Sunday, April 28, 2013

ਗ਼ਦਰ ਪਾਰਟੀ ਦਾ 100ਵਾਂ ਸਥਾਪਨਾ ਦਿਵਸ

ਆਓ ਇਸ ਜੰਗ ਨੂੰ ਮੰਜ਼ਿਲ ਤੱਕ ਪਹੁੰਚਾਈਏ.......     -ਗੁਰਮੀਤ
ਅੱਜ ਅਸੀਂ ਗ਼ਦਰ ਪਾਰਟੀ ਦੀ ਸਥਾਪਨਾ ਦਾ 100ਵਾਂ ਦਿਵਸ ਮਨਾ ਰਹੇ ਹਾਂ.....ਇਹ ਮੌਕਾ ਜਿਥੇ ਇਸ ਲਹਿਰ ਨੂੰ ਆਪਣੇ ਲਹੂ ਨਾਲ ਸਿੰਜਣ ਵਾਲੇ ਮਹਾਨ ਸੂਰਬੀਰਾਂ ਦੀਆਂ ਕੁਰਬਾਨੀਆਂ ਅਤੇ ਅੰਗਰੇਜ਼ ਸਾਮਰਾਜ ਤੋਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੜੇ ਸੰਘਰਸ਼ ਦੀਆਂ ਪ੍ਰਾਪਤੀਆਂ ਨੂੰ ਯਾਦ ਕਰਨ ਦਾ ਹੈ, ਉਥੇ ਜਿਸ ਨਿਆਂਪੂਰਨ ਬਰਾਬਰੀ ਵਾਲੇ ਖੁਸ਼ਹਾਲ ਸਮਾਜ ਦੀ ਉਸਾਰੀ ਦੇ ਨਿਸ਼ਾਨੇ ਦੀ ਪੂਰਤੀ ਵੱਲ ਲੜੇ ਗਏ ਇਸ ਸੰਗਰਾਮ ਨੂੰ ਆਜ਼ਾਦੀ ਮਿਲਣ ਤੋਂ 66 ਸਾਲ ਬਾਅਦ ਕਿੰਨਾ ਕੁ ਅੱਗੇ ਲਿਜਾ ਸਕੇ ਹਨ...."ਇਸ ਦਾ ਮੁੱਲਅੰਕਣ ਕਰਨਾ ਵੀ ਬਹੁਤ ਜ਼ਰੂਰੀ ਹੈ।
ਗ਼ਦਰ ਪਾਰਟੀ ਦੀ 50ਵੀਂ ਵਰ੍ਹੇਗੰਢ 'ਤੇ ਪ੍ਰਮੁੱਖ ਗ਼ਦਰੀ ਆਗੂ ਬਾਬਾ ਗੁਰਮੁੱਖ ਸਿੰਘ ਲਲਤੋਂ ਨੇ ਆਪਣੇ ਸੰਦੇਸ਼ ਵਿਚ ਕਿਹਾ ਸੀ,""...ਗ਼ਦਰ ਪਾਰਟੀ ਦੇ ਬੰਦਿਆਂ ਨੂੰ ਅੱਜ ਮਾਣ ਹੈ ਕਿ ਅਸੀਂ ਹਿੰਦ ਦੀ ਆਜ਼ਾਦੀ ਦੀ ਲੜਾਈ ਵਿਚ 1947 ਤੱਕ ਕਿਸੇ ਹੋਰ ਪਾਰਟੀ ਜਾਂ ਆਪਣੇ ਹਮਵਤਨਾਂ ਤੋਂ ਪਿੱਛੇ ਨਹੀਂ ਰਹੇ। ਗ਼ਦਰ ਪਾਰਟੀ ਦੀਆਂ ਕੁਰਬਾਨੀਆਂ ਤੇ ਕਰਨੀਆਂ ਦਾ ਬੜਾ ਸ਼ਾਨ ਤੇ ਮਾਣ ਵਾਲਾ ਰਿਕਾਰਡ ਹੈ। ਗ਼ਦਰ ਪਾਰਟੀ ਨੇ ਸਾਮਰਾਜੀ ਗੁਲਾਮੀ ਤੋਂ ਖਲਾਸੀ ਪਾਉਣ ਲਈ ਨਿਰ੍ਹਾ ਹਿੰਦੋਸਤਾਨ ਦੀ ਆਜ਼ਾਦੀ ਦੀ ਲੜਾਈ ਵਿਚ ਹੀ ਨਹੀਂ, ਸਗੋਂ ਸਮੁੱਚੇ ਸਾਮਰਾਜ ਵਿਰੁੱਧ ਕੌਮਾਂਤਰੀ ਲੜਾਈ ਵਿੱਚ ਹਿੱਸਾ ਪਾਇਆ ਹੈ...."
ਮੌਜੂਦਾ ਸਥਿਤੀ ਬਾਰੇ ਉਨ੍ਹਾਂ ਕਿਹਾ ਸੀ, "...ਅੱਜ ਗਰੀਬ ਜਮਾਤਾਂ ਦੀ ਤਕਰੀਬਨ ਉਹੀ ਹਾਲਤ ਹੈ, ਉਹੀ ਬੇਕਾਰੀ ਹੈ, ਸਗੋਂ ਉਸ ਤੋਂ ਵੀ ਭਿਆਨਕ ਤਰ੍ਹਾਂ ਦੀ ਹੈ। ਅੱਜ ਵੀ ਬੀਏ, ਐਮਏ ਪਾਸ ਬੇਰੁਜ਼ਗਾਰ ਰਿਕਸ਼ੇ ਚਲਾ ਰਹੇ ਹਨ। ਅੱਜ ਅਸੀਂ ਜੋ ਉਸ ਵੇਲੇ ਆਪਣੇ ਭੁੱਖ-ਨੰਗ, ਕੰਗਾਲੀ ਅਤੇ ਬੇਕਾਰੀ ਦੂਰ ਕਰਨ ਲਈ ਅੰਗਰੇਜ਼ੀ ਸਾਮਰਾਜ ਤੋਂ ਆਜ਼ਾਦੀ ਖੋਹਣ ਵੇਲੇ ਲੜੇ ਸਾਂ, ਮੁੜ ਉਹੀ ਖ਼ਤਰੇ ਦੇਖ ਰਹੇ ਹਾਂ, ਜੋ ਗੁਲਾਮ ਹੁੰਦਿਆਂ ਸਾਨੂੰ ਦਰਪੇਸ਼ ਸਨ, ਅੱਜ ਸਾਨੂੰ ਫੇਰ ਸਾਮਰਾਜੀਆਂ ਹੱਥੋਂ ਦੇਸ਼ ਦੀ ਆਰਥਿਕ ਤੇ ਸਿਆਸੀ ਆਜ਼ਾਦੀ ਦੇ ਖੋਹ ਲਏ ਜਾਣ ਦਾ ਖਤਰਾ ਪੈਦਾ ਹੁੰਦਾ ਜਾ ਰਿਹਾ ਹੈ। ਅਸਾਂ, ਜਿਨ੍ਹਾਂ ਨੇ ਅੰਗਰੇਜ਼ੀ ਸਾਮਰਾਜ ਦੀ ਦੋ ਸੌ ਸਾਲ ਦੀ ਲੰਮੀ ਤੇ ਮਾਰੂ ਗੁਲਾਮੀ ਨੂੰ ਚੁੱਕ ਮਾਰਿਆ, ਅੱਜ ਦੀ ਹਾਲਤ ਬਰਦਾਸ਼ਤ ਨਹੀਂ ਕਰ ਸਕਦੇ। ਅੱਜ ਸਾਨੂੰ ਇਸ ਬਾਰੇ ਮੁੜ ਕੁਝ ਸੋਚਣਾ ਤੇ ਕਰਨਾ ਪਵੇਗਾ ਤੇ ਇਸ ਹਾਲਤ ਵਿਚੋਂ ਨਿਕਲਣ ਲਈ ਦੇਸ਼ ਨੂੰ ਕੋਈ ਪੁਕਾਰ ਦੇਣੀ ਪਏਗੀ...."
ਅੱਜ 50 ਸਾਲ ਬੀਤ ਜਾਣ 'ਤੇ ਵੀ ਸਥਿਤੀ ਕੀ ਹੈ? ਦੇਸ਼ ਅੰਦਰ ਵਿਦੇਸ਼ੀ ਸਾਮਰਾਜੀਆਂ ਅਤੇ ਉਨ੍ਹਾਂ ਦੇ ਦੇਸੀ ਭਾਈਵਾਲ ਮੁਲਕ ਦੀ ਕੁੱਲ ਪੂੰਜੀ ਦੀ 80 ਫ਼ੀਸਦੀ ਤੋਂ ਵੱਧ 'ਤੇ ਕਾਬਜ਼ ਹਨ, ਜਦੋਂ ਕਿ ਦੇਸ਼ ਦੀ 80 ਫ਼ੀਸਦੀ ਤੋਂ ਵੱਧ ਜਨਤਾ ਭੁੱਖ-ਗਰੀਬੀ ਦਾ ਨਰਕੀ ਜੀਵਨ ਭੋਗ ਰਹੀ ਹੈ। ਦੇਸ਼ ਦੇ ਕੁਦਰਤੀ ਮਾਲ-ਖਜ਼ਾਨੇ ਵਿਦੇਸ਼ੀ ਅਤੇ ਦੇਸੀ ਅਜਾਰੇਦਾਰ ਘਰਾਣਿਆਂ, ਕੰਪਨੀਆਂ ਨੂੰ ਪਰੋਸੇ ਜਾ ਰਹੇ ਹਨ। ਜਦੋਂ ਸਾਰੇ ਅਹਿਮ ਅਦਾਰੇ ਅਤੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਕਰਨ ਵਾਲੇ ਖੇਤਰ ਵੀ ਅੰਨ੍ਹੇ ਮੁਨਾਫ਼ੇ ਕਮਾਉਣ ਲਈ ਧਾੜਵੀ, ਲੁਟੇਰੀਆਂ ਕੰਪਨੀਆਂ ਹਵਾਲੇ ਕੀਤੇ ਜਾ ਰਹੇ ਹਨ। ਜਦੋਂ ਦੇਸ਼ ਦੇ ਹਰ ਕੋਨੇ ਅੰਦਰ ਜਿੱਥੇ ਵੀ ਲੋਕ ਹੱਕ, ਸੱਚ, ਇਨਸਾਫ਼ ਦੀ ਆਵਾਜ਼ ਉਠਾਉਣ, ਉਨ੍ਹਾਂ ਨੂੰ ਖਾਮੋਸ਼ ਕਰਨ ਲਈ ਜ਼ਬਰ-ਜ਼ੁਲਮ ਦੀ ਬੇਦਰੇਗ ਵਰਤੋਂ ਕੀਤੀ ਜਾ ਰਹੀ ਹੈ। ਜਿੱਥੇ ਪਾਣੀ ਵਰਗੀ ਅਨਮੋਲ ਕੁਦਰਤੀ ਦਾਤ ਨੂੰ ਵੀ ਮੁਨਾਫ਼ੇ ਦਾ ਧੰਦਾ ਬਣਾਉਣ ਲਈ ਨਵੇਂ ਕਾਨੂੰਨ ਘੜੇ ਜਾਣ, ਜਿੱਥੇ ਐਨਸੀਟੀਸੀ ਵਰਗੇ ਕਾਲੇ ਕਾਨੂੰਨ ਮੜ੍ਹੇ ਜਾ ਰਹੇ ਹੋਣ। ਕੀ ਅਜਿਹਾ ਭਾਰਤ, ਗ਼ਦਰੀ ਸੰਗਰਾਮੀਆਂ ਦੇ ਸੁਪਨਿਆਂ ਦਾ ਭਾਰਤ ਹੈ ?..... ਨਹੀਂ!
ਦੇਸ਼-ਭਗਤ ਯਾਦਗਾਰ ਕਮੇਟੀ ਗ਼ਦਰ ਪਾਰਟੀ ਦੀ ਵਿਰਾਸਤ ਅਤੇ ਉਨ੍ਹਾਂ ਦੇ ਸੁਪਨਿਆਂ ਦੇ ਸਮਾਜ ਦੀ ਉਸਾਰੀ ਦੇ ਲੜੇ ਸੰਗਰਾਮ ਨੂੰ ਨਿਸ਼ਾਨੇ ਤੱਕ ਲਿਜਾਣ ਲਈ ਲਗਾਤਾਰ ਹੋਕਾ ਦੇ ਰਹੀ ਹੈ। ਕਮੇਟੀ ਵੱਲੋਂ ਵੱਖ-ਵੱਖ ਕਿਤਾਬਾਂ, "ਦੇਸ਼-ਭਗਤ ਯਾਦਾਂ', "ਪੀਪਲਜ਼ ਪਾਥ" ਆਦਿ ਮਾਸਿਕ ਪਰਚਿਆਂ ਅਤੇ ਹੋਰ ਪ੍ਰਕਾਸ਼ਨਾਵਾਂ ਰਾਹੀਂ ਉਸ ਸੁਨੇਹੇ ਨੂੰ ਨੌਜਵਾਨਾਂ ਤੱਕ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। "ਮੇਲਾ ਗ਼ਦਰੀ ਬਾਬਿਆਂ ਦਾ" ਦੇ ਰੂਪ ਵਿੱਚ ਇਸ ਸੰਘਰਸ਼ ਦਾ ਸੁਨੇਹਾ ਪਿਛਲੇ 21 ਸਾਲਾਂ ਤੋਂ ਲਗਾਤਾਰ ਲਿਖਤਾਂ, ਸੱਭਿਆਚਾਰਕ ਵੰਨਗੀਆਂ ਅਤੇ ਗ਼ਦਰ ਇਤਿਹਾਸ 'ਤੇ ਆਧਾਰਤ ਭਾਸ਼ਣ ਤੇ ਕੁਇਜ਼ ਮੁਕਾਬਲਿਆਂ ਰਾਹੀਂ ਨੌਜਵਾਨਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਸ ਪ੍ਰੰਪਰਾ ਨੇ ਜਿਥੇ ਇਕ ਪਾਸੇ ਬਾਹਰਲੇ ਦੇਸ਼ਾਂ ਵਿਚੋਂ ਉੱਠੀ ਗ਼ਦਰ ਲਹਿਰ ਦੀ ਮਹੱਤਤਾ ਨੂੰ ਇਕ ਵਾਰੀ ਫਿਰ ਉਜਾਗਰ ਕੀਤਾ ਹੈ, ਉਥੇ ਨਾਲ ਦੀ ਨਾਲ ਦੇਸ਼ ਦੀਆਂ ਸਰਕਾਰਾਂ ਵੱਲੋਂ ਇਸ ਲਹਿਰ ਨੂੰ ਘਟਾ ਕੇ ਦੇਖਣ ਦੀ ਪ੍ਰਵਿਰਤੀ ਨੂੰ ਵੀ ਨੰਗਾ ਕੀਤਾ ਹੈ ਅਤੇ ਬਹੁਤ ਸਾਰੇ ਸਵਾਲ ਵੀ ਉਭਾਰੇ ਹਨ। ਇਨ੍ਹਾਂ ਵਿਚੋਂ ਇਕ ਸਵਾਲ ਇਹ ਹੈ ਕਿ ਇਸ ਲਹਿਰ ਦੀ ਅਜੋਕੇ ਪੰਜਾਬ ਦੇ ਸੰਦਰਭ ਵਿਚ ਸਾਰਥਕਤਾ ਕੀ ਹੈ ਅਤੇ ਇਸ ਨੂੰ ਕਿਸ ਸੰਦਰਭ ਵਿਚ ਦੇਖਣ ਤੇ ਘੋਖਣ ਦੀ ਲੋੜ ਹੈ। ਗ਼ਦਰ ਲਹਿਰ ਨੇ ਬਹੁਤ ਹੀਰੇ ਪੈਦਾ ਕੀਤੇ, ਜਿਨ੍ਹਾਂ ਨੇ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਛੁਟਕਾਰਾ ਦਿਵਾਉਣ ਲਈ ਹਥਿਆਰਬੰਦ ਸੰਘਰਸ਼ ਹੀ ਨਹੀਂ ਉਲੀਕਿਆ, ਸਗੋਂ ਲੋਕਾਂ ਵਿਚ ਗੁਲਾਮੀ ਵਿਰੁੱਧ ਜਾਗ੍ਰਿਤੀ ਪੈਦਾ ਕਰਨ ਲਈ ਪ੍ਰਚਾਰ ਵੀ ਕੀਤਾ। ਇਹ ਪਹਿਲਾ ਅੰਦੋਲਨ ਸੀ, ਜਿਸ ਨੇ ਇਕ ਪਾਸੇ ਲੋਕਾਂ ਵਿਚ ਆਜ਼ਾਦੀ ਲਈ ਤਾਂਘ ਪੈਦਾ ਕੀਤੀ ਅਤੇ ਦੂਸਰੇ ਪਾਸੇ ਪੰਜਾਬੀ ਦੇ ਸਾਹਿਤ ਅਤੇ ਹੋਰ ਕਲਾਵਾਂ ਨੂੰ ਵੀ ਪ੍ਰਭਾਵਿਤ ਕੀਤਾ। ਸਾਹਿਤ ਦੇ ਕਾਵਿ ਰੂਪ ਅਤੇ ਵਾਰਤਕ ਰੂਪ ਨੂੰ ਤਾਂ ਇਸ ਲਹਿਰ ਨੇ ਵਿਸ਼ੇਸ਼ ਹੁਲਾਰਾ ਦਿੱਤਾ ਅਤੇ ਅਮਰੀਕਾ ਤੋਂ ਛਪਦੇ Ḕਗ਼ਦਰ ਦੀ ਗੂੰਜ' ਨਾਂ ਦੇ ਰਸਾਲੇ ਰਾਹੀਂ ਉਸ ਦੌਰ ਵਿਚ ਰਚੇ ਜਾ ਰਹੇ ਸਾਹਿਤ ਨੂੰ ਨਾ ਸਿਰਫ਼ ਵਿਦੇਸ਼ਾਂ ਵਿਚ ਹੀ ਪ੍ਰਚਾਰਿਆ, ਸਗੋਂ ਭਾਰਤ ਤੱਕ ਵੀ ਅਸਰ ਪਾਇਆ। ਗ਼ਦਰੀ ਬਾਬਿਆਂ ਦੀ ਆਪਣੇ ਨਿਸ਼ਾਨੇ ਪ੍ਰਤੀ ਸਪੱਸ਼ਟਤਾ, ਦ੍ਰਿੜ੍ਹ ਨਿਸ਼ਚਾ ਅਤੇ ਦੇਸ਼ ਦੀ ਆਜ਼ਾਦੀ ਲਈ ਮਰ ਮਿਟਣ ਦੀ ਤਮੰਨਾ ਕਾਰਨ ਉਨ੍ਹਾਂ ਨਾ ਸਿਰਫ਼ ਮਰਜੀਵੜੇ ਸੁਤੰਤਰਤਾ ਸੈਨਾਨੀਆਂ ਦੇ ਤੌਰ 'ਤੇ ਹੀ ਨਾਮਣਾ ਖੱਟਿਆ, ਸਗੋਂ ਚੰਗੇ ਸਾਹਿਤਕਾਰਾਂ ਦੇ ਤੌਰ 'ਤੇ ਵੀ ਪ੍ਰਸਿੱਧ ਹੋਏ। ਇਸ ਦੇ ਨਾਲ ਹੀ ਇਕ ਵੱਖਰੀ ਗੱਲ ਇਹ ਹੋਈ ਕਿ ਦੇਸ਼ ਵਿਚ ਖੱਬੇ-ਪੱਖੀ ਲਹਿਰ ਦੇ ਬੀਜ ਇਸ ਲਹਿਰ ਵਿਚੋਂ ਵੀ ਉਭਰੇ। 
ਦੇਸ਼-ਭਗਤ ਯਾਦਗਾਰ ਕਮੇਟੀ ਨੂੰ ਇਸ ਗੱਲ 'ਤੇ ਤਸੱਲੀ ਹੈ ਕਿ ਪਿਛਲੇ ਤਕਰੀਬਨ 5 ਸਾਲਾਂ ਤੋਂ ਗ਼ਦਰ ਪਾਰਟੀ ਦੇ ਸ਼ਤਾਬਦੀ ਜਸ਼ਨ ਮਨਾਉਣ ਲਈ ਵਿਆਪਕ ਪੱਧਰ 'ਤੇ ਪ੍ਰੋਗਰਾਮ ਹੋ ਰਹੇ ਹਨ। ਇਸ ਵਿਰਾਸਤ ਨੂੰ ਅੱਗੇ ਲੈ ਕੇ ਜਾਣ ਤੇ ਸੰਘਰਸ਼ ਨੂੰ ਮੁਕਾਮ ਤੱਕ ਲਿਜਾਣ ਵਾਲੀਆਂ ਸਭ ਧਿਰਾਂ ਗ਼ਦਰ ਪਾਰਟੀ ਦੇ ਝੰਡੇ ਹੇਠ ਪੰਜਾਬ ਭਰ ਹੀ ਨਹੀਂ, ਸਗੋਂ ਦੇਸ਼ ਭਰ ਵਿੱਚ ਮੁਹਿੰਮ ਚਲਾ ਰਹੀਆਂ ਹਨ ਅਤੇ ਲੋਕਾਂ ਨੂੰ ਲਾਮਬੰਦ ਕਰ ਰਹੀਆਂ ਹਨ। ਇਸ ਕਾਰਜ ਵਿੱਚ ਬੁੱਧੀਜੀਵੀ, ਸਾਹਿਤ ਸਭਾਵਾਂ, ਜਨਤਕ ਜਥੇਬੰਦੀਆਂ, ਟਰੇਡ ਯੂਨੀਅਨਾਂ ਤੇ ਔਰਤ ਜਥੇਬੰਦੀਆਂ ਵੀ ਆਪੋ-ਆਪਣੇ ਮੁਹਾਜ਼ਾਂ 'ਤੇ ਗ਼ਦਰੀਆਂ ਦੇ ਸੁਨੇਹੇ ਨੂੰ ਲੈ ਕੇ ਸਰਗਰਮ ਹਨ। 
ਇਸ ਸੁਨੇਹੇ ਦੀ ਇਕ ਝਲਕ ਵਜੋਂ "ਗ਼ਦਰ ਦੀ ਗੂੰਜ" ਵਿਚ ਦਰਜ ਹੈ :
ਬਾਗ ਹਿੰਦ ਦਾ ਟਹਿਕਦਾ ਲੱਗੇ ਸੋਹਣਾ
ਆਵੇ ਮਹਿਕ ਤੇ ਖਿੜੀ ਗੁਲਜ਼ਾਰ ਹੋਵੇ
ਫਿਰਨ ਮਾਣਦੇ ਬਾਗ਼ ਵਿੱਚ ਰੰਗ ਰਲੀਆਂ
ਸਿਰੋਂ ਲੱਥਾ ਗੁਲਾਮੀ ਦਾ ਭਾਰ ਹੋਵੇ
ਊਚ-ਨੀਚ ਦਾ ਸਵਾਲ ਨਾ ਛਿੜੇ ਕਿਧਰੇ
ਮਿਲਦਾ ਸਭ ਦੇ ਤਾਈਂ ਰੁਜ਼ਗਾਰ ਹੋਵੇ
ਹੱਕ ਹੋਵੇ ਇਕੋ ਜਿਹਾ ਸਾਰਿਆਂ ਦਾ
ਠਾਠਾਂ ਮਾਰਦਾ ਪ੍ਰੇਮ ਪਿਆਰ ਹੋਵੇ
ਸੁਤੰਤਰ ਲਾਜ਼ਮੀ ਵਿੱਦਿਆ ਹੋਵੇ ਸਾਰੇ
ਪੂਰਨ ਹੁਨਰ ਦੇ ਵਿਚ ਨਰ ਨਾਰ ਹੋਵੇ
ਬਾਹਰ ਨਿਕਲੇ ਨਾ ਪੈਸਾ ਹਿੰਦ ਵਿਚੋਂ
ਸਮਝੋ ਦੁੱਗਣੀ ਹੀ ਪੈਦਾਵਾਰ ਹੋਵੇ।
ਅੱਜ ਫੇਰ ਇਸ ਇਤਿਹਾਸਕ ਮੌਕੇ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦਾ ਇਤਿਹਾਸਕ ਸੁਨੇਹਾ ਬੁਲੰਦ ਕਰਨ ਦੀ ਲੋੜ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ :
ਗ਼ਦਰ ਦਾ ਅਰਥ ਹੈ : ਇਨਕਲਾਬ ਦਾ ਬਿਗਲ
ਏਕਤਾ ਦਾ ਫਲ : ਸ਼ਕਤੀ ਅਤੇ ਆਜ਼ਾਦੀ
ਏਕਤਾ ਦਾ ਮੂਲ : ਸਮਾਜਵਾਦ
ਅਨੇਕਤਾ ਦਾ ਮੂਲ : ਸਾਮਰਾਜਵਾਦ
ਨੌਜਵਾਨੋ! ਉੱਠੋ!! ਯੁੱਗ ਪਲਟ ਰਿਹਾ ਹੈ। ਆਪਣੇ ਕਰਤੱਵ ਪੂਰੇ ਕਰੋ। ਹਰ ਪ੍ਰਕਾਰ ਦੀ ਗ਼ੁਲਾਮੀ ਕੀ ਆਰਥਿਕ, ਕੀ ਰਾਜਨੀਤਕ ਤੇ ਕੀ ਸਮਾਜਿਕ, ਜੜ੍ਹ ਤੋਂ ਉਖੇੜ ਸੁੱਟੋ...।
ਮੋਬਾ : 98149-64455

No comments: