਕੌਰ, ਹਰਮਿੰਦਰ ਸਿੰਘ ਕੁਹਾੜਵਾਲਾ, ਦਵਿੰਦਰ ਸੇਖਾ, ਰਵੀ ਰਵਿੰਦਰ, ਦੇਵ ਥਰੀਕਿਆਂ ਵਾਲਾ, ਸੁਰਜੀਤ ਸਿੰਘ ਅਲਬੇਲਾ, ਬੁੱਧ ਸਿੰਘ ਨੀਲੋਂ, ਮੁਖਤਿਆਰ ਸਿੰਘ, ਜਗਦੀਸ਼ ਨੀਲੋਂ, ਕਰਮਜੀਤ ਗਰੇਵਾਲ, ਗੁਰਦੀਪ ਦੇਹਰਾਦੂਨ, ਰਾਮ ਸਿੰਘ, ਈਸ਼ਰ ਸਿੰਘ ਸੋਬਤੀ, ਅਜਮੇਰ ਸਿੰਘ ਸਮੇਤ ਕਾਫੀ ਗਿਣਤੀ ਵਿਚ ਸਾਹਿਤਕਾਰ ਹਾਜ਼ਰ ਸਨ।

*ਡਾ. ਗੁਲਜ਼ਾਰ ਸਿੰਘ ਪੰਧੇਰ ਉਘੇ ਲੇਖਕ, ਸਮਾਜ ਚਿੰਤਕ ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰੈੱਸ ਸਕੱਤਰ ਹਨ 
----------------------

ਲੋਕ ਪੱਖੀ ਵਿਚਾਰਾਂ ਵਾਲਾ ਸਮਰੱਥ ਸ਼ਾਇਰ- ਹਰਮਿੰਦਰ ਸਿੰਘ ਕੋਹਾਰਵਾਲਾNo comments: