Sunday, March 03, 2013

'ਅਜ਼ਾਦ ਸਿੱਖ ਦੇਸ ਭੂਮੀਆਂ'

ਇਸ ਕਾਰਨ ਹੀ ਸਾਨੂੰ ਖਾਲਿਸਤਾਨੀ ਲਹਿਰ ਦੇ ਪਿਤਾਮਾ ਗਰਦਾਨਿਆ ਗਿਆ
ਜਗਜੀਤ ਸਿੰਘ ਆਨੰਦ ਹੁਰਾਂ ਦੀ ਪੁਸਤਕ  'ਕਮਿਊਨਿਸਟ ਲਹਿਰ ਦੇ ਅੰਗ-ਸੰਗ' 'ਚੋਂ ਸਤਦੀਪ ਗਿੱਲ ਹੁਰਾਂ ਵੱਲੋਂ ਇਹ ਲਿਖਤ 23 ਨਵੰਬਰ 2010 ਨੂੰ ਪੋਸਟ ਕੀਤੀ ਗਈ ਸੀ। ਜਗਜੀਤ ਸਿੰਘ ਆਨੰਦ ਹੁਰਾਂ ਦੇ ਅਭਿਨੰਦਨ ਮੌਕੇ ਇਹ ਲਿਖਤ ਪੰਜਾਬ ਸਕਰੀਨ ਵਿੱਚ ਵੀ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਇਸ ਲਿਖਤ ਵਿੱਚ ਬੜੇ ਹੀ ਸਲੀਕੇ ਨਾਲ ਹਕੀਕੀ ਤਥਾਂ ਨੂੰ ਬੇਲਿਹਾਜ਼ ਹੋ ਕੇ ਦਰਜ ਕੀਤਾ ਗਿਆ ਹੈ। --ਰੈਕਟਰ ਕਥੂਰੀਆ 
ਸਿਰੜ ਤੇ ਸਿਦਕ ਦੇ ਬਾਵਜੂਦ ਵਿਸ਼ਾਲ ਲੋਕ ਲਹਿਰ ਨਾ  ਉੱਸਰ ਸਕੀ ਸਾਥੋਂ-ਜਗਜੀਤ ਸਿੰਘ ਆਨੰਦ
Tuesday, November 23, 2010
ਚੇਤੇ ਦੇ ਸਰੋਵਰ 'ਚ ਚੁੱਭੀ ਮਾਰਦਾ ਹਾਂ ਤਾਂ ਪਹਿਲ-ਪਲੱਕੜੇ  ਦਿਨ ਯਾਦ ਆ ਜਾਂਦੇ ਹਨ ਤੇ ਹੋਰ ਬਹੁਤ ਕੁੱਝ ਵੀ। ਭਲਾ ਮੈਂ ਕਮਿਊਨਿਸਟ ਕਿਉਂ ਬਣਿਆ?
Courtesy Photo
ਅੰਡੇਮਾਨ ਤੇ ਹੋਰ ਦੋਜ਼ਖੀ ਜੇਲ੍ਹਾਂ ਵਿੱਚ ਜਵਾਨੀਆਂ ਗਾਲ਼ ਕੇ ਬਾਹਰ ਆਉਣ ਵਾਲੇ ਗ਼ਦਰੀ ਸੂਰਬੀਰਾਂ ਨੇ ਵੀ ਅਤੇ 'ਅਨੁਸ਼ੀਲਨ' ਤੇ 'ਯੁਗਾਂਤਰ' ਵਰਗੀਆਂ ਯਰਕਾਊ ਲਹਿਰਾਂ ਦੇ ਬੰਗਾਲੀ ਇਨਕਲਾਬੀਆਂ ਵਿੱਚੋਂ ਕਈ ਸਾਰਿਆਂ ਨੇ ਕਮਿਊਨਿਸਟ ਪਾਰਟੀ ਵੱਲ ਹੀ ਮੂੰਹ ਕਿਉਂ ਕੀਤਾ? ਉਨ੍ਹਾਂ ਤੋਂ ਇਲਾਵਾ ਅੰਗਰੇਜ਼ਾਂ ਦੀ ਵਲੈਤ ਵਿੱਚੋਂ ਉੱਚੀਆਂ ਪੜ੍ਹਾਈਆਂ ਕਰ ਕੇ ਆਉਣ ਵਾਲੇ ਵੱਡੇ ਲੋਕਾਂ ਦੇ ਪੁੱਤਾਂ ਨੇ ਵੀ ਦੇਸ ਪਰਤ ਕੇ ਇਹ ਰਾਹ ਕਿਉਂ ਚੁਣਿਆ?ਮੈਨੂੰ ਤਾਂ ਆਪਣੇ ਨਿੱਜੀ ਜੀਵਨ ਤਜਰਬੇ ਤੋਂ ਇਹ ਲੱਭਦਾ ਹੈ ਕਿ ਅਸੀਂ ਲੋਕ ਅੰਗਰੇਜ਼ੀ ਰਾਜ ਤੋਂ ਵਾਲ-ਵਾਲ ਦੁਖੀ ਸਾਂ ਅਤੇ ਫ਼ਰੰਗੀ ਨੂੰ ਛੇਤੀ ਤੋਂ ਛੇਤੀ ਸੱਤ ਸਮੁੰਦਰੋਂ ਪਾਰ ਪਹੁੰਚਾਉਣ ਲਈ ਉਤਾਵਲੇ ਸਾਂ। ਤੁਰਿਆ ਸਾਂ ਮੈਂ ਪ੍ਰੋਫ਼ੈਸਰ (ਪਿੱਛੋਂ ਪ੍ਰਿੰਸੀਪਲ) ਨਿਰੰਜਣ ਸਿੰਘ ਜੀ ਵੱਲੋਂ ਉਲਥਾਈ ਮਹਾਤਮਾ ਗਾਂਧੀ ਦੀ ਸਵੈ-ਜੀਵਨੀ 'ਸੱਤ ਦੀ ਪ੍ਰਾਪਤੀ ਦੇ ਯਤਨ' ਤੋਂ। ਪ੍ਰਿੰ. ਸਾਹਿਬ ਮਾਸਟਰ ਤਾਰਾ ਸਿੰਘ ਜੀ ਦੇ ਸਕੇ ਭਰਾ ਸਨ, ਉਨ੍ਹਾਂ ਤੋਂ ਛੋਟੇ ਅਤੇ ਵਿਚਾਰਾਂ ਵੱਲੋਂ ਉਨ੍ਹਾ ਤੋਂ ਢੇਰ ਵੱਖਰੇ। ਪੱਕੇ ਗਾਂਧੀਵਾਦੀ, ਪੱਕੇ ਖੱਦਰਧਾਰੀ ਅਤੇ ਪੱਕੇ ਸਿੱਖ ਹੁੰਦੇ ਹੋਏ ਵੀ ਫ਼ਿਰਕਾਪ੍ਰਸਤੀ ਤੋਂ ਉੱਪਰ ਉੱਠ ਕੇ ਸੋਚਣ ਵਾਲੇ ਸਨ ਉਹ। ਪਰਵਾਰਕ ਸਾਂਝ ਕਾਰਨ ਪੋਖਾ ਉਨ੍ਹਾ ਦਾ ਭਾਵੇਂ ਮੇਰੇ ਉੱਤੇ ਵੀ ਪਿਆ ਸੀ, ਪਰ ਜਦੋਂ ਮੈਂ ਗ਼ਦਰੀ ਬਾਬਿਆਂ ਦੇ ਨਾਮ-ਲੇਵੇ ਕਿਰਤੀਆਂ ਦੇ ਸੰਪਰਕ ਵਿੱਚ ਆਇਆ, ਗਾਂਧੀਵਾਦ ਦਾ ਜਾਦੂ ਲੱਥ ਗਿਆ। ਪਹਿਲਾਂ-ਪਹਿਲ ਜਵਾਹਰ ਲਾਲ ਨਹਿਰੂ ਦੀ 'ਸਵੈ ਜੀਵਨੀ' ਅਤੇ 'ਪਿਤਾ ਵੱਲੋਂ ਧੀ ਨੂੰ ਚਿੱਠੀਆਂ' ਨੇ ਮੈਨੂੰ ਤਕੜਾ ਪ੍ਰਭਾਵਤ ਕੀਤਾ। ਇੱਕ ਕਦਮ ਹੋਰ ਅੱਗੇ ਵਧ ਕੇ ਜਵਾਹਰ ਲਾਲ ਨਾਲੋਂ ਸੁਭਾਸ਼ ਬੋਸ ਮਨ ਨੂੰ ਵੱਧ ਭਾਉਣ ਲੱਗਾ, ਕਿਉਂਕਿ ਜਵਾਹਰ ਲਾਲ ਤਾਂ ਆਪਣੀ ਰੌਸ਼ਨ ਸੋਚ ਦੇ ਬਾਵਜੂਦ ਨਬੇੜੇ ਦੀ ਘੜੀ ਗਾਂਧੀ ਜੀ ਅੱਗੇ ਝੁਕ ਜਾਂਦਾ ਸੀ, ਪਰ ਸੁਭਾਸ਼ ਬੋਸ ਅੜਿਆ ਰਹਿੰਦਾ। ਸੁਭਾਸ਼ ਜਦੋਂ ਗਾਂਧੀ ਜੀ ਦੇ ਉਮੀਦਵਾਰ ਪੱਟਾਭੀ ਸੀਤਾ ਰਮੱਈਆ ਨੂੰ ਹਰਾ ਕੇ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ, ਅਸੀਂ ਸਾਰੇ ਧੰਨ-ਧੰਨ ਹੋ ਉੱਠੇ। ਪਰ ਇੱਕ ਤਾਂ ਸੁਭਾਸ਼ ਬੋਸ ਆਪਣੀ ਜਿੱਤ ਨੂੰ ਮੰਤਕੀ ਨਤੀਜੇ ਤੱਕ ਪਹੁੰਚਾਉਣ ਤੋਂ ਪਹਿਲਾਂ ਹੀ ਗਾਂਧੀ ਜੀ ਅੱਗੇ ਝੁਕ ਗਿਆ, ਤੇ ਦੂਜੇ ਉਸ ਨੇ ਨਾਗਪੁਰ ਜਾ ਦੇਸੀ ਸਰਮਾਏਦਾਰਾਂ ਦੀ ਜਥੇਬੰਦੀ ਅੰਦਰ ਅਜਿਹੀ ਤਕਰੀਰ ਕਰ ਮਾਰੀ ਕਿ ਸਾਨੂੰ ਉਸ ਦਾ ਇਨਕਲਾਬੀਪੁਣਾ ਝੰਵਿਆ-ਝੰਵਿਆ ਭਾਸਣ ਲੱਗਾ। ਉਪਰੰਤ ਥੋੜਾ ਚਿਰ ਐੱਮ ਐੱਨ ਰਾਏ ਦੀ ਸਿਆਸੀ ਭਗਤੀ ਦਾ ਸ਼ੁਦਾ ਵੀ ਰਿਹਾ, ਜਿਹੜਾ ਡਾ. ਮੁਲਕ ਰਾਜ ਆਨੰਦ ਨੇ ਵਲੈਤੋਂ ਆ ਕੇ ਗੌਰਮਿੰਟ ਕਾਲਜ ਲਾਹੌਰ ਵਿੱਚ ਲਾਈ ਸਾਡੀ ਚੋਣਵੇਂ ਪਾੜ੍ਹਿਆਂ ਦੀ ਮੀਟਿੰਗ ਵਿੱਚ ਲਾਹਿਆ। ਉਸ ਨੇ ਅਜਿਹਾ ਜੋੜਿਆ ਸਾਨੂੰ ਲਾਹੌਰ ਦੀ ਵਿਦਿਆਰਥੀ ਲਹਿਰ ਦੇ ਮੋਹਰੀਆਂ ਨੂੰ ਹਫ਼ਤਾਵਾਰੀ ਪਰਚੇ 'ਨੈਸ਼ਨਲ ਫ਼ਰੰਟ' ਤੇ ਉਸ ਦੇ ਸੰਪਾਦਕ ਪੀ ਸੀ ਜੋਸ਼ੀ ਨਾਲ, ਕਿ ਗੱਲ 'ਸੱਭੇ ਦੁਆਰ ਛੋਡ ਕਰ, ਆਇਉ ਤੁਹਾਰੇ ਦੁਆਰ' ਵਾਲੀ ਬਣ ਗਈ। ਕਮਿਊਨਿਸਟ ਪਾਰਟੀ ਦੇ ਅਜਿਹੇ ਲੜ ਲੱਗੇ, ਖਾਸ ਕਰ ਕੇ ਪੀ ਸੀ ਜੋਸ਼ੀ, ਦੇ ਕਿ ਹਾਲਤ 'ਇਹ ਜਨਮ ਤੁਮਹਾਰੇ ਲੇਖੇ' ਵਾਲੀ ਹੋ ਨਿੱਬੜੀ।
ਇਹ ਤਾਂ ਮੇਰੀ ਨਿੱਜੀ ਗਾਥਾ ਹੈ, ਪਰ ਇਹੋ ਬਣੀ ਗ਼ਦਰੀ ਬਾਬਿਆਂ ਦੀ ਵੀ, ਬੱਬਰ ਅਕਾਲੀ ਲਹਿਰ ਦੇ ਮੋਢੀਆਂ ਦੀ ਵੀ, ਭਗਤ ਸਿੰਘ ਦੇ ਸਾਥੀਆਂ ਦੀ ਵੀ ਅਤੇ ਪੰਜਾਬ ਤੋਂ ਲੈ ਕੇ ਕਲਕੱਤੇ ਤੱਕ ਸਿਰਾਂ 'ਤੇ ਖੱਫਣ ਬੰਨ੍ਹ ਤੁਰੇ ਕਈ ਯਰਕਾਊਆਂ ਤੇ ਹੋਰ ਅਣਖੀਲੇ ਨੌਜਵਾਨਾਂ ਦੀ ਵੀ।
ਸੋਚਦਾ ਹਾਂ: ਇਹ ਕਿਉਂ ਹੋਇਆ ਕਿ ਸਭ ਇਨਕਲਾਬੀ ਲਹਿਰਾਂ ਦੇ ਜੁਝਾਰੂ ਯੋਧੇ ਅੰਤ ਨੂੰ ਕਮਿਊਨਿਸਟ ਪਾਰਟੀ ਦੇ ਝੰਡੇ ਹੇਠ ਹੀ ਜੁੜ ਗਏ, ਅਤੇ ਇਹ ਵੀ ਕਿਉਂ ਹੋਇਆ ਕਿ ਜਿਸ ਪਾਰਟੀ ਵਿੱਚ ਮਣਾਂ-ਮੂੰਹੀ ਕੁਰਬਾਨੀਆਂ ਕਰਨ ਵਾਲੇ ਸਭਨਾਂ ਇਨਕਲਾਬੀ ਲਹਿਰਾਂ ਦੇ ਸੂਰਮੇ ਆਣ ਜੁੜੇ ਸਨ, ਅੰਤ ਨੂੰ ਉਹ ਇਸ ਹਾਲ ਨੂੰ ਕਿਉਂ ਪਹੁੰਚ ਗਈ ਕਿ ਡੀਂਗਾਂ ਅਸੀਂ ਭਾਵੇਂ ਜਿੰਨੀਆਂ ਮਰਜ਼ੀ ਪਏ ਮਾਰੀਏ, ਪਿਛਲੇ ਨੇੜਲੇ ਸਾਲਾਂ ਤੋਂ ਇਸ ਦੀ ਹਰ ਵੰਨਗੀ ਸੁੰਗੜਦੀ ਹੀ ਗਈ ਹੈ, ਸਿਵਾਏ ਪੱਛਮੀ ਬੰਗਾਲ ਦੀ ਮਾਰਕਸੀ ਪਾਰਟੀ ਦੇ? ਅਤੇ ਉਹ ਪਾਰਟੀ ਵੀ ਹੈ ਕਿ ਜਿਸ ਨੇ ਜੱਫਾ ਤਾਂ ਰਾਜ ਦੀ ਤਾਕਤ ਉੱਤੇ ਹੋਰ ਤੋਂ ਹੋਰ ਤਕੜਿਆਂ ਕਰੀ ਰੱਖਿਆ ਹੈ, ਪਰ ਢੰਗ-ਤਰੀਕੇ ਉਸ ਦੇ ਮੁਜ਼ੱਫ਼ਰ ਅਹਿਮਦ, ਬੰਕਿਮ ਮੁਕਰਜੀ, ਭਵਾਨੀ ਸੇਨ ਤੇ ਰਾਨੇਨ ਸੇਨ ਵਰਗਿਆਂ ਦੇ ਦਿਨਾਂ ਨਾਲੋਂ ਢੇਰ ਵੱਖਰੇ ਹੋ ਗਏ ਹਨ।
ਹੋਰ ਤਾਂ ਹੋਰ ਜਦੋਂ ਡੂੰਘੀ ਨੀਝ ਨਾਲ ਆਪਣੀ ਪਿਛਲੀ ਕੀਤੀ-ਕੱਤਰੀ ਉੱਤੇ ਨਜ਼ਰ ਮਾਰਦਾ ਹਾਂ ਤਾਂ ਇਹੋ ਗੱਲ ਲੱਭਦੀ ਹੈ ਕਿ ਕਮਿਊਨਿਸਟ ਸਿਧਾਂਤ ਨਾਲ ਵੀ ਖੂਬ ਮੱਥਾ ਮਾਰਿਆ, ਕਮੂਨਿਸਟ ਪਾਰਟੀ ਸੋਵੀਅਤ ਯੂਨੀਅਨ (ਬਾਲਸ਼ਵਿਕ) ਦੇ ਸੰਖੇਪ ਇਤਿਹਾਸ ਨੂੰ ਵੀ ਇੱਕ ਸਿਰਿਓਂ ਦੂਜੇ ਸਿਰੇ ਤੱਕ ਉਲਥਾਇਆ, ਰਿਪੋਰਟਾਂ ਵੀ ਸੋਵੀਅਤ ਕਮਿਊਨਿਸਟ ਪਾਰਟੀ ਦੀਆਂ ਕਈ ਉਲਥਾਈਆਂ ਤੇ ਸਾਰੀਆਂ ਪੜ੍ਹੀਆਂ ਪਰ ਤਦ ਵੀ ਸਹੀ ਮਾਰਕਸਿਜ਼ਮ ਦੀਆਂ ਪਹਿਲੀਆਂ ਪੰਜ-ਸੱਤ ਜਮਾਤਾਂ ਤੋਂ ਵੱਧ ਨਾ ਪਾਸ ਕਰ ਸਕਿਆ।
ਮਾਰਕਸਵਾਦ ਹੈ ਸਥਿਤੀਆਂ ਨੂੰ, ਉਨ੍ਹਾਂ ਦੇ ਬਦਲਦੇ ਪ੍ਰਸੰਗ ਵਿੱਚ, ਸਭ ਪੱਖਾਂ ਤੋਂ ਸਮਝਣਾ-ਵਿਚਾਰਨਾ। ਇਹ ਤੁਹਾਡਾ ਮੱਥਾ ਤਾਂ ਰੌਸ਼ਨ ਕਰ ਦਿੰਦਾ ਹੈ, ਪਰ ਅੱਖਾਂ ਜੇ ਉੱਖੜੇ -ਪੁੱਖੜੇ ਰਾਹਾਂ 'ਤੇ ਤੁਰਨ ਲੱਗਿਆਂ ਪੈਂਡੇ ਉੱਤੇ ਨਾ ਲਾਈਆਂ ਜਾਣ ਤਾਂ ਕਦੇ ਪੈਰ ਖੁੱਡ ਵਿੱਚ ਜਾ ਪਏਗਾ, ਕਦੇ ਆਡ ਵਿੱਚ, ਅਤੇ ਕਦੇ-ਕਦਾਈ ਤਾਂ ਨਿੱਕੇ ਜਿਹੇ ਠੇਡੇ ਨਾਲ ਪੱਕੇ ਥਾਂ ਚੁਫਾਲ ਡਿੱਗ ਕੇ ਮੂੰਹ-ਮੱਥਾ ਵੀ ਪੜਵਾ ਬੈਠਾਂਗੇ। ਇਹ ਵਹਿਮ ਮੈਨੂੰ ਹੁਣ ਵੀ ਨਹੀਂ ਕਿ ਅੱਜ ਦੀ ਸੋਚਣੀ ਪੱਕੀ ਪ੍ਰੋਢ ਹੈ। ਪਰ ਜੋ ਹੁਣ ਸਮਝ ਪੈਂਦਾ ਹੈ, ਉਸ ਤੋਂ ਇਹ ਲੱਗਦਾ ਹੈ ਕਿ ਅਸੀਂ ਆਪਣੇ ਦੇਸ ਦੇ ਪਿੱਛੇ ਤੇ ਉਸ ਦੀਆਂ ਹਕੀਕਤਾਂ ਨੂੰ ਪਛਾਣਨ ਦੀ ਥਾਂ ਲਾਹੌਰ ਦੇ ਸਮਿਆਂ ਵਿੱਚ ਤਾਂ ਬਰਤਾਨੀਆ ਦੀ ਕਮਿਊਨਿਸਟ ਪਾਰਟੀ ਦੀਆਂ ਸਰਗਰਮੀਆਂ ਤੇ ਲਿਖਤਾਂ ਨੂੰ ਹੀ ਸੁੱਚਾ ਘਿਓ ਸਮਝ ਕੇ ਉਨ੍ਹਾਂ ਦੇ ਘੁੱਟ ਭਰਦੇ ਰਹੇ, ਅਤੇ ਦੇਸ ਅਜ਼ਾਦ ਹੋਣ ਪਿੱਛੋਂ ਜਿਹਡ਼ਾ ਚਲੰਤ ਮਾਰਕਸੀ ਲਿਟਰੇਚਰ ਹੱਥ ਆਉਂਦਾ ਰਿਹਾ, ਸਣੇ ਸਟਾਲਿਨ ਵੇਲੇ ਦੀਆਂ ਜੇਨੇਟਿਕਸ ਬਾਰੇ ਬਹਿਸਾਂ ਦੇ, ਉਸ ਵਿੱਚ ਹੀ ਸਿਰ ਘਸੋੜੀ ਰੱਖਦੇ ਰਹੇ।
ਇਸ ਗੱਲ ਦੀ ਸਮਝ ਤਾਂ ਵਾਹਵਾ ਪਹਿਲਾਂ ਪੈ ਗਈ ਸੀ ਕਿ ਅਸੀਂ ਭਾਰਤੀ ਸਮਾਜ ਦੇ ਅਸਲੋਂ ਵਿਕੋਲਿਤਰੇ ਵਰਤਾਰੇ ਨੂੰ ਕਦੇ ਵੀ ਗਹੁ ਨਾਲ ਨਾ ਵਾਚਿਆ-ਸਮਝਿਆ, ਜਾਤ-ਵਰਣ ਤੋਂ ਉੱਠੇ ਭੇਦ-ਭਾਵ ਵਾਲੇ ਅਤੇ ਸਿਰੇ ਦੀ ਨਾ-ਇਨਸਾਫ਼ੀ ਵਾਲੇ ਨੂੰ, ਜਿਸ ਕਾਰਨ ਅਸੀਂ ਭਾਰਤ ਦੇ ਸਭ ਤੋਂ ਵੱਧ ਲੁੱਟੇ-ਪੁੱਟੇ ਦਲਿਤ-ਸਮਾਜੀ ਹਿੱਸੇ ਵਿੱਚ ਪੈਰ ਹੀ ਨਾ ਜਮਾ ਸਕੇ। ਪਰ ਇਸ ਗੱਲ ਦੀ ਸਮਝ ਵਾਹਵਾ ਪਛੇਤੀ ਪਈ ਕਿ ਸਦੀਆਂ ਤੋਂ ਗੁਲਾਮੀ ਦੀ ਬੋਝਲ ਛੱਟ ਹੇਠ ਪਿਸਦੇ ਸਾਰੇ ਲੋਕਾਂ ਦੀਆਂ ਕੌਮਪ੍ਰਸਤੀ ਦੀਆਂ ਭਾਵਨਾਵਾਂ ਤ੍ਰਿਸਕਾਰਨ ਵਾਲੀਆਂ ਨਹੀਂ ਸਨ, ਸਗੋਂ ਇੱਕ ਹਕੀਕੀ ਇਨਕਲਾਬ ਦੀ ਪੁਰਜ਼ੋਰ ਚਾਲਕ ਸ਼ਕਤੀ ਵਜੋਂ ਸਮਝਣ ਵਾਲੀਆਂ ਸਨ।
ਗੱਲਾਂ ਤਾਂ ਟੁੱਟਵੇਂ ਪ੍ਰਸੰਗ ਵਿੱਚ ਹੀ ਪਰੋਸੀਆਂ ਜਾ ਰਹੀਆਂ ਹਨ, ਪਰ ਮੈਨੂੰ ਚੰਗਾ ਚੇਤਾ ਹੈ ਕਿ ਜਦੋਂ ਦੂਜੀ ਸੰਸਾਰ ਜੰਗ ਦੇ ਦਿਨੀਂ ਲਹਿਰੇਗਾਗੇ ਕੋਲ ਦੇ ਕਾਲ ਬਣਜਾਰੇ ਵਾਲਾ ਭਿਅੰਕਰ ਸਾਕਾ ਵਾਪਰਿਆ, ਜਿਸ ਵਿੱਚੋਂ ਬਿਸਵੇਦਾਰਾਂ ਦੇ ਲਗਾੜਿਆਂ ਨੇ ਦੋ ਮੁਸਲਮਾਨਾਂ ਸਮੇਤ ਛੇ ਲੱਠੇ ਵਰਗੇ ਜਵਾਨ ਹਲ-ਵਾਹਕ ਸ਼ਹੀਦ ਕਰ ਦਿੱਤੇ ਸਨ, ਆਗੂਆਂ ਧਰਮ ਸਿੰਘ ਫੱਕਰ, ਜੰਗੀਰ ਸਿੰਘ ਜੋਗੇ ਤੇ ਹਰਚੰਦ ਸਿੰਘ ਭਦੌੜ ਵਰਗਿਆਂ ਨੂੰ ਅਸੀਂ ਹਿਟਲਰਸ਼ਾਹੀ ਵਿਰੋਧੀ ਲੜਾਈ ਦਾ ਵਾਸਤਾ ਪਾ ਕੇ ਬਿਸਵੇਦਾਰੀ ਵਿਰੁੱਧ ਜੰਗਜੂ ਸੰਘਰਸ਼ ਤੋਂ ਹੋੜਦੇ ਰਹੇ, ਹਾਲਾਂਕਿ ਉਹ ਤੇ ਉਨ੍ਹਾਂ ਵਰਗੇ ਹੋਰ ਆਗੂ (ਬਾਬਾ ਹਰਨਾਮ ਸਿੰਘ ਦਰਮਗੜ੍ਹ , ਕਾਮਰੇਡ ਕੌਰ ਸਿੰਘ ਮੌੜ ਤੇ ਘੁੰਮਣ ਸਿੰਘ ਉਗਰਾਹਾਂ ਆਦਿ) ਪੁੱਛਦੇ ਸਨ ਕਿ ਪਟਿਆਲਾ ਰਿਆਸਤ ਦੇ ਬਿਸਵੇਦਾਰਾਂ ਵਿਰੁੱਧ ਸਿੱਧਾ-ਸਾਹਵਾਂ ਘੋਲ ਸਟਾਲਿਨਗਰਾਡ ਦੇ ਮੋਰਚੇ ਨੂੰ ਕਿਵੇਂ ਕਮਜ਼ੋਰ ਕਰੇਗਾ?
ਜਦੋਂ ਹਿਟਲਰ ਨੇ ਜੂਨ 1941 ਵਿੱਚ ਸੋਵੀਅਤ ਯੂਨੀਅਨ ਉੱਤੇ ਹੱਲਾ ਬੋਲ ਦਿੱਤਾ, ਪਰ ਕਾਮਰੇਡ ਪੀ ਸੀ ਜੋਸ਼ੀ ਨੇ ਪਾਰਟੀ ਨੂੰ ਅੰਗਰੇਜ਼ਾਂ ਵਿਰੁੱਧ ਲੜਾਈ ਛੇੜੀ ਰੱਖਣ ਵਾਲੀ ਨੀਤੀ ਨਾ ਬਦਲੀ, ਤਾਂ ਅਸੀਂ ਜੇਲ੍ਹਾਂ ਅੰਦਰੋਂ ਆਈਆਂ ਡਾਂਗੇ, ਘਾਟੇ ਅਤੇ ਅਜੇ ਘੋਸ਼ ਵਰਗੇ ਸਾਥੀਆਂ ਦੀਆਂ ਦਸਤਾਵੇਜ਼ਾਂ ਦੇ ਅਧਾਰ ਉੱਤੇ ਆਪਣੀ ਜੰਗ ਵਿਰੋਧੀ ਪਾਲਿਸੀ ਨੂੰ ਬਦਲ ਕੇ ਜਨਤਕ ਜੰਗ ਵਾਲੀ ਪਾਲਿਸੀ ਤਾਂ ਅਪਣਾ ਲਈ, ਪਰ ਉਸ ਨੂੰ ਲਾਗੂ ਅਸਾਂ ਐਸੇ ਇੱਕ-ਪਾਸੜ ਢੰਗ ਨਾਲ ਕੀਤਾ ਕਿ ਦੇਸ ਨੂੰ ਦਿਲ ਦੀਆਂ ਡੂੰਘਾਣਾਂ ਤੱਕ ਵਫ਼ਦਾਰ ਹੋਣ ਦੇ ਬਾਵਜੂਦ 42 ਦੀ ਲਹਿਰ ਦੇ ਗੱਦਾਰ ਗਰਦਾਨੇ ਜਾਣ ਲੱਗੇ। ਇਹ ਗੱਲ ਤਾਂ ਅਸੀਂ ਪਿੱਛੋਂ ਜਾ ਕੇ ਪਛਾਣ ਲਈ ਕਿ ਸਾਡੀ ਸੋਚ ਤੇ ਸਾਡਾ ਨਿਰਣਾ ਬੁਨਿਆਦੀ ਤੌਰ 'ਤੇ ਠੀਕ ਹੋਣ ਦੇ ਬਾਵਜੂਦ, ਸਾਡੇ ਢੰਗ-ਤਰੀਕੇ ਗਾਂਧੀ ਜੀ ਦੇ 'ਕਰੋ ਜਾਂ ਮਰੋ' ਵਾਲੇ ਹੋਕੇ ਉਪਰੰਤ ਵਾਪਰੇ ਹਾਲਾਤ ਵਿੱਚ ਲੋਕਾਂ ਦੇ ਹਾਵਾਂ-ਭਾਵਾਂ ਨੂੰ ਸਮਝਣ ਪੱਖੋਂ ਅਸਲੋਂ ਊਣੇ-ਪੌਣੇ ਰਹੇ। ਪਰ ਇਹ ਗੱਲ ਅਸਾਂ ਕਦੇ ਮਿੱਥ ਕੇ ਨਾ ਵਿਚਾਰੀ ਕਿ ਪੀ ਸੀ ਜੋਸ਼ੀ ਦਾ ਆਪਣਾ ਪਹਿਲਾ ਸਟੈਂਡ ਮਾਰਕਸਵਾਦ ਦੀ ਘੱਟ ਸੋਝੀ ਤੋਂ ਨਹੀਂ ਸੀ ਉਪਜਿਆ, ਸਗੋਂ ਦੇਸ ਦੇ ਲੋਕਾਂ ਦੀ ਕੌਮੀ ਭਾਵਨਾਵਾਂ ਦੀ ਵਧੇਰੇ ਡੂੰਘੀ ਪਛਾਣ ਦੀ ਦੇਣ ਸੀ।
ਇਸੇ ਤਰ੍ਹਾਂ ਮੈਨੂੰ ਇਹ ਗੱਲ ਵੀ ਯਾਦ ਆਉਂਦੀ ਹੈ ਕਿ ਜਦੋਂ ਕੌਮੀਅਤਾਂ ਦੇ ਸਵਾਲ ਦੇ ਸਾਰੇ ਪਹਿਲੂਆਂ ਨੂੰ ਸਾਹਮਣੇ ਰੱਖਣ ਦੀ ਥਾਂ ਧਾਰਮਿਕ ਪਛਾਣ ਉੱਤੇ ਵਧੇਰੇ ਜ਼ੋਰ ਦੇ ਕੇ ਪਹਿਲਾਂ ਅਸਾਂ ਮੁਸਲਮਾਨਾਂ ਨੂੰ ਇੱਕ ਵੱਖਰੀ ਕੌਮ ਕਰਾਰ ਦੇ ਦਿੱਤਾ ਅਤੇ 'ਕਾਂਗਰਸ ਮੁਸਲਿਮ ਲੀਗ ਏਕ ਹੈ' ਵਾਲੇ ਪੈਂਤੜੇ ਨੂੰ ਹੀ ਜੰਗ ਦੇ ਸਮੇਂ ਦੇਸ ਦੇ ਹਿੱਤਾਂ ਨੂੰ ਅੱਗੇ ਵਧਾਉਣ ਵਾਲਾ ਇੱਕੋ-ਇੱਕ ਵਸੀਲਾ ਸਮਝ ਲਿਆ, ਤਾਂ ਅਸੀਂ ਅਸਲੀਅਤ ਤੋਂ ਕਿੰਨੇ ਦੂਰ ਜਾਂ ਖਲੋਤੇ ਸਾਂ।
ਇਸੇ ਸਮਝ ਦੀ ਹੀ ਦੇਣ ਸੀ ਕਿ ਡਾ. ਅਧਿਕਾਰੀ ਦਾ ਲਿਖਿਆ ਸਿੱਖਾਂ ਨੂੰ ਵੀ ਇੱਕ ਕੌਮ ਕਰਾਰ ਦੇਣ ਵਾਲਾ ਥੀਸਿਸ, ਜਿਸ ਨੂੰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਨਾਂਅ ਹੇਠ 'ਅਜ਼ਾਦ ਸਿੱਖ ਦੇਸ ਭੂਮੀਆਂ' ਵਾਲੇ ਕਿਤਾਬਚੇ ਦੇ ਰੂਪ ਵਿੱਚ ਛਾਪਿਆ ਅਤੇ ਵੰਡਿਆ ਗਿਆ। ਬਾਅਦ ਵਿੱਚ ਇਸ ਲਿਖਤ ਦੇ ਕਾਰਨ ਹੀ ਸਾਨੂੰ ਕਮਿਊਨਿਸਟਾਂ ਨੂੰ ਖਾਲਿਸਤਾਨੀ ਲਹਿਰ ਦੇ ਪਿਤਾਮਾ ਗਰਦਾਨਿਆ ਗਿਆ।
ਕੁਝ ਗੱਲਾਂ ਹੋਰ ਵੀ ਯਾਦ ਆਉਂਦੀਆਂ ਹਨ। ਪਹਿਲੀ ਇਹ ਕਿ ਜਦੋਂ ਕਾਮਰੇਡ ਭਗਤ ਸਿੰਘ ਬਿਲਗਾ ਨੇ ਡਾਕਟਰ ਅਧਿਕਾਰੀ ਦੀ ਕੌਮੀਅਤਾਂ ਨੂੰ ਧਾਰਮਿਕ ਵਿਸ਼ਵਾਸਾਂ ਨਾਲ ਖਲਤ-ਮਲਤ ਕਰਨ ਵਾਲੀ ਲਾਈਨ ਨੂੰ ਕਬੂਲਣ ਤੋਂ ਨਕਾਰ ਕਰ ਦਿੱਤਾ, ਤਾਂ ਉਸ ਨੂੰ ਏਨਾ ਕੋਸਿਆ-ਤ੍ਰਿਸਕਾਰਿਆ ਗਿਆ ਇੱਕ ਜਨਰਲ ਬਾਡੀ ਮੀਟਿੰਗ ਵਿੱਚ, ਕਿ ਉਹ ਦੁਖੀ ਹੋ ਕੇ ਆਪਣੇ ਪਿੰਡ ਬਿਲਗੇ ਦੀ ਵਲਗਣ ਵਿੱਚ ਦੂਜੀ ਵਾਰ ਜੂਹ-ਬੰਦ ਹੋ ਬੈਠਾ। ਪਹਿਲੀ ਵਾਰ ਤਾਂ ਉਸ ਦੇ ਰੂਸੋਂ ਮੁੜਨ ਅਤੇ ਅੰਗਰੇਜ਼ੀ ਜ਼ੁਲਮ ਦਾ ਨਿਸ਼ਾਨਾ ਬਣਨ ਉਪਰੰਤ ਵੇਲੇ ਦੇ ਫਰੰਗੀ ਹਾਕਮਾਂ ਨੇ ਜਬਰੀ ਜੂਹ-ਬੰਦ ਕੀਤਾ ਸੀ, ਪਰ ਇਸ ਵਾਰ ਉਹ ਪਾਰਟੀ ਪਾਲਿਸੀ ਤੋਂ ਦੁਖੀ ਹੋ ਕੇ ਆਪ ਹੀ ਪਿੰਡ ਦੀ ਕੈਦ ਜੋਗਾ ਜਾ ਬਣਿਆ।
ਅਗਲੀ ਗੱਲ, ਅਸੀਂ ਜਿਹਡ਼ੇ ਲੋਕ ਆਏ ਸਾਂ ਵਿਦਿਆਰਥੀ ਲਹਿਰ ਵਿੱਚੋਂ, ਜਾਂ ਫਿਰ ਵਲਾਇਤੋਂ ਪੜ੍ਹ ਕੇ ਆਏ ਕਮਿਊਨਿਸਟ ਬੁੱਧੀਜੀਵੀਆਂ ਦੇ ਪ੍ਰਭਾਵ ਹੇਠ, ਸਿੱਧੇ ਕਮਿਊਨਿਸਟ ਪਾਰਟੀ ਵਿੱਚ, ਆਪਣੇ-ਆਪ ਨੂੰ ਵਧੀਆ ਮਾਰਕਸਵਾਦੀ ਸਮਝਦੇ ਸਾਂ। ਪਰ ਗ਼ਦਰੀ ਬਾਬਿਆਂ ਬਾਰੇ ਆਪਣੀ ਇਹ ਮੰਦਭਾਵਨਾ ਅਸੀਂ ਮਸਾਂ ਹੀ ਲੁਕਾ ਸਕਦੇ ਸਾਂ ਕਿ "ਇਨਕਲਾਬੀ ਤਾਂ ਉਹ ਜ਼ਰੂਰ ਹਨ ਪਰ ਨਿਰੇ ਕੌਮਪ੍ਰਸਤ, ਜਮਾਤੀ ਸੰਘਰਸ਼ ਦੀ ਉਨ੍ਹਾਂ ਨੂੰ ਸੂਝ ਹੀ ਨਹੀਂ।" ਹੁਣ ਇਹ ਸੋਚ ਕੇ ਸ਼ਰਮਿੰਦਗੀ ਆਉਂਦੀ ਹੈ ਕਿ ਹੈ ਤਾਂ ਸਾਂ ਅਸੀਂ ਆਪ ਇੱਕ ਗੁਲਾਮ ਦੇਸ ਦੀ ਸਭ ਤੋਂ ਸ਼ਕਤੀਸ਼ਾਲੀ ਇਨਕਲਾਬੀ ਭਾਵਨਾ-ਕੌਮ ਦੀ ਅਜ਼ਾਦੀ ਖਾਤਰ ਮਰ-ਮਿਟਣ ਦੀ ਭਾਵਨਾ-ਨੂੰ ਸਮਝਣ ਤੇ ਜਾਨਣ ਦੇ ਪੱਖੋਂ ਲੋੜੀਂਦੀ ਸੂਝ ਤੋਂ ਸੱਖਣੇ, ਪਰ ਆਪਣੇ ਮਾਰਕਸੀ ਪੰਡਤਾਊਪੁਣੇ ਦੇ ਘੁਮੰਡ ਨਾਲ ਆਫਰੇ ਹੋਏ ਦੋਸ਼ ਦੇਸ਼ਭਗਤ ਬਾਬਿਆਂ ਨੂੰ ਦੇਂਦੇ ਸਾਂ।
ਚੇਤੇ ਆਉਂਦਾ ਹੈ ਕਿ ਕਿਵੇਂ ਅਸੀਂ ਸਿਆਲਕੋਟ ਜਾ ਕੇ ਪਾਰਟੀ ਦੇ ਚੁਬਾਰੇ ਵਾਲੇ ਦਫਤਰ ਦੇ ਛੱਜੇ ਉਤੋਂ ਹੇਠਾਂ ਬਜ਼ਾਰ ਵਿੱਚੋਂ ਲੰਘ ਰਹੇ ਮੁਸਲਿਮਲੀਗ ਦੇ ਜਲੂਸ ਦੇ ਹੱਕ ਵਿੱਚ ਉਦੋਂ ਨਾਅਰੇ ਮਾਰੇ ਸਨ, ਜਦੋਂ ਲੀਗ ਨੇ ਪਾਕਿਸਤਾਨ ਵਾਲਾ ਮਤਾ ਨਵਾਂ-ਨਵਾਂ ਪਾਸ ਕੀਤਾ ਸੀ। ਅਸੀਂ ਨਾਹਰੇ ਮਾਰੀਏ, 'ਹੱਕੇ ਖ਼ੁਦਇਰਾਦੀਅਤ-ਜ਼ਿੰਦਾਬਾਦ' ਦੇ, ਤੇ ਜਲੂਸ ਵਾਲੇ ਹੇਠੋਂ ਉੱਪਰ ਬਿੱਟ-ਬਿੱਟ ਤੱਕਣ ਕਿ ਇਹ ਹੋ ਕੀ ਰਿਹਾ ਹੈ। ਪਰ ਜਦੋਂ ਸਾਡੇ ਵਿੱਚੋਂ ਇੱਕ ਨੇ ਖੁੱਲ੍ਹ ਕੇ ਨਾਅਰਾ ਮਾਰਿਆ 'ਪਾਕਿਸਤਾਨ-ਜ਼ਿੰਦਾਬਾਦ' ਵਾਲਾ, ਸਾਰਾ ਜਲੂਸ ਖੁਸ਼ੀ ਨਾਲ ਖੀਵਾ ਹੋ ਉੱਠਿਆ ਤੇ ਮੁੱਕੇ ਵੱਟ-ਵੱਟ ਕੇ ਸਾਨੂੰ ਸਲਾਮਾਂ ਕਰਨ ਲੱਗਾ। ਜੰਡਿਆਲੇ ਦੀ ਉਹ ਸੂਬਾ ਕਿਸਾਨ ਕਾਨਫ਼ਰੰਸ ਵੀ ਯਾਦ ਆਉਂਦੀ ਹੈ ਜਿਸ ਦੀ ਸਟੇਜ ਤੋਂ ਕਾਮਰੇਡ ਸੋਹਣ ਸਿੰਘ ਜੋਸ਼ ਨੇ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਹਰੇ ਲੁਆਏ ਸਨ ਅਤੇ ਸਾਥੀ ਸੁਤੰਤਰ ਨੇ ਪਰਭਾਵਸ਼ਾਲੀ ਵਿਆਖਿਆ ਕੀਤੀ ਸੀ ਪਾਰਟੀ ਦੇ ਇਸ ਪੈਂਤੜੇ ਦੀ। ਪਰ ਅੰਤ ਨੂੰ ਪਤਾ ਜੇ ਨਤੀਜਾ ਕੀ ਨਿਕਲਿਆ ਸੀ? ਉਸ ਕਾਮਰੇਡ ਸੋਹਣ ਸਿੰਘ ਜੋਸ਼ ਦੀ ਵੀ 1946 ਵਾਲੀਆਂ ਅਸੰਬਲੀ ਚੋਣਾਂ ਵਿੱਚ ਜ਼ਮਾਨਤ ਜ਼ਬਤ ਹੋ ਗਈ, ਜਿਸ ਨੇ ਉਸ ਤੋਂ ਪਹਿਲਾਂ 1937 ਵਿੱਚ ਆਪਣੇ ਉਸੇ ਹਲਕੇ ਤੋਂ ਪੰਜਾਬ ਦੇ ਸਭ ਤੋਂ ਵੱਡੇ ਜਗੀਰਦਾਰ ਰਾਜਾ ਸਰ ਰਘਬੀਰ ਸਿੰਘ ਨੂੰ ਚਿੱਤ ਕੀਤਾ ਸੀ ਅਤੇ ਉਹ ਕਾਮਰੇਡ ਤੇਜਾ ਸਿੰਘ ਸੁਤੰਤਰ ਵੀ ਆਪਣੇ ਗੁਰਦਾਸਪੁਰ ਦੇ ਜੱਦੀ ਹਲਕੇ ਵਿੱਚੋਂ ਜ਼ਮਾਨਤ ਜ਼ਬਤ ਕਰਵਾ ਬੈਠਾ, ਜਿਸ ਨੂੰ ਲੋਕਾਂ ਨੇ 8 ਸਾਲ ਪਹਿਲਾਂ ਲਾਹੌਰ ਦੇ ਜ਼ਿਲ੍ਹੇ ਤੋਂ ਜ਼ਿਮਨੀ ਚੋਣ ਮੌਕੇ ਬਿਨਾਂ-ਮੁਕਾਬਲਾ ਅਸੰਬਲੀ ਦੀਆਂ ਦਹਿਲੀਜ਼ਾਂ ਟਪਾਈਆਂ ਸਨ। ਭਾਵੇਂ ਅਜ਼ਾਦੀ ਤੋਂ ਪਿੱਛੋਂ ਹੋਈਆਂ ਪਹਿਲੀਆਂ ਅਸੰਬਲੀ ਚੋਣਾਂ 1952 ਵਾਲੀਆਂ ਮੌਕੇ ਅਸੀਂ ਕਾਫ਼ੀ ਸੰਭਲ ਗਏ ਤੇ ਅਸਾਂ ਚੰਗੀਆਂ ਜਿੱਤਾਂ ਪ੍ਰਾਪਤ ਕੀਤੀਆਂ, ਪਰ ਸਾਡੀ ਉਲਾਰ ਪਾਲਿਸੀ ਵਿਰੁੱਧ ਇੱਕ ਵਾਰ ਤਾਂ 1946 ਦੀਆਂ ਚੋਣਾਂ ਸਮੇਂ ਲੋਕਾਂ ਨੇ ਏਨਾ ਕਰਾਰਾ ਝਟਕਾ ਦਿੱਤਾ ਸੀ ਕਿ ਅਸੀਂ ਭੌਂਚਕ ਹੋ ਕੇ ਰਹਿ ਗਏ ਸਾਂ।
ਇਹ ਤੇ ਹੋਰ ਬਹੁਤ ਕੁੱਝ ਜਦੋਂ ਚੇਤੇ ਦੇ ਚਿੱਤਰਪਟ ਉੱਤੇ ਉੱਭਰਦਾ ਹੈ, ਤਾਂ ਵਿਗੋਚਾ ਇਸ ਗੱਲ ਦਾ ਖਾਈ ਜਾਂਦਾ ਹੈ ਕਿ ਆਪਣੇ ਦੇਸ ਦੀਆਂ ਹਕੀਕਤਾਂ ਨੂੰ ਸਮਝਣ ਵਿੱਚ ਵੀ ਜੇ ਅਸੀਂ ਸਾਵੇਂ ਤੁਲ ਸਕਦੇ ਪਾਰਟੀ ਝੰਡੇ ਹੇਠ ਜੁੜੇ ਯੋਧਿਆਂ ਦੀਆਂ ਕੁਰਬਾਨੀਆਂ ਦੇ, ਤਾਂ ਭਾਰਤ ਦੀ ਕਮਿਊਨਿਸਟ ਲਹਿਰ ਵੀ ਚੀਨ ਦੀ ਲਹਿਰ ਵਾਂਗ ਹੀ ਸਰਬ-ਵਿਆਪਕ ਤੇ ਸਰਬਪ੍ਰਿਯ ਹੋ ਨਿੱਬੜਨੀ ਸੀ।             ( 'ਕਮਿਊਨਿਸਟ ਲਹਿਰ ਦੇ ਅੰਗ-ਸੰਗ' 'ਚੋਂ)ਜਗਜੀਤ ਸਿੰਘ ਆਨੰਦ


ਇਸ ਗੱਲ ਨੂੰ ਭੁੱਲ ਜਾਓ ਕਿ ਮੈਂ ਇੱਕ ਪੱਤਰਕਾਰ ਹਾਂ-ਜਤਿੰਦਰ ਪਨੂੰ




No comments: