Tuesday, April 16, 2013

ਲੁਧਿਆਣਾ ਵਿੱਚ ਸ਼ਰਾਬ ਦੇ ਠੇਕੇ ਖਿਲਾਫ਼ ਲੋਕ ਰੋਹ ਹੋਰ ਵਧਿਆ

ਸੀਪੀਆਈ ਵੀ ਆਈ ਲੋਕਾਂ ਦੇ ਨਾਲ 
ਨਸ਼ਿਆਂ ਦੇ ਖਿਲਾਫ਼ ਰੌਲਾ ਪਾਉਣ ਦਾ ਅਡੰਬਰ ਕਰਨ ਵਾਲੀਆਂ ਸਰਕਾਰਾਂ ਖੁਦ ਹੀ ਨਹੀਂ ਚਾਹੁੰਦੀਆਂ ਕਿ ਨਸ਼ੇ ਵੰਡਣ ਵਾਲੀਆਂ ਦੁਕਾਨਾਂ ਬੰਦ ਹੋਣ। ਅਫੀਮ, ਭੁੱਕੀ ਅਤੇ ਡਰਗਜ਼ ਵਰਗੇ ਨਸ਼ਿਆਂ ਦਾ ਵਿਰੋਧ ਸਿਰਫ ਇਸ ਲਈ ਹੁੰਦਾ ਹੈ ਕਿਓਂਕਿ ਉਹਨਾਂ ਦੇ ਕਾਰੋਬਾਰ ਨਾਲ ਸਰਕਾਰ ਨੂੰ ਆਮਦਨ ਨਹੀਂ ਹੁੰਦੀ। ਸ਼ਰਾਬ ਤੋਂ ਆਮਦਨ ਕਮਾਉਣ ਵਾਲੀ ਕੋਈ ਸਰਕਾਰ ਭਲਾ ਕਦ ਚਾਹੇਗੀ ਕਿ ਲੋਕੀ ਹੋਰਨਾਂ ਨਸ਼ਿਆਂ ਨਾਲ ਆਪਣਾ ਸਿਰ ਘੁਮਾ ਲੈਣ ਤੇ ਸਰਕਾਰ ਦੀ ਮਹਿੰਗੀ ਸ਼ਰਾਬ ਘੱਟ ਵਿਕੇ। ਇਸ ਲਈ ਬਾਕੀ ਨਸ਼ਿਆਂ ਦੇ ਖਿਲਾਫ਼ ਡੰਡਾ ਤੇ ਸ਼ਰਾਬ ਦੀਆਂ ਦੁਕਾਨਾਂ ਭਾਵੇਂ ਅਧੀ ਅਧੀ ਰਾਤ ਤੱਕ ਖੁੱਲੀਆਂ ਰਹਿਣ ਕੋਈ ਸ਼ਾਪ ਇੰਸਪੈਕਟਰ ਨੀ ਪੁਛਦਾ-ਕੋਈ ਐਕਸਾਈਜ਼ ਵਾਲਾ ਨੀ ਪੁੱਛਦਾ। ਸ਼ਰਾਬ ਦੇ ਠੇਕੇ ਮੰਦਰਾਂ ਨੇੜੇ ਵੀ ਖੁੱਲੇ ਹਨ, ਗੁਰਦਵਾਰਿਆਂ ਨੇੜੇ ਵੀ ਅਤੇ ਸਕੂਲਾਂ ਕਾਲਜਾਂ ਨੇੜੇ ਵੀ। ਲੁਧਿਆਣਾ ਦੇ ਚੰਦਰ ਨਗਰ ਇਲਾਕੇ ਵਿੱਚ ਖੁੱਲੇ ਠੇਕੇ ਦੇ ਖਿਲਾਫ਼ ਸੰਘਰਸ਼ ਲਗਾਤਾਰ ਤੇਜ਼ ਹੋ ਰਿਹਾ ਹੈ ਪਰ ਸਰਕਾਰ ਦੇ ਕੰਨਾਂ ਤੇ ਜੂਨ ਨਹੀਂ ਸਰਕੀ। ਜੇ ਪ੍ਰਸ਼ਾਸਨ ਵੱਲੋਂ ਕੋਈ ਬਿਆਨ ਆਇਆ ਵੀ ਤਾਂ  ਇਹੀ ਕਿ ਜੀ ਠੇਕਾ ਤਾਂ ਪੂਰੇ ਨਿਯਮਾਂ ਨਾਲ ਖੁੱਲ ਰਿਹਾ ਹੈ ਐਵੇਂ ਲੋਕ ਹੀ ਹਾਲਾਤ ਨੂੰ ਖਰਾਬ ਕਰ ਰਹੇ ਨੇ।ਬਈ ਲੋਕਾਂ ਨੇ ਤਾਂ ਰੌਲਾ ਪਾਉਣਾ ਈ ਐ ਕਿਓਂਕਿ ਸਰਕਾਰ ਨੇ ਉਹਨਾਂ ਦੇ ਘਰ ਪੱਕਦੀ ਦੋ ਵੇਲੇ ਦੀ ਸਾਦਾ ਜਿਹੀ ਦਾਲ ਰੋਟੀ ਜੋਗੇ ਚਾਰ ਪੈਸੇ ਵੀ ਸ਼ਰਾਬ ਦੇ ਨਾਲ ਉਹਨਾਂ ਦੀ ਜੇਬ ਵਿੱਚੋਂ ਖਿਚ ਲੈਣੇ ਹਨ। ਲੋਕਾਂ ਵੱਲੋਂ ਆਪਣੀ ਦੋ ਵੇਲੇ ਦੀ ਰੋਟੀ ਅਤੇ ਘਰ ਦੀ ਸ਼ਾਂਤੀ ਬਚਾਉਣ ਲਈ ਜੱਦੋ ਜਹਿਦ ਰਾਹ ਅਖਤਿਆਰ ਕੀਤਾ ਹੈ। ਹੁਣ ਇਸ ਸੰਘਰਸ਼ ਵਿੱਚ ਭਾਰਤੀ ਕਮਿਉਨਿਸਟ ਪਾਰਟੀ ਦੀ ਲੁਧਿਆਣਾ ਇਕਾਈ ਵੀ ਕੁੱਦ ਪਈ ਹੈ। ਸੀ ਪੀ ਆਈ ਨੇ ਚੰਦਰ ਨਗਰ ਛੋਟੀ ਪੁਲੀ ਦੇ ਨਾਲ ਠੇਕਾ ਖੋਲਣ ਦਾ ਵਿਰੋਧ ਕੀਤਾ ਹੈ। ਪਾਰਟੀ ਦੇ ਆਗੂ ਕਾਮਰੇਡ ਗੁਰਨਾਮ ਸਿੱਧੂ ਅਤੇ ਕਾਮਰੇਡ ਭਰਪੂਰ ਸਿੰਘ ਨੇ ਅੱਜ ਇਲਾਕੇ ਦੇ ਲੋਕਾਂ ਦੇ ਨਾਲ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਇਸ ਸਬੰਧ ਵਿੱਚ ਮੰਗ ਪੱਤਰ ਦਿੱਤਾ। ਡਾ ਅਰੁਣ ਮਿੱਤਰਾ - ਸਹਾਇਕ ਸਕੱਤਰ ਭਾਰਤੀ ਕਮਿਉਨਿਸਟ ਪਾਰਟੀ ਨੇ ਵੀ ਇਲਾਕੇ ਦੇ ਲੋਕਾਂ ਦੇ ਨਾਲ ਪੂਰਾ ਸਮਰਥਨ ਕੀਤਾ। ਹੁਣ ਦੇਖਣਾ ਇਹ ਹੈ ਕਿ ਧਰਮਕਰਮ ਦੀਆਂ ਗੱਲਾਂ ਕਰਨ ਵਾਲੇ ਅਕਾਲੀ ਅਤੇ ਭਾਜਪਾ ਵਾਲੇ ਵੀ ਸ਼ਰਾਬ ਦੇ ਠੇਕੇ ਖਿਲਾਫ਼ ਲੋਕਾਂ ਨਾਲ ਆ ਕੇ ਖੜੇ ਹੋਣ ਦੀ ਹਿੰਮਤ ਦਿਖਾਉਂਦੇ ਹਨ ਜਾਂ ਨਹੀਂ ! ਉਂਝ ਜਿਸ ਸਿਸਟਮ ਵਿੱਚ ਇਲੈਕਸ਼ਨ ਹੀ ਨਸ਼ਿਆਂ ਦੇ ਆਸਰੇ ਲੜੇ ਜਾਂਦੇ ਹੋਣ ਉਥੇ ਅਜਿਹੀ ਆਸ ਕਰਨਾ ਹੀ ਫਜੂਲ ਹੈ। ਗੱਲ ਸਿਰਫ ਸਰਕਾਰਾਂ ਨੂੰ ਹੁੰਦੀ ਆਮਦਨ ਦੀ ਨਹੀਂ ਰਾਜਸੀ ਚੇਤਨਾ ਦੀ ਵੀ ਹੈ।  ਨਸ਼ਿਆਂ ਚ ਡੁੱਬੀ ਜਵਾਨੀ ਨੇ ਕਿਸ ਲੀਡਰ ਨੂੰ ਆਖਣਾ ਹੈ ਕਿ ਉਹ ਲੋਕਾਂ ਲਈ ਕੁਝ ਕਰੇ। ਜੋਸ਼ ਭਰੀ ਜਵਾਨੀ ਨੂੰ ਕ੍ਰਾਂਤੀ ਦੇ ਰਸਤੇ ਤੋਂ ਦੂਰ ਹਟਾਉਣ ਦਾ ਬੜਾ ਹੀ ਸੂਖਮ ਜਿਹਾ ਪਰ ਮਾਰੂ ਹਥਿਆਰ ਵੀ ਨਸ਼ੇ ਹੀ ਹਨ। ਇਸ ਲਈ ਸਿਰਫ ਇੱਕੋ ਆਸ ਬਾਕੀ ਬਚਦੀ ਹੈ ਬੀਬੀਆਂ ਤੇ---ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਸਮੇਤ ਸਾਰੀਆਂ ਪਾਰਟੀਆਂ ਦੇ ਮਹਿਲਾ ਵਿੰਗ ਨਸ਼ੇ ਵੰਡਣ ਵਾਲੀਆਂ ਦੇ ਖਿਲਾਫ ਸਖਤੀ ਨਾਲ ਆ ਖੜੇ ਹੋਣ। ਨਸ਼ਿਆਂ ਦੇ ਵਪਾਰੀ ਡਰਦੇ ਵੀ ਹਨ ਏਸ ਲਈ ਦੂਰ ਦੀ ਸੋਚਦਿਆਂ ਓਹ ਬੀਬੀਆਂ ਨੂੰ ਵੀ ਨਸ਼ਿਆਂ ਦੇ ਜਾਲ 'ਚ ਫਸਾਈ ਜਾ ਰਹੇ ਹਨ। ਪੰਜਾਬ ਵਿੱਚ ਹੁੰਦੀਆਂ ਸੋਸ਼ਲ ਪਾਰਟੀਆਂ ਵਿੱਚ ਬੀਬੀਆਂ ਲਈ ਵਾਈਨ ਦੇ ਕਾਊਂਟਰ ਵੱਖਰੇ ਲਾਉਣ ਦੀ ਖਤਰਨਾਕ ਰਵਾਇਤ ਸ਼ੁਰੂ ਹੋ ਚੁੱਕੀ ਹੈ। ਜਿਹੜੇ ਲੀਡਰ ਦਿਖਾਵੇ ਲਈ ਨਸ਼ਿਆਂ ਦਾ ਵਿਰੋਧ ਕਰਦੇ ਹਨ ਪਰ ਅੰਦਰੋਂ ਅੰਦਰੀ ਠੇਕੇ ਖੁਲਵਾਉਣ ਵਾਲਿਆਂ  ਦਾ ਸਾਥ ਦੇਂਦੇ ਹਨ ਉਹਨਾਂ ਨੂੰ ਭਰੇ ਇਕਠ ਵਿੱਚ ਪੁੱਛਣਾ ਜਾਂ ਫੇਰ ਉਹਨਾਂ ਦੇ ਘਿਰਾਓ ਕਰਨਾ ਸ਼ਾਇਦ ਜਰੂਰੀ ਬਣਦਾ ਜਾ ਰਿਹਾ ਹੈ। -ਰੈਕਟਰ ਕਥੂਰੀਆ 

No comments: