Monday, March 18, 2013

''ਜਿਉਣ ਦੀ ਬਾਦਸ਼ਾਹਤ'' ਦਾ ਕਵੀ:ਪਾਸ਼//--ਜਸਪਾਲ ਜੱਸੀ

ਪਾਸ਼ ਆਪਣੇ ਸਮਕਾਲੀ ਇਨਕਲਾਬੀ ਕਵੀਆਂ 'ਚੋਂ ਸਭ ਤੋਂ ਕੱਦਾਵਰ ਹੈ
''ਦਰਵੇਸ਼ ਅੱਖਾਂ ਵਾਲਾ ਉਹ ਦਬੰਗ ਸ਼ਾਇਰ
ਜੋ ਜਿਉਣ ਦੀ ਮੜਕ ਨੂੰ ਗਾਇਆ ਕਰੇ

ਜ਼ਿੰਦਗੀ ਦੇ ਹਾਣ ਦੇ ਬੋਲਾਂ ਖੁਣੋਂ ਤੜਫੇ ਕਦੇ

ਝਾੜ ਪੱਲਾ ਰੋਹੀਏਂ ਚੜ੍ਹ ਜਾਇਆ ਕਰੇ

ਪਰ ਜਦੋਂ ਵੀ ਜ਼ਿੰਦਗੀ

ਮੌਤ ਸੰਗ ਭਿੜਦੀ ਦਿਸੇ

ਫੇਰ ਚਸ਼ਮੇ ਵਾਂਗ ਫੁੱਟ ਆਇਆ ਕਰੇ।''

ਪਾਸ਼ ਦੀ ਯਾਦ ਨੂੰ ਸਮਰਪਤ, ਇੱਕ ਕਵੀ ਦੀਆਂ ਇਹ ਸਤਰਾਂ ਉਸਦੀ ਸਮੁੱਚੀ ਕਾਵਿ ਸਿਰਜਣਾ ਦੇ ਧੁਰੇ (ਜਿਉਣ ਦੀ ਮੜਕ) ਵੱਲ ਸੈਨਤ ਕਰਦੀਆਂ ਹਨ। ਕਵੀ ਪਾਸ਼ ਜਿਉਣ ਦੀ ਮੜਕ ਨੂੰ ਗਾਉਣ ਲਈ ਹੀ ਜੰਮਿਆ ਸੀ। ਉਹ ''ਜੀਣ ਦੀ ਬਾਦਸ਼ਾਹਤ'' ਨੂੰ ''ਹਿੱਕਾਂ 'ਚ'' ''ਖੁਰ'' ਜਾਣੋਂ ਬਚਾਉਣ ਲਈ ਮੈਦਾਨ ਵਿੱਚ ਨਿੱਤਰਿਆ ਕਲਮ ਦਾ ਸੰਗਰਾਮੀਆ ਸੀ। ਜ਼ਿੰਦਗੀ ਦੀ ਸ਼ਾਨ ਨੂੰ ਰੌਂਦ ਸੁੱਟਣ,ਇਸਦੇ ਗਲ ਪਟਾ ਪਾਉਣ ਤੇ ''ਮਨੁੱਖ ਹਿੱਕ ਅੰਦਰਲੀ ਗੂੰਜ'' ਨੂੰ ''ਛਾਂਗ'' ਦੇਣ ਲਈ ਹਰਕਤ 'ਚ ਆਈਆਂ ਲੋਕ ਦੁਸ਼ਮਣ ਸਮਾਜਿਕ ਪ੍ਰਬੰਧ ਦੀਆਂ ਅਣਗਿਣਤ ਬਾਹਾਂ ਖਿਲਾਫ ਸ਼ਾਨਦਾਰ ਇਨਸਾਨੀ ਘ੍ਰਿਣਾ ਉਸਦੀ ਕਵਿਤਾ ਦੀ ਜਿੰਦ ਜਾਨ ਹੈ।ਉਸਦੀ ਕਵਿਤਾ ਦੀ ਜਿਉਂਦੀ ਉਦਾਸੀ, ਉਸਦੇ ਬੋਲਾਂ 'ਚੋਂ ਸਿੰਮਦਾ ਜ਼ੰਜੀਰਾਂ ਜਕੜੀ ਜ਼ਿੰਦਗੀ ਦੀ ਬੇਵਸੀ ਦਾ ਅਹਿਸਾਸ, ਉਸਦੀ ਰਚਨਾ 'ਚ ਸਮੋਈਆਂ ਸਥਾਪਤ ਸਮਾਜਿਕ ਨਿਜ਼ਾਮ ਅਤੇ ਇਸਦੀਆਂ ਮਨੁੱਖ ਮਾਰੂ ਕਦਰਾਂ ਕੀਮਤਾਂ ਖਿਲਾਫ ਗਿਲੇ,ਬੇਚੈਨੀ, ਨਫਰਤ ਰੋਹ, ਬਗਾਵਤ ਅਤੇ ਇਨਕਲਾਬੀ ਸੰਗਰਾਮਾਂ ਦੀਆਂ ਭਾਵਨਾਵਾਂ ਸਭਨਾਂ ਦੀ ਜੰਮਣ ਭੋਂ ਇਨਸਾਨੀ ਸ਼ਾਨ ਨਾਲ ਜਿਉਣ ਦੀ ਸ਼ਾਨਦਾਰ ਹੱਕੀ ਮਨੁੱਖੀ ਲੋਚਾ ਅਤੇ ਇਸ ਨੂੰ ਲਤਾੜ ਰਹੇ ਸਥਾਪਤ ਸਮਾਜਿਕ ਨਿਜ਼ਾਮ ਦਾ ਤਿੱਖਾ ਭੇੜ ਹੈ। 


ਪਾਸ਼ ਆਪਣੇ ਸਮਕਾਲੀ ਇਨਕਲਾਬੀ ਕਵੀਆਂ 'ਚੋਂ ਸਭ ਤੋਂ ਕੱਦਾਵਰ ਹੈ। ਨਾ ਸਿਰਫ ਉਸਦਾ ਸਮਾਜਿਕ ਯਥਾਰਤ ਦਾ ਅਨੁਭਵ ਅਤੇ ਚਿੰਤਨ ਡੂੰਘੇ ਤੇ ਬਹੁ-ਪਰਤੀ ਹਨ, ਸਗੋਂ ਇਹਨਾਂ ਦਾ ਕਲਾਵਾ ਵੀ ਵੱਡਾ ਹੈ। ਉਸਦੇ ਸ਼ਕਤੀਸ਼ਾਲੀ ਅਨੁਭਵ ਅਤੇ ਚਿੰਨ੍ਹ ਨੇ ਇੱਕ ਦੂਸਰੇ ਨੂੰ ਸਾਣ 'ਤੇ ਲਾ ਕੇ, ਉਸਦੀ ਕਲਪਨਾ ਉਭਾਰੀ ਨੂੰ ਨਵੇਂ ਦਿਸਹੱਦੇ ਮੁਹੱਈਆ ਕੀਤੇ ਹਨ ਅਤੇ ਉਸਦੀ ਕਵਿਤਾ ਦੇ ਕੈਨਵਸ ਨੂੰ ਅਜਿਹੀ ਵਿਸ਼ਾਲਤਾ ਪ੍ਰਦਾਨ ਕੀਤੀ ਹੈ, ਜਿਹੜੀ ਉਸਦੇ ਕਿਸੇ ਹੋਰ ਸਮਕਾਲੀ ਇਨਕਲਾਬੀ ਕਵੀ ਦੇ ਹਿੱਸੇ ਨਹੀਂ ਆਈ। ਉਸਦਾ ਅਨੁਭਵ ਸਿਰਫ ਰਾਜਨੀਤਕ ਖੇਤਰ ਤੱਕ ਸੀਮਤ ਨਹੀਂ ਹੈ। ਉਹ ਜ਼ਿੰਦਗੀ ਦੀਆਂ ਅਨੇਕਾਂ ਸ਼ਾਖਾਵਾਂ 'ਚ ਖੁਭੇ ਅਨਿਆਈਂ ਸਮਾਜਿਕ ਨਿਜ਼ਾਮ ਦੇ ਖ਼ੂਨੀ ਦੰਦਾਂ ਨੂੰ ਬਰੀਕ ਨੀਝ ਨਾਲ ਵੇਖ ਸਕਣ ਅਤੇ ਇਹਨਾਂ ਦੀ ਪੀੜ ਮਹਿਸੂਸ ਕਰਨ ਦੀ ਸਮਰੱਥਾ ਰੱਖਦਾ ਹੈ। ਉਸਦੀ ਕਵਿਤਾ 'ਚੋਂ ਮੌਜੂਦਾ ਸਮਾਜਿਕ ਨਿਜ਼ਾਮ ਅਧੀਨ ਝੰਬੀ ਅਤੇ ਨਪੀੜੀ ਜਾ ਰਹੀ ਜ਼ਿੰਦਗੀ ਦੀ ਹੂਕ ਸੁਣੀ ਜਾ ਸਕਦੀ ਹੈ। ਜਿਉਂ ਜਿਉਂ ਪਾਸ਼ ਦੀ ਕਵਿਤਾ ਵਿਕਾਸ ਦੀ ਪੌੜੀ ਚੜ੍ਹਦੀ ਗਈ ਹੈ, ਉਸਦੀ ਕਵਿਤਾ 'ਚ ਸਮਾਜਿਕ ਯਥਾਰਥ ਦੇ ਵਿਸ਼ਾਲ ਟੋਟਿਆਂ ਨੂੰ ਉਹਨਾਂ ਦੀ ਸਮੁੱਚਤਾ ਵਿੱਚ ਫੜਨ ਦਾ ਯਤਨ ਕੀਤਾ ਗਿਆ ਹੈ। ਪਾਸ਼ ਸਮਾਜਿਕ ਯਥਾਰਥ ਨੂੰ ਇਸਦੇ ਸੰਘਣੇ ਗਾੜ੍ਹੇ ਰੂਪਾਂ 'ਚ ਅਤੇ ਉਚੇਰੇ ਪੱਧਰ 'ਤੇ ਗ੍ਰਹਿਣ ਕਰਦਾ ਹੈ, ਇਸਦੇ ਪ੍ਰਸੰਗ 'ਚ ਰੱਖ ਕੇ ਹਕੀਕੀ ਜ਼ਿੰਦਗੀ ਦੇ ਨਿੱਕੇ ਨਿੱਕੇ ਟੋਟਿਆਂ ਦੀ ਚਿਣਤੀ ਕਰਦਾ ਹੈ ਅਤੇ ਇਹਨਾਂ ਟੋਟਿਆਂ ਦੇ ਸਮੂਹ 'ਚ ਹਰਕਤ ਕਰਦੀ ਯਥਾਰਥ ਦੀ ਸਾਂਝੀ ਤੰਦ ਦੇ ਨਕਸ਼ ਉਘਾੜਦਾ ਹੈ।..........

ਪਾਸ਼ ਦੀ ਕਵਿਤਾ ਦੀ ਸਾਰਥਿਕਤਾ ਅਤੇ ਸ਼ਕਤੀ ਸਮਾਜਿਕ ਜੀਵਨ ਅੰਦਰ ਉੱਭਰੇ  ਖਲਾਅ ਅਤੇ ਇਸਦੇ ਨਕਾਰੀ ਅਸਰਾਂ ਦੀ ਵਿਅੰਗਾਤਮਕ ਪੇਸ਼ਕਾਰੀ 'ਚ ਹੈ। ਉਸਦਾ ਅੰਦਰ ਇਸ ਖਲਾਅ ਅਤੇ ਇਸਦੇ ਅਸਰਾਂ ਨੂੰ ਭੋਗਦਾ ਹੋਇਆ ਵੀ ਕਬੂਲ ਕਰਨੋਂ ਇਨਕਾਰੀ ਹੈ ਅਤੇ ਇਸ ਸਥਿਤੀ ਖਿਲਾਫ ਵਿਦਰੋਹ ਕਰਦਾਹੈ।........

ਕੁੱਲ ਮਿਲਾ ਕੇ ਉਸਦੇ ਕਦਮ ਬੇਹਤਰ ਦਿਸ਼ਾ 'ਚ ਅੱਗੇ ਵਧੇ ਹਨ। ਆਪਣੀ ਅਰਥ ਭਰਪੂਰ ਜ਼ਿੰਦਗੀ ਦੇ ਆਖਰੀ ਵਰ੍ਹਿਆਂ ਦੀਆਂ ਉਸਦੀਆਂ ਕਵਿਤਾਵਾਂ ਇਨਕਲਾਬੀ ਸ਼ਾਇਰੀ ਦੇ ਖੇਤਰ 'ਚ ਨਵੇਂ ਲਾਂਘੇ ਭੰਨਣ ਅਤੇ ਉਚੇਰੇ ਮਰਤਬੇ 'ਤੇ ਪਹੁੰਚਣ ਲਈਉਸ ਅੰਦਰ ਉੱਸਲਵੱਟੇ ਲੈਂਦੀਆਂ ਸੰਭਾਵਨਾਵਾਂ ਦਾ ਸੰਕੇਤ ਦਿੰਦੀਆਂ ਹਨ।(ਇਨਕਲਾਬੀ ਜਨਤਕ ਲੀਹ, ਮਾਰਚ 1989 'ਚੋਂ ਸੰਖੇਪ)
ਜਸਪਾਲ ਜੱਸੀ,
ਸੰਪਾਦਕ: ਸੁਰਖ ਰੇਖਾ
ਮੋਬਾਇਲ ਸੰਪਰਕ:94631 67923 
''ਜਿਉਣ ਦੀ ਬਾਦਸ਼ਾਹਤ'' ਦਾ ਕਵੀ:ਪਾਸ਼//--ਜਸਪਾਲ ਜੱਸੀ


ਤਨਖਾਹ ਨਾ ਮਿਲਣ ਤੇ ਪੀਏਯੂ ਮੁਲਾਜਮਾਂ ਵੱਲੋਂ ਵਿਸ਼ਾਲ ਰੋਸ ਰੈਲੀ


ਪੁਸਤਕ 'ਚਿੱਤ ਨੂੰ ਟਿਕਾਣੇ ਰੱਖੀਏ ਕੀਤੀ ਜਾਵੇਗੀ ਲੋਕ ਅਰਪਣ

ਪਰਵਾਸੀ ਪੰਜਾਬੀ ਸ਼ਾਇਰ ਡਾ.ਤਾਰਾ ਸਿੰਘ ਆਲਮ ਨਾਲ ਰੂਬਰੂ 23 ਮਾਰਚ ਨੂੰ


ਕਿਥੇ ਹਨ ਸ਼ਹੀਦ ਭਗਤ ਸਿੰਘ ਦੀਆਂ 4 ਕਿਤਾਬਾਂ ਦੇ ਖਰੜੇ ?

ਕਮਿਉਨਿਸਟਾਂ ਨੂੰ ਧਰਤੀ ਦੀ ਮਾਲਕੀ ਦੇ ਚਾਹਵਾਨ ਕਹਿਣਾ ਬਦ-ਤਮੀਜ਼ੀ

''ਜਿਉਣ ਦੀ ਬਾਦਸ਼ਾਹਤ'' ਦਾ ਕਵੀ:ਪਾਸ਼//--ਜਸਪਾਲ ਜੱਸੀNo comments: