Thursday, April 11, 2013

ਇਸ ਵਾਰ ਜਸਵੰਤ ਸਿੰਘ ਅਮਨ ਦੀ ਪੁਸਤਕ


ਅੰਤਰ-ਯਾਤਰਾ ਤੇ ਤੁਰੇ ਆਨੰਦ ਦੇ ਪਾਂਧੀਆਂ ਨੂੰ ਰਸਤਾ ਦਿਖਾਉਂਦੀ ਵਿਸ਼ੇਸ਼ ਪੁਸਤਕ


ਬਹੁਤ ਪਹਿਲਾਂ ਓਸ਼ੋ ਰਜਨੀਸ਼ ਦੀ ਇੱਕ ਪੁਸਤਕ ਆਈ ਸੀ -ਇੱਕ ਓਂਕਾਰ ਸਤਿਨਾਮ। ਸਿੱਖ ਜਗਤ ਦੇ ਕਈ ਪ੍ਰਚਾਰਕਾਂ ਨੇ ਓਸ਼ੋ ਦਾ ਤਿੱਖਾ ਵਿਰੋਧ ਵੀ ਕੀਤਾ ਪਰ ਇਸ ਪੁਸਤਕ ਨੂੰ ਪੜ੍ਹਦਿਆਂ ਮੈਨੂੰ ਮਹਿਸੂਸ ਹੋਇਆ ਕਿ ਅੱਜ ਜਪੁਜੀ ਦਾ ਪਾਠ ਮੈਂ ਪਹਿਲੀ ਵਾਰ ਕਰ ਰਿਹਾਂ। ਕੁਝ ਅਜਿਹਾ ਹੀ ਮਹਿਸੂਸ ਹੋਇਆ ਹੈ ਆਨੰਦ "ਸਾਹਿਬ" ਦੀ ਬਾਣੀ  ਦਾ ਕੀਰਤਨ ਸੁਣਦਿਆਂ।  ਅਸਲ ਵਿੱਚ ਬਹੁਤ ਹੀ ਘੱਟ ਲੋਕ ਹੁੰਦੇ ਹਨ ਜਿਹਨਾਂ ਨੇ ਪਿਆਸ ਦੀ ਤੀਬਰਤਾ ਤੱਕ ਪਹੁੰਚਣ ਤੋਂ ਬਾਅਦ ਪਾਣੀ ਦੇ ਘੁੱਟ ਦਾ ਮਜ਼ਾ ਲਿਆ ਹੁੰਦਾ ਹੈ। ਕੜਕਦੀਆਂ ਧੁੱਪਾਂ ਵਿੱਚ ਲੰਬਾ ਸਫਰ ਕਰਕੇ ਕਿਸੇ ਸੰਘਣੇ ਬਿਰਖ ਦੀ ਛਾਂ ਮਾਣੀ ਹੁੰਦੀ ਹੈ। ਇਸ ਮਜ਼ੇ ਨੂੰ ਓਹ ਲੋਕ ਕਦੇ ਮਹਿਸੂਸ ਹੀ ਨਹੀਂ ਕਰ ਸਕਦੇ ਜਿਹਨਾਂ ਦੇ ਇੱਕ ਇਸ਼ਾਰੇ 'ਤੇ ਜ਼ਰਾ ਕੁ ਬੁੱਲ ਸੁੱਕਦਿਆਂ ਹੀ ਕਈ ਤਰਾਂ ਦੇ ਮਹਿੰਗੇ ਕੋਲ ਡ੍ਰਿੰਕਸ ਜਾਂ ਜੂਸ ਹਾਜਰ ਹੋ ਜਾਂਦੇ ਹਨ। ਜਿਹਨਾਂ ਏਅਰ ਕੰਡੀਸ਼ੰਡ ਕਾਰਾਂ ਜਾਂ ਕਮਰਿਆਂ ਚੋਂ ਕਦੇ ਬਾਹਰ ਕਦਮ ਨਹੀਂ ਰੱਖਿਆ ਹੁੰਦਾ। ਇਹੀ ਹਾਲਤ ਸਾਡੇ ਅੰਦਰਲੀ ਵੀ ਹੁੰਦੀ ਹੈ। ਅੰਦਰ ਦੀ ਪਿਆਸ ਤਾਂ ਹਰ ਕਿਸੇ ਦੇ ਨਸੀਬ ਵਿੱਚ ਹੀ ਨਹੀਂ ਹੁੰਦੀ। ਜਿਸਨੇ ਜ਼ਿੰਦਗੀ 'ਚ ਬਹੁਤ ਸਾਰੇ ਦੁੱਖ ਦੇਖੇ ਹੋਣ। ਵਿਛੋੜੇ ਸਹੇ ਹੋਣ। ਦੁੱਖ ਸੰਤਾਪ ਦੀ ਭੱਠੀ ਵਿੱਚ ਤਪ ਕੇ ਦੇਖਿਆ ਹੋਵੇ। ਗਮਾਂ ਦੀ ਕਾਲੀ ਬੋਲੀ ਰਾਤ ਦੇਖੀ ਹੋਵੇ ਅਤੇ ਅਨਹੋਣੀਆਂ ਦਾ ਸਾਹਮਣਾ ਕੀਤਾ ਹੋਵੇ ਉਸਨੂੰ ਹੀ ਪਤਾ ਹੁੰਦਾ ਹੈ ਕਿ ਜ਼ਿੰਦਗੀ ਵਿੱਚ ਆਨੰਦ ਦੀ ਘਾਟ ਹੋਵੇ ਤਾਂ ਜੀਵਨ ਕਿੰਨਾ ਖੋਖਲਾ ਜਿਹਾ ਬਣ ਜਾਂਦਾ ਹੈ। ਜਿਸਨੂੰ ਆਨੰਦ ਦੀ ਘਾਟ ਮਹਿਸੂਸ ਹੁੰਦੀ ਹੈ ਉਹੀ ਇਸਦੀ ਭਾਲ ਵੀ ਕਰ ਸਕਦਾ ਹੈ। ਕੁਝ ਅਜਿਹੀ ਹੀ ਭਾਲ ਕੀਤੀ ਹੈ ਅੱਜਕਲ੍ਹ ਲੁਧਿਆਣਾ 'ਚ ਰਹਿ ਰਹੇ ਜਨਾਬ ਜਸਵੰਤ ਸਿੰਘ ਅਮਨ ਨੇ। ਦੁੱਖਾਂ ਤਕਲੀਫਾਂ ਦੀ ਇੰਤਹਾ ਪਰ ਭਾਲ ਫਿਰ ਵੀ ਆਨੰਦ ਦੀ। ਸ਼ਾਇਦ ਇਹ ਭਾਲ ਹਰ ਇੱਕ ਦੇ ਕਰਨ ਵਾਲੀ ਹੁੰਦੀ ਵੀ ਨਹੀਂ ਕਿਓਂਕਿ ਇਹ ਪਿਆਸ ਵੀ ਸਾਰਿਆਂ ਦੇ ਨਸੀਬ ਵਿੱਚ ਨਹੀਂ ਹੁੰਦੀ। 
ਉਹਨਾਂ ਦੀ ਨਵੀਂ ਪੁਸਤਕ "ਆਨੰਦੁ ਆਨੰਦੁ ਸਭੁ ਕੋ ਕਹੈ" ਜਿੱਥੇ ਅੱਜ ਕਲ੍ਹ ਦੀ ਆਨੰਦ ਵਿਹੂਣੀ ਜ਼ਿੰਦਗੀ ਬਾਰੇ ਬੜੇ ਹੀ ਤਰਕਪੂਰਨ ਢੰਗ ਨਾਲ ਗੱਲ ਕਰਦੀ ਹੈ ਉਥੇ ਇਸ ਵਿੱਚ ਆਨੰਦ ਦੀ ਭਾਲ ਪ੍ਰਤੀ ਕਿਸੇ ਵਿਰਲੇ ਟਾਂਵੇ ਵਿਅਕਤੀ ਵਿੱਚ ਜਾਰੀ ਅੰਤਰ ਯਾਤਰਾ ਅਤੇ ਉਸਦੇ ਗਿਆਨ ਵਿਗਿਆਨ ਦੀ ਵੀ ਚਰਚਾ ਹੈ। ਆਨੰਦ ਦੇ ਸਫਲ ਰਸਤਿਆਂ ਦਾ ਸਪਸ਼ਟ ਜਿਹਾ  ਇਸ਼ਾਰਾ ਵੀ ਹੈ ਅਤੇ ਇਸ ਬਾਰੇ ਕਈ ਕਾਰਗਰ ਨੁਸਖੇ ਵੀ। ਅੰਤਰ ਦੇ ਇਸ ਅਨੁਭਵ ਦਾ ਸਫਲ ਪ੍ਰਗਟਾਵਾ ਕਰਕੇ ਵੀ ਲੇਖਕ ਕਹਿੰਦਾ ਇਹੀ ਹੈ:-ਇਸਤੋਂ ਵੱਡੀ ਮੂਰਖਤਾ ਕੋਈ ਨਹੀਂ ਹੋ ਸਕਦੀ, ਜੇ ਮੈਂ ਕਹਾਂ ਕਿ ਇਹ ਵੀ ਵਿਚਾਰ ਮੇਰੇ ਹਨ।  ਲੇਖਕ ਨੇ ਅੱਜ ਦੀ ਜ਼ਿੰਦਗੀ ਦੇ ਦੋਗਲੇਪਨ ਬਾਰੇ ਜ਼ਿਕਰ ਕਰਦਿਆਂ ਕਿਹਾ ਹੈ ਜਦੋਂ ਵੀ ਕਿਸੇ ਨੂੰ ਪੁੱਛੀਦਾ ਹੈ ਕੀ ਹਾਲ ਹੈ ਤਾਂ ਬੜੇ ਹੀ ਜੋਸ਼ ਨਾਲ ਉਹ ਅੱਗਿਓਂ ਕਹਿੰਦਾ ਹੈ, ਚੜ੍ਹਦੀਕਲਾ ਜਾਂ ਆਨੰਦ ਹੈ! ਜਦਕਿ ਉਸਦੇ ਹਾਵ ਭਾਵ ਤੋਂ ਜਾਂ ਹੋਰ ਵਿਹਾਰ ਤੋਂ ਸਪਸ਼ਟ ਉਸਦੀ ਦੁਖੀ ਆਤਮਾ ਹੀ ਨਜ਼ਰ ਆਉਂਦੀ ਹੈ। ਇਸਤੋਂ ਹੀ ਲੇਖਕ ਆਪਣੇ ਅੰਦਰ ਚੱਲ ਰਹੀ ਅੰਤਰ ਯਾਤਰਾ ਵਿੱਚ ਇੱਕ ਹੋਰ ਕਦਮ ਅਗਾਂਹ ਨੂੰ ਪੁੱਟਦਿਆਂ ਇੱਕ ਹੋਰ ਸੁਆਲ ਆਪਣੇ ਆਪ ਨੂੰ ਹੀ ਕਰਦਾ ਹੈ-ਆਨੰਦ ਸਾਹਿਬ ਦਾ ਪਾਠ ਰੋਜ਼ ਕਰਨ ਦੇ ਬਾਵਜੂਦ ਇਸ ਬਾਣੀ ਵਿਚਲੇ ਸੰਦੇਸ਼ ਬਾਰੇ ਜਾਗਰੂਕਤਾ ਕਿਓਂ ਨਹੀਂ? ਆਨੰਦ ਦੀ ਉਸ ਅਵਸਥਾ ਦਾ ਅਨੁਭਵ ਕਿਓਂ ਨਹੀਂ? ਇਸੇ ਕਰ ਨੇ ਸ਼ਰਧਾ ਨੂੰ ਅੰਧ ਵਿਸ਼ਵਾਸ ਤੋਂ ਵੱਖ ਕਰਨ ਦੀ ਸੁਚੇਤ ਕੋਸ਼ਿਸ਼ ਵੀ ਬੜੀ ਸਫਲਤਾ ਨਾਲ ਕੀਤੀ ਹੈ। ਇਸੇ ਲਈ ਪ੍ਰਸਿਧ ਵਿਦਵਾਨ ਡਾਕਟਰ ਸਰਦਾਰਾ ਸਿੰਘ ਜੌਹਲ ਆਖਦੇ ਹਨ:ਜਸਵੰਤ ਸਿੰਘ ਅਮਨ ਇੱਕ ਪ੍ਰੋੜ੍ਹ ਖੋਜੀ ਹੈ; ਪਰ ਉਹ ਇੱਕ ਮੋਮਿਨ ਖੋਜੀ ਹੈ, ਕਾਫਰ ਨਹੀਂ। ਪ੍ਰਸਿਧ ਸ਼ਾਇਰ ਸੁਰਜੀਤ ਪਾਤਰ ਆਖਦੇ ਹਨ-ਇਹ ਪੁਸਤਕ ਸਾਨੂੰ ਗੁਰਬਾਣੀ ਦੀ ਉੱਚਤਾ ਦਾ ਪੁਨਰ ਅਹਿਸਾਸ ਕਰਾਉਂਦੀ ਹੈ, ਗੁਰਬਾਣੀ ਦੇ ਸ਼ਬਦਾਂ ਅੰਦਰ ਗਹਿਰੇ ਉੱਤਰਨ ਦੀ ਪ੍ਰੇਰਨਾ ਦੇਂਦੀ ਹੈ। 140 ਸਫਿਆਂ ਦੀ ਇਸ ਪੁਸਤਕ ਦੀ ਕੀਮਤ ਹੈ ਸਿਰਫ 160 ਰੁਪੈ ਜਾਂ ਫਿਰ ਪੰਜ ਡਾਲਰ। ਇਸਦਾ ਟਾਈਟਲ ਡਿਜ਼ਾਈਨ  ਕੀਤਾ ਹੈ ਅਮਰੀਕਾ ਨਿਵਾਸੀ ਰੁਪਿੰਦਰ ਸਿੰਘ ਔਲਖ ਨੇ। 
ਲੇਖਕ ਨਾਲ ਸੰਪਰਕ ਲਈ ਪਤਾ ਹੈ-
478-D, Bhai Randhir Singh Nagar, 
Ludhiana-141001
Email:-jaswantsinghaman@yahoo.com

No comments: