Tuesday, April 30, 2013

ਲੁਧਿਆਣੇ ਦੇ ਪੁੱਡਾ ਮੈਦਾਨ ਵਿੱਚ ਮਈ ਦਿਵਸ ਕਾਨਫਰੰਸ

ਕੌਮਾਂਤਰੀ ਮਜ਼ਦੂਰ ਦਿਵਸ 'ਤੇ ਵਿਸ਼ੇਸ਼: 
ਮੌਜੂਦਾ ਹਾਲਾਤਾਂ ਨੂੰ ਬਦਲਣ ਲਈ ਅੱਗੇ ਦਾ ਰਾਹ ਤਿਆਰ ਕਰਨਾ ਹੀ ਮਈ ਦਿਵਸ ਮਨਾਉਣ ਦਾ ਇੱਕ ਸਹੀ ਤਰੀਕਾ
ਸਭਨਾਂ ਕਿਰਤੀਆਂ-ਨੌਜਵਾਨਾਂ ਨੂੰ ਕਾਨਫਰੰਸ ਵਿੱਚ ਸ਼ਾਮਲ ਹੋਣ ਦੀ ਅਪੀਲ
ਲੁਧਿਆਣਾ: 30 ਅਪ੍ਰੈਲ 2013:ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ ਦੇ ਪ੍ਰਧਾਨ ਲਖਵਿੰਦਰ ਨੇ ਮਈ ਦਿਵਸ ਦੀ ਪੂਰਵ ਸੰਧਿਆ ਤੇ ਇੱਕ ਵਾਰ ਫੇਰ ਇੰਨਕ਼ਲਾਬੀ ਵਿਰਸੇ ਨੂੰ ਯਾਦ ਕੀਤਾ ਹੈ ਅਤੇ ਕੁਰਬਾਨੀਆਂ ਭਰੇ ਜੇਤੂ ਇਤਿਹਾਸ ਦਾ ਜ਼ਿਕਰ ਬੜੇ ਹੀ ਮਾਣ ਨਾਲ ਕੀਤਾ ਹੈ। ਮਈ ਦਿਵਸ ਮਨਾਉਣ ਦੇ ਐਲਾਨ ਦਾ ਬਿਆਨ ਜਾਰੀ ਕਰਦਿਆਂ ਉਹਨਾਂ ਕਿਹਾ ਕਿ ਸੰਸਾਰ ਭਰ ਦੇ ਮਜ਼ਦੂਰਾਂ-ਕਿਰਤੀਆਂ ਨੂੰ ਹਰ ਤਰ੍ਹਾਂ ਲੁੱਟ-ਖੋਹ ਦੇ ਖਿਲਾਫ਼ ਇੱਟਜੁਟ ਲੜਾਈ ਵਿੱਢਣ ਦਾ ਸੱਦਾ ਦਿੰਦਾ ਕੌਮਾਂਤਰੀ ਮਜ਼ਦੂਰ ਦਿਵਸ ਕੱਲ ਪੂਰੇ ਸੰਸਾਰ ਵਿੱਚ ਮਨਾਇਆ ਜਾਣਾ ਹੈ। 128ਵੇਂ ਕੌਮਾਂਤਰੀ ਮਜ਼ਦੂਰ ਦਿਵਸ ਦੇ ਮੌਕੇ 'ਤੇ, ਭਲਕੇ, ਸਵੇਰੇ 10 ਵਜੇ, ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ ਅਤੇ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ ਦੁਆਰਾ ਲੁਧਿਆਣੇ ਦੇ ਚੰਡੀਗੜ੍ਹ ਸੜਕ 'ਤੇ ਸਥਿਤ ਪੁੱਡਾ (ਗਲਾਡਾ) ਮੈਦਾਨ ਵਿੱਚ ਮਈ ਦਿਵਸ ਕਾਨਫਰੰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਸਾਥੀ ਰਾਜਵਿੰਦਰ ਨੇ ਦੱਸਿਆ ਕਿ ਮਈ ਦਿਵਸ ਕਾਨਫਰੰਸ ਵਿੱਚ ਵੱਡੀ ਸੰਖਿਆਂ ਵਿੱਚ ਮਜ਼ਦੂਰਾਂ-ਕਿਰਤੀਆਂ-ਨੌਜਵਾਨਾਂ ਨੇ ਸ਼ਾਮਲ ਹੋਣਾ ਹੈ। ਉਹਨਾਂ ਕਿਹਾ ਕਿ ਮਈ ਦਿਵਸ ਕਾਨਫਰੰਸ ਦਾ ਆਯੋਜਨ ਰਸਮ ਪੂਰਤੀ ਲਈ ਨਹੀਂ ਕੀਤਾ ਜਾ ਰਿਹਾ ਸਗੋਂ ਇਸ ਪਿੱਛੇ ਉਹਨਾਂ ਦਾ ਇੱਕ ਅਹਿਮ ਮਕਸਦ ਹੈ। ਅੱਜ ਕਿਰਤ ਕਰਨ ਵਾਲ਼ੇ ਲੋਕਾਂ ਨੂੰ ਚਾਰੇ ਪਾਸਿਓਂ ਭਿਅੰਕਰ ਰੂਪ ਵਿੱਚ ਲੁੱਟਿਆ-ਦਬਾਇਆ ਜਾ ਰਿਹਾ ਹੈ। ਇਸ ਖਿਲਾਫ ਲੋਕਾਂ ਦੀ ਕੋਈ ਵੱਡੀ ਇਮਾਨਦਾਰ ਲਹਿਰ ਵੀ ਨਹੀਂ ਹੈ। ਅਜਿਹੇ ਸਮੇਂ ਵਿੱਚ ਆਪਣੇ ਇਨਕਲਾਬੀ ਵਿਰਸੇ ਨੂੰ ਯਾਦ ਕਰਨਾ, ਉਸਤੋਂ ਪ੍ਰੇਰਣਾ, ਊਰਜਾ ਅਤੇ ਸਬਕ ਲੈ ਕੇ ਮੌਜੂਦਾ ਹਾਲਾਤਾਂ ਨੂੰ ਬਦਲਣ ਲਈ ਅੱਗੇ ਦਾ ਰਾਹ ਤਿਆਰ ਕਰਨਾ ਹੀ ਮਈ ਦਿਵਸ ਮਨਾਉਣ ਦਾ ਇੱਕ ਸਹੀ ਤਰੀਕਾ ਹੋ ਸਕਦਾ ਹੈ। ਉਹਨਾਂ ਕਿਹਾ ਕਿ ਮਈ ਦਿਵਸ ਕਾਨਫਰੰਸ ਇਸੇ ਰੂਪ ਵਿੱਚ ਮਨਾਇਆ ਜਾਵੇਗਾ।
 ਮਈ ਦਿਵਸ ਕਾਨਫਰੰਸ ਵਿੱਚ ਮਜ਼ਦੂਰ ਜੱਥੇਬੰਦੀਆਂ ਦੇ ਆਗੂ ਸਾਥੀ ਮਈ ਦਿਵਸ ਲਹਿਰ ਦੇ ਇਤਿਹਾਸ ਅਤੇ ਇਸ ਲਹਿਰ ਦੀ ਵਰਤਮਾਨ ਸਮੇਂ ਵਿੱਚ ਪ੍ਰਸੰਗਿਕਤਾ ਬਾਰੇ ਗੱਲ ਰੱਖਣਗੇ। ਕਾਨਫਰੰਸ ਵਿੱਚ ਦੇਸ਼ ਅਤੇ ਸੰਸਾਰ ਦੇ ਆਰਥਿਕ-ਸਿਆਸੀ-ਸਮਾਜਿਕ ਹਾਲਾਤਾਂ 'ਤੇ ਵਿਚਾਰ ਕੀਤੀ ਜਾਵੇਗੀ। ਅੱਜ ਜਦੋਂ ਸਾਰਾ ਪ੍ਰਬੰਧ ਸਿਰ ਤੋਂ ਪੈਰ ਤੱਕ ਗਲ-ਸੜ ਚੁੱਕਾ ਹੈ ਉਸ ਸਮੇਂ ਲੁੱਟੀਂਦੇ ਲੋਕਾਂ ਨੂੰ ਅੱਜ ਕਿਹੜਾ ਰਾਹ ਚੁਨਣਾ ਚਾਹੀਦਾ ਹੈ ਇਸ ਬਾਰੇ ਬੁਲਾਰੇ ਵਿਸਥਾਰ ਵਿੱਚ ਗੱਲ ਰੱਖਣਗੇ। 
ਸਾਥੀ ਰਾਜਵਿੰਦਰ ਨੇ ਦੱਸਿਆ ਕਿ ਮਈ ਦਿਵਸ 'ਤੇ ਵੋਟ-ਬਟੋਰੂ ਪਾਰਟੀਆਂ ਨਾਲ਼ ਜੁੜੀਆਂ ਬਹੁਤ ਸਾਰੀਆਂ ਜੱਥੇਬੰਦੀਆਂ ਨਚਾਰਾਂ ਅਤੇ ਘਟੀਆ ਗਾਇਕਾਂ ਰਾਹੀਂ ਭੀੜ ਇਕੱਠੀ ਕਰਕੇ ਮਈ ਦਿਵਸ ''ਮਨਾਉਣ'' ਦਾ ਢੋਂਗ ਕਰਦੀਆਂ ਹਨ ਅਤੇ ਮਈ ਦਿਵਸ ਦੀ ਸ਼ਾਨ ਘੱਟ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਉਹਨਾਂ ਕਿਹਾ ਕਿ ਮਈ ਦਿਵਸ ਕਾਨਫਰੰਸ ਇਸਦਾ ਵਿਰੋਧ ਕਰਦੇ ਹੋਏ ਇਨਕਲਾਬੀ ਪਰੰਪਰਾਵਾਂ ਨੂੰ ਅੱਗੇ ਵਧਾਏਗੀ। ਕਾਨਫਰੰਸ ਵਿੱਚ ਇਨਕਲਾਬੀ-ਅਗਾਂਹਵਧੂ ਨਾਟਕਾਂ-ਗੀਤਾਂ ਦਾ ਸੱਭਿਆਚਾਰਕ ਪ੍ਰੋਗਰਾਮ ਵੀ ਹੋਵੇਗਾ। ਉਹਨਾਂ ਕਿਹਾ ਕਿ ਲੋਕਾਂ ਨੂੰ ਪਰੋਸੇ ਜਾ ਰਹੇ ਗੰਦੇ-ਭੈੜੇ-ਉਪਭੋਗਤਾਵਾਦੀ ਸੱਭਿਆਚਾਰ ਦਾ ਬਦਲ ਪੇਸ਼ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ। 
ਕਾਰਖਾਨਾ ਮਜ਼ਦੂਰ ਯੂਨੀਅਨ ਅਤੇ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਨੇ ਸਾਰੇ ਤਬਦੀਲੀ ਪਸੰਦ ਮਜ਼ਦੂਰਾਂ-ਕਿਰਤੀਆਂ-ਨੌਜਵਾਨਾਂ ਨੂੰ ਮਈ ਦਿਵਸ ਕਾਨਫਰੰਸ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਲਖਵਿੰਦਰ ਨਾਲ ਸੰਪਰਕ ਲਈ ਮੋਬਾਈਲ ਨੰਬਰ ਹੈ-- 9646150249 

No comments: