Wednesday, April 03, 2013

ਪੰਜਾਬੀ ਕਵਿਤਾ ਮੇਲਾ-2013

ਸਾਹਿਤਿਕ ਆਯੋਜਨ 19 ਅਤੇ 20 ਅਪਰੈਲ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ
ਦਿਲ ਨੂੰ ਹਲੂਣਾ ਦੇਣ, ਦਿਮਾਗ ਨੂੰ ਸੋਚਣ ਲਾਉਣ  ਅਤੇ ਫਿਰ ਸੋਚ ਸਮਝ ਦੀ ਰੌਸ਼ਨੀ ਵਿੱਚ ਇੱਕ ਹੋਰ ਨਵਾਂ ਕਦਮ ਅਗਾਂਹ ਨੂੰ ਪੁੱਟਣ ਦੀ ਪ੍ਰੇਰਨਾ ਦੇਣ ਵਾਲੀਆਂ ਰਚਨਾਵਾਂ ਲਿਖਣ ਵਾਲੇ ਜਸਵੰਤ ਜ਼ਫਰ ਹੁਰਾਂ ਨੇ ਹੁਣ ਆਪਣੇ ਸਾਥੀਆਂ ਸਹਿਯੋਗੀਆਂ ਨਾਲ ਇੱਕ ਨਵਾਂ ਸਾਹਿਤਿਕ ਪ੍ਰੋਗਰਾਮ ਐਲਾਨਿਆ ਹੈ। ਸਿਰਫ ਐਲਾਨਿਆ ਹੀ ਨਹੀਂ ਬਲਕਿ ਸਾਰੀਆਂ ਨੂੰ ਇਸ ਵਿੱਚ ਸਰਗਰਮ ਸਮੂਲੀਅਤ ਦਾ ਸੱਦਾ ਵੀ ਦਿੱਤਾ ਹੈ। ਮਿਤੀ 19 ਅਤੇ 20 ਅਪਰੈਲ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਪੰਜਾਬੀ ਕਵਿਤਾ ਮੇਲੇ ਦੇ ਆਯੋਜਨ ਦਾ ਐਲਾਨ ਕਰਦਿਆਂ ਉਹਨਾਂ ਸਪਸ਼ਟ ਆਖਿਆ ਹੈ,"ਪਹੁੰਚਣ ਦਾ ਇਕਰਾਰ ਕਰਨ ਵਾਲੇ ਸਾਰੇ ਦੋਸਤ ਇਹ ਦੱਸਣ ਦੀ ਕਿਰਲਾਪਤਾ ਜ਼ਰੂਰ ਕਰਨ ਕਿ ਉਹ ਇਸ ਮੇਲੇ ਦੀ ਸਫਲਤਾ ਲਈ ਕਿਸ ਤਰ੍ਹਾਂ ਦਾ ਯੋਗਦਾਨ ਪਾ ਸਕਦੇ ਹਨ।ਸਾਨੂੰ ਆਪ ਸਭ ਦੀ ਕਿਸੇ ਨਾ ਕਿਸੇ ਰੂਪ 'ਚ ਭਾਗੀਦਾਰੀ ਚਾਹੀਦੀ ਹੈ।"
ਇਸ ਮਕਸਦ ਲਈ ਉਹਨਾਂ ਫੇਸਬੁਕ ਤੇ ਇੱਕ ਇਵੈਂਟ ਵਾਲਾ ਪੇਜ ਵੀ ਬਣਾਇਆ ਹੈ ਤਾਂ ਕਿ ਅੱਜ ਦੇ  ਆਧੁਨਿਕ ਇੰਟਰਨੈਟ ਵਾਲੇ ਯੁਗ ਵਿੱਚ ਕੇਵਲ ਕੰਪਿਊਟਰ ਨਾਲ ਬੰਦ ਕਮਰੇ 'ਚ ਰਹਿ ਕੇ ਸਾਹਿਤ ਸਿਰਜਣਾ ਕਰਨ ਵਾਲਿਆਂ ਨੂੰ ਇੱਕ ਦੂਜੇ ਦੇ ਸਾਹਮਣੇ ਲਿਆ ਕੇ ਕਲਮੀ ਗੱਲਾਂ ਨੂੰ ਹਕੀਕਤ ਦੇ ਹੋਰ ਨੇੜੇ ਲਿਆਂਦਾ ਜਾ ਸਕੇ। ਉਹਨਾਂ ਦੱਸਿਆ ਹੈ ਕਿ ਉਦਘਾਟਨੀ ਸਮਰੋਹ ਵਿਚ ਕਵਿਤਾ ਦੇ ਮਹੱਤਵ, ਵਰਤਮਾਨ ਪੰਜਾਬੀ ਕਵਿਤਾ ਦੀ ਸਥਿਤੀ ਅਤੇ ਸਰੋਕਾਰਾਂ ਬਾਰੇ ਵਿਦਵਾਨ ਆਪਣੇ ਵਿਚਾਰ ਪੇਸ਼ ਕਰਨਗੇ। ਪ੍ਰਸਿੱਧ ਪੰਜਾਬੀ ਕਵੀ ਆਪਣੇ ਕਾਵਿ ਅਨੁਭਵ ਸਾਂਝੇ ਕਰਨਗੇ। ਦੋ ਸੈਸ਼ਨ ਸਾਲ 2012-13 ਵਿਚ ਛਪੀਆਂ ਵਧੀਆ ਕਾਵਿ ਕਿਤਾਬਾਂ ਬਾਰੇ ਹੋਣਗੇ। ਇਸ ਵਿਚ ਕਿਸੇ ਕਵੀ ਜਾਂ ਵਿਦਵਾਨ ਵਲੋਂ ਨਵੀਂ ਕਿਤਾਬ ਦੇ ਹਵਾਲੇ ਨਾਲ ਇਕ ਕਵੀ ਨੂੰ ਪੇਸ਼ ਕੀਤਾ ਜਾਵੇਗਾ ਜੋ 10-15 ਮਿੰਟ ਇਸ ਕਿਤਾਬ 'ਚੋਂ ਕਵਿਤਾ ਪਾਠ ਕਰੇਗਾ ਅਤੇ 15 ਕੁ ਮਿੰਟ ਹਰੇਕ ਕਿਤਾਬ ਤੇ ਵਿਚਾਰ ਚਰਚਾ ਹੋਵੇਗੀ। 
ਕਵੀ ਦਰਬਾਰ ਹੋਣਗੇ, ਇਕ ਕਵੀ ਦਰਬਾਰ ਅਸਲੋਂ ਨਵੇਂ ਕਵੀਆਂ ਦਾ ਹੋਵੇਗਾ। ਇਕ ਕਵਿਤਾ ਵਰਕਸ਼ਾਪ ਵੀ ਹੋਵੇਗੀ।
ਨਿਸਚੇ ਹੀ ਕਰਨ ਵਾਲਾ ਹੋਰ ਵੀ ਬੜਾ ਕੁਝ ਹੋਵੇਗਾ ਪਰ ਇਹ ਕੀ ਕੀ ਹੋਵੇ, ਕਿਸ ਕਿਸ ਤਰ੍ਹਾ ਹੋਵੇ, ਕਿੰਨਾ ਕਿੰਨਾ ਹੋਵੇ, ਕੌਣ ਕੌਣ ਕਰੇ ---। ਇਸ ਬਾਰੇ ਬਹੁਤ ਹੀ ਲੋਕਤੰਤਰੀ ਮੌਕਾ ਪੈਦਾ ਕਰਦਿਆਂ ਬੜੇ ਹੀ ਸਪਸ਼ਟ ਸ਼ਬਦਾਂ ਵਿੱਚ ਉਹਨਾਂ ਸਾਰਿਆਂ ਨੂੰ ਸੁਆਲ ਵੀ ਕੀਤਾ ਹੈ ਤੁਸੀਂ ਵੀ ਦੱਸੋ ਹੋਰ ਕੀ ਕੀ ਹੋਣਾ ਚਾਹੀਦਾ ਹੈ ਸਿਰਫ ਦੱਸੋ ਹੀ ਨਹੀਂ ਬਲਕਿ ਆਪੋ ਆਪਣੇ ਮਸ਼ਵਰੇ ਵੀ ਭੇਜਦੇ ਰਹੋ। ਇਸਦੇ ਨਾਲ ਹੀ ਇੱਕ ਸਲਾਹ ਵੀ--ਇੱਕ ਗੁਜਾਰਿਸ਼ ਵੀ---ਕਿ ਪੰਜਾਬੀ ਕਵਿਤਾ ਨਾਲ ਸਬੰਧ ਜਾਂ ਰੁਚੀ ਰੱਖਣ ਵਾਲੇ ਆਪਣੇ ਸਾਰੇ ਸਬੰਧੀਆਂ ਨਾਲ ਇਹ ਸੂਚਨਾ ਸਾਂਝੀ ਵੀ ਕਰੋ।
ਕਾਬਿਲ-ਏ-ਜ਼ਿਕਰ ਹੈ ਕਿ ਜਸਵੰਤ ਜ਼ਫਰ ਕਿਸੇ ਵੇਲੇ ਬਹੁਤ ਹੀ ਚੰਗੇ ਕਾਰਟੂਨਿਸਟ ਵੀ ਰਹੇ ਹਨ। ਇਸ ਲਈ ਰੇਖਾ ਚਿਤਰਾਂ ਵਾਲੀ ਕਲਾ ਨਾਲ ਉਹਨਾਂ ਦਾ ਸੰਬੰਧ ਕਿਸੇ ਨ ਕਿਸੇ ਤਰ੍ਹਾਂ ਪ੍ਰਗਟ ਹੋ ਹੀ ਜਾਂਦਾ ਹੈ। ਇਸ ਆਯੋਜਨ ਬਾਰੇ ਗੱਲ ਕਰਦਿਆਂ ਵੀ ਉਹ ਆਖਦੇ ਹਨ,"ਆਰਟਿਸਟ ਆਪਣੀ ਪਸੰਦ ਦੀਆਂ ਕਵਿਤਾਵਾਂ, ਕਾਵਿ ਟੁਕੜੀਆਂ ਨਾਲ ਸਬੰਧਤ ਪੋਸਟਰ ਪ੍ਰਦਰਸ਼ਤ ਕਰ ਸਕਦੇ ਹਨ।"
ਜੇ ਇਸ ਆਯੋਜਨ ਮੌਕੇ ਗਜ਼ਲਾਂ, ਗੀਤਾਂ ਦੇ ਗਾਇਨ ਦਾ ਪ੍ਰਬੰਧ ਵੀ ਹੋ ਸਕੇ ਤਾਂ ਸ਼ਾਇਦ ਇਹ ਆਯੋਜਨ ਹਰ ਪੱਖੋਂ ਮੁਕੰਮਲ ਹੋ ਸਕੇਗਾ।--ਰੈਕਟਰ ਕਥੂਰੀਆ ਲੁਧਿਆਣਾ ਵਿਖੇ ਦੋ-ਰੋਜ਼ਾ ਪੰਜਾਬੀ ਕਵਿਤਾ ਮੇਲਾ ਅੱਜ ਤੋਂ


No comments: